ਪੰਜਾਬੀ ਸਾਹਿਤ ਦੀ ਪੂਰਨਮਾਸ਼ੀ ਸੀ ਮਹਿਕਦਾ ਕੰਵਲ ਢੁੱਡਕਿਆਂ ਨੂੰ ਜਗਤ ਪ੍ਰਸਿੱਧੀ ਦਿਵਾਈ ਕੰਵਲ ਨੇ  - ਰਾਜਵਿੰਦਰ ਰੌਂਤਾ

ਜਸਵੰਤ ਸਿੰਘ ਕੰਵਲ ਪੰਜਾਬੀ ਦੇ  ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਤੇ ਅਜੋਕੇ ਸਾਹਿਤਕਾਰਾਂ , ਨਾਵਲਕਾਰਾਂ ਵਿੱਚੋਂ ਸਭ ਤੋਂ ਵਡੇਰੀ ਉਮਰ ਦੇ ਮਹਾਨ ਸਖਸ਼ੀਅਤ  ਸਨ।   ਜੂਨ ਮਹੀਨੇ ਜਸਵੰਤ ਸਿੰਘ ਕੰਵਲ ਦਾ 101ਵਾਂ ਜਨਮ ਦਿਨ ਉਹਨਾਂ ਦੇ ਪਿੰਡ ਢੁੱਡੀਕੇ (ਮੋਗਾ) ਵਿਖੇ ਸਾਹਿਤਕਾਰਾਂ ,ਸਾਹਿਤ ਪ੍ਰੇਮੀਆਂ ਤੇ ਸੰਸਥਾਵਾਂ ਵੱਲੋਂ ਮਨਾਇਆ ਗਿਆ ਸੀ। ਉਹ ਉਸ ਦਿਨ ਵੀ ਧੁਰ ਦਰਰਗਾਹੋਂ ਹੀ ਜਾਂਦੇ ਜਾਂਦੇ ਮੁੜੇ ਸਨ। ਪਰ ਮੌਤ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਪੂਰਾ ਸੌ ਸਾਲ ਜਿੰਦਗੀ ਭੋਗਣਾ ਵੀ ਕੋਈ ਛੋਟੀ ਗੱਲ ਨਹੀਂ।
 ਢੁੱਡੀਕੇ ਦੇ ਸਰਕਾਰੀ ਕਾਲਜ ਵਿਖੇ ਪੂਰਨਮਾਸ਼ੀ ਪੰਜਾਬੀ ਜੋੜ ਮੇਲਾ ਦੇ ਨਾਮ  ਹੇਠ ਸ਼ਤਾਬਦੀ ਸਮਾਗਮ ਮਨਾਇਆ ਗਿਆ ਸੀ ਬੇਸ਼ੱਕ ਕੰਵਲ ਸਾਹਿਬ ਸਿਹਤ ਨਾਸਾਜ਼ ਹੋਣ ਕਰਕੇ ਪੁੱਜ ਨਹੀਂ ਸਕੇ ਪਰ ਉਹ ਜੀਂਦੇ ਜੀਅ ਸ਼ਰਧਾਂਜਲੀ  ਸਮਾਗਮ  ਵਾਂਗ ਸਮਾਗਮ ਸੀ। ਜਿਸ ਵਿੱਚ ਪੰਜਾਬੀ ਸਾਹਿਤ ਦੇ ਵੱਡੇ ਵਿਦਵਾਨਾਂ ਨੇ   ਜਸਵੰਤ ਸਿੰਘ ਕੰਵਲ ਨੂੰ ਸ਼ੁੱਭ ਕਾਮਨਾਵਾਂ ਭੇਂਟ ਕਰਕੇ ਉਹਨਾਂ ਦੀਆਂ ਲਿਖਤਾਂ ਤੇ ਸਾਹਿਤਕ ਦੇਣਬਾਰੇ ਚਰਚਾ ਵੀ ਕੀਤੀ ਸੀ।
       ਕੰਵਲ  ਨੇ ਚੜ੍ਹਦੀ ਜਵਾਨੀ ਵਿੱਚ  ਕਵਿਤਾਵਾਂ ਤੋਂ ਮੋੜਾ ਕੱਟ ਕੇ ਨਾਵਲ ਲਿਖਣੇ ਸ਼ੁਰੂ ਕੀਤੇ ਸਨ। ਉਹਨਾਂ ਸ਼੍ਰੋਮਣੀ ਕਮੇਟੀ ਵਿੱਚ ਕੁੱਝ ਚਿਰ ਨੌਕਰੀ ਵੀ ਕੀਤੀ ਅਤੇ ਵਿਦੇਸ਼ ਵੀ ਗਏ ਸਨ।  ਕੰਵਲ ਜੀ  ਪੁਸਤਕਾਂ ਲੈਣ ਲਈ  ਲਹੌਰ ਜਾਂਦੇ । ਉਦੋਂ ਮੋਗਾ ਤੋਂ ਸਿੱਧੀ ਮਾਲਵਾ ਬੱਸ ਜਾਂਦੀ ਹੁੰਦੀ ਸੀ ।ਉਹਨਾਂ 47 ਵੇਲੇ ਮੂਹਰੇ ਹੋਕੇ ਵੱਢਾ ਟੁੱਕੀ ਹੀ ਨਹੀਂ ਹੋਣ ਦਿੱਤੀ ਸਗੋਂ ਸੁਰੱਖਿਅਤ ਪਾਹੁੰਚਾਉਣ ਵਿੱਚ ਮੱਦਦ ਕੀਤੀ ਸੀ।           ਉਹਨਾਂ  ਪੰਜਾਬ ਵਿੱਚ ਚੱਲੀਆਂ ਵੱਖ ਵੱਖ ਜੁਝਾਰੂ  ਲਹਿਰਾਂ ਵੇਲੇ ਨਾਵਲ ,ਲੇਖ ਆਦਿ ਰਚਨਾਵਾਂ ਲਿਖੀਆਂ। ਉਹ ਪੰਜਾਬ ਦੇ ਦਰਦਮੰਦ ਸਾਹਿਤਕਾਰ ਸਨ। ਕੋਈ ਨਾਮੀ ਗਰਾਮੀ  ਲੇਖਕ ਸਰਪੰਚ ਬਣਿਆ ਹੋਵੇ ਇਹ ਜਸਵੰਤ ਸਿੰਘ ਕੰਵਲ ਦੇ ਹੀ ਹਿੱਸੇ ਆਇਆ ਦੋ ਵਾਰ ਸਰਪੰਚ ਬਣਨਾ।  ਉਹਨਾਂ ਦਾ ਪਾਠਕ ਵਰਗ ਕਾਲਜ਼,ਯੂਨੀਵਰਸਿਟੀਆਂ ਦੇ ਵਿਦਿਆਰਥੀ ਜਾਂ ਪੜ੍ਹਿਆ ਲਿਖਿਆ ਵਰਗ ਹੀ ਨਹੀਂ ਸਗੋਂ ਠੇਠ ਪੰਜਾਬੀ ਪੇਂਡੂ ਲੋਕ ਸਨ ਜਿਨ੍ਹਾ ਦੇ ਜ਼ਿਹਨ ਪਾਤਰ ਤੇ ਉਹਨਾਂ ਦੇ ਡਾਇਲਾਗ ਅਤੇ ਬ੍ਰਿਤਾਂਤ ਫ਼ਿਲਮ ਵਾਂਗ ਲਹੇ ਹੋਏ ਸਨ।
