ਦਿੱਲੀ ਵਿਧਾਨ ਸਭਾ ਚੋਣ ਨਤੀਜੇ : ਰਾਜਸੀ ਬਦਲਾਉ ਦੇ ਸੰਕੇਤ? - ਜਸਵੰਤ ਸਿੰਘ 'ਅਜੀਤ'

ਦਿੱਲੀ ਵਿਧਾਨ ਸਭਾ ਦੇ ਜੋ ਚੋਣ ਨਤੀਜੇ ਸਾਹਮਣੇ ਆਏ ਹਨ, ਉਹ ਦੇਸ਼ ਦੀ ਰਾਜਸੀ ਸਥਿਤੀ ਪੁਰ ਤਿੱਖੀ ਨਜ਼ਰ ਰਖਦੇ ਚਲੇ ਆ ਰਹੇ ਰਾਜਸੀ ਮਾਹਿਰਾਂ ਨੂੰ ਵੀ ਹੈਰਾਨ ਕਰ ਦੇਣ ਵਾਲੇ ਹਨ। ਇਸਦਾ ਕਾਰਣ ਇਹ ਹੈ ਕਿ ਦੇਸ਼ ਦੀ ਆਜ਼ਾਦੀ ਅਤੇ ਸੰਵਿਧਾਨ ਦੇ ਲਾਗੂ ਹੋਣ ਤੋਂ ਬਾਅਦ ਅਜਤਕ ਜਿਤਨੀਆਂ ਵੀ ਚੋਣਾਂ, ਭਾਵੇਂ ਉਹ ਲੋਕਸਭਾ ਦੀਆਂ ਸਨ ਜਾਂ ਪ੍ਰਦੇਸ਼ਾਂ ਦੀਆਂ, ਹੋਈਆਂ ਉਨ੍ਹਾਂ ਸਭ ਵਿੱਚ ਜਿੱਤ ਪਾਰਟੀ ਦੇ ਨਾਂ ਤੇ ਹੁੰਦੀ ਆਈ ਹੈ, ਇਹ ਪਹਿਲੀ ਵਾਰ ਹੈ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹਾਰ-ਜਿੱਤ ਦਾ ਫੈਸਲਾ ਕਿਸੇ ਪਾਰਟੀ ਦੇ ਨਾਂ ਤੇ ਜਾਂ ਚੋਣ ਲੜ ਰਹੀਆਂ ਪਾਰਟੀਆਂ ਵਲੋਂ ਜਾਰੀ ਕੀਤੇ ਗਏ 'ਚੋਣ ਮਨੋਰਥ ਪਤ੍ਰਾਂ' ਰਾਹੀਂ ਵਿਖਾਏ ਗਏ ਸਬਜ਼ ਬਾਗਾਂ ਦੇ ਆਧਾਰ ਤੇ ਨਾ ਹੋ ਕੇ ਬੀਤੇ ਸਮੇਂ ਵਿੱਚ ਸੱਤਾ ਪੁਰ ਕਾਬਜ਼ ਰਹੀ ਪਾਰਟੀ ਵਲੋਂ ਕੀਤੇ ਗਏ ਕੰਮਾਂ ਦੇ ਆਧਾਰ ਪੁਰ ਹੋਇਆ ਹੈ। ਇਨ੍ਹਾਂ ਚੋਣ ਨਤੀਜਿਆਂ ਨੇ ਦੇਸ਼ ਦੇ ਸਾਹਮਣੇ ਇੱਕ ਨਵਾਂ 'ਦਿੱਲੀ ਮਾਡਲ' ਪੇਸ਼ ਕੀਤਾ ਹੈ, ਜਿਸਦੀ ਘੋਖ ਕਰ, ਉਸਨੂੰ ਅਪਨਾਉਣ ਲਈ ਲਗਭਗ ਉਨ੍ਹਾਂ ਸਾਰੇ ਰਾਜਾਂ ਦੀਆਂ ਸਰਕਾਰਾਂ ਤਿਆਰ ਹੁੰਦੀਆਂ ਨਜ਼ਰ ਆ ਰਹੀਆਂ ਹਨ, ਜਿਨ੍ਹਾਂ ਦੀ ਸੱਤਾ ਪੁਰ ਗੈਰ-ਭਾਜਪਾ ਪਾਰਟੀਆਂ ਕਾਬਜ਼ ਹਨ।


