ਗੁਰੂ ਨਾਨਕ ਦਾ ਮੀਆਂ ਮਿਠੇ ਨਾਲ ਸੰਵਾਦ - ਡਾ. ਜਸਵਿੰਦਰ ਸਿੰਘ

ਮੀਆਂ ਮਿਠਾ ਇੱਕ ਪ੍ਰਸਿੱਧ ਸੂਫੀ ਮੁਸਲਮਾਨ ਫਕੀਰ ਸੀ। ਉਸ ਨੂੰ ਲੋਕ ਕਰਮਾਤੀ ਵੀ ਮੰਨਦੇ ਸਨ।ਪੰਜਾਬੀ ਕੋਸ਼ਾਂ ਵਿੱਚ ਲਿਖਿਆ ਮਿਲਦਾ ਹੈ ਕਿ ਮਿਠਣਕੋਟ ਰਹਿਣ ਕਰਕੇ ਉਸਦਾ ਨਾਮ ਮੀਆਂ ਮਿਠਾ ਪਿਆ।ਭਾਈ ਕਾਹਨ ਸਿੰਘ ਦਾ ਵੀ ਇਹੋ ਮੰਨਣਾ ਹੈ ਕਿ ਮਿਠਣਕੋਟ (ਡੇਰਾ ਗਾਜੀ ਖਾਂ ਦੇ ਇਲਾਕੇ ਦਾ) ਵਸਨੀਕ ਹੋਣ ਕਾਰਨ ਉਸ ਨੂੰ ਮੀਆਂ ਮਿਠਾ ਆਖਿਆ ਜਾਦਾਂ ਸੀ।ਮੀਆਂ ਸ਼ਬਦ ਇਸਲਾਮੀ ਧਰਮ ਵਿੱਂਚ ਇੱਕ ਆਦਰਸੂਚਕ ਸ਼ਬਦ ਮੰਨਿਆ ਜਾਂਦਾ ਹੈ।ਬਹੁਤ ਸਾਰੇ ਵਿਦਵਾਨਾਂ ਨੇ ਆਪਣੀਆਂ ਰਚਨਾਵਾਂ ਵਿੱਚ ਮੀਆਂ ਮਿਠੇ ਦੀ ਗੁਰੂ ਨਾਨਕ ਸਾਹਿਬ ਨਾਲ ਵਾਰਤਾਲਾਪ ਦਾ ਜ਼ਿਕਰ ਕੀਤਾ ਹੈ। ਜਿੰਨ੍ਹਾਂ ਵਿੱਚ ਪਿਆਰ ਸਿੰਘ (ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ), ਭਾਈ ਵੀਰ ਸਿੰਘ (ਸ੍ਰੀ ਗੁਰੂ ਨਾਨਕ ਚਮਤਕਾਰ), ਸੇਵਾ ਸਿੰਘ ਸੇਵਕ (ਪ੍ਰਾਚੀਨ ਜਨਮਸਾਖੀ), ਕਿਰਪਾਲ ਸਿੰਘ (ਜਨਮ ਸਾਖੀ ਪਰੰਪਰਾ), ਕਰਤਾਰ ਸਿੰਘ (ਜੀਵਨ ਕਥਾ ਸ੍ਰੀ ਗੁਰੂ ਨਾਨਕ ਦੇਵ ਜੀ), ਭਾਈ ਵੀਰ ਸਿੰਘ (ਪੁਰਾਤਨ ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ), ਆਦਿ ਹਨ। ਪਿਆਰ ਸਿੰਘ ਦੀ ਰਚਨਾ ''ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ'' ਵਿੱਚ ਗੁਰੂ ਨਾਨਕ ਸਾਹਿਬ ਦੀ ਗੋਸਟ ਅਬਦੁਲ ਰਹਮਾਨ ਨਾਲ ਮੰਨੀ ਗਈ ਹੈ।  