  ਕੰਵਲ ਦੇ ਬਹੁ ਚਰਚਿੱਤ ਨਾਵਲਾਂ ਵਿੱਚ  ਲਹੂ ਦੀ ਲੋਅ, ਪੂਰਨਮਾਸ਼ੀ, ਰਾਤ ਬਾਕੀ ਹੈ, ਐਨਿਆ ਚੋ ਉੱਠੋ ਸੂਰਮਾਂ,ਭਵਾਨੀ , ਮਿੱਤਰ ਪਿਆਰੇ ਨੂੰ ,ਚੌਥੀ ਕੂੰਟ ਆਦਿ ਅੱਜ ਵੀ ਬੜੀ  ਸ਼ਿੱਦਤ ਨਾਲ ਪੜ੍ਹੇ ਜਾਂਦੇ ਹਨ। ਕੰਵਲ ਸਾਹਿਬ ਦੇ ਨਾਵਲਾਂ ਦੇ ਐਡੀਸ਼ਨ ਅੱਜ ਵੀ ਆ ਰਹੇ ਹਨ। ਕੰਵਲ ਜੀ ਵਰਗੇ  ਪੰਜਾਬੀ ਦੇ ਕੁੱਝ ਕ ਸਾਹਿਤਕਾਰ ਨਾਵਲਕਾਰ ਹਨ ਜਿਨ੍ਹਾਂ ਨੂੰ ਪ੍ਰਕਾਸ਼ਨ ਆਪ ਛਾਪਕੇ ਰਾਇਲਟੀ ਦਿੰਦੇ ਹਨ ਅਤੇ ਆਮ ਲੋਕ ਪੜ੍ਹਦੇ ਹਨ। ਕੰਵਲ ਹੁਰਾਂ ਨੇ 2017  ਵਿੱਚ  ਸਵੈ-ਜੀਵਨੀ ਧੁਰ ਦਰਗਾਹ ਪੰਜਾਬੀਆਂ ਦੀ ਝੋਲੀ ਪਾਈ।
      ਕੰਵਲ ਡੁੱਬ ਰਹੇ ਪੰਜਾਬ ਤੋਂ ਬੇਹੱਦ ਚਿੰਤੁਤ ਹਨ। ਉਹਨਾਂ ਆਪਣੇ ਨਾਵਲਾਂ ਲੇਖ ਸੰਗ੍ਰਿਹਾਂ ਵਿੱਚ ਪੰਜਾਬ ਦੀ ਤ੍ਰਾਸਦੀ ਬਿਆਨ ਕੀਤੀ।   ਸਾਹਿਤਕ , ਸੱਭਿਆਚਾਰਕ, ਸਮਾਜਕ  ਸਮਾਗਮਾਂ ਵਿੱਚ ਵੀ ਉਹ ਆਪਣੇ ਭਾਸ਼ਨਾਂ ਵਿੱਚ  ਪੰਜਾਬ ਬਚਾਉ ਦੇ ਹੋਕਰੇ ਦਿੰਦੇ ਸਨ। ਕਿ  ਪੰਜਾਬ ਦੀ ਜਵਾਨੀ ਨਸ਼ੇ ਵਿੱਚ ਗ੍ਰਸਤ ਹੋ ਰਹੀ ਹੈ ਅਤੇ ਬਾਕੀ ਰਹਿੰਦੀ ਜਵਾਨੀ ,ਸੁਹੱਪਣ ਤੇ ਵਿਵੇਕਤਾ ਵਿਦੇਸ਼ਾਂ ਵੱਲ ਜਾ ਰਹੀ ਹੈ।  ਪੰਜਾਬ ਦਾ ਪਾਣੀ ਦੂਸ਼ਿਤ ਹੋ ਰਿਹਾ , ਪਾਣੀ ਦਾ ਪੱਧਰ ਥੱਲੇ ਜਾਣ ਕਾਰਨ ਪੰਜਾਬ ਦੀ ਧਰਤੀ ਬੰਜਰ ਹੋ ਰਹੀ ਹੈ। ਕੰਮ ਖੁੱਸ ਰਹੇ ਹਨ ,ਸਿਆਸਤ ਕੋਲ ਪੰਜਾਬੀਆਂ ਲਈ ਸਮਾਂ ਨਹੀਂ ਫ਼ਿਕਰ ਨਹੀਂ। ਪੰਜਾਬ ਲਾਵਾਰਿਸ ਹੈ ਕੋਈ ਬਾਲੀ ਵਾਰਸ ਨਹੀਂ  ਹੈ।
 ਪੰਜਾਬ ਦੇ ਕਾਲੇ ਦਿਨਾਂ ਦੌਰਾਨ 'ਤੇ ਸਮੇਂ ਨਾਲ ਸਬੰਧਤ ਜਿੱਤਨਾਮਾ,  ਜੱਦੋ ਜਹਿਦ ਜਾਰੀ ਰਹੇ, ਕੰਵਲ ਕਹਿੰਦਾ ਰਿਹਾ, ਪੰਜਾਬ ਦਾ ਸੱਚ ,  ਸਚੁ ਕੀ ਬੇਲਾ, ਪੰਜਾਬੀਓ ਜੀਣਾ ਕਿ ਮਰਨਾ ,ਆਦਿ  ਲੇਖਾਂ ਰਾਹੀਂ ਉਹਨਾਂ ਪੰਜਾਬੀਆਂ ਨੂੰ ਹਲੂਣਾ  ਦੇਣ ਦਾ ਇਤਿਹਾਸਕ ਕੋਸਿਸ਼ ਕੀਤੀ ਹੈ।  
   ਮੌਕੇ ਦੇ ਹਾਲਾਤਾਂ ਅਨੁਸਾਰ ਲਿਖਣਾਂ ਕੰਵਲ ਦੀ ਜੁਗਤ ਸੀ । ਉਹ ਸਿਆਸੀ ਲੀਡਰਾਂ ਅਖੌਤੀ ਵਾਰਿਸਾਂ ਨੂੰ ਵਰਜਦੇ ,ਵਾਜਾਂ ਵੀ ਮਾਰਦੇ ਰਹੇ। ਪੰਜਾਬ ਦੇ ਲਾਡਲੇ ਸਪੂਤ ਹੋਣ ਕਰਕੇ  ਅੱਜ ਵੀ  ਉਹਨਾਂ ਦੇ ਪਾਠਕ ਤੇ ਚਾਹੁਣ ਵਾਲੇ ਹਜ਼ਾਰਾਂ  ਲੱਖਾਂ ਵਿੱਚ ਨੇ ।
ਕੰਵਲ ਦੀ ਲਿਖਤ ਦੀ ਝੰਡੀ ਸਦਾ ਚੜ੍ਹੀ ਰਹੀ ਅੱਜ ਵੀ ਕੰਵਲ ਪੰਜਾਬੀ  ਨਾਵਲ ਦਾ ਕਪਤਾਨ ਹੈ। ਉਸ ਦੀ  ਕੋਈ ਗੋਡੀ ਨਹੀਂ ਲਵਾ ਸਕਿਆ।  ਡਿਕਟੋਰੇਟ ਦੀ ਡਿਗਰੀ ਨਾਲ ਡਾਕਟਰ ਬਣੇ ਕੰਵਲ ਪਿੰਡ ਦੇ ਦੋ ਵਾਰ ਸਰਪੰਚ ਰਹੇ ਉਹਨਾਂ ਪਿੰਡ ਵਿੱਚ ਸਾਹਿਤਕ ਸੱਭਿਆਚਰਕ ਸਮਾਗਮ ਤੇ ਖੇਡ ਮੇਲੇ ਵੀ ਕਰਵਾਏ। ਪਿੰਡ ਲਈ ਬੜਾ ਕੁੱਝ ਲਿਆਂਦਾ। ਕਬੱਡੀ ਮੈਚਾਂ ਦੀ ਰੈਫ਼ਰੀ  ਕਰਦਾ ਰਿਹਾ ਕੰਵਲ  ਮੁੰਡਿਆਂ ਨਾ ਮੁੰਡਾ ਤੇ ਹਾਣੀਆਂ ਨਾਲ ਤਾਸ਼ ਦੀ ਬਾਜ਼ੀ ਲਾਉਂਦਾ ਹੁੰਦਾ ਸੀ। ਅਣਜਾਣ ਨੂੰ ਵੀ ਮੋਹ ,ਕਲਾਵੇ ਨਾਲ ਮਿਲਣਾ ਉਹਨਾਂ ਦੀ ਖਾਸੀਅਤ ਸੀ। ਸਭ ਨੂੰ ਆਪਣਾ ਲਗਦਾ ਸੀ ਕੰਵਲ। 