ਮਤਦਾਤਾਵਾਂ ਦਾ ਫਤਵਾ: ਇਨ੍ਹਾਂ ਚੋਣਾਂ ਦੇ ਜੋ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ਤੋਂ ਇਉਂ ਜਾਪਦਾ ਹੈ ਕਿ ਜਿਵੇਂ ਇਸ ਵਾਰ ਦਿੱਲੀ ਦੇ ਮਤਦਾਤਾਵਾਂ ਨੇ ਨਾ ਤਾਂ ਕਿਸੇ ਪਾਰਟੀ ਜਾਂ ਨੇਤਾ ਵਲੋਂ ਜਾਰੀ ਕੀਤੇ ਗਏ ਆਦੇਸ਼ ਦਾ ਪਾਲਣ ਕੀਤਾ ਹੈ ਅਤੇ ਨਾ ਹੀ ਕਿਸੇ ਪਾਰਟੀ ਵਿਸ਼ੇਸ਼ ਪ੍ਰਤੀ ਆਪਣੇ ਨਿਜੀ ਝੁਕਾਉ ਨੂੰ ਆਪਣੇ ਪੈਸਲੇ ਪੁਰ ਭਾਰੂ ਹੋਣ ਦਿੱਤਾ ਹੈ, ਸਗੋਂ ਆਪਣੀ ਆਤਮਾ ਦੀ ਆਵਾਜ਼ ਤੇ ਫੈਸਲਾ ਕੀਤਾ ਹੈ। ਇਨ੍ਹਾਂ, ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਜਿਥੇ ਭਾਜਪਾ ਦੀ ਨੀਤੀ, ਆਮ ਆਦਮੀ ਪਾਰਟੀ ਦੇ ਪਿਛਲੇ ਸੱਤਾ-ਕਾਲ ਦੌਰਾਨ ਹੋਏ ਕੰਮਾਂ ਨੂੰ ਅਸਫਲ ਸਾਬਤ ਕਰਨਾ ਅਤੇ ਉਸ ਵਲੋਂ ਦਿੱਲੀ ਵਾਸੀਆਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਨੂੰ ਦਿੱਲੀ ਵਾਸੀਆਂ ਨੂੰ ਮੁਫਤ ਖੋਰੇ (ਭਿਖਾਰੀ) ਬਣਾਉਣ ਵਜੋਂ ਪ੍ਰਚਾਰੇ ਜਾਣ ਵਿੱਚ ਕੋਈ ਕਸਰ ਨਹੀਂ ਛੱਡੀ ਗਈ, ਇਧਰ ਅਕਾਲੀਆਂ ਦੇ ਇੱਕ ਗੁਟ ਨੇ ਆਮ ਆਦਮੀ ਪਾਰਟੀ ਵਲੋਂ ਪਿਛਲੀ ਵਾਰ ਦੇ ਚਾਰ ਸਿੱਖ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾਣ ਦੇ ਮੁਕਾਬਲੇ ਇਸ ਵਾਰ ਕੇਵਲ ਦੋ ਸਿੱਖ ਉਮੀਦਵਾਰ ਹੀ ਉਤਾਰੇ ਜਾਣ ਤੇ ਉਸਨੂੰ ਸਿੱਖ ਵਿਰੋਧੀ ਪ੍ਰਚਾਰ, ਸਿੱਖਾਂ ਨੂੰ ਉਸ ਵਿਰੁਧ ਖੜਿਆਂ ਹੋਣ ਲਈ ਪ੍ਰੇਰਨ ਵਿੱਚ ਕੋਈ ਕਸਰ ਨਹੀਂ ਛੱਡੀ ਗਈ। ਇਸਦੇ ਬਾਵਜੂਦ ਦਿੱਲੀ ਦੇ ਆਮ ਸਿੱਖਾਂ ਅਤੇ ਦੂਸਰੇ ਮਤਦਾਤਾਵਾਂ ਨੇ ਆਪਣੀ ਸੋਚ ਸਮਝ ਦੇ ਅਧਾਰ ਪੁਰ ਮਤਦਾਨ ਕੀਤਾ। ਉਨ੍ਹਾਂ ਪੁਰ ਕਿਸੇ ਅਕਾਲੀ ਦਲ ਜਾਂ ਸਿਖ ਜਥੇਬੰਦੀ ਵਲੋਂ, ਭਾਜਪਾ ਦੇ ਹਕ ਵਿੱਚ ਭੁਗਤਣ ਜਾਂ ਕਿਸੇ ਵਿਸ਼ੇਸ਼ ਉਮੀਦਵਾਰ ਦਾ ਸਮਰਥਨ ਕਰਨ ਦੇ ਦਿੱਤੇ ਗਏ ਆਦੇਸ਼ ਦਾ ਕੋਈ ਅਸਰ ਨਹੀਂ ਹੋਇਆ।   

 