ਕਰਤਾਰ ਸਿੰਘ ਆਪਣੀ ਰਚਨਾ 'ਜੀਵਨ ਕਥਾ ਗੁਰੂ ਨਾਨਕ ਦੇਵ ਜੀ' ਵਿੱਚ ਲਿਖਦਾ ਹੈ ਕਿ ਅਬਦੁਲ ਰਹਿਮਾਨ, ਮੀਆਂ ਮਿਠੇ ਦਾ ਮੁਰਸ਼ਿਦ ਸੀ।ਪਰ ਕਈ ਥਾਵਾਂ ਤੇ ਇਸ ਤਰ੍ਹਾਂ ਮੰਨਿਆ ਗਿਆ ਹੈ ਕਿ ਮੀਆਂ ਮਿਠਾ, ਅਬਦੁਲ ਰਹਮਾਨ ਦਾ ਮੁਰਸ਼ਿਦ ਸੀ।ਮੀਆਂ ਮਿਠੇ ਦਾ ਜੋ ਸੰਵਾਦ ਗੁਰੂ ਨਾਨਕ ਸਾਹਿਬ ਨਾਲ ਹੋਇਆ, ਉਹ ਆਪਣੇ ਆਪ ਵਿੱਚ ਬਾ-ਕਮਾਲ ਹੈ।
    ਮੀਆਂ ਮਿਠੇ ਦੇ ਚੇਲਿਆਂ ਨੂੰ ਜਦੋਂ ਪਤਾ ਲੱਗਾ ਕਿ ਇਸ ਨਗਰ ਵਿੱਚ ਇੱਕ ਸੂਫੀ ਫਕੀਰ ਆਇਆ ਹੈ। ਜਿਸਦਾ ਨਾਮ ਬਾਬਾ ਨਾਨਕ ਹੈ ਤਾਂ ਮੀਆਂ ਮਿਠੇ ਦੇ ਸਾਰੇ ਚੇਲੇ ਬਾਬਾ ਜੀ ਦੀ ਕਥਾ ਸੁਣਨ ਜਾਇਆ ਕਰਦੇ ਸਨ। ਜਦੋਂ ਇਸ ਗੱਲ ਦਾ ਮੀਆਂ ਮਿਠੇ ਨੂੰ ਪਤਾ ਲੱਗਾ ਕਿ ਮੇਰੇ ਚੇਲੇ ਉਸ ਫਕੀਰ ਕੋਲ ਜਾਂਦੇ ਹਨ ਤਾਂ ਮੀਆਂ ਮਿਠਾ ਗੁੱਸੇ ਵਿੱਚ ਬੋਲਿਆ ਕਿ ''ਨਾਨਕ ਬੇਸ਼ੱਕ ਚੰਗਾ ਫਕੀਰ ਹੈ ਪਰ ਜਦ ਸਾਨੂੰ ਮਿਲੇਗਾ, ਅਸੀ ਇੱਕ ਨਚੌੜ ਲਵਾਂਗੇ ਜੀਕੁਰ ਨਿਬੋਂ ਵਿੱਚੋਂ ਰਸ ਨਿਚੋੜੀਦਾ ਹੈ, ਇਉਂ ੳਤਾਰ ਲਵਾਂਗੇ ਜੀਕੁਰ ਦੁੱਧ ਤੋਂ ਮਿਲਾਈ ਉਤਾਰੀ ਦੀ ਹੈ।