ਭਾਈ ਮਰਦਾਨਿਆਂ - ਸ਼ਾਮ ਸਿੰਘ, ਅੰਗ-ਸੰਗ

ਭਾਈ ਮਰਦਾਨੇ ਗਾ ਤੂੰ
ਰੂਹਾਨੀ ਜਹੇ ਰਾਗ ਨੂੰ
ਖ਼ਤਰੇ ਤੋਂ ਬਚਾ ਯਾਰਾ
ਮਾਨਵਤਾ ਦੇ ਬਾਗ ਨੂੰ।

ਸਾਰੀ ਦੁਨੀਆਂ ਨੂੰ ਹੈ
ਸਹਾਰਾ ਸੱਚੀ ਬਾਣੀ ਦਾ
ਤੇਰੀਆਂ ਤਰੰਗਾਂ ਸੁਣ
ਰੱਬ ਨੂੰ ਹੈ ਜਾਣੀਂ ਦਾ
ਸਾਡੀ ਘੂਕ ਨੀਂਦ ਵਿਚ
ਪੁਆ ਦੇ ਫੇਰਾ ਜਾਗ ਨੂੰ।

ਗੁਰੂ ਨਾਨਕ ਦੀ ਬਾਣੀ
ਕਿਧਰੇ ਵੀ ਤੂੰ ਗਾਵੇਂਗਾ
ਸਾਰੇ ਹੀ ਮਾਹੌਲ ਵਿਚ
ਤਰੰਗਾਂ ਬਿਖਰਾਵੇਂਗਾ
ਜਿਹੜਾ ਵੀ ਸੁਣੇਗਾ ਕੰਨੀਂ
ਕਹੇਗਾ ਧੰਨ ਭਾਗ ਨੂੰ।

ਤੁਰ ਪਊ ਸੁਰਾਂ ਪਿੱਛੇ
ਰੂਹ ਹੈ ਜੋ ਉਡੀਕਦੀ
ਖ਼ਿਆਲਾਂ ਵਿਚ ਉਡ ਕੇ
ਰਾਹ ਹੈ ਸੋ ਉਲੀਕਦੀ
ਕੋਇਲ ਬਣਾ ਲਵੇਗੀ
ਮਨ ਕਾਲੇ ਕਾਗ ਨੂੰ।

ਭਾੲੀ ਮਰਦਾਨਾ ਸਾਡਾ
ਜਦ ਵੀ ਸੁਰਾਂ ਖੋਲਦਾ
ਕੱਲੀ ਕੱਲੀ ਸੁਰ ਵਿੱਚੋਂ
ਫਿਰ ਰੱਬ ਆਪ ਬੋਲਦਾ
ਹਰ ਕੋਈ ਵਸਾਏ ਰੂਹ ' ਚ
ਸੁਹਣੇ ਮਿੱਠੇ ਰਾਗ ਨੂੰ।

ਸੁਣ ਕੇ ਰਬਾਬ ਤੇਰੀ
ਹੋਣ ਰੂਹਾਂ ਰੱਬ ਰੱਤੀਆਂ
ਜਗ ਪੈਣਾ ੳੁਨ੍ਹਾਂ ਵਿਚ
ਨੂਰ ਦੀਆਂ ਬੱਤੀਆਂ
ਸ਼ਾਮ ਜੇ ਅਮਲ ਚੰਗੇ
ਉਹ ਧੋ ਦੇਣ ਦਾਗ਼ ਨੂੰ।

ਭਾਈ ਮਰਦਾਨੇ ਗਾ ਤੂੰ
ਰੂਹਾਨੀ ਜਹੇ ਰਾਗ ਨੂੰ
ਖ਼ਤਰੇ ਤੋਂ ਬਚਾ ਯਾਰਾ
ਮਾਨਵਤਾ ਦੇ ਬਾਗ ਨੂੰ।