ਪਰਛਾਵੇਂ ਸਾਥ ਨਾ ਦਿੰਦੇ

ਪਰਛਾਵੇਂ ਸਾਥ ਨਾ ਦਿੰਦੇ,
ਅੱਗ ਲੱਗ ਜਾਂਵਦੀ ਪਿੰਡੇ,
ਵੇਖ ਠੰਡੇ ਹੌਂਕੇ ਭਰਦਾ ਏ ਬੰਦਾ,
ਸਾਹ ਸਾਰਿਆਂ ਦਾ ਸੁੱਕਦਾ,
ਪਰ ਕੋਈ ਨਹੀਓਂ ਪੁੱਛਦਾ,
ਜਦ ਚਿਤਾ ਉੱਤੇ ਚੜ੍ਹਦਾ ਏ ਬੰਦਾ

ਸੋਨਾ ਪਾਇਆ ਲਾਹ ਲੈਂਦੇ ਨੇ,
ਕੱਪੜੇ ਵੀ ਸਾੜ ਦਿੰਦੇ ਨੇ,
ਫ਼ੂਕ ਦੇਵੋ ਕਿਸ ਕੰਮ ਦਾ ਏ ਬੰਦਾ,
ਸਾਹ ਸਾਰਿਆਂ ਦਾ ਸੁੱਕਦਾ,
ਪਰ ਕੋਈ ਨਹੀਓਂ ਪੁੱਛਦਾ,
ਜਦ ਚਿਤਾ ਉੱਤੇ ਚੜ੍ਹਦਾ ਏ ਬੰਦਾ





ਕਿਉਂ ਮਰੇ ਦਾ ਸ਼ਰਾਧ ਕਰਦੇ,
ਮਹੀਨਾ ਭਰ ਰਹਿਣ ਡਰਦੇ,
ਕਹਿੰਦੇ ਚਿੰਬੜੇ ਨਾ ਘਰਦਾ ਏ ਬੰਦਾ,
ਸਾਹ ਸਾਰਿਆਂ ਦਾ ਸੁੱਕਦਾ,
ਪਰ ਕੋਈ ਨਹੀਓਂ ਪੁੱਛਦਾ,
ਜਦ ਚਿਤਾ ਉੱਤੇ ਚੜ੍ਹਦਾ ਏ ਬੰਦਾ

ਚੁੱਪ ਦਾ ਜਵਾਬ ਕੋਈ ਨਾ,
ਤੇ ਤੀਵੀਂ ਦਾ ਹਿਸਾਬ ਕੋਈ ਨਾ,
ਜਿਹਨੂੰ ਵਿਆਹ ਕੇ ਘਰ ਵੜਦਾ ਏ ਬੰਦਾ,
ਸਾਹ ਸਾਰਿਆਂ ਦਾ ਸੁੱਕਦਾ,
ਪਰ ਕੋਈ ਨਹੀਓਂ ਪੁੱਛਦਾ,
ਜਦ ਚਿਤਾ ਉੱਤੇ ਚੜ੍ਹਦਾ ਏ ਬੰਦਾ

ਜਾ ਜਗ੍ਹਾ ਸ਼ਮਸ਼ਾਨੇ ਮੱਲਣੀ,
ਧੌਂਸ ਯਸ਼ੂ ਨਹੀਓਂ ਚੱਲਣੀ,
ਫਿਰ ਕਾਸਤੋਂ ਆਕੜਦਾ ਏ ਬੰਦਾ,
ਸਾਹ ਸਾਰਿਆਂ ਦਾ ਸੁੱਕਦਾ,
ਪਰ ਕੋਈ ਨਹੀਓਂ ਪੁੱਛਦਾ,
ਜਦ ਚਿਤਾ ਉੱਤੇ ਚੜ੍ਹਦਾ ਏ ਬੰਦਾ