ਮੋਦੀ-ਟਰੰਪ ਦਾ ਖੇਲ, ਮਨੁੱਖਤਾ ਲਈ ਘਾਤਕ - ਗੁਰਮੀਤ ਸਿੰਘ ਪਲਾਹੀ

ਰੂਸ ਦੇ ਹਾਕਮ ਵਲਾਦੀਮੀਰ ਪੁਤਿਨ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਅੰਦਰਲੇ ਅਤੇ ਬਾਹਰਲੇ ਦੁਸ਼ਮਣਾਂ ਦਾ ਸਫਾਇਆ ਕਰਨ ਵਾਲੇ ਅਤੇ 'ਘੁਣ' ਨੂੰ ਮਿਟਾਉਣ ਵਾਲੇ ਇੱਕ ਤਾਨਾਸ਼ਾਹ ਵਜੋਂ ਕੰਮ ਕਰਦੇ ਦਿਖਾਈ ਦੇ ਰਹੇ ਹਨ। ਦੋਹਾਂ ਦਾ ਜੋੜ-ਮੇਲ ਅਤੇ ਕੰਮ ਕਰਨ  ਦਾ ਰੰਗ-ਢੰਗ ਕੁਝ ਇਹੋ ਜਿਹਾ ਹੈ ਕਿ ਰਾਤਾਂ ਨੂੰ ਆਏ ਸੁਪਨਿਆਂ ਨੂੰ ਉਹ ਦਿਨ ਚੜ੍ਹਦੇ ਦੇਸ਼ ਉਤੇ ਮੱਲੋ-ਜੋਰੀ ਲਾਗੂ ਕਰਨ ਵਾਲਿਆਂ ਵਾਂਗਰ ਜਾਣੇ ਜਾਣ ਲੱਗ ਪਏ ਹਨ।
    ਪਿਛਲੇ ਸਤੰਬਰ ਵਿੱਚ ਅਮਰੀਕਾ ਦੇ ਸ਼ਹਿਰ ਹਿਊਸਟਨ ਦੇ ਫੁੱਟਬਾਲ ਸਟੇਡੀਅਮ ਵਿੱਚ ਕਰਵਾਈ ਇੱਕ ਰੈਲੀ ਵਿੱਚ ਮੋਦੀ ਅਤੇ ਟਰੰਪ ਦੋ ਭਰਾਵਾਂ ਦੀ ਤਰ੍ਹਾਂ ਹੱਥ ਵਿੱਚ ਹੱਥ ਪਾਕੇ ਘੁੰਮੇ ਸਨ। ਇਹੋ ਵਰਤਾਰਾ ਗੁਜਰਾਤ ਦੇ ਸ਼ਹਿਰ ਅਹਿਮਦਾਵਾਦ ਵਿੱਚ ਵੇਖਣ ਨੂੰ ਮਿਲਿਆ। ਅਸਲ ਵਿੱਚ ਮੌਜੂਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਰਗਾ ਪ੍ਰਧਾਨ ਮੰਤਰੀ, ਟਰੰਪ ਨੂੰ ਦੁਨੀਆ ਦੇ ਕਿਸੇ ਹੋਰ ਖਿੱਤੇ ਵਿੱਚ ਦਿਖਾਈ ਨਹੀਂ ਦੇਵੇਗਾ, ਜੋ ਅਲੱਗ ਦੇਸ਼ ਦਾ, ਅਲੱਗ ਸਭਿਆਚਾਰ ਦਾ ਹੋਣ ਦੇ ਬਾਵਜੂਦ ਉਸਨੂੰ ਆਪਣੇ ਵਰਗਾ ਜਾਪਦਾ ਹੋਵੇ। ਕਦੇ ਅਮਰੀਕਾ, ਕਾਨੂੰਨ ਦੇ ਰਾਜ ਅਤੇ ਬਿਹਤਰ ਜ਼ਿੰਦਗੀ ਦੀਆਂ ਲੰਮੀਆਂ ਪਰੰਪਰਾਵਾਂ ਨੂੰ ਅੱਗੇ ਲੈ ਜਾਣ ਵਾਲੇ ਦੇਸ਼ ਵਜੋਂ ਜਾਣਿਆ ਜਾਂਦਾ ਸੀ, ਅੱਜ ਉਸ ਦੇਸ਼ ਨੇ ਕਠੋਰਤਾ  ਨਾਲ ਕੰਮ ਕਰਨ ਵਾਲੇ ਤਾਨਾਸ਼ਾਹ  ਟਰੰਪ ਅੱਗੇ ਆਪਣੇ ਆਪ ਦਾ ਆਤਮ ਸਮਰਪਨ ਕਰ ਦਿੱਤਾ ਹੈ, ਭਾਵੇਂ ਕਿ ਉਥੋਂ ਦੇ ਸੂਝਵਾਨ ਲੋਕਾਂ ਉਸ ਉਤੇ ਮਹਾਂ-ਦੋਸ਼ ਲਗਾਕੇ ਮੁੱਕਦਮਾ ਚਲਾਇਆ, ਜਿਸ 'ਚ ਉਹ ਸਫਲ ਨਹੀਂ ਹੋ ਸਕੇ। ਹਾਲਤ ਤਾਂ ਭਾਰਤ ਦੇਸ਼ ਦੀ ਵੀ ਕੁਝ ਇਹੋ ਜਿਹੀ ਬਣੀ ਹੋਈ ਹੈ, ਉਹ ਭਾਰਤ ਜਿਹੜਾ ਸਮਰਾਜਵਾਦ ਨਾਲ ਲੜਨ ਵਾਲਾ, ਮੁਨਾਫ਼ਾ ਲੱਭਣ ਵਾਲੇ ਅਤੇ ਨਿੱਜੀ ਜਾਇਦਾਦ ਬਨਾਉਣ ਵਾਲਿਆਂ ਨੂੰ  ਨਫ਼ਰਤੀ ਨਜ਼ਰਾਂ ਨਾਲ ਵੇਖਦਾ ਸੀ, ਅੱਜ ਮੋਦੀ ਦੇ ''ਟਰੈਪ'' ਵਿੱਚ ਫਸਿਆ ਹੋਇਆ ਹੈ।
    ਅਮਰੀਕੀ ਰਾਸ਼ਟਰਪਤੀ ਦੇ ਤੌਰ-ਤਰੀਕੇ ਵੇਖੋ। ਉਸ ਉਤੇ ਕਾਨੂੰਨ ਭੰਗ ਕਰਨ ਵਾਲੇ, ਗੁੰਡਾਗਰਦੀ ਕਰਨ ਵਾਲੇ ਜਿਹਨਾ ਵਿੱਚ ਮਾਈਕਲ ਮਿਲਕਨ ਵਰਗੇ ਲੋਕ ਸ਼ਾਮਲ ਹਨ, ਉਹਨਾ ਨੂੰ  ਮੁਆਫ਼ੀ ਦੇਣ ਦਾ ਦੋਸ਼ ਹੈ। ਉਸਨੇ ਆਪਣੇ ਸਿਆਸੀ ਸਲਾਹਕਾਰ ਰੋਜਨ ਸਟੋਨ ਨੂੰ ਵੀ ਮੁਆਫ਼ੀ ਦੇ ਦਿੱਤੀ, ਜਿਸਨੇ ਸਬੂਤਾਂ ਨਾਲ ਛੇੜ-ਛਾੜ ਕੀਤੀ ਸੀ ਅਤੇ ਝੂਠ ਬੋਲਣ ਜਿਹੇ ਸੱਤ ਮਾਮਲਿਆਂ 'ਚ ਜਿਹੜਾ ਦੋਸ਼ੀ ਸੀ। ਅਸਲ ਵਿੱਚ ਟਰੰਪ, ਭਾਰਤ ਦੇਸ਼ ਦੀ ਮੁਆਫ਼ ਕਰਨ ਦੀ ਪਰੰਪਰਾ ਨੂੰ ਉਤਸ਼ਾਹਤ ਕਰ ਰਿਹਾ ਹੈ। ਟਰੰਪ ਨੇ ਪ੍ਰਵਾਸੀਆਂ ਅਤੇ ਮੁਸਲਮਾਨਾਂ ਦੇ ਵਿਰੁੱਧ ਕਦਮ ਉਠਾਉਂਦੇ ਹੋਏ ਅਮਰੀਕੀ ਕਾਂਗਰਸ ਦੀ ਅਣਦੇਖੀ ਕੀਤੀ। ਬਿਲਕੁਲ ਉਤੇ ਤਰ੍ਹਾਂ ਜਿਵੇਂ ਭਾਰਤ ਵਿੱਚ ਮੁਸਲਮਾਨ ਸ਼ਰਨਾਰਥੀਆਂ ਨੂੰ 'ਘੁਣ' ਕਹਿੰਦੇ ਹੋਏ ਭਾਰਤ ਦੇ ਗ੍ਰਹਿ ਮੰਤਰੀ ਨੇ ਸੰਸਦ ਵਿੱਚ ਉਹਨਾ ਦੇ ਵਿਰੁੱਧ ਸੀਏਏ ਵਰਗਾ ਕਾਨੂੰਨ ਪਾਸ ਕਰਵਾ ਦਿੱਤਾ, ਜੋ ਅਸਲ ਅਰਥਾਂ ਵਿੱਚ ਭਾਰਤ ਸੰਵਿਧਾਨ ਦੀਆਂ ਲੋਕਤੰਤਰਿਕ, ਧਰਮ ਨਿਰਪੱਖ ਪਰੰਪਰਾਵਾਂ ਨੂੰ ਦੰਦ ਚਿੜਾਉਣ ਵਰਗਾ ਸੀ।  ਇਹ ਸੀਏਏ ਕਾਨੂੰਨ ਅਤੇ ਐਨ.ਆਰ.ਸੀ. ਜਿਹੇ ਤਾਨਾਸ਼ਾਹ ਕਾਨੂੰਨ ਪਾਸ ਕਰਕੇ ਅਤੇ ਕਸ਼ਮੀਰ ਘਾਟੀ ਵਿੱਚ ਭਾਰਤੀ ਹਾਕਮਾਂ ਨੇ 370 ਧਾਰਾ ਹਟਾਕੇ ਆਮ ਲੋਕਾਂ ਸਮੇਤ ਛੋਟੇ ਬੱਚਿਆਂ ਤੱਕ ਨੂੰ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਿਆ, ਬਿਲਕੁਲ ਉਸੇ ਤਰ੍ਹਾਂ ਜਿਵੇਂ ਅਮਰੀਕਾ ਵਿੱਚ ਟਰੰਪ ਪ੍ਰਾਸ਼ਾਸ਼ਨ ਨੇ ਪ੍ਰਵਾਸੀਆਂ ਨੂੰ ਬਾਹਰ ਕੱਢਣ ਅਤੇ ਉਹਨਾ ਦੇ  ਬੱਚਿਆਂ ਨੂੰ ਪੂਰੀ ਕਰੂਰਤਾ ਨਾਲ ਮਾਤਾ-ਪਿਤਾ ਤੋਂ ਵੱਖਰਿਆਂ ਰੱਖਕੇ ਹਿਰਾਸਤ ਕੇਂਦਰਾਂ ਵਿੱਚ ਭੇਜਿਆ। ਭਾਵੇਂ ਕਿ ਅਮਰੀਕਾ ਵਿੱਚ ਇਸ ਤਾਨਾਸ਼ਾਹ ਵਤੀਰੇ ਸਬੰਧੀ ਰੋਸ ਹੈ, ਪਰ ਟਰੰਪ ਪ੍ਰਾਸ਼ਾਸ਼ਨ ਪ੍ਰਵਾਹ ਨਹੀਂ ਕਰ ਰਿਹਾ। ਭਾਰਤੀ ਲੋਕਾਂ ਵਿੱਚ ਐਨ.ਆਰ.