ਭਾਜਪਾ ਨੇ ਸਮੁਚੀ ਤਾਕਤ ਝੌਂਕੀ: ਕੋਈ ਸੱਤ-ਅੱਠ ਸਾਲ ਪਹਿਲਾਂ ਹੀ ਹੋਂਦ ਵਿੱਚ ਆਈ ਇੱਕ ਇਲਾਕਾਈ ਪਾਰਟੀ 'ਆਮ ਆਦਮੀ ਪਾਰਟੀ' ਪਾਸੋਂ ਦਿੱਲੀ ਵਰਗੇ ਇੱਕ ਛੋਟੇ ਜਿਹੇ ਕੇਂਦਰ-ਸ਼ਾਸਤ ਰਾਜ ਦੀ ਸੱਤਾ 'ਖੋਹਣ' ਲਈ ਭਾਜਪਾ ਵਲੋਂ ਜਿਸਤਰ੍ਹਾਂ ਆਪਣੀ ਸਮੁਚੀ ਤਾਕਤ ਝੌਂਕੀ ਗਈ ਉਹ ਹੈਰਾਨ ਕਰਨ ਵਾਲੀ ਸੀ। ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਦੇ ਨਾਲ ਕੇਂਦਰ ਦੇ 40 ਮੰਤਰੀ ਲਗਭਗ 250 ਸਾਂਸਦ, ਭਾਜਪਾ ਸੱਤਾ ਵਾਲੇ 11 ਰਾਜਾਂ ਦੇ ਮੁੱਖ ਮੰਤਰੀ 'ਆਪ' ਪਾਸੋਂ ਸੱਤਾ ਖੋਹਣ ਲਈ ਇਸ ਮੈਦਾਨ ਵਿੱਚ ਉਤਾਰੇ ਗਏ। ਇਤਨਾ ਹੀ ਨਹੀਂ ਮਤਦਾਨ ਵਾਲੇ ਦਿੱਨ ਸਮੇਤ ਅਖੀਰਲੇ ਚਾਰ ਦਿਨ ਸਾਰੇ ਸਾਸਦਾਂ ਨੂੰ ਦਿੱਲੀ ਦੀਆਂ ਝੁਗੀਆਂ।ਝੌਂਪਣੀਆਂ ਵਾਲੀਆਂ ਬਸਤੀਆਂ ਵਿੱਚ ਰਹਿਣ ਤੇ ਮਜਬੂਰ ਕੀਤਾ ਗਿਆ। (ਜਿਸਦਾ ਮਤਲਬ ਸਮਝਣਾ ਕੋਈ ਮੁਸ਼ਕਿਲ ਨਹੀਂ) ਇਸਦੇ ਬਾਵਜੂਦ ਭਾਜਪਾ 70 ਸੀਟਾਂ ਵਿੱਚੋਂ ਕੇਵਲ ਅੱਠ ਸੀਟਾਂ ਪੁਰ ਹੀ ਕਾਬਜ਼ ਹੋ ਸਕੀ ਤੇ 'ਕਲ੍ਹ' ਦੀ ਜਨਮੀ ਪਾਰਟੀ ਉ ਸਪੁਰ ਭਾਰੀ ਬਣੀ ਰਹੀ।  


