ਪੁਸਤਕ ਸਮੀਖਿਆ / ਗੁਰਮੀਤ ਸਿੰਘ ਪਲਾਹੀ : ਪ੍ਰੋ: ਜਸਵੰਤ ਸਿੰਘ ਗੰਡਮ ਦੀ ਪੁਸਤਕ 'ਕੁਛ ਤੇਰੀਆਂ ਕੁਛ ਮੇਰੀਆਂ' ਬਾਰੇ  ਕੁਛ ਵਿਚਾਰ

ਟਰਾਟਸਕੀ, ਲੈਨਿਨ ਦੀ ਸਾਹਿਤ ਬਾਰੇ ਟਿੱਪਣੀ ਕਿ 'ਸਾਹਿਤ ਸਮਾਜ ਦਾ ਸ਼ੀਸ਼ਾ ਹੈ' ਨੂੰ ਅੱਗੇ ਤੋਰਦਾ ਹੋਇਆ ਕਹਿੰਦਾ ਹੈ ਕਿ ਸਾਹਿਤ, ਸ਼ੀਸ਼ੇ ਵਿੱਚੋਂ ਸਮਾਜਿਕ ਵਿਵਸਥਾ ਦੀ ਸਥਿਤੀ ਨੂੰ ਦੇਖਦੇ ਉਸ ਵਿਚਲੇ ਚਿੱਬਾਂ ਨੂੰ ਠੀਕ ਕਰਨ ਲਈ ਇੱਕ ਹਥੋੜਾ ਵੀ ਹੈ। ਪ੍ਰੋ: ਜਸਵੰਤ ਸਿੰਘ ਗੰਡਮ  ਦੀ ਪੁਸਤਕ 'ਕੁਛ ਤੇਰੀਆਂ ਕੁਛ ਮੇਰੀਆਂ' ਦੇ ਲੇਖਾਂ, ਵਿਅੰਗ-ਲੇਖਾਂ ਵਿਚਲੀਆਂ ਬੇਬਾਕ ਤੇਜ਼ ਤਰਾਰ, ਖੱਟੀਆਂ-ਮਿੱਠੀਆਂ ਟਿੱਪਣੀਆਂ, ਹਥੋੜੇ ਸਮਾਨ ਹੀ ਤਾਂ ਹਨ, ਜਿਹੜੀਆਂ ਬੇ-ਲਿਹਾਜ ਹੋ ਸਮਾਜ ਦੀਆਂ ਉਹਨਾ ਕੁਰੀਤੀਆਂ ਉਤੇ ਲਗਾਤਾਰ ਵਾਰ ਕਰਦੀਆਂ ਹਨ, ਜਿਹਨਾ ਨੇ ਸਮਾਜ ਵਿੱਚ ਵੈਰ-ਵਿਰੋਧ, ਅਸਮਾਨਤਾ, ਭਰਮ ਜਾਲ ਫੈਲਾ ਰੱਖਿਆ ਹੈ।
ਸਾਹਿਤ-ਰਚਨਾ ਕੇਵਲ  ਸਮਕਾਲ ਦੀ ਤਸਵੀਰਕਸ਼ੀ ਤੱਕ ਹੀ ਸੀਮਤ ਨਹੀਂ ਸਗੋਂ  ਸਮਾਜਿਕ, ਰਾਜਨੀਤਕ, ਆਰਥਿਕ ਅਤੇ ਸਭਿਆਚਾਰਕ ਸਥਿਤੀ ਦੇ ਅੰਦਰ ਅਤੇ ਬਾਹਰ ਪਰਵੇਸ਼ ਕਰਦਿਆਂ ਵਾਪਰਦੀਆਂ ਵਿਸੰਗਤੀਆਂ ਨੂੰ ਸਮਝਕੇ, ਉਹਨਾ ਦੇ ਮੁਕਤੀ-ਜੁਗਤ ਸਾਪੇਖੀ ਹੱਲ ਦੀ ਤਲਾਸ਼ ਕਰਨ ਦੀ ਇੱਛਾ ਜਾਹਿਰ ਕਰਨਾ ਵੀ ਉਸਦਾ ਮੰਤਵ ਹੁੰਦਾ ਹੈ। ਪ੍ਰੋ: ਜਸਵੰਤ ਸਿੰਘ ਗੰਡਮ ਦੇ ਅਠਾਈ ਦੇ ਅਠਾਈ ਲੇਖ, ਜੋ ਉਸਨੇ ਆਪਣੇ ਜੀਵਨ ਦੇ 40 ਵਰ੍ਹਿਆਂ ਦੌਰਾਨ ਲਿਖੇ ਹਨ ਤੇ ਹੱਥਲੀ ਪੁਸਤਕ 'ਚ ਸ਼ਾਮਲ ਕੀਤੇ ਹਨ, ਸਮਾਜ ਵਿਚਲੀਆਂ ਵਿਸੰਗਤੀਆਂ ਉਤੇ ਉਂਗਲ ਹੀ ਨਹੀਂ ਧਰਦੇ, ਸਗੋਂ ਉਹਨਾ ਵਿਸੰਗਤੀਆਂ ਦੇ ਹੱਲ ਲਈ ਇੱਛਾ ਜ਼ਾਹਿਰ ਕਰਦੇ ਨਜ਼ਰ ਆਉਂਦੇ ਹਨ। ਸ਼ਬਦਾਂ ਦੀ ਲੇਖਾਂ ਵਿੱਚ ਸਹੀ ਜੁਗਤ ਨਾਲ ਵੱਖਰੀ ਸ਼ੈਲੀ 'ਚ ਵਿਚਾਰਾਂ ਦੀ ਬੁਣਤ, ਸ਼ਬਦਾਂ ਦੀ ਰਵਾਨਗੀ ਪ੍ਰੋ: ਜਸਵੰਤ ਸਿੰਘ ਗੰਡਮ ਦੇ ਲੇਖਾਂ ਦਾ ਹਾਸਲ ਹੈ। ਉਹ ਲਿਖਦਾ ਹੈ ਪਾਠਕਾਂ ਦੇ ਦਿਲਾਂ ਨੂੰ ਟੁੰਬਦਾ ਹੈ, ਉਹ ਲਿਖਦਾ ਹੈ ਪਾਠਕਾਂ ਨੂੰ ਆਪਣੀ ਉਂਗਲੀ ਫੜਨ ਲਈ ਮਜ਼ਬੂਰ ਕਰ ਦਿੰਦਾ ਹੈ। ਮੁਹਾਵਰੇ ਦਾਰ ਬੋਲੀ ਦੀ ਵਰਤੋਂ ਕਰਦਿਆਂ, ਲੋੜ ਵੇਲੇ ਸ਼ਿਅਰੋ-ਸ਼ਾਇਰੀ ਕਰਦਾ ਉਹ ਨਿਰੰਤਰ, ਛੋਟੀਆਂ-ਛੋਟੀਆਂ ਟਿੱਪਣੀਆਂ ਕਰਦਾ ਹੈ। ਆਪਣੀ ਰਚਨਾ ਨੂੰ ਉਹ ਅੰਤਿਮ ਪੜ੍ਹਾਅ ਵੱਲ ਤੋਰਦਾ ਹੈ ਅਤੇ ਪਾਠਕਾਂ ਦੇ ਮਨ 'ਚ ਸਵਾਲ ਪੈਦਾ ਕਰਦਾ ਜਾਂਦਾ ਹੈ । ਇਹੋ ਅਸਲ 'ਚ ਕਿਸੇ  ਸਾਹਿਤਕ ਕਿਰਤ ਦਾ ਮੰਤਵ ਹੁੰਦਾ ਹੈ।ਵੰਨਗੀਆਂ ਵੇਖੋ, ''ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਅ ਹੈ, ਮੁਰਦਾ ਦਿਲ ਕਯਾ ਖਾਕ ਜੀਆ ਕਰਤੇ ਹੈਂ'' (ਮੌਤ ਦਾ ਵਰ੍ਹਾ), ''ਪਰ ਗੋਡੇ ਲੱਗੇ ਜਾਂ ਗਿੱਟੇ, ਲੱਤਾਂ ਪੈਣ ਜਾਂ ਅੜਨ'' (ਸਿਰ ਤੋਂ ਪੈਰਾਂ ਤੀਕ), ''ਸਿਵਿਆਂ 'ਚ ਜਾ ਕੇ ਵੀ ਬੋਲਣੋਂ ਨਹੀਂ ਹਟੇ''? (ਮਿੱਤਰਾ ਮੋਬਾਈਲ ਵਾਲਿਆ), ''ਉਗਣ ਵਾਲੇ ਉਗ ਪੈਂਦੇ ਨੇ ਸੀਨਾਂ ਪਾੜ ਕੇ ਪੱਥਰਾਂ ਦਾ!'' (ਪਰਬਤ ਪੁਰਸ਼ ਦਸ਼ਰਥ ਮਾਂਝੀ ਦੀ ਸਮਾਧੀ ਨੂੰ ਸਿਜਦਾ)।