ਝੂਠ ਦੇ ਪੈਰ - ਨਿਰਮਲ ਸਿੰਘ ਕੰਧਾਲਵੀ

ਅੱਜ ਫਿਰ ਸੱਚ ਨਿੰਮੋਝੂਣਾ ਜਿਹਾ ਹੋਇਆ ਇਕ ਮੁਕੱਦਮੇ ਦੀ ਪੇਸ਼ੀ 'ਤੇ ਜਾ ਰਿਹਾ ਸੀ।ਪਿਛਲੀ ਪੇਸ਼ੀ ਸਮੇਂ ਵੀ ਉਸ ਨੇ ਦੇਖਿਆ ਸੀ ਕਿ ਉਸ ਵਲੋਂ ਦਿੱਤੇ ਸੱਚੇ ਬਿਆਨ ਸਮੇਂ ਜੱਜ ਵੀ ਉਬਾਸੀਆਂ ਲੈਣ ਲੱਗ ਪਿਆ ਸੀ।ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹਦੀ ਸੱਚੀ ਗਵਾਹੀ ਦੇ ਬਾਵਜੂਦ ਉਹ ਮੁਕੱਦਮੇ ਕਿਉਂ ਹਾਰ ਜਾਂਦਾ ਸੀ ਤੇ ਝੂਠੀਆਂ ਗਵਾਹੀਆਂ ਦੇਣ ਵਾਲੇ ਲੋਕ ਮੁਕੱਦਮੇ ਕਿਵੇਂ ਜਿੱਤ ਜਾਂਦੇ ਸਨ।ਸਮਾਜ ਵਿਚ ਹੁੰਦੀ ਆਪਣੀ ਬੇਕਦਰੀ ਤੋਂ ਉਹ ਬਹੁਤ ਪ੍ਰੇਸ਼ਾਨ ਸੀ।
ਉਹ ਸੋਚਾਂ ਵਿਚ ਗੁਆਚਾ ਤੁਰਿਆ ਜਾ ਰਿਹਾ ਸੀ ਕਿ ਇਤਨੀ ਦੇਰ ਨੂੰ ਝੂਠ ਵੀ ਦੁੜੰਗੇ ਲਾਉਂਦਾ ਉਸ ਨਾਲ ਆ ਰਲ਼ਿਆ।ਉਸ ਨੇ ਸੱਚ ਨੂੰ ਆਪਣੀ ਬਾਂਹ ਦਾ ਸਹਾਰਾ ਦੇਕੇ ਆਪਣੇ ਨਾਲ ਤੋਰ ਲਿਆ।
ਥੋੜ੍ਹੀ ਦੂਰ ਗਏ ਤਾਂ ਰਾਹ ਵਿਚ ਇਕ ਕਮਾਦ ਦਾ ਖੇਤ ਆ ਗਿਆ।ਝੂਠ ਨੇ ਸਲਾਹ ਦਿੱਤੀ ਕਿ ਗੰਨੇ ਚੂਪੇ ਜਾਣ ਪਰ ਸੱਚ ਨੇ ਇਹ ਕਹਿ ਕੇ ਇਨਕਾਰ ਕਰ ਦਿਤਾ ਕਿ ਇਹ ਤਾਂ ਚੋਰੀ ਹੋਵੇਗੀ ਪਰ ਝੂਠ ਬਜ਼ਿਦ ਸੀ ਕਿ ਗੰਨੇ ਜ਼ਰੂਰ ਚੂਪਣੇ ਹਨ।ਸੱਚ ਨੇ ਸਲਾਹ ਦਿਤੀ ਕਿ ਜੇ ਉਹਦਾ ਜ਼ਰੂਰ ਹੀ ਗੰਨੇ ਚੂਪਣ ਨੂੰ ਦਿਲ ਕਰਦਾ ਹੈ ਤਾਂ ਉਹ ਖੇਤ ਦੇ ਮਾਲਕ ਤੋਂ ਪੁੱਛ ਕੇ ਲੈ ਲਵੇ।ਪਰ ਝੂਠ ਦਾ ਕਹਿਣਾ ਸੀ ਕਿ ਖੇਤ ਦੇ ਮਾਲਕ ਨੂੰ ਕਿੱਥੋਂ ਲੱਭਿਆ ਜਾਵੇਗਾ?
