ਡੰਗ ਅਤੇ ਚੋਭਾਂ - ਗੁਰਮੀਤ ਸਿੰਘ ਪਲਾਹੀ

ਮੈਨੂੰ ਤਾਂ ਹਰ ਵੇਲੇ ਚਿੰਤਾ ਲੱਗੀ ਏ,
ਕਿਸਰਾਂ ਸ਼ਹਿਦ ਬਣਾਵਾਂ ਪਾਣੀ ਖਾਰੇ ਨੂੰ।

ਖ਼ਬਰ ਹੈ ਕਿ  ਇਟਲੀ 'ਚ ਕੁਝ ਸ਼ਰਾਰਤੀ ਅਨਸਰਾਂ ਵਲੋਂ ਇਟਲੀ ਸਰਕਾਰ ਵਲੋਂ 6 ਲੱਖ ਵਿਦੇਸ਼ੀਆਂ ਨੂੰ ਪੱਕੇ ਕਰਨ ਦੀਆ ਝੂਠੀਆਂ ਖ਼ਬਰਾਂ ਫੈਲਾਕੇ ਇਥੇ ਵਸਦੇ ਬਿਨ੍ਹਾਂ ਪੇਪਰਾਂ ਦੇ ਵਿਦੇਸ਼ੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਹ ਠੱਗ ਲੋਕ ਝੂਠੀਆਂ ਅਫ਼ਵਾਹਾਂ ਫੈਲਾਅ ਕੇ ਆਪਣੀਆਂ ਜੇਬਾਂ ਗਰਮ ਕਰਨ ਦੀਆਂ ਸਕੀਮਾਂ ਲਗਾ ਰਹੇ ਹਨ। ਇਟਲੀ ਦੀ ਖੇਤੀਬਾੜੀ ਮੰਤਰੀ ਵਲੋਂ ਕੁਝ ਮਹੀਨੇ ਪਹਿਲਾਂ ਖੇਤੀਬਾੜੀ ਦਾ ਕੰਮ ਕਰ ਰਹੇ ਕੱਚੇ ਵਿਦੇਸ਼ੀਆਂ ਦੇ ਹੱਕ 'ਚ ਇਟਾਲੀਅਨ ਸਰਕਾਰ ਨੂੰ ਇਹ ਪੇਸ਼ਕਸ਼ ਕੀਤੀ ਗਈ ਸੀ ਪਰ ਉਹਨਾ ਦੀ ਇਸ ਪੇਸ਼ਕਸ਼ ਨੂੰ ਗਲਤ ਤਰੀਕੇ ਨਾਲ ਸ਼ੋਸ਼ਲ ਮੀਡੀਆ ਉਤੇ ਪੇਸ਼ ਕੀਤਾ ਜਾ ਰਿਹਾ ਹੈ।
 ਭ੍ਰਿਸ਼ਟਾਚਾਰ, ਭ੍ਰਿਸ਼ਟਾਚਾਰ-ਹਰ ਪਾਸੇ ਹੈ ਭ੍ਰਿਸ਼ਟਾਚਾਰ। ਧੋਖਾ, ਧੌਖਾ- ਹਰ ਪਾਸੇ ਹੈ ਧੋਖਾ। ਸ਼ਰਾਰਤੀ ਅਨਸਰ ਤਾਂ ਹੁੰਦੇ ਨੇ ਧੋਖੇ, ਭ੍ਰਿਸ਼ਟਾਚਾਰ, ਹੇਰਾ-ਫੇਰੀ, ਧੋਖਾ-ਧੜੀ ਦੇ ਸੌਦਾਗਰ। ਜਿਹੜੇ ਹਰ ਵੇਲੇ ਚਿਤਵਦੇ ਨੇ ''ਕਿੰਨੇ ਪਿੰਡ ਰੁੜ੍ਹੇ ਨੇ ਤੇ ਸਾਡੇ ਖਜ਼ਾਨੇ ਭਰੇ ਨੇ?'' ਭੁੱਖੀ-ਤਿਹਾਈ ਮਾਨਵਤਾ ਹਾਹਾਕਾਰ ਕਰ ਰਹੀ ਏ ਤੇ ਇਹ ਧੇਖੇਬਾਜ ਸਮੁੰਦਰਾਂ ਰਾਹੀਂ, ਜੰਗਲਾਂ ਰਾਹੀਂ ਬੰਦਿਆਂ ਦਾ ਪ੍ਰਵਾਸ ਕਰਾ ਰਹੇ ਨੇ, ਉਹਨਾ ਨੂੰ ਪੱਕੇ  ਕਰਨ ਦੀਆਂ ਖਿੱਲਾਂ ਪਾ ਰਹੇ ਨੇ।
ਵਿਹਲਿਆਂ ਦੀ ਜਮਾਤ ਨੇ ਨੇਤਾ। ਵਿਹਲਿਆਂ ਦੇ ਅੱਗੋਂ ਵਿਹਲੇ ਨੇ ਇਹ ਮਾਫੀਆ ਵਾਲੇ ਲੰਗੋਟੀ-ਚੁੱਕ  ਵਿਹਲਿਆਂ ਦੇ ਵਿਹਲੇ ਨੇ ਇਹ ਏਜੰਡ। ਵਿਹਲਿਆਂ ਦੇ ਵਿਹਲੇ ਨੇ ਇਹ ਇਨਸਾਨ ਦੇ ਖਿਲਾਫ਼ ਕੋਹਝਿਆਂ ਦਾ ਏਕਾ, ਧਾੜਵੀਆਂ ਦਾ ਧਾੜਾ ਕਰਨ ਵਾਲੇ। ਗੁੰਗੇ-ਬੋਲੇ ਬਣਕੇ ਇਹ ਲੋਕਾਂ ਦੀਆਂ ਰਮਜ਼ਾਂ ਬਣਦੇ ਨੇ, ਉਹਨਾ ਦੀਆਂ ਜੇਬਾਂ ਫਰੋਲਦੇ ਨੇ। ਉਹ ਕੰਮ ਕਰ ਜਾਂਦੇ ਨੇ, ਜਿਹੜੇ ਕੋਈ ਨਹੀਂ ਕਰ ਸਕਦਾ। ਤੋਪਾਂ ਦੇ ਸੋਦਿਆਂ ਲਈ ਘੁਟਾਲਾ, ਹੈਲੀਕਾਪਟਰਾਂ ਦਾ ਘੁਟਾਲਾ, ਚਾਰਾ ਘੁਟਾਲਾ, ਸਭ ਦਲਾਲਾਂ, ਏਜੰਟਾਂ ਦਾ ਪ੍ਰਤਾਪ ਆ ਭਾਈ। ਇੰਡੀਆ ਹੋਵੇ ਜਾਂ ਅਮਰੀਕਾ, ਚੀਨ ਹੋਵੇ ਜਾਂ ਜਪਾਨ, ਈਰਾਨ ਹੋਵੇ ਜਾਂ ਇਟਲੀ ਸਭ ਪਾਸੇ ਇਹਨਾ ਦੇ ਚਰਚੇ ਹਨ, ਤਦ ਕਵੀ ਕਹਿੰਦਾ ਹੈ, ''ਇਸੇ ਲਈ ਤੇ ਸ਼ਹਿਰ 'ਚ  ਮੇਰਾ ਚਰਚਾ ਏ, ਹੱਥ ਹਮੇਸ਼ਾ ਪਾਵਾਂ ਪੱਥਰ ਭਾਰੇ ਨੂੰ। ਮੈਨੂੰ ਤੇ ਹਰ ਵੇਲੇ ਚਿੰਤਾ ਲੱਗੀ ਏ, ਕਿਸਰਾਂ ਸ਼ਹਿਦ ਬਣਾਵਾਂ ਪਾਣੀ ਖਾਰੇ ਨੂੰ''।

ਆਮ ਆਦਮੀ ਮੌਤ ਦੇ ਮੂੰਹ ਆਇਆ,
ਡਾਂਗਾਂ ਚੁੱਕ ਕੇ ਲੜਨ ਇਹ ਭਾਈ-ਭਾਈ।

ਖ਼ਬਰ ਹੈ ਕਿ ਕੋਵਿਡ-19 ਨਾਲ ਨਜਿੱਠਣ ਵਾਸਤੇ ਕੇਂਦਰ ਵਲੋਂ ਸੂਬੇ ਨੂੰ ਰਾਹਤ ਦੇਣ ਦੇ ਮਾਮਲੇ 'ਚ ਕੇਂਦਰੀ ਮੰਤਰੀ ਹਰਸਿਮਰਤ ਕੌਰ  ਬਾਦਲ  ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਆਹਮੋ-ਸਾਹਮਣੇ ਆ ਗਏ ਹਨ। ਕੇਂਦਰੀ ਮੰਤਰੀ ਕਹਿ ਰਹੀ ਹੈ ਕਿ ਕੇਂਦਰ ਸਰਕਾਰ ਵਲੋਂ ਸੂਬਾ ਸਰਕਾਰ ਨੂੰ  3485 ਕਰੋੜ ਰੁਪਏ ਇਸ ਆਫ਼ਤ ਨਾਲ ਨਜਿੱਠਣ ਲਈ ਦਿੱਤੇ ਗਏ ਹਨ, ਪਰ ਕੈਪਟਨ ਕਹਿ ਰਿਹਾ ਹੈ ਕਿ ਕੇਂਦਰ ਤੋਂ ਕੋਵਿਡ-19 ਨਾਲ ਨਜਿੱਠਣ ਲਈ ਕੋਈ ਪੈਸਾ ਨਹੀਂ ਮਿਲਿਆ ਜਦਕਿ ਕੇਂਦਰ ਨੇ ਜੀ.ਐਸ.ਟੀ., ਮਨਰੇਗਾ ਆਦਿ ਦੀਆਂ ਚਾਲੂ ਸਕੀਮਾਂ 'ਚ ਪੈਸਾ ਪ੍ਰਾਪਤ ਹੋਇਆ ਹੈ ਅਤੇ ਹਾਲੇ ਵੀ 4400 ਕਰੋੜ ਰੁਪਏ ਕੇਂਦਰ ਵੱਲ ਬਕਾਇਆ ਹਨ।
 ਜਦੋਂ ਗੱਦੀ ਉਤੇ ਕਬਜ਼ਾ ਛੁੱਟਣ ਦਾ ਡਰ ਸਤਾਇਆ ਤਾਂ ਚੋਣਾਂ ਪਿਛਲੀਆਂ 'ਚ ਕਾਂਗਰਸੀ, ਅਕਾਲੀ-ਭਾਜਪਾਈਏ ਇੱਕਠੇ ਦਿਸੇ ਅਤੇ ਕਹਿੰਦੇ ਦਿਸੇ ਤੀਜੀ ਧਿਰ ਦਾ ਰਾਜ ਕਰਨ ਦਾ ਸੂਬੇ ਪੰਜਾਬ 'ਚ ਕੀ  ਕੰਮ? ਇਹ ਤਾਂ ਸਾਡੀਓ ਜਗੀਰ ਆ। ਉੱਤਰ ਕਾਟੋ ਮੈਂ ਚੜ੍ਹਾਂ !
ਆਂਹਦੇ ਆ ਪੰਜਾਬ ਦੇ ਇਹ ਸਮੇਂ-ਸਮੇਂ ਬਣੇ ਗਰੀਬ 272 ਵਿਧਾਇਕ, ਜਿਹੜੇ ਇਕਹਰੀ, ਦੂਹਰੀ, ਤੀਹਰੀ ਤੇ ਛੇਵੀਂ ਤੱਕ ਪੈਨਸ਼ਨ ਲੈਂਦੇ ਆ ਅਤੇ ਆਖਵਾਂਦੇ ਆ ''ਸੇਵਕ' ਅਤੇ ਇਹ ਸੇਵਕ ਸੌਖੇ ਵੇਲੇ ਤਾਂ ਲੜਦੇ ਹੀ ਆ, ਔਖੇ ਵੇਲੇ ਵੀ  ਲੜਨੋਂ ਨਹੀਂ ਹੱਟਦੇ, ਦਿਖਾਵਾ ਕਰਨੋਂ  ਨਹੀਂ ਖੁੰਜਦੇ। ਆਹ ਵੇਖੋ ਨਾ ਜੀ, ਆਮ ਆਦਮੀ ਰੋਟੀ ਲਈ ਲੜ ਰਿਹਾ, ਭੁੱਖ ਨਾਲ ਟੱਕਰਾਂ ਮਾਰ ਰਿਹਾ ਤੇ ਇਹ ਪੱਥਰ, ਆਪੋ-ਆਪਣੇ ਨਾਲ ਖੜਕੀ ਜਾਂਦੇ ਆ। ਇਹਨਾ ਨੂੰ ਕੀ ਭਾਈ ਕਿ ਕੋਈ ਜੀਊਂਦਾ ਕਿ ਮੋਇਆ? ਇਹਨਾ ਨੂੰ ਕੀ ਕਿ ਕੋਈ ਭੁੱਖਾ ਕਿ ਰੱਜਾ। ਤਦੇ ਤਾਂ ਇਹੋ ਜਿਹਾਂ ਬਾਰੇ ਆਂਹਦੇ ਆ ਇੱਕ ਕਵੀ ''ਆਮ ਆਦਮੀ ਮੌਤ ਦੇ ਮੂੰਹ ਆਇਆ, ਡਾਗਾਂ ਚੁੱਕ ਕੇ ਲੜਨ ਇਹ ਭਾਈ-ਭਾਈ।  ਉਂਜ ਸੱਚ ਜਾਣਿਓ, ਭਾਈ, ਖਾਂਦੇ ਆ ਇਹ ਇੱਕਠਿਆਂ ਮਲਾਈ''।

