ਅਕਾਲ ਤਖਤ ਸਾਹਿਬ ਦੀ ਹਸਤੀ - ਹਰਦੇਵ ਸਿੰਘ ਧਾਲੀਵਾਲ

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮੁਗਲ ਰਾਜ ਦੀ ਘਟੀਆ ਸੋਚ ਕਾਰਨ ਸ਼ਹਾਦਤ ਦਿੱਤੀ। ਹੋ ਸਕਦਾ ਹੈ, ਕਿ ਹਕੂਮਤ ਦੇ ਕੰਨ ਚੰਦੂ ਵਰਗੇ ਨੇ ਵੀ ਭਰੇ ਹੋਣ। ਗੁਰੂ ਹਰਗੋਬਿੰਦ ਸਾਹਿਬ ਨੇ ਗੁਰਗੱਦੀ ਸਮੇਂ ਦੋ ਤਲਵਾਰਾਂ ਅਥਵਾ ਮੀਰੀ ਤੇ ਪੀਰੀ ਦੀਆਂ ਪਹਿਨੀਆਂ਼। ਇਸ ਦਾ ਭਾਵ ਧਰਮ ਤੇ ਸਿਆਸਤ ਨੂੰ ਇਕੱਠਾ ਕਰਨਾ ਸੀ। ਉਨ੍ਹਾਂ ਨੇ ਦਰਬਾਰ ਸਾਹਿਬ ਦੇ ਸਾਹਮਣੇ ਇੱਕ ਥੜਾ ਬਣਵਾਇਆ ਜੋ ਸਮੇਂ ਨਾਲ ਅਕਾਲ ਤਖਤ ਸਾਹਿਬ ਬਣ ਗਿਆ, ਜਿੱਥੇ ਬੈਠ ਕੇ ਜੋਸ਼ ਦੀਆਂ ਵਾਰਾਂ ਸੁਣਦੇ ਤੇ ਸ਼ਰੀਰਕ ਸਰਗਰਮੀਆਂ ਘੋਲ ਆਦਿ ਵੀ ਦੇਖਦੇ। ਅਕਾਲ ਤਖਤ ਤੇ ਬੈਠ ਕੇ ਉਹ ਚਾਹੁੰਦੇ ਸਨ ਕਿ ਉਨ੍ਹਾਂ ਦੇ ਸਿੱਖ ਆਪਸ ਵਿੱਚ ਹੀ ਝਗੜੇ ਨੰਬੇੜ ਲੈਣ, ਮੁਗਲ ਸਰੀਅਤ ਦੇ ਵਸ ਨਾ ਪੈਣ। ਇਸ ਪਿੱਛੋਂ ਖਾਲਸਾ ਪੰਥ ਦੀਆਂ 12 ਮਿਸਲਾਂ ਹੋਦ ਵਿੱਚ ਆਈਆਂ। ਮਿਸਲਾਂ ਦੇ ਆਪਸੀ ਝਗੜੇ ਪੰਚਾਇਤੀ ਤੌਰ ਤੇ ਨਿਬੇੜੇ ਜਾਂਦੇ ਸਨ, ਜਿਸ ਵਿੱਚ ਸਚਾਈ ਪ੍ਰਤੱਖ ਹੁੰਦੀ। ਇਸ ਐਲਾਨ ਅਕਾਲ ਤਖਤ ਦਾ ਜੱਥੇਦਾਰ ਕਰਦਾ। ਅਕਾਲ ਤਖਤ ਦੇ ਬੜੇ ਉੱਚੇ ਜੱਥੇਦਾਰ ਹੋਏ ਹਨ। ਅਕਾਲੀ ਨੈਣਾ ਸਿੰਘ ਇਸ ਤੋਂ ਪਿੱਛੋਂ ਅਕਾਲੀ ਫੂਲਾ ਸਿੰਘ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਤਲਬ ਕੀਤਾ ਸੀ। ਇਹ ਤਿੰਨ ਸਦੀਆਂ ਵਿੱਚ ਸਭ ਤੋਂ ਉੱਤਮ ਸਥਾਨ ਰੱਖਦਾ ਰਿਹਾ। ਤਿੰਨ ਸਦੀਆਂ ਵਿੱਚ ਕਿਸੇ ਨੇ ਅਕਾਲ ਤਖਤ ਨੂੰ ਚੁਣੌਤੀ ਨਹੀਂ ਦਿੱਤੀ। 