ਜਦੋਂ ਸੱਚ ਨਾ ਹੀ ਮੰਨਿਆਂ ਤਾਂ ਝੂਠ ਕਹਿਣ ਲੱਗਾ ਕਿ ਉਹ ਉਹਦੇ ਨਾਲ ਖੇਤ ਵਿਚ ਚਲਿਆ ਚਲੇ, ਗੰਨੇ ਭਾਵੇਂ ਨਾ ਭੰਨੇ।ਸੱਚ ਦੇ ਨਾਂਹ ਨਾਂਹ ਕਰਦਿਆਂ ਵੀ ਝੂਠ ਨੇ ਬਦੋ ਬਦੀ ਉਸ ਨੂੰ ਆਪਣੇ ਨਾਲ਼ ਤੋਰ ਲਿਆ।
ਝੂਠ ਨੇ ਇਕ ਮੋਟਾ ਜਿਹਾ ਗੰਨਾ ਭੰਨਿਆਂ ਤੇ ਉੱਥੇ ਬੈਠ ਕੇ ਹੀ ਚੂਪਣਾ ਸ਼ੁਰੂ ਕਰ ਦਿੱਤਾ।
ਖੇਤ ਵਿਚੋਂ ਨਿਕਲ ਕੇ ਅਜੇ ਉਹ ਥੋੜ੍ਹੀ ਦੂਰ ਹੀ ਗਏ ਸਨ ਕਿ ਕਿਸੇ ਦੀ ਸੂਹ ਉੱਤੇ ਖੇਤ ਦਾ ਮਾਲਕ
ਆਪਣੇ ਬੰਦਿਆਂ ਨੂੰ ਲੈ ਕੇ ਆ ਧਮਕਿਆ ਤੇ ਉਨ੍ਹਾਂ ਦੋਵਾਂ ਨੂੰ ਫੜ ਕੇ ਬੋਹੜਾਂ ਥੱਲੇ ਬੈਠੀ ਪਿੰਡ ਦੀ ਪੰਚਾਇਤ ਸਾਹਮਣੇ ਲੈ ਗਿਆ।ਜਦੋਂ ਉਹਨਾਂ ਪਾਸੋਂ ਗੰਨਿਆਂ ਦੀ ਚੋਰੀ ਬਾਰੇ ਪੁੱਛਿਆ ਗਿਆ ਤਾਂ ਝੂਠ ਤਾਂ ਸਾਫ਼ ਹੀ ਮੁਕਰ ਗਿਆ ਕਿ ਉਹ ਖੇਤ ਵਿਚ ਵੜਿਆ ਸੀ। ਸੱਚ ਵਿਚਾਰਾ ਨਿੰਮੋਝੂਣਾ ਜਿਹਾ ਹੋਇਆ ਨੀਵੀਂ ਪਾਈ ਖੜ੍ਹਾ ਸੀ ਜਿਵੇਂ ਉਹਦੀ ਚੁੱਪ ਹੀ ਸੱਚ ਬਿਆਨ ਕਰ ਰਹੀ ਸੀ।ਜਦੋਂ ਖੇਤ ਦੇ ਮਾਲਕ ਨੇ ਤਾਜ਼ੇ ਹੀ ਚੂਪੇ ਹੋਏ ਗੰਨਿਆ ਦੇ ਛਿੱਲੜ ਸਬੂਤ ਵਜੋਂ ਪੇਸ਼ ਕੀਤੇ ਤਾਂ ਝੂਠ ਕਹਿਣ ਲੱਗਾ, '' ਸ਼੍ਰੀਮਾਨ ਜੀ, ਧੁੱਪ ਬਹੁਤ ਹੋਣ ਕਰ ਕੇ ਮੈਂ ਤਾਂ ਥੋੜ੍ਹੀ ਦੇਰ ਵਾਸਤੇ ਟਾਹਲੀ ਦੀ ਛਾਂ ਹੇਠ ਆਰਾਮ ਕਰਨ ਲੱਗ ਪਿਆ ਸਾਂ, ਹੋ ਸਕਦੈ ਮੇਰੇ ਸਾਥੀ ਨੇ ਗੰਨੇ ਭੰਨੇ ਹੋਣ, ਮੈਂ ਤਾਂ ਜੀ ਖੇਤ ਵਿਚ ਵੜਿਆ ਹੀ ਨਹੀਂ, ਜੇ ਮੇਰਾ ਯਕੀਨ ਨਹੀਂ ਤਾਂ ਚਲ ਕੇ ਖੇਤ ਵਿਚ ਪੈਰਾਂ ਦੇ ਨਿਸ਼ਾਨ ਦੇਖ ਲਵੋ।''
