ਕਰੋਨਾ ਵਾਇਰਸ ਤੇ ਸਾਡੀ ਮਾਨਸਿਕ ਸਥਿਤੀ - ਮਨਦੀਪ ਕੌਰ ਪੰਨੂ

ਅਜੋਕੇ ਸਮੇਂ ਵਿੱਚ ਪੂਰੀ ਦੁਨੀਆ ਕੋਰੋਨਾ ਵਾਇਰਸ ਤੋ ਪੈਦਾ ਹੋਏ ਗੰਭੀਰ ਸੰਕਟ ਨਾਲ ਜੂਝ ਰਹੀ ਹੈ। ਇਸ ਸਮੇਂ ਤੱਕ ਵਿਸ਼ਵ ਭਰ ਵਿਚ ਇਸ ਬੀਮਾਰੀ ਨਾਲ ਲੋਕ ਵੱਡੀ ਗਿਣਤੀ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ। ਇਸ ਦਾ ਸਭ ਤੋ ਵੱਧ ਪ੍ਰਭਾਵਿਤ ਦੇਸ਼ਾਂ ਵਿੱਚ ਚੀਨ, ਇਟਲੀ ਅਤੇ ਸਪੇਨ ਆਦਿ ਸ਼ਾਮਿਲ ਹਨ। ਚਾਹੇ ਚੀਨ ਨੇ ਲੰਮੀ ਜੱਦੋ-ਜਹਿਦ ਤੋ ਬਾਅਦ ਇਸ ਮਹਾਂਮਾਰੀ ਤੇ ਕੁੱਝ ਹੱਦ ਤੱਕ ਕਾਬੂ ਪਾ ਲਿਆ ਹੈ,ਪਰੰਤੂ ਅਮਰੀਕਾ, ਕੈਨੇਡਾ, ਯੂਰਪ ਅਤੇ ਵਿਕਾਸਸ਼ੀਲ ਦੇਸ਼ਾਂ ਵਿਚ ਅਜੇ ਵੀ ਇਹ ਮਹਾਂਮਾਰੀ ਕੰਟਰੋਲ ਵਿੱਚ ਨਹੀ ਹੋ ਰਹੀ ਅਤੇ ਹੋਰ ਵੀ ਤੇਜ਼ੀ ਨਾਲ ਫੈਲਦੀ ਜਾ ਰਹੀ ਹੈ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਹੁਣ ਤੱਕ 258 ਕੇਸ ਸਾਹਮਣੇ ਆ ਚੁੱਕੇ ਹਨ। ਇਸ ਨਾਲ 4 ਦੇ ਲਗਪਗ ਮੌਤਾਂ ਵੀ ਹੋ ਚੁੱਕੀਆਂ ਹਨ। ਵਧੇਰੇ ਚਿੰਤਾ ਵਾਲੀ ਗੱਲ ਇਹ ਹੈ ਕਿ ਦਿਨੋ-ਦਿਨ ਇਸ ਵਾਇਰਸ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਕੱਲੇ 20 ਮਾਰਚ ਨੂੰ ਹੀ 63 ਨਵੇਂ ਕੇਸ ਸਾਹਮਣੇ ਆਏ ਸਨ। ਸਿਹਤ ਮਾਹਿਰਾਂ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਭਾਰਤ ਅਜੇ ਕੋਰੋਨਾ ਵਾਇਰਸ ਦੇ ਫੈਲਾਅ ਦੇ ਪੱਖ ਤੋਂ ਦੂਜੇ ਪੜਾਅ ਉੱਤੇ ਹੀ ਹੈ।ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੇਂਦਰ ਅਤੇ ਵੱਖ-ਵੱਖ ਰਾਜਾਂ ਨੇ ਹੋਟਲ, ਰੈਸਟੋਰੈਂਟ, ਕਾਰਖਾਨੇ, ਫੈਕਟਰੀਆਂ ਅਤੇ ਸ਼ਾਪਿੰਗ ਮਾਲਜ਼ ਆਦਿ ਬੰਦ ਕਰਨ ਸਬੰਧੀ ਕਦਮ ਚੁੱਕੇ ਹਨ। ਅੰਤਰਰਾਸ਼ਟਰੀ ਤੇ ਰਾਸ਼ਟਰੀ ਹਵਾਈ ਉਡਾਣਾਂ ਤੇ ਜਨਤਕ ਆਵਾਜਾਈ ਦੇ ਸਾਧਨ ਵੀ ਬੰਦ ਕਰਨ ਦੇ ਨਾਲ-ਨਾਲ ਸਰਹੱਦਾਂ ਵੀ ਸੀਲ ਕਰ ਦਿੱਤੀਆਂ ਹਨ। ਇਹ ਬੰਦੀ ਅਜੇ ਤੱਕ 22 ਮਾਰਚ ਤੋਂ 31 ਮਾਰਚ ਤੱਕ ਕੀਤੀ ਗਈ ਹੈ,ਜੇਕਰ ਇਸ ਸਮੇਂ ਦੌਰਾਨ ਇਸ ਵਾਇਰਸ ਦਾ ਫੈਲਾਅ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਰੁਕਦਾ ਤਾਂ ਇਸ ਤਰ੍ਹਾਂ ਦੀਆਂ ਪਾਬੰਦੀਆਂ ਦੀ ਮਿਆਦ ਅੱਗੇ ਹੋਰ ਵੀ ਵਧਾਉਣੀ ਪੈ ਸਕਦੀ ਹੈ।


ਸਰਕਾਰ ਨੇ ਇਸ ਬੀਮਾਰੀ ਤੋ ਬੱਚਣ ਲਈ ਲੋਕਾਂ ਨੂੰ ਘਰ ਵਿੱਚ ਰਹਿਣ ਦੀ ਅਪੀਲ ਕੀਤੀ ਹੈ। ਜਿਸ ਦੇ ਤਹਿਤ 22 ਮਾਰਚ ਨੂੰ "ਜਨਤਾ ਕਰਫਿਊ" ਲਾਇਆ ਗਿਆ,ਪਰ ਇਸ ਕਰਫਿਊ ਤੋ ਬਾਅਦ ਭਾਰਤੀਆਂ ਨੇ ਜੋ ਹੁੱਲੜਬਾਜ਼ੀ ਕੀਤੀ ਹੈ। ਉਹ ਅਤਿਅੰਤ ਨਿੰਦਣਯੋਗ ਘਟਨਾ ਸੀ। ਕੁੱਝ ਲੋਕ ਇਸ ਨੂੰ ਹਿੰਦੂ ਰਾਸ਼ਟਰ ਨਾਲ ਮਿਲਾ ਕੇ ਦੇਖ ਰਹੇ ਹਨ,ਕਿਉਕਿ ਥਾਲੀਆਂ,ਸ਼ੰਖ ਤੇ ਘੰਟੀਆਂ ਹਿੰਦੂ ਧਰਮ ਦੇ ਚਿੰਨ ਹਨ।
ਸਿਆਣੇ ਕਹਿੰਦੇ ਹਨ ਕਿ ਜਦੋ ਗਵਾਂਢੀ ਦਾ ਮੂੰਹ ਲਾਲ ਹੋਵੇ ਤਾਂ ਆਪਣਾ ਮੂੰਹ ਥੱਪੜ ਮਾਰ ਕੇ ਕਰ ਲਈਦਾ। ਕੱਲ ਪੂਰੇ ਭਾਰਤ ਵਿੱਚ ਭਾਰਤੀਆਂ ਨੇ ਜੋ ਆਪਣੀ ਅਕਲ ਦਾ ਜਨਾਜਾ ਦਿਖਿਆ,ਉਸ ਤੋ ਪੂਰੀ ਮਨੁੱਖਤਾ ਸ਼ਰਮਸਾਰ ਹੋਈ ਹੈ। ਦੁਨੀਆ ਦੇ ਵਿੱਚ ਜਦੋ ਵੀ ਇਤਿਹਾਸ ਲਿਖਿਆ ਜਾਵੇਗਾ ਤਾਂ ਭਾਰਤੀਆਂ ਦਾ ਨਾਮ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ ਕਿ ਜਦੋ ਪੂਰੇ ਦੁਨੀਆਂ ਦੇ ਵਿੱਚ ਜਦੋ ਮਨੁੱਖ ਜਾਤੀ ਕਰੋਨਾ ਵਾਇਰਸ ਦੀ ਬੀਮਾਰੀ ਨਾਲ ਜੂਝ ਰਹੀ ਸੀ ਤਾਂ ਸਾਡੇ ਭਾਰਤ ਦੇ ਲੋਕਾਂ ਨੇ ਥਾਲੀਆਂ ਕੁੱਟੀਆਂ ਤੇ ਭੰਗੜੇ ਪਾਏ। ਸਰਕਾਰ ਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋ ਲੋਕਾਂ ਨੂੰ ਘਰ ਰਹਿਣ ਦੀ ਅਪੀਲ ਕੀਤੀ ਹੈ ਪਰ ਸਾਡੇ ਲੋਕ ਅਵੇਸਲੇ ਹੋ ਕੇ ਸੜਕਾਂ ਵਿੱਚ ਘੁੰਮ ਫਿਰ ਰਹੇ ਹਨ। ਜਿਸਦੇ ਫਲਸਰੂਪ ਪੰਜਾਬ ਵਿੱਚ ਅੱਜ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ ਹੈ,ਜੋ ਕਿ ਪੰਜਾਬ ਸਰਕਾਰ ਦਾ ਇਕ ਸ਼ਲਾਘਾਯੋਗ ਉਪਰਾਲਾ ਹੈ।


ਇਸ ਤੋ ਇਲਾਵਾ ਸਾਡੇ ਲੋਕਾਂ ਨੂੰ ਇਹ ਬੀਮਾਰੀ ਸਿਰਫ ਮਜ਼ਾਕ ਲੱਗ ਰਹੀ ਹੈ ਤੇ ਸਾਡੇ ਕੋਲ ਚੁਟਕਲੇ/ਬੋਲੀਆਂ ਬਣਾ ਕੇ ਮਜ਼ਾਕ ਉੱਡਾ ਰਹੇ ਹਨ। ਚੀਨ,ਇਟਲੀ ਤੋ ਬਾਅਦ ਇਹ ਬੀਮਾਰੀ ਇਗਲੈਡ ਵਿੱਚ ਵੀ ਦਸਤਕ ਦੇ ਚੁੱਕੀ ਸੀ ਤਾਂ ਇੰਗਲੈਂਡ ਦੇ ਇਕ ਸੱਜਰੇ ਬਣੇ ਕਲਾਕਾਰ ਨੇ ਸਿਰ ਤੇ ਤੌਲੀਆ ਲੈ ਕੇ tiktok ਤੇ ਖੂਬ ਬੋਲੀਆਂ ਪਾ ਕੇ ਵੀਡਿਉ ਬਣਾਈਆਂ। ਜਦੋ ਉਸ ਕਲਾਕਾਰ ਨੂੰ ਕੁੱਝ ਸਿਆਣੇ ਬੰਦਿਆਂ ਨੇ ਸਮਝਾਉਣਾ ਚਾਹਿਆ ਤਾਂ ਉਸਨੇ ਪਤਵੰਤੇ ਸੱਜਣਾਂ ਨੂੰ ਗਾਲਾਂ ਕੱਢੀਆਂ। ਇਹ ਸਾਡੀ ਘਟੀਆ ਮਾਨਸਿਕਤਾ ਦਾ ਸਬੂਤ ਨਹੀ ਤਾਂ ਹੋਰ ਕੀ ਹੈ??????
ਜਦੋ ਦੁਨੀਆਂ ਦੀ ਇੰਨੀ ਵੱਡੀ ਤਾਕਤ ਅਮਰੀਕਾ ਵਰਗੇ ਦੇਸ਼ ਦੇ ਹੱਥ ਖੜੇ ਹਨ ਤਾਂ ਅਸੀ ਕਿਹੜੇ ਬਾਗ ਦੀ ਮੂਲੀ ਹਾਂ। ਸਾਨੂੰ ਇਸ ਭਿਅੰਕਰ ਸਕੰਟ ਵਿੱਚ ਸਹਿਜ ਤੋ ਕੰਮ ਲੈਣਾ ਚਾਹੀਦਾ ਹੈ।


ਇਸ ਤੋ ਇਲਾਵਾ ਸ਼ੋਸ਼ਲ ਮੀਡੀਆ ਤੇ ਬੈਠਾ ਹਰ ਵਿਅਕਤੀ ਆਪਣੇ-ਆਪ ਨੂੰ ਪੱਤਰਕਾਰ ਸਮਝਦਾ। ਲਾਈਕ ਤੇ ਸ਼ੇਅਰ ਦੇ ਚੱਕਰ ਵਿੱਚ ਪਤਾ ਨਹੀ ਕੀ-ਕੀ ਪੋਸਟ ਕਰੀ ਜਾਂਦੇ ਹਨ।
ਪਹਿਲਾਂ UK ਦੀ ਬੀਬੀ ਦੀ ਵੀਡਿਉ ਨੂੰ ਟਰੂਡੋ ਦੀ ਪਤਨੀ ਦੱਸਦੇ ਰਹੇ ਤੇ ਹੁਣ ਬ੍ਰਾਜ਼ੀਲ ਦੇ ਪ੍ਰਧਾਨ ਮੰਤਰੀ ਜੈਰ ਬਲੋਸਨਾਰੋ ਨੂੰ ਇਟਲੀ ਦਾ ਪ੍ਰਧਾਨ ਮੰਤਰੀ ਦੱਸ ਕੇ ਪੋਸਟਾਂ ਨੂੰ ਧੜਾਧੜ ਸ਼ੇਅਰ ਕੀਤਾ ਜਾ ਰਿਹਾ ਹੈ। ਘਟੋ- ਘੱਟ ਪੋਸਟ ਲਿੱਖਣ ਵੇਲੇ ਗੂਗਲ ਬਾਬੇ ਨੂੰ ਹੀ ਪੁੱਛ ਲਿਆ ਕਰੋ।


ਅੱਗੇ ਗਲ ਕਰਦੇ ਹਾਂ,ਉਹਨਾਂ ਅਖੌਤੀ ਸਮਾਜ ਸੇਵਕਾਂ ਦੀ,ਜਿਹੜੇ ਲਾਈਵ ਹੋ ਕੇ ਧਾਰਮਿਕ ਸਥਾਨਾਂ ਨੂੰ ਬੰਦ ਕਰਕੇ ਹਸਪਤਾਲ ਬੰਦ ਕਰਨ ਲਈ ਸੰਘ ਪਾੜ ਰਹੇ ਹਨ। ਜਦੋ ਕਿ SGPC ਨੇ ਗੁਰੂ ਦੀ ਗੋਲਕ ਅਤੇ ਸਰਾਵਾਂ ਨੂੰ ਲੋੜਵੰਦਾ ਲਈ ਖੋਲਣ ਲਈ ਆਦੇਸ਼ ਦਿੱਤੇ ਹਨ। ਅਮਰੀਕਾ ਵਰਗੇ ਦੇਸ਼ ਨੇ ਸਿੱਖ ਪਾਰਲੀਮੈਂਟ ਨੂੰ ਲੋੜਵੰਦ ਲੋਕਾਂ ਦੀ ਮਦਦ ਲਈ ਲੰਗਰਾਂ ਦਾ ਪ੍ਰਬੰਧ ਕਰਨ ਲਈ ਕਿਹਾ ਹੈ।