19ਵੀਂ ਸਦੀ ਵਿੱਚ ਜੱਥੇਦਾਰ ਤੇਜਾ ਸਿੰਘ ਭੁੱਚਰ, ਗਿਆਨੀ ਗੁਰਮੁਖ ਸਿੰਘ ਮੁਸਾਫਰ ਤੇ ਜੱਥੇ. ਮੋਹਨ ਸਿੰਘ ਵਰਗੇ ਜੱਥੇਦਾਰ ਰਹੇ। ਜੱਥੇਦਾਰ ਮੋਹਨ ਸਿੰਘ ਅਕਾਲ ਦਲ ਵਿੱਚ ਨਾਗੋਕੇ ਗਰੁੱਪ ਦੇ ਸਨ, ਪਰ ਪੰਥਕ ਮਸਲੇ ਤੇ ਉਹ ਆਪਣੇ ਲੀਡਰ ਜੱਥੇਦਾਰ ਊਧਮ ਸਿੰਘ ਨੂੰ ਵੀ ਰੋਕ ਦਿੰਦੇ ਸਨ।
    ਇਹ ਸਾਰੇ ਜਾਣਦੇ ਹਨ ਕਿ 1922 ਵਿੱਚ ਪੰਥ ਪ੍ਰਮੁੱਖ ਹਸਤੀਆਂ ਨੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੀ ਨੀਂਹ ਅਕਾਲ ਤਖਤ ਸਾਹਿਬ ਤੇ ਰੱਖੀ। 1920 ਤੋਂ 1925 ਤੱਕ ਦੀ ਅਕਾਲੀ ਲਹਿਰ ਅਕਾਲ ਤਖਤ ਸਾਹਿਬ ਤੋਂ ਹੀ ਚੱਲਦੀ ਸੀ। ਅਕਾਲ ਤਖਤ ਦੇ ਜੱਥੇਦਾਰ ਸਿੱਖ ਬੁੱਧੀਜੀਵੀਆਂ ਤੇ ਸਾਰੀਆਂ ਪੰਥਕ ਸੰਸਥਾਵਾਂ ਨੂੰ ਨਾਲ ਲੈ ਕੇ ਬੈਠ ਕੇ ਫੈਸਲੇ ਲੈਂਦੇ ਸਨ। ਪੰਥਕ ਸੋਚ ਹਮੇਸ਼ਾ ਮੁੱਖ ਮੰਤਵ ਸੀ। ਰਾਗ ਮਾਲਾ ਬਾਰੇ ਵਿਵਾਦ ਸੀ ਤੇ ਅੱਜ ਵੀ ਹੈ। ਗਿਆਨੀ ਸ਼ੇਰ ਸਿੰਘ (ਚਾਚਾ ਜੀ) ਨੇ ਰਾਗ ਮਾਲਾ ਦਾ ਦਰਪਣ 1915 ਵਿੱਚ ਲਿਖ ਕੇ ਸਿੱਧ ਕੀਤਾ ਕਿ ਇਹ ਗੁਰਬਾਣੀ ਨਹੀਂ, ਇਸ ਦੇ ਹੋਰ ਅਡੀਸ਼ਨ 1916 ਅਤੇ 17 ਵਿੱਚ ਵੀ ਨਿੱਕਲੇ। ਇਸ ਪਿੱਛੋਂ ਕੋਈ ਅਡੀਸ਼ਨ ਨਹੀਂ ਆਇਆ। ਜਦੋਂ ਕਿ ਉਹ ਇਸ ਤੋਂ ਪਿੱਛੋਂ 30 ਸਾਲ ਤੱਕ ਜਿਉਂਦੇ ਰਹੇ, ਮੈਂ ਉਨ੍ਹਾਂ ਦੇ ਸਵਰਗਵਾਸ ਹੋਣ ਸਮੇਂ 5 ਕੁ ਸਾਲ ਦਾ ਸੀ। ਮੈਂ ਕੁੱਝ ਸੁਣਿਆ ਨਹੀਂ, ਪਰ ਇਹ ਮਹਿਸੂਸ ਕਰਦਾ ਹਾਂ ਕਿ ਸ਼ਾਇਦ ਉਹ ਵੀ ਮਹਿਸੂਸ ਕਰਦੇ ਸਨ ਕਿਉਂਕਿ ਹੋਰ ਅਡੀਸ਼ਨ ਕੱਢਣ ਨਾਲ ਪੰਥਕ ਸਫਾਂ ਦਾ ਨੁਕਸਾਨ ਹੁੰਦਾ ਹੈ। ਸੂਰਜ ਪ੍ਰਕਾਸ਼ ਇੱਕ ਧਾਰਮਿਕ ਗ੍ਰੰਥ ਹੈ, ਉਸ ਵਿੱਚ ਕੁੱਝ ਗੱਲਾਂ ਅਜਿਹੀਆਂ ਹਨ, ਜਿਹੜੀਆਂ ਬਾਰੇ ਸੱਚ ਨਹੀਂ ਕਿਹਾ ਜਾ ਸਕਦਾ। ਕੁੱਝ ਮਿਥਹਾਸਕ ਲੱਗਦੀਆਂ ਹਨ, ਪਰ ਸਾਡੀ ਬਦਕਿਸਮਤੀ ਹੈ ਕਿ ਵਿਦਵਾਨ ਰਾਇ ਕਰਕੇ ਉਨ੍ਹਾਂ ਮਿਥਹਾਸਕ ਗੱਲਾਂ ਨੂੰ ਰਾਇ ਦੇਣ ਬਾਰੇ ਰੋਕ ਨਹੀਂ ਸਕੇ।
    ਸਾਡੀ ਇਹ ਵੀ ਬਦਕਿਸਮਤੀ ਹੈ ਕਿ ਗੁਰਦੁਆਰਾ ਐਕਟ ਵਿੱਚ ਕਈ ਤਰੁੱਟੀਆਂ ਹਨਂ। ਗਿਆਨੀ ਕਰਤਾਰ ਸਿੰਘ ਨੇ 1942-43 ਵਿੱਚ ਕੁੱਝ ਤਰਮੀਮਾਂ ਕਰਵਾਈਆਂ ਸਨ। ਜਿਨ੍ਹਾਂ ਨਾਲ ਦਫਾ 85 ਦੀਆਂ ਗੁਰਦੁਆਰਾ ਕਮੇਟੀਆਂ ਸਿੱਧੀਆਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਆ ਗਈਆਂ ਸਨ। ਉਹ ਕਹਿੰਦੇ ਸਨ ਕਿ ਅਜੇ ਵੀ ਕੁੱਝ ਸੁਧਾਰਾਂ ਦੀ ਹੋਰ ਲੋੜ ਹੈ। ਗੁਰਦੁਆਰਾ ਐਕਟ ਜੱਥੇਥਾਰ ਸਾਹਿਬ ਅਕਾਲ ਤਖਤ ਨੂੰ ਇੱਕ ਗ੍ਰੰਥੀ (ਕਰਮਚਾਰੀ) ਹੀ ਗਿਣਦਾ ਹੈ। ਪਹਿਲਾਂ ਜੱਥੇਦਾਰ ਸਾਰੀਆਂ ਪੰਥਕ ਜੱਥੇਬੰਦੀਆਂ ਨਾਲ ਰਾਇ ਕਰਕੇ ਅਕਾਲ ਤਖਤ ਤੋਂ ਹੁਕਮ ਦਿੰਦੇ ਸਨ। ਐਕਟ ਅਨੁਸਾਰ ਜੱਥੇਦਾਰ ਅਕਾਲ ਤਖਤ ਸਾਹਿਬ ਦੀ ਨਿਯੁਕਤੀ ਸ਼੍ਰੋਮਣੀ ਕਮੇਟ. ਦੀ ਕਾਰਜਕਾਰੀ ਕਰਦੀ ਹੈ ਅਤੇ ਉਹ ਹੀ ਜੱਥੇਦਾਰ ਨੂੰ ਹਟਾ ਸਕਦੀ ਹੈ। ਸ਼੍ਰੋਮਣੀ ਕਮੇਟੀ ਦੀ ਜਨਰਲ ਕਮੇਟੀ ਦੇ ਕੁੱਝ ਹੱਥ ਨਹੀਂ, ਉਹ ਦੇ ਸਾਲ ਵਿੱਚ ਸਿਰਫ ਦੋ ਸ਼ੈਸ਼ਨ ਹੁੰਦੇ ਹਨ, ਇੱਕ ਪ੍ਰਧਾਨ ਦੀ ਚੋਣ ਤੇ ਦੂਜਾ ਬਜਟ ਪਾਸ ਕਰਨ ਲਈ। 