ਗੀਤ

ਲਿਆਵੋ ਖੜਕ ਸਿੰਘ ਨੂੰ ਉਹਦੇ ਤਿਲਕ ਲਗਾਈਏ ।

ਤਿਲਕ ਲਾਉਣ ਦਾ ਮਹਾਰਾਜ ਨੇ ਜਦ ਫਰਮਾਇਆ।
ਧਿਆਨ ਸਿੰਘ ਨੂੰ ਆਪਣੇ ਉਹਨਾਂ ਕੋਲ ਬੁਲਾਇਆ।
ਅੱਜ ਜੁੰਮੇਵਾਰੀ ਸਿੱਖ ਰਾਜ ਦੀ ਟਿੱਕੇ ਸਿਰ ਪਾਈਏ।
ਲਿਆਵੋ ਖੜਕ ਸਿੰਘ ਨੂੰ ਉਹਦੇ ਤਿਲਕ ਲਗਾਈਏ ।

ਜੋ ਘੜਿਆ ਉਸ ਨੇ ਟੁੱਟਣਾ ਹੈ ਇਹ ਰੀਤ ਪੁਰਾਣੀ।
ਇਹ ਚੱਲਦੀ ਆਈ ਹੈ ਮੁੱਢ ਤੋਂ ਅੱਗੇ ਚੱਲੂ ਕਹਾਣੀ।
ਇਸ ਦੇ ਇੱਕ ਅਧਿਆਏ ਨੂੰ ਆਪਾਂ ਅੱਗੇ ਵਧਾਈਏ।
ਲਿਆਵੋ ਖੜਕ ਸਿੰਘ ਨੂੰ ਉਹਦੇ ਤਿਲਕ ਲਗਾਈਏ।

ਮੈਂ ਜੋ ਵੀ ਸਾਂ ਕਰ ਸਕਦਾ ਉਹ ਕਰ ਵਖਾਇਆ।
ਨਾਲ ਤੁਹਾਡੇ ਸਹਿਯੋਗ ਦੇ ਸਿੱਖ ਰਾਜ ਵਧਾਇਆ।
ਹਰੀ ਸਿੰਘ ਦੇ ਸੁਪਨਿਆਂ ਉਤੇ ਫੁੱਲ ਚੜਾਈਏ।
ਲਿਆਵੋ ਖੜਕ ਸਿੰਘ ਨੂੰ ਉਹਦੇ ਤਿਲਕ ਲਗਾਈਏ।

ਹਰ ਕੰਮ ਨਾਲ ਸਲਾਹ ਦੇ ਤੁਸੀਂ ਮਿਲ ਕੇ ਕਰਨਾ।
ਆਪਣੇ ਪੁੱਤਾਂ ਵਾਂਗ ਹੀ ਹੱਥ ਸਿਰ ਇਹਦੇ ਧਰਨਾ।
ਆਵੋ ਰਲ ਸਿੱਖ ਰਾਜ ਦੀ ਹੋਰ ਸ਼ਾਨ ਵਧਾਈਏ।
ਲਿਆਵੋ ਖੜਕ ਸਿੰਘ ਨੂੰ ਉਹਦੇ ਤਿਲਕ ਲਗਾਈਏ।

ਸਿੱਖ ਰਾਜ ਦੀ ਪ੍ਮਪਰਾ ਪਹਿਲਾਂ ਵਾਂਗ ਨਿਭਾਉਣਾ।
ਮਾੜੇ ਦੀ ਰੱਖਿਆ ਕਰਨੀ ਤੇ ਉਹਨੂੰ ਗਲ ਲਾਉਣਾ।
ਵਾਂਗੂੰ ਫੁੱਲਾਂ ਦੇ ਆਪਣੀ ਆਵੋ ਮਹਿਕ ਖਿੰਡਾਈਏ।
ਲਿਆਵੋ ਖੜਕ ਸਿੰਘ ਨੂੰ ਉਹਦੇ ਤਿਲਕ ਲਗਾਈਏ।

ਨਾਲ ਪਿਆਰ ਦੇ ਤੁਸੀਂ ਹੈ ਟਿੱਕੇ ਤਾਈਂ ਰੱਖਣਾ।
ਆਪਣੇ ਆਪ ਨੂੰ ਅਮਰਜੀਤ ਨਾ ਸਮਝੇ ਸੱਖਣਾ।
ਇੱਕ ਦੂਜੇ ਦੀਆਂ ਸਿੱਧੂਆ ਬਣ ਬਾਹਾਂ ਜਾਈਏ।
ਲਿਆਵੋ ਖੜਕ ਸਿੰਘ ਨੂੰ ਉਹਦੇ ਤਿਲਕ ਲਗਾਈਏ।