ਕੀ ਹੋ ਰਿਹੈ ਇਸ ਦੇਸ਼ ਵਿੱਚ : ਸ਼ਾਮ ਦਾ ਸਮਾਂ ਸੀ ਯਾਰਾਂ ਦੀ ਮਹਿਫਲ ਜਮੀ ਹੋਈ ਸੀ। ਚਾਹ ਦੀਆਂ ਚੁਸਕੀਆਂ ਦੇ ਨਾਲ ਗੱਪ-ਸ਼ਪ ਦਾ ਦੌਰ ਚਲ ਰਿਹਾ ਸੀ। ਇਸੇ ਦੌਰ ਵਿੱਚ ਅਚਾਨਕ ਹੀ ਰਾਜਨੀਤੀ ਪੁਰ ਚਰਚਾ ਸ਼ੁਰੂ ਹੋ ਗਈ। ਅਜਿਹਾ ਹੁੰਦਾ ਵੀ ਕਿਉਂ ਨਾ, ਸਾਰੇ ਹੀ ਯਾਰ ਰਾਜਨੀਤੀ ਵਿੱਚ ਮੂੰਹ ਮਾਰਨ ਵਾਲੇ ਸਨ। ਚਰਚਾ ਸ਼ੁਰੂ ਕਰਦਿਆਂ ਰਾਜਦੀਪ ਨੇ ਦਸਿਆ ਕਿ ਅੱਜਕਲ ਦੇਸ਼ ਭਰ ਵਿੱਚ 'ਦੇਸ਼ ਦੇ ਅੱਗੇ ਵਧਦਿਆਂ ਜਾਣ' ਪੁਰ ਬੜੀ ਜ਼ੋਰਦਾਰ ਚਰਚਾ ਚਲ ਰਹੀ ਹੈ...। ਉਸਦੀ ਗਲ ਕਟਦਿਆਂ ਧਰੂ ਗੁਪਤ ਬੋਲ ਪਿਆ ਕਿ ਬੀਤੇ ਦਿਨੀਂ ਉਸਨੇ ਉਤੱਰ ਪ੍ਰਦੇਸ਼ ਦੇ ਇੱਕ ਸ਼ਹਿਰ ਵਿੱਚ ਦੋ ਕੁੜੀਆਂ ਨਾਲ ਵਾਪਰੀ ਵਹਿਸ਼ੀ ਘਟਨਾ ਦਾ ਜੋ ਵੀਡੀਓ ਵੇਖਿਆ ਉਸਤੋਂ ਬਾਅਦ ਪੂਰਾ ਵਿਸ਼ਵਾਸ ਹੋ ਗਿਐ ਕਿ ਅਸੀਂ ਮਨੁਖਾ-ਇਤਿਹਾਸ ਦੇ ਸਭ ਤੋਂ ਵੱਧ ਭਿਆਨਕ ਦੌਰ ਵਿੱਚ ਜੀਅ ਰਹੇ ਹਾਂ। ਜਿਸਤਰ੍ਹਾਂ ਦਰਜਨ ਭਰ ਮੁੰਡਿਆਂ ਨੇ ਸਰੇ-ਬਾਜ਼ਾਰ ਦੋ ਸਹਿਮੀਆਂ-ਡਰੀਆਂ ਕੁੜੀਆਂ ਦੇ ਸ਼ਰੀਰ ਨਾਲ ਨੀਚਤਾ-ਭਰੀ ਖੇਡ ਖੇਡੀ, ਉਹ ਲਹੂ ਨੂੰ ਜਮਾ ਦੇਣ ਵਾਲੀ ਸੀ। ਕੋਈ ਵੀ ਸੰਵੇਦਨਸ਼ੀਲ ਵਿਅਕਤੀ ਇਸ ਘਟਨਾ ਦੇ ਵੀਡੀਓ ਨੂੰ ਪੂਰਿਆਂ ਨਹੀਂ ਵੇਖ ਸਕਦਾ। ਉਸ ਦਸਿਆ ਕਿ ਉਸ ਘਟਨਾ ਤੋਂ ਵੀ ਸ਼ਰਮਨਾਕ ਗਲ ਇਹ ਸੀ ਕਿ ਉਥੇ ਮੌਜੂਦ ਲੋਕੀ ਤਮਾਸ਼ਬੀਨ ਬਣੇ ਹੋਏ ਸਨ। ਉਹ ਸ਼ਾਇਦ ਇਸ ਦਰਦਨਾਕ ਘਟਨਾ ਵਿਚੋਂ ਵੀ ਆਪਣਾ ਮੰਨੋਰੰਜਨ ਲਭ ਰਹੇ ਸਨ। ਉਨ੍ਹਾਂ ਕੁੜੀਆਂ ਦੀਆਂ ਚੀਖਾਂ ਅਤੇ ਮਿੰਨਤਾਂ ਤੋਂ ਵੀ ਕਿਸੇ ਦੀ ਅੰਤਰ-ਆਤਮਾ ਨਹੀਂ ਜਾਗੀ। ਕਿਸੇ ਦੇ ਵੀ ਖੂਨ ਵਿੱਚ ਉਬਾਲ ਨਹੀਂ ਅਇਆ। ਉਸਨੇ ਭਰੇ ਹੋਏ ਗਲ ਨਾਲ ਕਿਹਾ ਕਿ ਅਜਿਹੀਆਂ ਘਟਨਾਵਾਂ ਦਸਦੀਆਂ ਹਨ ਕਿ ਦੇਸ਼ ਤੇ ਪ੍ਰਦੇਸ਼ ਦੀਆਂ ਸਰਕਾਰਾਂ ਨੇ ਪੁਲਿਸ ਨੂੰ ਕਿਵੇਂ ਰਾਜਨੈਤਿਕ, ਬੁਜ਼ਦਿਲ ਅਤੇ ਸੰਵੇਦਨਹੀਨ ਬਣਾ ਕੇ ਰੱਖ ਦਿੱਤਾ ਹੋਇਆ ਹੈ। ਹੁਣ ਤਾਂ ਪੁਲਿਸ ਤੋਂ ਕੋਈ ਨਹੀਂ ਡਰਦਾ। ਦੋ ਟੱਕੇ ਦੇ ਨੇਤਾ ਵੀ ਉਸਨੂੰ ਥੱਪੜ ਮਾਰ, ਚਲੇ ਜਾਂਦੇ ਹਨ ਅਤੇ ਦੋ ਟੱਕੇ ਦੇ ਅਪਰਾਧੀ ਵੀ। ਉਸਨੇ ਕਿਹਾ ਕਿ ਇਸਦੇ ਬਾਵਜੂਦ ਇਹ ਘਟਨਾ ਇੱਕ ਸੁਆਲ ਤਾਂ ਛੱਡ ਹੀ ਜਾਂਦੀ ਹੈ ਕਿ ਕੀ ਸੜਕਾਂ ਪੁਰ, ਗਲੀਆਂ ਵਿੱਚ, ਖੇਤਾਂ ਵਿੱਚ ਅਤੇ ਇਥੋਂ ਤਕ ਕਿ ਘਰਾਂ ਵਿੱਚ ਵੀ ਔਰਤਾਂ ਦੀ ਇਜ਼ਤ ਅਤੇ ਅਸਮਤ ਦੀ ਰਖਿਆ ਕਰਨਾ ਸਿਰਫ ਸਰਕਾਰ ਤੇ ਪੁਲਿਸ ਦੀ ਹੀ ਜ਼ਿਮੇਂਦਾਰੀ ਹੈ? ਅਸੀਂ ਉਸਦੀ ਲੁਟਦੀ ਹੋਈ ਇਜ਼ਤ-ਆਬਰੂ ਦਾ ਕੇਵਲ ਤਮਾਸ਼ਾ ਵੇਖਣ ਅਤੇ ਉਸਦਾ ਵੀਡੀਓ ਬਣਾਉਣ ਲਈ ਹੀ ਰਹਿ ਗਏ ਹਾਂ?


ਪੈਂਤੀ ਬਨਾਮ ਥਰਟੀ ਫਾਈਵ : ਬੀਤੇ ਦਿਨੀਂ ਇੱਕ ਮਿਤ੍ਰ ਨੇ ਦਸਿਆ ਕਿ ਉਹ ਇੱਕ ਦੁਕਾਨ 'ਤੇ ਖੜਾ ਸੀ ਕਿ ਬਾਰਾਂ-ਤੇਰਾਂ ਵਰ੍ਹਿਆਂ ਦੀ ਇੱਕ ਕੁੜੀ ਦੁਕਾਨ ਤੇ ਆਈ। ਉਸਨੇ ਦੁਕਾਨਦਾਰ ਪਾਸੋਂ ਕਾਰਨ-ਫਲੈਕਸ ਮੰਗਿਆ। ਦੁਕਾਨਦਾਰ ਨੇ ਪੈਕਟ ਰੈਕ ਵਿਚੋਂ ਕਢ, ਉਸਨੂੰ ਦਿੱਤਾ। ਕੁੜੀ ਨੇ ਦੁਕਾਨਦਾਰ ਪਾਸੋਂ ਪੁਛਿਆ ਕਿ ਕਿਤਨੇ ਪੈਸੇ ਦੇਵਾਂ। ਦੁਕਾਨਦਾਰ ਨੇ ਕਿਹਾ ਕਿ ਪੈਂਤੀ ਰੁਪਏ। ਕੁੜੀ ਦੇ ਚੁਪ ਰਹਿ ਜਾਣ ਤੇ ਦੁਕਾਨਦਾਰ ਨੇ ਦੋ-ਤਿੰਨ ਵਾਰ ਪੈਂਤੀ-ਪੈਂਤੀ ਦੁਹਰਾਇਆ। ਆਖਰ ਵਿੱਚ ਕੁੜੀ ਬੋਲੀ, ਮੀਂਸ...? ਤਾਂ ਦੁਕਾਨਦਾਰ ਬੋਲਿਆ, ਥਰਟੀ-ਫਈਵ। ਥਰਟੀ-ਫਾਈਵ ਕਹਿਣ ਤੇ ਕੁੜੀ ਨੂੰ ਸਮਝ ਆਈ।