ਸੀ ਅਤੇ ਸੀਏਏ ਵਿਰੁੱਧ ਗੁੱਸਾ ਹੈ, ਇਸ ਵਿਰੁੱਧ ਥਾਂ-ਥਾਂ ਮੋਰਚੇ ਲੱਗੇ ਹੋਏ ਹਨ, ਮੁਜ਼ਾਹਰੇ ਹੋ ਰਹੇ ਹਨ, ਪਰ ਤਾਨਾਸ਼ਾਹ ਅਮਿਤ-ਮੋਦੀ ਜੋੜੀ ਇਸ ਨੂੰ ਟਿੱਚ ਸਮਝਦੀ ਹੈ। ਸੱਚ ਤਾਂ ਇਹ ਹੈ ਕਿ ਅੱਜ ਦਾ ਭਾਰਤ ਟਰੰਪ ਦੇ ਲਈ ਸਭ ਤੋਂ ਵੱਡਾ ਸੁਪਨਿਆਂ ਨੂੰ ਪੂਰਿਆਂ ਕਰਨ ਵਾਲਾ, ਸਵਰਗ  ਦਿਖਾਈ ਦਿੰਦਾ ਹੈ।  ਵੱਡੀ ਗਿਣਤੀ 'ਚ ਅਮਰੀਕਾ ਰਹਿੰਦੀ ਹਿੰਦੂ ਅਬਾਦੀ ਉਸਨੂੰ ਮੋਦੀ ਦੇ ਰਾਹੀਂ ਆਪਣੀ ਵੋਟ ਬੈਂਕ ਪੱਕਾ ਕਰਨ  ਦਾ ਸਾਧਨ ਵੀ ਜਾਪਦੀ ਹੈ ਅਤੇ ਧਨਾਢਾਂ ਦੇ ਹੱਕਾਂ ਲਈ  ਭਾਰਤ ਨਾਲ ਵਧੇਰੇ ਸਬੰਧ ਬਣਾਕੇ ਉਸਨੂੰ ਲੁੱਟਣ ਦੀ ਵੀ। ਇਸੇ ਕਰਕੇ ਮੋਦੀ ਆਪਣੀ ਅਮਰੀਕੀ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਭਾਰਤ ਦੇ  ਦੌਰੇ 'ਤੇ ਆ ਰਿਹਾ ਹੈ ਤਾਂ ਕਿ ਅਮਰੀਕਾ 'ਚ ਰਹਿੰਦੇ ਹਿੰਦੂਆਂ ਦੀਆਂ ਵੋਟਾਂ ਬਟੋਰੀਆਂ ਜਾ ਸਕਣ ਅਤੇ ਦਬਕੇ ਮਾਰਕੇ ਭਾਰਤ ਨਾਲ ਵਪਾਰਕ ਸਮਝੋਤਿਆਂ ਉਤੇ ਦਸਤਖਤ ਕੀਤੇ ਜਾ ਸਕਣ।
    ਸਾਲ 2016 ਵਿੱਚ ਰਾਸ਼ਟਰਪਤੀ ਚੋਣ ਮੁਹਿੰਮ ਵਿੱਚ ਟਰੰਪ ਨੇ ਕਿਹਾ ਸੀ ਕਿ ਮੈਂ ਹਿੰਦੂਆਂ ਨੂੰ ਪਿਆਰ ਕਰਦਾ ਹਾਂ। ਭਾਰਤ ਦੀ ਬਹੁ-ਸੰਖਿਅਕ ਆਬਾਦੀ  ਹਿੰਦੂਆਂ ਨੂੰ ਪਸੰਦ ਕਰਨ ਦੀ ਟਰੰਪ ਦੀ ਚਾਹਤ ਅਤੇ ਅਮਰੀਕਾ ਵਿੱਚ ਸਭ ਤੋਂ ਅਮੀਰ ਅਤੇ ਜਾਹਿਰਾ ਤੌਰ ਤੇ ਟਰੰਪ ਨੂੰ ਚਾਹੁਣ ਵਾਲੀ ਘੱਟ ਗਿਣਤੀ  ਰਾਸ਼ਟਰਵਾਦੀ ਅਮਰੀਕੀਆਂ ਦੀਆਂ ਜੜ੍ਹਾਂ ਇਸ ਦਰਮਿਆਨ ਹੋਰ ਗਹਿਰੀਆਂ ਹੋਈਆਂ ਹਨ। ਜਿਵੇਂ ਭਾਰਤ ਵਿੱਚ ਰਾਸ਼ਟਰਵਾਦ ਦੇ ਨਾਮ ਉਤੇ ਹਿੰਦੂਆਂ-ਮੁਸਲਮਾਨਾਂ 