ਹੋਲੀ-ਹੋਲੀ ਬਹੁਤ ਸਾਰੇ ਹਿੰਦੂ ਤੇ ਮੁਸਲਮਾਨ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਬਣ ਗਏ। ਮੀਆਂ ਮਿਠੇ ਨੂੰ ਸਭ ਤੋਂ ਵੱਡੀ ਸੱਟ ਉਸ ਸਮੇਂ ਲੱਗੀ। ਜਦੋਂ ਅਬਦੁਲ ਰਹਿਮਾਨ ਗੁਰੂ ਜੀ ਦਾ ਸ਼ਰਦਾਲੂ ਬਣ ਗਿਆ।ਫਿਰ ਅਬਦੁਲ ਰਹਮਾਨ ਨੇ ਮੀਆਂ ਮਿਠੇ ਨੂੰ ਸਲਾਹ ਦਿੱਤੀ ਕਿ ਉਹ ਇੱਕ ਵਾਰ ਬਾਬਾ ਜੀ ਦੇ ਦਰਸ਼ਨ ਜਰੂਰ ਕਰ ਲੈਣ। ਮੀਆਂ ਮਿਠੇ ਨੇ ਆਪਣੇ ਮੁਰਸ਼ਿਦ ਦੀ ਗੱਲ ਮੰਨ ਕੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਤਿਆਰ ਹੋ ਗਿਆ। ਜਦੋਂ ਮੀਆਂ ਮਿਠਾ ਗੁਰੂ ਜੀ ਦੇ ਦਰਸ਼ਨ ਕਰਨ ਲਈ ਗਿਆ ਤਾਂ ਗੁਰੂ ਨਾਨਕ ਦੇਵ ਜੀ ਦੇ ਚਿਹਰੇ ਦੇ ਜਲਾਲ ਨੇ ਮੀਆਂ ਮਿਠੇ ਦੇ ਦਿਲ ਤੇ ਗਹਿਰਾ ਪ੍ਰਭਾਵ ਪਾਇਆ ਤੇ ਉਹ ਚੁਪ ਕੀਤਾ, ਗੁਰੂ ਜੀ ਪਾਸ ਬੈਠ ਗਿਆ।ਫਿਰ ਮੀਆਂ ਮਿਠਾ ਬੋਲਿਆ:-
ਅਵਲ ਨਾਉ ਖੁਦਾਇ ਕਾ ਦੂਜਾ ਨਬੀ ਰਸੂਲ॥
ਨਾਨਕ ਕਲਮਾ ਜੇ ਪੜਹਿ ਤਾਂ ਦਰਗਹ ਪਵਹਿ ਕਬੂਲ॥
ਫਿਰ ਗੁਰੂ ਜੀ ਨੇ ਉਤਰ ਦਿੱਤਾ॥
ਅਵਲਿ ਨਾਉ ਖਦਾਇ ਕਾ ਦਰ ਦਰਵਾਨ ਰਸੂਲੁ॥
ਸੇਖਾ ਨੀਅਤਿ ਰਾਸਿ ਕਰਿ ਤਾਂ ਦਰਗਹਿ ਪਵਹਿ ਕਬੂਲ॥
ਮੀਆਂ ਮਿਠਾ ਬੋਲਿਆ, ਜਿਵੇਂ ਤੇਲ ਤੋਂ ਬਿਨਾਂ ਦੀਵਾ ਰੋਸ਼ਨ ਨਹੀਂ ਹੁੰਦਾ, ਇਸ ਤਰਾਂ ਰਸੂਲ ਪੈਗੰਬਰ ਤੋਂ ਬਿਨਾਂ ਨਜ਼ਾਤ ਨਹੀਂ ਮਿਲਦੀ ਤੇ ਅੱਲਾਹ ਨਾਲ ਵਸਲ (ਮਿਲਾਪ) ਨਹੀਂ ਹੁੰਦਾ।  ਇਸਦੇ ਉਤਰ ਵਿੱਚ ਗੁਰੂ ਨਾਨਕ ਸਹਿਬ ਨੇ ਸ਼ਬਦ ਉਚਾਰਿਆ।
ਇਹੁ ਤੇਲੁ ਦੀਵਾ ਇਉ ਜਲੈ॥ ਕਰਿ ਚਾਨਣੁ ਸਾਹਿਬ ਤਉ ਮਿਲੈ॥ਰਹਾਉ॥
ਇਤ ਤਨਿ ਲਾਗੈ ਬਾਣੀਆ॥ਸੁਖ ਹੋਵੈ ਸੇਵ ਕਮਾਣੀਆ॥
ਸਭ ਦੁਨੀਆ ਆਵਣ ਜਾਣੀਆ॥ਵਿਚਿ ਦੁਨੀਆ ਸੇਵ ਕਮਾਈਐ॥
ਤਾ ਦਰਗਾਹ ਬੇਸਣੁ ਪਾਈਐ॥ਕਹੁ ਨਾਨਕ ਬਾਹ ਲਡਾਈਐ॥
ਮੀਆਂ ਮਿਠੇ ਪੁਛਿਆ ਉਹ ਕਵਨ ਕੁਰਾਨ ਹੈ, ਜਿਤ ਪੜ੍ਹੇ ਕਬੂਲ ਹੋਵੇ? ਉਹ ਕਿਹੜੀ ਦਰਵੇਸੀ ਹੈ, ਜਿਸ ਨਾਲ ਅੱਲਾਹ ਨਾਲ ਵਸਲ (ਮਿਲਾਪ) ਹੁੰਦਾ ਹੈ? ਉਹ ਕਿਹੜਾ ਰੋਜਾ ਤੇ ਕਿਹੜੀ ਨਿਵਾਜ ਹੈ? ਜਿਸ ਨਾਲ ਮਨ, ਉਸ ਅੱਲਾਹ ਦੀ ਯਾਦ ਵਿੱਚ ਟਿਕਦਾ ਹੈ।  ਗੁਰੂ ਨਾਨਕ ਨੇ ਮਰਦਾਨੇ ਨੂੰ ਕਿਹਾ ਕਿ ਰਬਾਬ ਵਜਾਏ ਤਾਂ ਆਪ ਨੇ ਇਹ ਸ਼ਬਦ ਉਚਾਰਨ ਕੀਤਾ:-
ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ॥
ਸਰਮ ਸੁੰਨਤ ਸੀਲੁ ਰੋਜਾ ਹੋਹੁ ਮੁਸਲਮਾਣੁ॥
ਕਰਣੀ ਬਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ॥
ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ॥
ਮੀਆਂ ਮਿਠੇ ਨੇ, ਇਸ ਪਾਸੇ ਹਾਰ ਹੁੰਦੀ ਵੇਖੀ, ਤਾਂ ਗੱਲਬਾਤ ਦਾ ਰੁੱਖ ਬਦਲਾਉਣ ਲਈ ਉਹ ਕਹਿਣ ਲੱਗਾ, ''ਕੀ ਤੁਸੀ ਕਿਆਮਤ ਨੂੰ ਮੰਨਦੇ ਹੋ। ਜਿਸ ਦਿਨ ਅੱਲਾ ਨੇ ਫੈਸਲਾ ਲੈਣਾ ਹੈ।