ਪੁੰਨਿਆਂ ਦੇ ਚਾਨਣ ਵਿੱਚ ਬਲਰਾਜ ਸਾਹਨੀ ਵਰਗੇ ਮਿੱਤਰਾਂ ਨਾਲ ਮਹਿਫ਼ਿਲ ਸਜਾਉਂਦਾ ਤੇ ਆਪਣੀਆਂ ਲਿਖਤਾਂ ਵਿੱਚ ਖੁਦ ਬੋਲਦਾ ਕੰਵਲ ਲੋਕ ਮਨਾਂ ਦਾ ਨਾਇਕ  ਸੀ । ਸ਼ਿਵ ,ਪਾਸ਼ ਵਰਗੇ 2 ਕੰਵਲ ਦੇ ਪੈਰੋਕਾਰ ਸਨ।    ਕੰਵਲ ਨੇ ਆਪਣੀ ਸਾਰੀ  ਜ਼ਿੰਦਗੀ ਪੰਜਾਬੀ ਮਾਂ ਬੋਲੀ ,ਪੰਜਾਬ ਤੇ ਪੰਜਾਬੀਅਤ ਦੀ ਸੇਵਾ ਵਿੱਚ ਲਗਾ ਦਿੱਤੀ। ਜਸਵੰਤ ਸਿੰਘ ਕੰਵਲ ਦੀ ਕਲਮ ਚੋਂ ਨਿਕਲੀਆਂ ਪੁਸਤਕਾਂ  ਉਹਨਾਂ ਦੇ ਵਿਛੋੜੇ ਉਪਰੰਤ ਹੋਰ ਵੀ ਚਰਚਿਤ ਹੋਣਗੀਆਂ ਅਤੇ ਕੰਵਲ ਜੀ ਨੂੰ ਜ਼ਿੰਦਾ ਰੱਖਣਗੀਆਂ।
          ਰਾਜਵਿੰਦਰ ਰੌਂਤਾ। ਰੌਂਤਾ ਮੋਗਾ। 98764 86187 
     ਪੁਨਿੰਆਂ ਦਾ ਚਾਨਣ
ਜਸਵੰਤ ਸਿੰਘ ਕੰਵਲ ਨੂੰ ਸਮਰਪਿਤ
        ਰਾਜਵਿੰਦਰ ਰੌਂਤਾ
  ਅੱਜ ਪੁੰਨਿਆਂ ਦੀ ਰਾਤ
ਵੱਡੇ ਤੜਕੇ
ਘੜਾ ਤਿੜਕਿਆ 
ਚੰਨ ਗੋਡੀ ਮਾਰ ਗਿਆ
ਪਰ ਹਨੇਰ ਨਹੀਂ ਹੋਇਆ
ਸਗੋਂ  ਪੂਰਨਮਾਸ਼ੀ ਹੋ ਗਈ
ਚਾਨਣ ਹੀ ਚਾਨਣ
ਚੰਨ ਚਾਨਣੀ
ਤਾਰਿਆਂ ਦੀ ਲੋਅ
ਵੰਨ ਸੁਵੰਨੇ
ਫ਼ੁੱਲ ਖਿੜੇ
ਰੰਗ ਬਿਰੰਗੀਆਂ
ਵੰਨ ਸੁਵੰਨੀਆਂ ਮਹਿਕਾਂ
ਮਹਿਕ ਗਏ ਪੰਜ ਆਬ
 ਵਿਦਰੋਹੀ ਸੁਰ
ਮੁੜ  ਉਭਰੀ
ਮੁੱਕੇ ਤਣੇ
ਮੋਢੇ ਬੰਦੂਕਾਂ
ਡੱਬ 'ਚ ਪਿਸਟਲ
ਹਨੇਰੀਆਂ ਰਾਤਾਂ ਨੂੰ
ਮੁੜ ਰੁਸ਼ਨਾਉਣ ਲਈ
ਕਾਹਲੇ ਹੋਏ ਕਦਮ ਰੁਕੇ
ਪਿੱਛੇ ਮੁੜ ਕੇ ਵੇਖਿਆ
ਕਲਮਾਂ ਦੇ ਕਾਫ਼ਿਲੇ
ਅਲਵਿਦਾ ਕਹਿ ਕੇ
ਅੱਖੋਂ ਉਹਲੇ ਹੋ ਗਿਆ
ਪੰਜਾਬ ਦਾ ਸੂਰਜ ॥।
ਰਾਜਵਿੰਦਰ ਰੌਂਤਾ,ਰੌਂਤਾ (ਮੋਗਾ)