ਕੁਰਸੀ ਨੇਤਾ ਦੀ ਜਦੋਂ ਵੀ ਖਿਸਕਦੀ ਏ,
ਲੱਭਦਾ ਭੋਲੀ ਜਨਤਾ ਨੂੰ ਕਿਸ ਤਰ੍ਹਾਂ ਚਾਰੀਏ ਜੀ।

ਖ਼ਬਰ ਹੈ ਕਿ  ਕਰਨਾਟਕ ਦੇ ਭਾਜਪਾਈ ਮੁੱਖ ਮੰਤਰੀ ਬੀ.ਐਸ.ਯੇਦੀਯੁਰੱਪਾ ਨੂੰ ਸੂਬੇ ਵਿੱਚ ਇੱਕ ਨਵਾਂ ਸਮਰਥਕ ਮਿਲ ਗਿਆ ਹੈ। ਇਹ ਹਨ ਕਾਂਗਰਸ ਦੇ ਸੂਬਾ ਪ੍ਰਧਾਨ ਡੀ.ਕੇ. ਸ਼ਿਵਾ ਕੁਮਾਰ।  ਭਾਜਪਾ ਦੇ ਕਈ ਨੇਤਾ ਯੇਦੀਯੁਰੱਪਾ ਦੇ ਵਿਰੁੱਧ ਹੋ ਗਏ ਹਨ, ਕਿਉਂਕਿ ਉਹਨਾ ਨੇ ਆਪਣੀ ਪਾਰਟੀ ਦੇ ਆਗੂਆਂ ਦੀ ਆਲੋਚਨਾ ਕੀਤੀ ਸੀ ਜਿਹਨਾ ਨੇ ਕੋਵਿਡ-19 ਲਈ ਮੁਸਲਮਾਨਾਂ ਨੂੰ ਦੋਸ਼ੀ ਕਿਹਾ ਸੀ। ਹੁਣ ਸ਼ਿਵਾਕੁਮਾਰ ਖੁਲ੍ਹੇ ਤੌਰ 'ਤੇ ਯੇਦੀਯੁਰੱਪਾ ਦੇ ਹੱਕ ਵਿੱਚ ਆ ਗਏ ਹਨ।
 ਹੈ ਕੋਈ ਮਾਈ ਦਾ ਲਾਲ ਜੋ ਗਰੀਬ-ਅਮੀਰ ਦਾ ਫ਼ਰਕ ਨਾ ਲੱਭ ਸਕੇ। ਇਹ ਤਾਂ ਲੋਹੇ ਦੀ ਲੱਠ ਵਰਗਾ ਆ। ਨਾ ਮਜ਼ਹਬੀ ਪਰਦੇ  ਨਾ ਸਮਾਜੀ ਟਾਂਕੇ ਇਹਨਾ ਨੂੰ ਲੁਕਾਉਣ ਲਈ ਕੰਮ ਆਉਂਦੇ ਨੇ। ਗਰੀਬੀ ਵੱਖਰੀ ਜਾਤ, ਵੱਖਰਾ ਤਬਕਾ। ਇੰਜ ਹੀ ਭਾਈ ਨੇਤਾ ਲੋਕਾਂ ਦਾ ਵੀ ਵੱਖਰਾ ਤਬਕਾ ਹੈ, ਵੱਖਰੀ ਜਾਤ ਹੈ, ਇਹਨੂੰ ਕੋਈ ਮਜ਼ਹਬੀ ਪਰਦਾ ਨਹੀਂ। ਹੈ ਕੋਈ ਤਾਂ ਦੱਸੋ ਭਾਈ?
ਕਲਮ ਆਂਹਦੀ ਹੈ ਨੀਂਹ ਮਜ਼ਬੂਤ ਕਰੋ। ਇਕਨਲਾਬ ਲਿਆਉ।  ਲੋਕਾਂ ਦੀ ਹਾਲਤ ਬਦਲੋ। ਗਰੀਬੀ ਹਟਾਓ। ਉਪਰੋਂ ਨੇਤਾ ਕਹਿੰਦਾ ਹੈ ਲੋਕਾਂ ਦਾ ਮੂੰਹ-ਮੱਥਾ ਬਦਲਣ ਵਾਲਾ ਹੈ, ਨਵੀਆਂ ਸਕੀਮਾਂ ਲਿਆ ਰਹੇ ਆਂ। ਨਾਜ਼ਮੀ ਦੇ ਸ਼ਬਦਾਂ 'ਚ, ''ਮੈਂ ਕਹਿੰਨਾ ਵਾਂ ਇਹਦੀ ਨੀਂਹ ਮਜ਼ਬੂਤ ਕਰੋ, ਆਗੂ ਕਹਿੰਦੇ ਮੱਥਾ ਬਦਲਣ ਵਾਲਾ ਹੈ''। ਨੇਤਾ ਖੰਡ ਦੇ ਖਿਡਾਉਣੇ ਬਣਾਉਂਦਾ ਹੈ। ਲੋਕਾਂ ਨੂੰ  ਲਾਲੀ-ਪੌਪ ਦੇਂਦਾ ਹੈ, ਚਿੜੀਆਂ ਵੇਚਦਾ ਫਿਰਦਾ ਹੈ। ਅਸਲੀ ਨਹੀਂ ਨਕਲੀ ਚਿਹਰਾ ਲਾਕੇ, ਨਕਲੀ ਮਾਲ ਵੇਚਦਾ ਹੈ। ਇਸੇ ਵੇਚ-ਵਟੱਤ ਵਿੱਚ ਉਹ ਵਪਾਰੀ ਬਣਿਆ, ਜਿਥੇ ਵੀ ਉਹਦਾ ਸੌਦਾ ਵਿਕਦਾ ਵੇਚ  ਲੈਂਦਾ ਹੈ, ਮਾਲ ਦਾ ਮੁੱਲ ਵੱਟ ਲੈਂਦਾ ਹੈ, ਇਥੋਂ ਤੱਕ ਕਿ ਲੋਕਾਂ ਨੂੰ ਵੇਚਣ ਤੋਂ ਵੀ ਉਹਨੂੰ ਕਾਹਦਾ ਡਰ, ਕਾਹਦਾ ਭੌਅ। ਉਹਨੂੰ ਤਾਂ ਕੁਰਸੀ ਚਾਹੀਦੀ ਆ, ''ਕੁਰਸੀ ਨੇਤਾ ਦੀ ਜਦੋਂ ਵੀ ਖਿਸਕਦੀ ਏ, ਲੱਭਦਾ ਭੋਲੀ ਜਨਤਾ ਨੂੰ ਕਿਸ ਤਰ੍ਹਾਂ ਚਾਰੀਏ ਜੀ''।