'ਚ ਪਾੜਾ ਪਾਇਆ ਜਾ ਰਿਹਾ ਹੈ, ਵੋਟਾਂ ਸਮੇਂ ਇੱਕ ਦੂਜੇ ਵਿਰੁੱਧ ਨਫ਼ਰਤ ਫੈਲਾਈ ਜਾ ਰਹੀ ਹੈ, ਉਸ ਨਾਲ ਭਾਰਤੀ ਲੋਕਤੰਤਰ ਦੀ ਪਛਾਣ ਦਾ, ਟਰੰਪਲੈਂਡ ਨਾਲ ਜੋੜਕੇ ਪੱਧਰ ਬਹੁਤ ਥੱਲੇ ਸੁੱਟ ਦਿੱਤਾ ਗਿਆ। ਜਿਵੇਂ ਟਰੰਪ ਅਤੇ ਟਰੰਪਵਾਦ 1980 ਅਤੇ 1990 ਦੇ ਦਹਾਕੇ 'ਚ ਸੱਤਾ ਦੇ ਗਲਿਆਰੇ 'ਚ ਸਫਲਤਾ ਪ੍ਰਾਪਤ ਕਰਨ ਲਈ ਨਿਤਰਿਆ, ਇਵੇਂ ਹੀ ਸ਼੍ਰੀਮਾਨ ਮੋਦੀ ਅਤੇ ਹਿੰਦੂਵਾਦ ਦੇ ਦੌਰ ਵਿੱਚ ਜਾਇਦਾਦ ਅਤੇ ਸੱਤਾ ਦੀ ਹੋੜ ਸ਼ੁਰੂ ਹੋਈ, ਭਾਵੇਂ ਕਿ ਇਹ ਭਾਰਤੀ ਜੀਵਨ ਮੁੱਲਾਂ ਨੂੰ ਪ੍ਰਵਾਨ ਨਹੀਂ ਸੀ। ਇਸੇ ਕਰਕੇ ਸਮਰਾਜਵਾਦ ਨਾਲ ਲੜਨ ਵਾਲੇ ਨੇਤਾਵਾਂ ਦੇ ਯਤਨਾਂ ਨਾਲ ਸਾਦਾ ਜੀਵਨ ਅਤੇ ਸਾਰਿਆਂ ਦਾ ਕਲਿਆਣ ਭਾਰਤ ਦੇ ਜੀਵਨ ਮੁੱਲ ਬਣੇ। ਇਸੇ ਲਈ ਹਰਮਨ ਪਿਆਰਾ ਸਿਨੇਮਾ, ਸਰਕਾਰੀ ਟੈਲੀਵੀਜਨ ਅਤੇ ਸਿਆਸੀ ਨੇਤਾਵਾਂ ਦੇ ਭਾਸ਼ਣ ਉੱਚ ਵਿਚਾਰਾਂ ਦੇ ਇਰਦ-ਗਿਰਦ ਹੁੰਦੇ ਸਨ ਅਤੇ ਇਹਨਾ ਵਿੱਚ ਪੇਂਡੂ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ  ਵੱਧ ਜ਼ੋਰ ਦਿੱਤਾ ਜਾਂਦਾ ਸੀ ਅਤੇ ਮੁੱਠੀ ਭਰ ਅਮੀਰ  ਲੋਕ ਪੂਰੇ ਦ੍ਰਿਸ਼ ਵਿੱਚ ਕਿਧਰੇ ਵੀ ਦਿਖਾਈ ਨਹੀਂ ਦਿੰਦੇ ਸਨ। ਪਰ ਅੱਜ ਮੋਦੀ ਯੁੱਗ ਵਿੱਚ ਮੀਡੀਆ ਮੂਲ ਰੂਪ ਵਿੱਚ ਸਿਆਸਤ ਨਾਲ ਸੰਚਾਲਿਤ ਹੁੰਦਾ ਹੈ।  