ਇਸ ਭਿਆਨਕ ਬਿਮਾਰੀ ਦੇ ਤੂਫਾਨ ਵਿੱਚ ਸਭ ਤੋ ਵੱਡੀ ਲੋੜ ਇਹ ਵੀ ਹੈ ਕਿ ਦਵਾਈਆਂ ਵੇਚਣ ਵਾਲੇ ਅਤੇ ਮੁੱਢਲੀਆਂ ਲੋੜ ਦੀਆਂ ਵਸਤਾਂ ਵੇਚਣ ਵਾਲੇ ਲੋਕ ਮੁਨਾਫ਼ਾ ਕਮਾਉਣ ਦੀ ਹੋੜ ਵਿਚ ਲੋਕਾਂ ਦਾ ਸ਼ੋਸ਼ਣ ਨਾ ਕਰਨ,ਕਿਉਂਕਿ ਇਸ ਤਰ੍ਹਾਂ ਦੀਆਂ ਖ਼ਬਰਾਂ ਵੱਡੀ ਪੱਧਰ ਤੇ ਆ ਰਹੀਆਂ ਹਨ। ਲੋੜੀਂਦੀਆਂ ਦਵਾਈਆਂ ਤਾਂ ਇਕ ਪਾਸੇ ਰਹੀਆਂ, ਸੈਨੀਟਾਈਜ਼ਰ ਅਤੇ ਮਾਸਕਾਂ ਦੀਆਂ ਕੀਮਤਾਂ ਹੀ ਕਈ ਗੁਣਾਂ ਦਵਾਈਆਂ ਵੇਚਣ ਵਾਲਿਆਂ ਵਲੋਂ ਵਧਾ ਦਿੱਤੀਆਂ ਗਈਆਂ ਹਨ। ਜਿੰਨਾ ਤੇ ਸਰਕਾਰ ਵੱਲੋ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸ ਤੋ ਇਲਾਵਾ ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ਵੀ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ।
ਇਸ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਹੋਰ ਵੀ ਭਾਰੀ ਵਾਧਾ ਹੋ ਸਕਦਾ ਹੈ। ਬਿਨਾਂ ਸ਼ੱਕ ਇਸ ਸਮੇਂ ਸਰਕਾਰਾਂ ਅਤੇ ਹੇਠਾਂ ਤੱਕ ਆਮ ਲੋਕਾਂ ਦੇ ਆਪਸੀ ਸਹਿਯੋਗ ਨਾਲ ਹੀ ਇਸ ਵੱਡੀ ਮਹਾਂਮਾਰੀ ਨੂੰ ਹਰਾਇਆ ਜਾ ਸਕਦਾ ਹੈ। ਜੇਕਰ ਇਸ ਤਰ੍ਹਾਂ ਦੀ ਲਾਮਬੰਦੀ ਕਰਨ ਵਿਚ ਭਾਰਤ ਸਫਲ ਹੁੰਦਾ ਹੈ ਤਾਂ ਉਹ ਨਿਸਚੇ ਹੀ ਇਸ ਮਹਾਂਮਾਰੀ ਨੂੰ ਦੂਜੇ ਪੜਾਅ 'ਤੇ ਹੀ ਰੋਕਣ ਦੇ ਸਮਰੱਥ ਹੋ ਸਕਦਾ ਹੈ।

ਸਰਬੱਤ ਦੇ ਭਲੇ ਦੀ ਅਰਦਾਸ ਨਾਲ,
ਮਨਦੀਪ ਕੌਰ ਪੰਨੂ