1999 ਵਿੱਚ ਜੱਥੇਦਾਰ ਰਣਜੀਤ ਸਿੰਘ ਨੂੰ ਅਕਾਲ ਤਖਤ ਦੀ ਜੱਥੇਦਾਰੀ ਤੋਂ ਇਸ ਲਈ ਹਟਾ ਦਿੱਤਾ ਸੀ ਕਿ ਉਹ ਉਨ੍ਹਾਂ ਨੇ ਕਿਹਾ ਸੀ ਕਿ 300 ਸਾਲਾ ਸਤਾਬਦੀ ਇਕੱਠੇ ਬੈਠ ਕੇ ਮਨਾ ਲੋ, ਫੇਰ ਲੜ ਸਕਦੇ ਹੋ।
    ਸ਼੍ਰੋਮਣੀ ਕਮੇਟੀ ਤੇ ਅਕਾਲ ਦਲ ਉਪਰ ਬਾਦਲ ਪਰਿਵਾਰ ਦਾ ਕਬਜਾ ਹੈ। ਅਕਾਲੀ ਦਲ ਦੇ ਪ੍ਰਧਾਨ ਤਾਂ ਉਹ ਹਨ, ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਵੀ ਉਨ੍ਹਾਂ ਦੀ ਜੇਬ ਵਿੱਚੋਂ ਹੀ ਨਿੱਕਲਦੀ ਹੈ। ਬਾਬਾ ਹਰਨਾਮ ਸਿੰਘ ਧੁੰਮਾਂ ਦਮਦਮੀ ਟਕਸਾਲ ਨਾਲ ਸਬੰਧ ਰੱਖਦੇ ਹਨ, ਉਨ੍ਹਾਂ ਦੇ ਧੜੇ ਵੱਲੋਂ ਇੱਕ ਮਾਰੂ ਹਮਲਾ ਸ਼ਬੀਲ ਦੇ ਰੂਪ ਵਿੱਚ ਢੱਡਰੀਆਂ ਵਾਲੇ ਦੇ ਜੱਥੇ ਤੇ ਹੋਇਆ ਸੀ। ਇਹ ਇੱਕ ਘਟੀਆ ਪੰਥਕ ਗੱਲ ਸੀ। ਇਸ ਵਿੱਚ ਇੱਕ ਸਿੰਘ ਮਾਰਿਆ ਗਿਆ। ਜੱਥੇਦਾਰ ਗੁਰਬਚਨ ਸਿੰਘ ਜੱਥੇਦਾਰੀ ਦੇ ਪਦ ਨੂੰ ਕਾਫੀ ਢਾਹ ਲਾਈ। ਇੱਕ ਪੁਰਾਣੀ ਲਿਖਤ ਤੇ ਸਰਸੇ ਵਾਲੇ ਸਾਧ ਨੂੰ ਮੁਆਫੀ ਦੇ ਦਿੱਤੀ ਤੇ ਰੌਲਾ ਪੈਣ ਤੇ ਕੈਂਸਲ ਕਰ ਦਿੱਤੀ। ਜੱਥੇਦਾਰ ਇੱਕ ਹੋਰ ਜੱਥੇਦਾਰ ਨੂੰ ਲੈ ਕੇ ਬਾਦਲ ਸਾਹਿਬ ਦੀ ਸਰਕਾਰੀ ਕੋਠੀ ਤੇ ਇਸ ਹੁਕਮਨਾਮੇ ਸਬੰਧੀ ਵੀ ਲੈ ਕੇ ਗਏ। ਹੁਣ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਹਨ। ਉਨ੍ਹਾਂ ਬਾਰੇ ਵੀ ਬਾਦਲ ਪਰਿਵਾਰ ਦੀਆਂ ਅਫਵਾਹਾਂ ਹਨ। ਪਰ ਉਨ੍ਹਾਂ ਦੇ ਕੰਮ ਵਿੱਚ ਕਾਫੀ ਸਚਾਈ ਦੀ ਖੁਸ਼ਬੂ ਆਉਂਦੀ ਹੈ। ਸਭ ਜਾਣਦੇ ਹਨ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਤੇ ਉਨ੍ਹਾਂ ਨੇ ਵਿਰੋਧੀ ਧਿਰ ਅਥਵਾ ਸਰਕਾਰ ਵੱਲੋਂ ਬਣਾਈ ਗਈ ਸਟੇਜ ਤੇ ਕੋਈ ਰੋਕ ਨਹੀਂ ਲਾਈ, ਜਦੋਂ ਕਿ ਕੁੱਝ ਰੋਕ ਲਗਵਾਉਣਾ ਚਾਹੁੰਦੇ ਸਨ। ਹੁਣ ਵੀ ਢੱਡਰੀਆਂ ਵਾਲੇ ਦੇ ਮਸਲੇ ਤੇ ਉਨ੍ਹਾਂ ਨੇ ਕਾਹਲ ਨਹੀਂ ਦਿਖਾਈ, ਠਰੰਮੇ ਤੋਂ ਕੰਮ ਲਿਆ ਹੈ। ਪੰਜ ਮੈਂਬਰ ਕਮੇਟੀ, ਸੰਤ ਢੱਡਰੀਆਂ ਵਾਲੇ ਦੀ ਰਿਹਾਇਸ ਤੱਕ ਜਾਣ ਨੂੰ ਤਿਆਰ ਸੀ। ਜੱਦੋਂ ਕਿ ਢੱਡਰੀਆਂ ਵਾਲੇ ਹੀ ਚੁੱਪ ਰਹੇ। ਜੱਥੇਦਾਰ ਅਕਾਲ ਤਖਤ ਸਾਹਿਬ ਦਾ ਇੱਕ ਹੋਰ ਮਹੀਨਾ ਦੇਣਾ ਵੀ ਵਧੀਆ ਕਦਮ ਹੈ। ਮੇਰਾ ਸੁਝਾਓ ਇਹੀ ਹੈ ਸੰਤ ਢੱਡਰੀਆ ਵਾਲੇ ਦੇ ਦੀਵਾਨਾਂ ਦੀ ਵਿਰੋਧਤਾ ਤੇ ਵੀ ਇੱਕ ਮਹੀਨੇ ਲਈ ਰੋਕ ਲਾ ਦੇਣ।
    ਪੰਥ ਦੇ ਵਿਵਾਦ ਨੂੰ ਨਵੇਂ ਪੰਜਾਬੀ 2-3 ਟੀ.ਵੀ. ਚੈਨਲ ਬੜੀ ਹਵਾ ਦੇ ਰਹੇ ਹਨ। ਸ਼ਾਇਦ ਉਨ੍ਹਾਂ ਨੂੰ ਗੱਲ ਕਰਨ ਤੇ ਸਮਾਂ ਟਪਾਉਣ ਲਈ ਕੋਈ ਮੁੱਦਾ ਚਾਹੀਦਾ ਸੀ, ਜੋ ਮਿਲ ਗਿਆ। ਉਨ੍ਹਾਂ ਨੂੰ ਇਹ ਮਸਲਾ ਜਿਆਦਾ ਉਛਾਲਣਾ ਨਹੀਂ ਚਾਹੀਦਾ। ਜੱਥੇਦਾਰ ਹਰਪ੍ਰੀਤ ਸਿੰਘ ਨੇ ਕੋਈ ਹੁਕਮ ਢੱਡਰੀਆਂ ਵਾਲੇ ਨੂੰ ਨਹੀਂ ਕੀਤਾ। ਜਦੋਂ ਕਿ ਵਿਰੋਧੀ ਚਾਹੁੰਦੇ ਸਨ ਕਿ ਉਹ ਕੋਈ ਹੁਕਮ ਕਰਨ। ਉਨ੍ਹਾਂ ਨੇ ਇੱਕ ਗੁਰਸਿੱਖ ਵਾਲੀ ਰਾਇ ਤੇ ਸੁਝਾਓ ਹੀ ਦਿੱਤੇ ਹਨ। ਮੈਂ ਸੰਤ ਢੱਡਰੀਆਂ ਵਾਲੇ ਵੀ ਬੇਨਤੀ ਕਰਦਾ ਹਾਂ ਕਿ ਖਾਲਸਾ ਪੰਥ ਨੂੰ ਖੋਰ ਕਈ ਪਾਸਿਆਂ ਤੋਂ ਲੱਗ ਰਿਹਾ ਹੈ, ਸਰਸੇ ਵਾਲੇ ਸਾਧ (ਜੇਲ ਵਿੱਚ ਬੈਠਾ) ਹੀ ਆਪਣੇ ਆਪ ਨੂੰ ਰੱਬ ਦਾ ਏਲਚੀ ਮੰਨਦਾ ਹੈ। ਰਾਧਾ ਸੁਆਮੀ ਵੀ ਪੰਥਕ ਸਫਾਂ ਨੂੰ ਖਲੇਰਨਾ ਚਾਹੁੰਦੇ ਹਨ। ਨਿਰੰਕਾਰੀਆਂ ਦੇ ਵਿਰੋਧ ਤੇ ਕੰਮ ਨੂੰ ਹਰ ਗੁਰ ਨਾਨਕ ਨਾਮ ਲੇਵ ਜਾਣਦਾ ਹੈ। ਆਸੂਤੋਸ਼ ਨੇ ਆਪਣੀ ਵੱਖਰੀ ਸੰਪਰਦਾਇ ਪੰਥ ਨੂੰ ਢਾਹ ਲਾਉਣ ਲਈ ਚਲਾਈ ਸੀ। ਭੰਨਿਆਰੇ ਵਾਲਾ ਰੱਬ ਨੂੰ ਪਿਆਰਾ ਹੋ ਚੁੱਕਿਆ ਹੈ। ਹੋਰ ਵੀ ਕਈ ਅਜਿਹੇ ਡੇਰੇ ਹਨ, ਜਿਹੜੇ ਖਾਲਸਾ ਪੰਥ ਨੂੰ ਢਾਹ ਲਾ ਰਹੇ ਹਨ। ਨਾਨਕ ਸਰੀਏ ਤੇ ਰਾੜੇ ਵਾਲਿਆਂ ਦੀ ਵੀ ਹੋਰ ਪ੍ਰੰਪਰਾ ਹੈ। ਜੱਥੇਦਾਰ ਸਾਹਿਬ ਨੂੰ ਪੰਥਕ ਰਹਿਤ ਮਰਿਆਦਾ ਸਖਤੀ ਨਾਲ ਲਾਗੂ ਕਰਨੀ ਚਾਹੀਦੀ ਹੈ। ਹੁਣ ਸਮਾਂ ਮੰਗ ਕਰਦਾ ਹੈ ਕਿ ਖਾਲਸਾ ਪੰਥ ਦੀ ਚੜ੍ਹਦੀ ਕਲ੍ਹਾ ਲਈ ਢੱਡਰੀਆਂ ਵਾਲੇ ਤੇ ਹੋਰ ਸੂਰਜ ਪ੍ਰਕਾਸ਼ ਵਰਗੀਆਂ ਕੁੱਝ ਗੱਲਾਂ ਨੂੰ ਨਾ ਉਛਾਲਣ। ਇਸ ਵਿੱਚ ਹੀ ਪੰਥ ਦੀ ਬੇਹਤਰੀ ਹੈ ਤੇ ਅਕਾਲ ਤਖਤ ਦੀ ਕਮੇਟੀ ਨਾਲ ਗੱਲ ਕਰਨ।
 

                                    ਹਰਦੇਵ ਸਿੰਘ ਧਾਲੀਵਾਲ,
                                ਰਿਟ: ਐਸ.ਐਸ.ਪੀ.,
                                ਪੀਰਾਂ ਵਾਲਾ ਗੇਟ, ਸੁਨਾਮ
                                     ਮੋਬ: 98150-37279