ਝੂਠ ਨੇ ਆਪਣੀ ਗੱਲ ਏਨੇ ਜ਼ੋਰਦਾਰ ਢੰਗ ਨਾਲ ਕਹੀ ਕਿ ਪੰਚਾਇਤ ਨੂੰ ਵੀ ਯਕੀਨ ਜਿਹਾ ਹੋ ਗਿਆ ਤੇ ਉਹਨਾਂ ਸੱਚ ਦੀ ਕੋਈ ਗੱਲ ਸੁਣਨ ਦੀ ਲੋੜ ਹੀ ਨਾ ਸਮਝੀ ਤੇ ਉਨ੍ਹਾਂ ਦੋਵਾਂ ਨੂੰ ਲੈ ਕੇ ਖੇਤ ਨੂੰ ਤੁਰ ਪਏ।
ਪੰਚਾਇਤ ਨੇ ਖੇਤ ਵਿਚ ਪਹੁੰਚ ਕੇ ਜਦੋਂ ਪੈੜਾਂ ਦੇਖੀਆਂ ਤਾਂ ਝੂਠ ਦੀ ਗੱਲ ਠੀਕ ਹੀ ਸੀ ਕਿ ਸੱਚ ਦੇ ਪੈਰਾਂ ਦੀ ਪੈੜ ਤਾਂ ਪਛਾਣੀ ਜਾ ਰਹੀ ਸੀ ਪਰ ਹੋਰ ਉਥੇ ਕੋਈ ਵੀ ਪੈੜ ਨਹੀਂ ਸੀ।ਪੰਚਾਇਤ ਨੇ ਸੱਚ ਨੂੰ ਲਾਹਨਤਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਲਈ ਸਜ਼ਾ ਤਜਵੀਜ਼ ਕਰਨ ਲੱਗੇ।
ਸੱਚ ਵਿਚਾਰਾ ਨੀਵੀਂ ਪਾਈ ਖੜ੍ਹਾ ਸੀ।ਉਹ ਕਿਸੇ ਵੀ ਤਰ੍ਹਾਂ ਆਪਣੇ ਆਪ ਨੂੰ ਨਿਰਦੋਸ਼ ਸਾਬਤ ਨਹੀਂ ਸੀ ਕਰ ਸਕਦਾ।ਉਹ ਹੈਰਾਨ ਪ੍ਰੇਸ਼ਾਨ ਹੋ ਰਿਹਾ ਸੀ ਕਿ ਇਹ ਕਿਵੇਂ ਹੋ ਗਿਆ ਸੀ ਕਿ ਝੂਠ ਦੇ ਪੈਰਾਂ ਦੇ ਨਿਸ਼ਾਨ ਕਿਉਂ ਨਹੀਂ ਸਨ ਉੱਥੇ ਜਦ ਕਿ ਉਹ ਦੋਵੇਂ ਇਕੱਠੇ ਹੀ ਖੇਤ ਵਿਚ ਵੜੇ ਸਨ, ਪਰ ਅਚਾਨਕ ਹੀ ਉਸ ਨੂੰ ਖ਼ਿਆਲ ਆਇਆ ਕਿ ਝੂਠ ਦੀ ਪੈੜ ਕਿੱਥੋਂ ਲੱਗਣੀ ਸੀ ਕਿਉਂਕਿ ਉਸ ਦੇ ਤਾਂ ਪੈਰ ਹੀ ਨਹੀਂ ਹੁੰਦੇ।
ਸੱਚ ਵਿਚਾਰਾ ਇਕ ਵਾਰ ਫੇਰ ਝੂਠ ਹੱਥੋਂ ਮਾਤ ਖਾ ਗਿਆ ਸੀ।