ਇਹ ਮੀਡੀਆ ਪਿਛਲੀਆਂ ਚੋਣਾਂ ਤੋਂ ਅੱਗੇ ਦੇਖਦਾ ਹੈ ਜਾਂ  ਪਿਛਲੀਆਂ ਚੋਣਾਂ ਵੱਲ ਪਿੱਛੇ ਮੁੜਕੇ ਦੇਖਦਾ ਹੈ, ਜਾਂ ਕਹੀਏ ਕਿ ਕਿਸ ਮੰਤਰੀ ਨੇ ਕੀ ਕਿਹਾ ਜਾਂ  ਵਿਰੋਧੀ ਨੇਤਾ ਨੇ ਕੀ ਕਿਹਾ ਵੱਲ ਧਿਆਨ ਕਰਦਾ ਹੈ। ਇਹ ਜਾਣਦਿਆਂ ਹੋਇਆ ਵੀ ਕਿ ਦੇਸ਼ ਦਾ ਭਵਿੱਖ ਤਾਂ ਸਕੂਲ, ਕਾਲਜ, ਹਸਪਤਾਲਾਂ ਅਤੇ ਸਾਡਾ ਹਵਾ, ਪਾਣੀ, ਮਿੱਟੀ, ਜੰਗਲਾਂ ਦੀ ਹਾਲਤ ਉਤੇ ਨਿਰਭਰ ਹੈ ਪਰ ਇਸ ਸਬੰਧੀ ਕੋਈ ਚਰਚਾ ਹੀ ਨਹੀਂ ਹੁੰਦੀ। ਮੁੱਠੀ ਭਰ ਕਾਰਪੋਰੇਟ ਜਗਤ ਨੇ ਇਸ ਉਤੇ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਹੈ।
    ਭਾਰਤ ਦੇ ਵਿੱਚ ਆਰਥਿਕ ਉਦਾਰੀਕਰਨ (1991) ਦੇ ਤੀਹ ਸਾਲ ਬਾਅਦ ਬਹੁਤੇ ਭਾਰਤੀ, ਭੋਜਨ, ਸਾਫ ਪਾਣੀ, ਟਾਇਲਟ, ਰੁਜ਼ਗਾਰ ਅਤੇ ਘਰ ਲਈ ਸੰਘਰਸ਼ ਕਰ ਰਹੇ ਹਨ ਪਰੰਤੂ ਉਦਾਰੀਕਰਨ ਦਾ ਲਾਭ ਪਾਉਣ ਵਾਲੇ ਉੱਚੀ ਜਾਤੀ ਦੇ ਵੱਡੇ ਲੋਕਾਂ ਨੇ ਗਰੀਬਾਂ ਤੋਂ ਆਪਣੀ ਦੂਰੀ ਬਣਾ ਲਈ ਹੋਈ ਹੈ।  ਦੇਸ਼ ਭਾਰਤ ਵਿੱਚ ਵੱਡੇ ਪੱਧਰ 'ਤੇ ਘਪਲੇ ਹੋ ਰਹੇ ਹਨ। ਬੈਂਕ ਘੁਟਾਲਿਆਂ ਦਾ ਜ਼ੋਰ ਹੈ। ਮੋਦੀ ਦੀ ਇਮਾਨਦਾਰ ਸਰਕਾਰ ਵੇਲੇ ਪਿਛਲੀ ਇੱਕ ਅਪ੍ਰੈਲ ਤੋਂ ਇੱਕਤੀ ਦਸੰਬਰ 2019 ਭਾਵ 9 ਮਹੀਨਿਆਂ 'ਚ ਦੇਸ਼ ਵਿੱਚ 8926 ਮਾਮਲਿਆਂ 'ਚ ਸਰਕਾਰੀ ਬੈਂਕਾਂ ਨੂੰ ਇੱਕ ਲੱਖ ਸਤਾਰਾਂ ਹਜ਼ਾਰ ਕਰੋੜ ਦਾ ਚੂਨਾ ਲੱਗਾ ਹੈ। ਇਹ ਸੂਚਨਾ ਆਰ.ਟੀ.