ਗੁਰੂ ਜੀ ਹਾਂ ਹਰ ਕਿਸੇ ਨੂੰ ਆਪਣਾ ਬੀਜਿਆ ਵੱਢਣਾ ਪੈਣਾ ਹੈ। ਆਪਣੇ ਕੀਤੇ ਕਰਮਾਂ ਦਾ ਫਲ ਭੁਗਤਣਾ ਪੈਣਾ ਹੈ, ਅੱਗੇ ਗਿਆ ਦਾ ਰੱਬ ਨੇ ਲੇਖਾ ਮੰਗਣਾ ਹੈ।  ਮੀਆਂ ਮਿਠਾ- ਇਹ ਤਾਂ ਬੜੀ ਚੰਗੀ ਗੱਲ ਹੈ। ਪਰ ਕੀ ਤੁਸੀ ਕਦੇ ਇਹ ਵੀ ਖਿਆਲ ਕੀਤਾ ਹੈ ਕਿ ਉਸ ਕਿਆਮਤ ਵਾਲੇ ਦਿਨ ਹਿੰਦੂਆਂ ਵਿਚਾਰਿਆਂ ਨਾਲ ਕਿਵੇਂ ਗੁਜਰੇਗੀ? ਮੁਸਲਮਾਨਾ ਨੂੰ ਤਾਂ ਮਰਨ ਪਿਛੋਂ ਦਫਨਾਇਆ ਜਾਂਦਾ ਹੈ। ਉਨ੍ਹਾਂ ਦੇ ਸਰੀਰਾ ਨੂੰ ਜਮੀਨ ਦੇ ਸਪੁਰਦ ਕੀਤਾ ਜਾਂਦਾ ਹੈ। ਮੁਸਲਮਾਨਾਂ ਦੀਆਂ ਰੂਹਾਂ ਕਬਰਾਂ ਨੂੰ ਮੱਲ ਕੇ ਬਹਿ ਰਹਿੰਦੀਆਂ ਹਨ। ਕਿਆਮਤ ਵਾਲੇ ਦਿਨ ਜਦ ਅੱਲਾਹ ਦਾ ਫਰਿਸਤਾ ਤੁਰੀ ਵਜਾਵੇਗਾ, ਤਦ ਜਿੰਨ੍ਹਾਂ ਸਰੀਰਾਂ ਨੂੰ ਧਰਤੀ ਤੇ ਸੁਪਰਦ ਕੀਤਾ ਗਿਆ ਹੋਵੇਗਾ, ਧਰਤੀ ਉਨ੍ਹਾਂ ਨੂੰ ਲਿਆ ਹਾਜ਼ਰ ਕਰੇਗੀ।
    ਗੁਰੂ ਜੀ-ਪਰ ਮੁਸਲਮਾਨਾਂ ਦੇ ਸਰੀਰ ਵੀ ਸਮਾਂ ਪਾ ਕੇ ਮਿੱਟੀ ਹੋ ਜਾਂਦੇ ਹਨ, ਜਿਵੇਂ ਹਿੰਦੂਆ ਦੇ ਅੱਗ ਨਾਲ ਸੜ ਕੇ ਮਿੱਟੀ ਸਵਾਹ ਹੋ ਜਾਂਦੇ ਹਨ। ਤੁਹਾਡੇ ਕਿਆਮਤ ਦੇ ਦਿਨ ਤੀਕ ਇਨ੍ਹਾਂ ਦਾ ਰਤੀ ਭਰ ਨਿਸ਼ਾਨ ਵੀ ਬਾਕੀ ਨਹੀਂ ਰਹਿਣਾ। ਜੇ ਫੇਰ ਤੁਹਾਡੇ ਸਰੀਰ ਉਸ ਦਿਨ ਉਠ ਬਹਿਣਗੇ ਤਾਂ ਕੋਈ ਦਲੀਲ ਨਹੀਂ ਕਿ ਹਿੰਦੂਆਂ ਦੇ ਇਉਂ ਨਾ ਉਠ ਸਕਣਗੇ। ਦੂਜੀ ਗੱਲ ਇਹ ਹੈ ਕਿ ਜੇ ਤੁਸੀਂ ਇਹ ਮੰਨਦੇ ਹੋ ਕਿ ਹਿੰਦੂਆ ਦੇ ਸਰੀਰ ਸੜ ਜਾਂਦੇ ਹਨ, ਇਸ ਕਰਕੇ ਰੱਬ ਦਾ ਕਹਿਰ ਉਨ੍ਹਾਂ ਉਪਰ ਟੁੱਟਗੇ, ਤਾਂ ਸ਼ੇਖ ਜੀ, ਮੁਸਲਮਾਨ ਵੀ ਇਸ ਕਹਿਰ ਤੋਂ ਬਚ ਨਹੀ ਸਕਦੇ, ਕਿਉਂਕਿ ਉਨ੍ਹਾਂ ਦੇ ਸਰੀਰ ਵੀ ਆਮ ਕਰ ਕੇ ਅੰਤ ਨੂੰ ਸੜ ਹੀ ਜਾਂਦੇ ਹਨ।  