...ਅਤੇ ਅੰਤ ਵਿੱਚ :  ਉਪ੍ਰੋਕਤ ਘਟਨਾ ਸਾਡੇ ਬਦਲਦੇ ਸਮਾਜ ਅਤੇ ਦੇਸ਼ ਦੇ ਅੱਗੇ ਵਧਦਿਆਂ ਜਾਣ ਦੀ ਸਥਿਤੀ ਨੂੰ ਦਰਸਾਂਦੀ ਹੈ। ਇਹ ਇਸ ਗਲ ਵਲ ਵੀ ਸੰਕੇਤ ਕਰਦੀ ਹੈ ਕਿ ਸਾਡੇ ਬਚਿਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਦੇ ਅਖਰਾਂ ਤੇ ਅੰਕਾਂ ਤਕ ਦਾ ਗਿਆਨ ਵੀ ਨਹੀਂ ਰਹਿ ਪਾ ਰਿਹਾ ਅਤੇ ਉਹ ਵਿਦੇਸ਼ੀ ਬੋਲੀ, ਅੰਗ੍ਰੇਜ਼ੀ ਫਟਾ-ਫਟ ਬੋਲਣ ਤੇ ਸਮਝਣ ਲਗੇ ਹਨ! ਇਸਤੋਂ ਇਉਂ ਜਾਪਦਾ ਹੈ ਕਿ ਜਿਵੇਂ ਅੱਜਕਲ ਅੰਗ੍ਰੇਜ਼ੀ ਬਿਨਾਂ ਕੋਈ ਚਾਰਾ ਹੀ ਨਹੀਂ ਰਹਿ ਗਿਆ। ਅੰਗ੍ਰੇਜ਼ੀ ਸਾਨੂੰ ਇੰਟਰਵਿਊ ਦਾ ਸਾਹਮਣਾ ਕਰਨਾ ਸਿਖਾਂਦੀ ਹੈ। ਸਾਨੂੰ ਸਭ ਤੋਂ ਵਧੀਆ ਟੈਕਸਟ ਬੁਕ ਉਪਲਬੱਧ ਕਰਵਾਂਦੀ ਹੈ ਅਤੇ ਦੁਨੀਆ ਦੇ ਇੰਟਰਨੈੱਟ ਰਾਹੀਂ ਆਮ੍ਹੋ-ਸਾਹਮਣੇ ਬਿਠਾ ਮੁਲਾਕਾਤਾਂ ਕਰਵਾਂਦੀ ਹੈ। ਭਾਵੇਂ ਇਹ ਗਲ ਕਿਸੇ ਹਦ ਤਕ ਤਾਂ ਬਹੁਤ ਠੀਕ ਹੈ। ਪਰ ਅੰਗ੍ਰੇਜ਼ੀ ਪੜ੍ਹਨਾ ਤੇ ਅੰਗ੍ਰੇਜ਼ੀਦਾਂ ਬਣਨਾ, ਦੋ ਵੱਖ-ਵੱਖ ਗਲਾਂ ਹਨ। ਅੰਗ੍ਰੇਜ਼ੀ ਪੜ੍ਹਨ ਦਾ ਮਤਲਬ ਤਾਂ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਆਪਣੇ ਸਮਾਜ ਨੂੰ ਭੁਲ ਜਾਈਏ, ਆਪਣੀ ਮਾਤ-ਭਾਸ਼ਾ ਨੂੰ ਤਿਆਗ ਦਈਏ। ਮਾਤ-ਭਾਸ਼ਾ ਪੰਜਾਬੀ ਸਾਡੀ ਮਾਂ ਹੈ। ਅਸੀਂ ਭਾਵੇਂ ਕਿਤਨਾ ਹੀ ਅੰਗ੍ਰੇਜ਼ੀ ਦਾ ਗਿਆਨ ਹਾਸਲ ਕਰ ਲਈਏ, ਜੇ ਅਸੀਂ ਇਸ ਲੜਕੀ ਵਾਂਗ 'ਪੈਂਤੀ' ਦਾ ਮਤਲਬ ਨਹੀਂ ਸਮਝ ਪਾਵਾਂਗੇ ਤਾਂ ਸਾਡਾ ਵਿਕਾਸ ਅਧੂਰਾ ਹੋਵੇਗਾ।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085