ਗ਼ਜ਼ਲ - ਅਮਰਜੀਤ ਸਿੰਘ ਸਿੱਧੂ

ਹਰ ਪਾਸੇ ਦਹਿਸ਼ਤ ਪਾਈ ਵੇਖ ਕਰੋਨੇ ਨੇ।
ਸਭ ਜਨਤਾਂ ਤੜਫਣ ਲਾਈ ਵੇਖ ਕਰੋਨੇ ਨੇ।

ਛੋਟੇ ਵੱਡੇ ਸਾਰੇ ਡੁੱਬ ਗਏ ਫਿਕਰਾਂ ਵਿਚ,
ਜੇਲ ਘਰਾਂ ਵਿਚ ਕਰਵਾਈ ਵੇਖ ਕਰੋਨਾ ਨੇ।

ਇਕ ਨੂੰ ਫਿਕਰ ਪਿਆ ਦੋ ਵੇਲੇ ਦੀ ਰੋਟੀ ਦਾ,
ਇਕ ਲਾਏ ਕਰਨ ਕਮਾਈ ਵੇਖ ਕਰੋਨਾ ਨੇ।

ਅਪਣੀ ਮਸਤੀ ਚ ਰਹਿੰਦਾ ਸੀ ਜੋ ਹਰ ਵੇਲੇ,
ਰਾਜੇ ਦੀ ਨੀਂਦ ਉਡਾਈ ਵੇਖ ਕਰੋਨਾ ਨੇ।

ਹੁਣ ਹੱਥ ਮਿਲਾਉਣ ਤੋਂ ਡਰਦਾ ਹੈ ਹਰ ਕੋਈ,
ਦੂਰੀ ਮਾਂ ਪੁੱਤ ਚ ਪਾਈ ਵੇਖ ਕਰੋਨਾ ਨੇ।

ਜੋ ਆਖਣ ਤਕੜੇ ਹਾਂ ਇਸ ਸਾਰੇ ਜੱਗ ਵਿਚੋਂ,
ਉਹ ਥਰ ਥਰ ਕੰਬਣ ਲਾਏ ਵੇਖ ਕਰੋਨਾ ਨੇ।

ਵਿਕਸਤ ਸੀ ਅਖਵਾਉਣ ਵਾਲੇ ਮੁਲਕਾਂ ਵਿਚ
ਹੈ ਹਾਹਾਕਾਰ ਮਚਾਈ ਵੇਖ ਕਰੋਨਾ ਨੇ ।

ਹਰਰੋਜ ਕਮਾ ਕੇ ਖਾਣੀ ਸਿੱਧੂ ਜਿਸ ਨੇ ਹੈ,
ਉਹਨਾਂ ਦੀ ਜਾਨ ਸੁਕਾਈ ਵੇਖ ਕਰੋਨਾ ਨੇ