ਪ੍ਰੋ: ਜਸਵੰਤ ਸਿੰਘ ਗੰਡਮ ਨੇ ਪਿਛਲੇ ਚਾਰ ਦਹਾਕੇ ਦੇ ਸਮੇਂ ਵਿਚਲੇ ਤ੍ਰਿਪਤ-ਪਿਆਸੇ, ਸਿਧੇ-ਵਿੰਗੇ, ਸਮਤਲ-ਚਿਬ ਖੜਿੱਬੇ, ਸੌਖੇ-ਔਖੇ ਰਾਹਾਂ ਦੀ ਪਛਾਣ ਕਰਦਿਆਂ, ਆਪਣੇ ਜੀਵਨ 'ਚ ਵਾਪਰੀਆਂ ਘਟਨਾਵਾਂ ਨੂੰ ਇਹਨਾ ਲੇਖਾਂ 'ਚ ਸਮੇਟਿਆ ਹੈ। ਉਸਨੇ ਆਪਣੀ ਪੁਸਤਕ ਨੂੰ ਦੋ ਭਾਗਾਂ 'ਚ ਵੰਡਕੇ ਵਿਅੰਗ-ਲੇਖ ਵੱਖਰੇ ਅਤੇ ਵੱਖਰੀ ਵੰਨਗੀ ਦੇ ਲੇਖ ਵੱਖਰੇ ਰੱਖੇ ਹਨ, ਪਰ ਇਹਨਾ ਲੇਖਾਂ 'ਚ ਆਪਣੇ ਜੀਵਨ ਕਾਲ ਵਿੱਚ ਵਾਪਰੀਆਂ, ਵਾਪਰ ਰਹੀਆਂ ਘਟਨਾਵਾਂ  ਦਾ ਸਿਰਫ ਲੇਖਾ-ਜੋਖਾ ਹੀ ਨਹੀਂ ਕੀਤਾ ਸਗੋਂ ਸਮਾਜਿਕ-ਰਾਜਨੀਤਕ-ਸਭਿਆਚਾਰਕ ਉਸਾਰੀ ਦੀ ਪੜ੍ਹਾ ਵਾਰ ਗਤੀਸ਼ੀਲ ਵਰਤਾਰੇ ਦੀ ਪਹਿਚਾਣ ਵੀ ਕੀਤੀ ਹੈ। ਉਸਦੀ ਗਤੀਸ਼ੀਲ, ਨੁਕੀਲੀ ਕਲਮ ਆਪਣੇ ਅੰਦਰ ਅਤੇ ਬਾਹਰ ਨਾਲ ਸੰਵਾਦ ਰਚਾਉਂਦੀ ਹੈ, ਪ੍ਰਸ਼ਨ ਵਾਚੀ  ਸ਼ੈਲੀ 'ਚ ਰਿਸੇ ਜ਼ਖਮਾਂ ਦੀ ਰਿਸਨ ਪ੍ਰੀਕਿਰਿਆ ਨੂੰ ਵਾਚਦੀ, ਪਰਖਦੀ ਹੈ। ਉਸਦੀ ਆਪਣੀ ਅਤੇ ਆਪਣੇ ਦੁਆਲੇ ਵਿਚਰਦੇ ਕਿਰਦਾਰਾਂ ਦੀ ਕਾਰਕੀ ਭੂਮਿਕਾ ਨੇ ਉਸਦੀ ਸਾਹਿਤ ਸਿਰਜਨਾ ਨੂੰ ਬਹੁਤ ਪ੍ਰਭਾਵਤ ਕੀਤਾ ਹੈ। ਅੰਗਰੇਜੀ ਦਾ ਪ੍ਰੋਫੈਸਰ ਰਿਹਾ ਪ੍ਰੋ: ਗੰਡਮ ਸਾਰੀ ਉਮਰ ਅੰਗਰੇਜ਼ੀ ਸਾਹਿਤ ਪੜ੍ਹਾਉਂਦਾ ਰਿਹਾ, ਕੀਟਸ, ਸੈਕਸ਼ਪੀਅਰ ਅਤੇ ਹੋਰ ਅੰਗਰੇਜ਼ੀ ਲੇਖਕਾਂ ਦੇ ਵਿਚਾਰਾਂ ਨਾਲ ਆਪਣੇ ਵਿਦਿਆਰਥੀਆਂ ਦੀ ਸਾਂਝ ਪਵਾਉਂਦਾ ਰਿਹਾ, ਪਰ ਆਪਣੀ ਮਾਂ-ਬੋਲੀ ਪੰਜਾਬੀ ਨਾਲ ਪਿਆਰ ਉਸਦੀਆਂ ਰਚਨਾਵਾਂ ਵਿੱਚ ਵੇਖਿਆ ਹੀ ਬਣਦਾ ਹੈ। ਉਸਦੀ ਪੰਜਾਬੀ ਬੋਲੀ ਉਤੇ ਪਕੜ, ਗੁੰਦਵੀਂ ਲੱਛੇਦਾਰ ਸ਼ੈਲੀ ਉਸਨੂੰ ਪੰਜਾਬੀ ਦੇ ਹੋਰ ਚੰਗੀ ਵਾਰਤਿਕ ਲਿਖਣ ਵਾਲਿਆਂ ਦੀ ਕਤਾਰ 'ਚ ਖੜਿਆਂ ਕਰਦੀ ਹੈ। ਸਾਫਗੋਈ ਉਸਦੀਆਂ ਰਚਨਾਵਾਂ ਦਾ ਸ਼ਿੰਗਾਰ ਹੈ। ਜਿਵੇਂ ਉਹ ਆਮ ਜ਼ਿੰਦਗੀ 'ਚ ਸੱਚ- ਕਹਿਣੋਂ ਕਦੇ ਨਹੀਂ ਥਿੜਕਿਆ, ਉਵੇਂ ਹੀ ਰਚਨਾਵਾਂ ਨਾਲ ਇਨਸਾਫ ਕਰਨੋਂ ਵੀ ਉਹ ਨਹੀਂ ਉਕਿਆ। ਪ੍ਰੋ: ਗੰਡਮ ਜਾਣਦਾ ਹੈ ਕਿ ਜਿਉਣ ਦਾ ਅਰਥ ਅੰਦਰ ਤੋਂ ਬਾਹਰ ਤੱਕ ਦਾ ਵਿਸਥਾਰ ਹੈ। ਸੰਪੂਰਨ ਬਾਹਰੀਅਤ ਜਿਸਨੂੰ ਸੰਸਾਰ ਕਹਿੰਦੇ ਹਨ ਵਿੱਚ ਵਿਚਰਦਿਆਂ ਮਨੁੱਖ ਚੰਗੀ ਜਾਂ ਮਾੜੀ, ਹਮਾਇਤੀ ਜਾਂ ਵਿਰੋਧੀ, ਘਟਨਾਵੀ ਸਥਿਤੀ ਨਾਲ ਟਕਰਾਓ, ਤਣਾਓ, ਦਬਾਓ ਵਿੱਚ ਰਹਿੰਦਾ ਉਸਦੇ ਜਿਉਣ ਅਰਥਾਂ ਨੂੰ ਪ੍ਰਭਾਵਤ ਕਰਦਾ ਹੈ।ਉਸਦੀ ਲੇਖਣੀ ਜ਼ਿੰਦਗੀ ਦੇ ਅਰਥਾਂ ਦੀ ਤਲਾਸ਼ ਵਿੱਚ ਤੁਰੇ ਮਨੁੱਖ ਦੇ ਮਹਾਂ-ਮਾਨਵੀ ਕਰਮ ਦੀ ਪਛਾਣ ਕਰਦੀ ਹੈ। ਪ੍ਰੋ: ਗੰਡਮ ਦੀਆਂ  ਲਿਖਤਾਂ ਜਿਥੇ ਭਾਰਤੀ ਸਮਾਜਿਕ ਵਿਵਸਥਾ ਵਿੱਚ ਭ੍ਰਿਸ਼ਟਾਚਾਰ, ਦੁਰ-ਅਚਾਰ, ਆਰਥਿਕ ਨਾ ਬਰਾਬਰੀ, ਜਾਤੀ-ਪਾਤੀ ਪ੍ਰਥਾ, ਮਿਹਨਤ ਦੀ ਲੁੱਟ, ਅਨੈਤਿਕ ਜਿਨਸੀ ਰਿਸ਼ਤਿਆਂ, ਸਭਿਆਚਾਰਕ ਗਿਰਾਵਟ, ਅਮਨੁੱਖੀ ਵਿਵਹਾਰ ਨੂੰ ਪੇਸ਼ ਕਰਦੀਆਂ ਹਨ, ਉਥੇ ਇਸ ਵਰਤਾਰੇ ਵਿਰੁੱਧ ਸੰਘਰਸ਼ ਕਰਦੇ ਮਨੁੱਖ  ਦੀ ਜਿੱਤ ਦੀ ਧੁਨੀ ਨੂੰ ਵੀ ਮਾਨਤਾ ਦਿੰਦੀਆਂ ਹਨ। ਅਰਥ ਭਰਪੂਰ ਸਿਰਲੇਖਾਂ ਨਾਲ ਲਿਖੇ ਉਸਦੇ ਵਿਅੰਗ ਲੇਖ ''ਮੌਤ ਦਾ ਵਰ੍ਹਾ, ਸਿਰ ਤੋਂ ਪੈਂਰਾਂ ਤੀਕ, ਉਦੋਂ ਮਿਲ੍ਹ ਦਾ ਘੁੱਗੂ ਬੋਲਿਆ ਸੀ, ਮਿੱਤਰਾ ਮੋਬਾਈਲ ਵਾਲਿਆ, ਕੰਮ ਪਿਆਰਾ ਚੰਮ ਨਹੀਂ, ਲੋਕੀਂ ਕੀ ਕਹਿਣਗੇ, ਸਮਾਂ ਬਨਾਮ ਭਾਰਤੀ ਸਮਾਂ, ਡਸਟਬਿਨ ਇੱਕ ਕਿ ਦੋ, ਮੋਰੀਂ ਰੁਣ ਝੁਣ ਲਾਇਆ, ਭਲਾ ਕੀ ਖਿਚੜੀ ਪੱਕ ਰਹੀ ਹੈ, ਚੂਹੇ ਹੋ ਰਹੇ ਸ਼ਰਾਬੀ, ਚਮਚੇ, ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋਂ ਛੁੱਟੀ, ਮੁਰਦਾ ਬੋਲਿਆ ਖਫਣ ਪਾੜ ਕੇ ਜੀ, ਦਿਨ ਗਧਿਆਂ ਦੇ ਆਏ, ਪਾਠਕਾਂ ਨੂੰ ਸਿੱਧੇ ਤੌਰ ਤੇ ਪ੍ਰਭਾਵਤ ਤਾਂ ਕਰਦੇ ਹੀ ਹਨ, ਨਾਲ ਦੀ ਨਾਲ ਉਹਨਾ ਦੇ ਮਨ 'ਚ ਇਹਨਾ ਰਚਨਾਵਾਂ ਨੂੰ ਪੜ੍ਹਨ ਦੀ ਉਤਸਕਤਾ ਪੈਦਾ ਕਰਦੇ ਹਨ। ਲੇਖਾਂ ਦੀਆਂ ਹੋਰ ਵੰਨਗੀਆਂ 'ਚ ਉਸਦੇ ਲੇਖਾਂ 'ਚ ਆਪਣੇ ਪਿੰਡ ਦੇ ਬੋਹੜ, ਆਪਣੇ ਅਧਿਆਪਕਾਂ ਦੀ ਦੇਣ ਜਿਹੇ ਲੇਖਾਂ ਤੋਂ ਬਿਨ੍ਹਾਂ ਉਸ ਵਲੋਂ ਕੀਤੀਆਂ ਯਾਤਰਾਵਾਂ ਦੇ ਪ੍ਰਭਾਵਾਂ ਨੂੰ ਬਿਆਨ ਕਰਨ ਵਾਲੇ ਲੇਖ ਹਨ।
ਪ੍ਰੋ: ਗੰਡਮ ਦੀ ਇਹ ਪੁਸਤਕ ਕਈ ਕਾਰਨਾਂ ਕਰਕੇ ਵਿਲੱਖਣ ਹੈ। ਉਸ ਵਿੱਚ ਗਿਆਨ ਭਰਪੂਰ ਰਚਨਾਵਾਂ ਤਾਂ ਹਨ ਹੀ, ਪਰ ਨਾਲ ਦੀ ਨਾਲ ਮਨੁੱਖੀ ਮਨ ਨੂੰ ਸਕੂਨ ਦੇਣ ਵਾਲੇ ਵਿਅੰਗ ਲੇਖ ਹਨ। ਕੁਲ ਸਫੇ 120 ਹਨ। ਬਹੁ-ਰੰਗੀ ਸਜਿਲਦ ਇਸ ਪੁਸਤਕ ਦੀ ਕੀਮਤ 200 ਰੁਪਏ ਦੇਸ਼ ਵਿੱਚ ਅਤੇ ਵਿਦੇਸ਼ ਲਈ 5 ਡਾਲਰ ਰੱਖੀ ਗਈ ਹੈ ਅਤੇ ਇਸ ਪੁਸਤਕ ਦੀ ਪ੍ਰਕਾਸ਼ਨਾ ਪੰਜਾਬੀ ਵਿਰਸਾ ਟਰੱਸਟ (ਰਜਿ:) ਫਗਵਾੜਾ ਨੇ ਕੀਤੀ ਹੈ।

-ਗੁਰਮੀਤ ਸਿੰਘ ਪਲਾਹੀ
-9815802070