ਆਈ. ਰਾਹੀਂ ਪ੍ਰਾਪਤ ਕੀਤੀ ਗਈ ਹੈ। ਜਦ ਕਿ 2019 ਤੋਂ ਪਹਿਲਾਂ ਦੇ 11 ਵਿੱਤੀ ਸਾਲਾਂ ਦੌਰਾਨ 53 ਹਜ਼ਾਰ ਮਾਮਲਿਆਂ 'ਚ ਦੋ ਲੱਖ ਪੰਜ ਹਜ਼ਾਰ ਕਰੋੜ ਦਾ ਬੈਂਕ ਘੁਟਾਲਾ ਹੋਇਆ। ਪਰ ਦੂਜੇ ਪਾਸੇ ਦੇਸ਼ 'ਚ ਮਰ ਰਹੇ,  ਆਤਮ-ਹੱਤਿਆ ਕਰ ਰਹੇ, ਖੇਤੀ ਛੱਡ ਰਹੇ ਕਿਸਾਨਾਂ ਦੇ ਹਿੱਤਾਂ ਨੂੰ ਛਿੱਕੇ ਟੰਗਕੇ, ਡਾ: ਸਵਾਮੀਨਾਥਨ ਦੀ ਰਿਪੋਰਟ  ਨੂੰ ਦਰ ਕਿਨਾਰ ਕਰਕੇ ਫ਼ਸਲਾਂ ਦੇ ਘੱਟੋ-ਘੱਟ ਮੁੱਲ ਦੇਣ ਤੋਂ ਇਨਕਾਰ ਕਰਨ ਦੀ ਨੀਤੀ ਤਿਆਰ ਕੀਤੀ ਜਾ ਰਹੀ ਹੈ ਜਦਕਿ ਕਾਰਪੋਰੇਟ ਸੈਕਟਰ ਨੂੰ ਵੱਡੇ ਕਰਜ਼ੇ, ਸਬਸਿਡੀਆਂ ਦੇਣ ਲਈ ਸਰਕਾਰੀ ਖਜ਼ਾਨੇ ਦੇ ਮੂੰਹ ਖੋਲ੍ਹੇ ਹੋਏ ਹਨ। ਬਿਲਕੁਲ ਇਹੋ ਹਾਲ ਵਪਾਰੀ-ਕਾਰੋਬਾਰੀ ਰਾਸ਼ਟਰਪਤੀ ਟਰੰਪ ਦੇ  ਦੇਸ਼ ਅਮਰੀਕਾ ਵਿੱਚ ਹੈ, ਜਿਥੇ ਟਰੰਪ ਪ੍ਰਾਸ਼ਾਸ਼ਨ ਆਮ ਲੋਕਾਂ ਨਾਲੋਂ, ਕੱਟਰਵਾਦੀ ਰਾਸ਼ਟਰਵਾਦੀ ਲੋਕਾਂ ਅਤੇ ਕਾਰਪੋਰੇਟ ਜਗਤ ਦੀ ਭਰਪੂਰ ਹਮਾਇਤ ਕਰਦਾ ਹੈ, ਉਹਨਾ ਅਨੁਸਾਰ ਨੀਤੀਆਂ ਘੜਦਾ ਹੈ ਅਤੇ ਆਪਣੇ ਟਰੰਪੀ ਜੀਵਨ ਮੁੱਲਾਂ ਨੂੰ ਲਾਗੂ ਕਰਦਾ ਹੈ।
    ਭਾਰਤ 'ਚ ਵਿਰੋਧੀ ਧਿਰ ਦੀ ਲੋਕ ਮਸਲਿਆਂ ਨੂੰ ਚੁੱਕਣ 'ਚ ਨਾ-ਕਾਮਯਾਬੀ ਅਤੇ ਆਪਸੀ ਫੁੱਟ ਕਾਰਨ 'ਮੋਦੀ ਜੀਵਨ ਮੁੱਲਾਂ' ਦੀ ਦੇਸ਼ 'ਚ ਚੜ੍ਹਤ ਦੇਖਣ ਨੂੰ ਮਿਲ ਰਹੀ ਹੈ। ਮੋਦੀ ਪ੍ਰਾਸ਼ਾਸ਼ਨ ਨੇ ਚੋਣ ਕਮਿਸ਼ਨ, ਸੀ.ਬੀ.ਆਈ. ਅਤੇ ਹੋਰ ਅਜ਼ਾਦਾਨਾ ਕੰਮ ਕਰਨ ਵਾਲੀਆਂ ਸੰਸਥਾਵਾਂ ਉਤੇ ਆਪਣਾ ਕੰਟਰੋਲ ਕਰ ਲਿਆ ਹੈ। ਅਦਾਲਤਾਂ ਉਤੇ ਵੀ ਆਪਣਾ ਸ਼ਿਕੰਜਾ ਕੱਸਣ ਦੇ ਯਤਨ ਹੋ ਰਹੇ ਹਨ। ਨੋਟ-ਬੰਦੀ, ਜੀ.ਐਸ.ਟੀ. ਲਾਗੂ ਕਰਨਾ, 370 ਧਾਰਾ ਕਸ਼ਮੀਰ 'ਚੋਂ  ਹਟਾਉਣਾ, ਸੀ.ਆਈ.ਏ. ਕਾਨੂੰਨ  ਧੱਕੇ ਨਾਲ ਲਾਗੂ ਕਰਨਾ, ਰਾਸ਼ਟਰਵਾਦ ਦੇ ਨਾਮ ਉਤੇ ਲੋਕਾਂ 'ਚ ਵੰਡ ਪਾਉਣੀ, ਲੋਕਾਂ ਦੀਆਂ ਭਾਵਨਾਵਾਂ ਤੋਂ ਉਲਟ ਇਹੋ ਜਿਹੇ ਕੰਮ ਹਨ, ਜਿਹਨਾ 'ਚੋਂ ਤਾਨਾਸ਼ਾਹੀ ਦੀ ਬੋਅ  ਆਉਂਦੀ ਹੈ। ਜਿਸ ਰਸਤੇ ਉਤੇ ਮੋਦੀ  ਪ੍ਰਾਸ਼ਾਸ਼ਨ ਤੁਰ ਰਿਹਾ ਹੈ ਅਤੇ ਮੋਦੀ ਦੀ ਜੈ ਜੈ ਕਾਰ ਕੀਤੀ ਜਾ ਰਹੀ ਹੈ, ਭਵਿੱਖ 'ਚ ਇਹ ਅਮਰੀਕਾ ਵਰਗੇ ਰਾਸ਼ਟਰਪਤੀ ਪ੍ਰਾਸ਼ਾਸ਼ਨ ਦੀ ਦਸਤਕ ਵੀ ਹੋ ਸਕਦੀ ਹੈ।
    ਸਵਾਲ ਪੈਦਾ ਹੁੰਦਾ ਹੈ ਕਿ 'ਨਵਾਂ ਭਾਰਤ' ਦੀ ਧਾਰਨਾ ਧਰਮ ਵਿਸ਼ੇਸ਼ ਦਾ ਵਿਸ਼ੇਸ਼ ਅਧਿਕਾਰਤ ਰਾਜ ਤਾਂ ਨਹੀਂ, ਜਿਥੇ ਘੱਟ ਗਿਣਤੀਆਂ ਦੇ ਅਧਿਕਾਰ ਹੋਰ ਵੀ ਸੀਮਤ ਹੋਣਗੇ ਜਾਂ ਉਹਨਾ ਨੂੰ ਦੇਸ਼ ਨਿਕਾਲਾ ਦੇਣ ਲਈ ਬੰਨ-ਛੁੱਬ ਕੀਤਾ ਜਾਏਗਾ ਉਵੇਂ ਹੀ ਜਿਵੇਂ  ਅਮਰੀਕਾ ਦੇ ਟਰੰਪ ਨੇ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਤੇ ਰਾਸ਼ਟਰਵਾਦੀ ਅਮਰੀਕੀਆਂ ਨੂੰ ਵੱਧ ਅਧਿਕਾਰ ਅਤੇ ਸੁੱਖ-ਸਹੂਲਤਾਂ ਦੇਣ ਦਾ ਟੀਚਾ ਹੀ ਨਹੀਂ ਮਿਥਿਆ, ਸਗੋਂ ਇਸ ਉਤੇ ਅਮਲ ਵੀ ਕਠੋਰਤਾ ਨਾਲ ਕੀਤਾ ਹੈ।

-ਗੁਰਮੀਤ ਸਿੰਘ ਪਲਾਹੀ
-9815802070
-(ਪੰਜਾਬੀ ਫੀਚਰ ਸਿੰਡੀਕੇਟ ਵਲੋਂ ਜਾਰੀ)