ਮੀਆਂ ਮਿੱਠਾ - ਉਹ ਕਿਵੇਂ? ਉਹ ਤਾਂ ਦੱਬੇ ਜਾਂਦੇ ਹਨ।    
    ਇਸ ਪ੍ਰਸ਼ਨ ਦਾ ਉਤਰ ਦਿੰਦੇ ਹੋਏ ਗੁਰੂ ਜੀ ਆਖਦੇ ਹਨ ਕਿ ਸ਼ੇਖ ਜੀ ਤੁਹਾਨੂੰ ਪਤਾ ਹੀ ਹੈ ਕਿ ਪੁਰਾਣੀਆਂ ਕਬਰਾਂ ਦੀ ਮਿੱਟੀ ਬੜੀ ਚੀਕਣੀ ਹੁੰਦੀ ਹੈ। ਘੁਮਿਆਰ ਲੋਕ ਚੀਕਣੀ ਮਿੱਂਟੀ ਲੱਭ ਕੇ ਲਿਆਉਂਦੇ ਹਨ, ਤਾਂ ਜੁ ਇੱਟਾਂ ਭਾਂਡੇ ਚੰਗੇ ਪੱਕੇ ਬਣਨ। ਇਸ ਲਈ ਉਹ ਲੋਕ, ਪੁਰਾਣੇ ਕਬਿਰਸਤਾਨਾਂ ਦੀ ਮਿੱਟੀ ਪੁੱਟਕੇ ਲਿਆਂਉਦੇ ਤੇ ਗੁੰਨਦੇ ਹਨ, ਅਤੇ ਚੱਕ ਉਪਰ ਧਰ ਕੇ ਭਾਂਡੇ ਘੜਦੇ ਹਨ। ਕਈ ਉਸ ਨੂੰ ਸੰਚਿਆਂ ਵਿੱਚ ਪਾ ਕੇ ਇੱਟਾਂ ਪੱਥਦੇ ਹਨ। ਫੇਰ ਇਨ੍ਹਾਂ ਨੂੰ ਧੁੱਪੇ ਸੁਕਾ ਕੇ, ਆਵਿਆਂ ਵਿੱਚ ਬੀੜ ਕੇ ਅੱਗ ਦਿੰਦੇ ਹਨ। ਮੁਸਲਮਾਨਾਂ ਦੇ ਸਰੀਰ ਤੋਂ ਬਣੀ ਹੋਈ ਮਿੱਟੀ ਇਸ ਤਰ੍ਹਾਂ ਕਰੜੀ ਅੱਗ ਵਿੱਚ ਸੜਦੀ ਹੈ। ਜੇ ਦੇਹ ਦੀ ਮਿੱਟੀ ਦਾ ਸੜਨਾ ਪਾਪ ਹੈ ਤਾਂ ਮੁਸਲਮਾਨਾਂ ਦੀ ਮਿੱਟੀ ਵੀ ਸੜਦੀ ਹੈ।  ਗੁਰੂ ਜੀ ਨੇ ਆਪਣੇ ਇਹ ਖਿਆਲ ''ਆਸਾ ਦੀ ਵਾਰ'' ਵਿੱਚ ਇਉਂ ਉਚਾਰੇ ਹਨ।
ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ॥
ਘੜਿ ਭਾਂਡੇ ਇੱਟਾ ਕੀਆ ਜਲਦੀ ਕਰੇ ਪੁਕਾਰ॥
ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅਗਿਆਰ॥
ਨਾਨਕ ਜਿਨਿ ਕਰਤੇ ਕਾਰਣੁ ਕੀਅ ਸੋ ਜਾਣੈ ਕਰਤਾਰੁ॥
    ਸ਼ੇਖ ਨੂੰ ਸਾਰੀ ਗੱਲ ਸਮਝ ਆ ਗਈ। ਉਹ ਗੁਰੂ ਜੀ ਦੀ ਚਰਨੀ ਢਹਿ ਪਿਆ। ਗੁਰੂ ਜੀ ਨੇ ਸ਼ੇਖ ਨੂੰ ਨਾਮ-ਦਾਨ ਦੀ ਅਮੋਲ ਦਾਤ ਬਖਸ਼ੀ।
    ਉਪਰੋਕਤ ਗੋਸਟ ਤੋਂ ਬਾਅਦ ਅਸੀਂ ਇਹ ਆਖ ਸਕਦੇ ਹਾਂ ਅੱਗੇ ਜਾ ਕੇ ਦੁਨੀਆਂ ਵਿੱਚ ਕੀਤੇ ਅਮਲਾਂ, ਅਨੁਸਾਰ ਹੀ ਨਿਬੇੜੇ ਹੋਣੇ ਹਨ। ਉਥੇ ਜਾਤ ਮਜ਼ਬ ਦੀ ਕਿਸੇ ਪੁੱਛ ਨਹੀਂ ਕਰਨੀ। ਇਸ ਭੁਲੇਖੇ ਵਿੱਚ ਨਾ ਰਹੋ ਕਿ ਸਾਡਾ ਦੀਨ ਰਾਜ-ਧਰਮ ਹੈ, ਅਸੀਂ ਹੋਰਨਾਂ ਨੂੰ ਹਿੱਕ ਦੇ ਧੱਕੇ ਤੇ ਤਲਵਾਰ ਦੇ ਜ਼ੋਰ ਨਾਲ ਇਹ ਦੀਨ ਮੰਨਵਾ ਸਕਦੇ ਹਾਂ, ਇਸ ਲਈ ਅੱਲਾਹ ਦੀ ਦਰਗਾਹੇ ਵੀ ਸਾਨੂੰ ਖਾਸ ਰਿਆਇਤਾ ਤੇ ਸਹੂਲਤਾਂ ਮਿਲਣਗੀਆਂ, ਅਤੇ ਅੱਲਾਹ ਦੀਆਂ ਨਜ਼ਰਾਂ ਵਿੱਚ ਅਸੀਂ ਹੋਰਨਾਂ ਨਾਲ ਚੰਗੇਰੇ ਤੇ ਉਚੇਰੇ ਸਮਝੇ ਜਾਵਾਂਗੇ, ਅਜਿਹੇ ਸੌੜੇ ਖਿਆਲ, ਈਰਖਾ ਭਰੇ ਵਿਚਾਰ ਇਨਸਾਨ ਦੀਆਂ ਕਾਇਮ ਕੀਤੀਆਂ ਹੋਈਆਂ ਹੱਦਾਂ, ਸਭ ਤਿਆਗ ਦੇਣੀਆ ਚਾਹੀਦੀਆਂ ਹਨ। ਸਾਨੂੰ ਉਸ ਪ੍ਰਮਾਤਮਾ ਦੇ ਸਿਰਜੇ ਹੋਏ ਜੀਵਾਂ ਨਾਲ ਪਿਆਰ ਕਰਨਾ ਚਾਹੀਦਾ ਹੈ, ਤਾਂ ਹੀ ਅਸੀਂ ਉਸ ਪ੍ਰਮਾਤਮਾ ਦੇ ਦਰ ਤੇ ਕਬੂਲ ਹੋ ਸਕਾਂਗੇ।

ਡਾ. ਜਸਵਿੰਦਰ ਸਿੰਘ
ਸਿੱਖ ਸੈਂਟਰ,ਸਿੰਘਾਪੁਰ
ਮੋਬਾਇਲ ਨੰ. +65 98951996