ਨਹੀਂ ਰੀਸਾਂ ਦੇਸ਼ ਮਹਾਨ ਦੀਆਂ

ਲੌਕ-ਡਾਊਨ ਨਾਲ ਭਾਰਤ ਦੇ ਦਸ ਕਰੋੜ ਲੋਕ ਵਿਹਲੇ ਹੋ ਜਾਣਗੇ ਅਤੇ ਗਰੀਬਾਂ ਦੀ ਸੰਖਿਆ ਵਧਕੇ 91.5 ਕਰੋੜ ਹੋ ਜਾਵੇਗੀ। ਭਾਵ ਕੋਰੋਨਾ ਸੰਕਟ ਨਾਲ 7.6 ਕਰੋੜ ਲੋਕ ਅਤਿ ਗਰੀਬ ਰੇਖਾ ਸ਼੍ਰੇਣੀ 'ਚ ਸ਼ਾਮਲ ਹੋ ਜਾਣਗੇ। ਇਸ ਵੇਲੇ ਭਾਰਤ ਵਿੱਚ ਗਰੀਬੀ ਰੇਖਾ ਤੋਂ ਹੇਠ ਰਹਿਣ ਵਾਲੇ ਲੋਕਾਂ ਦੀ ਗਿਣਤੀ 81.2 ਕਰੋੜ ਹੈ ਜੋ ਦੇਸ਼ ਦੀ ਕੁਲ ਆਬਾਦੀ ਦਾ 60 ਪ੍ਰਤੀਸ਼ਤ ਹੈ।

ਇੱਕ ਵਿਚਾਰ

ਆਪਣੀਆਂ ਅਸਫ਼ਲਤਾਵਾਂ ਤੋਂ ਸ਼ਰਮਿੰਦਾ ਨਾ ਹੋਵੋ, ਬਲਕਿ ਉਹਨਾ ਤੋਂ ਸਿੱਖੋ ਅਤੇ ਫਿਰ ਤੋਂ ਨਵੀਂ ਸ਼ੁਰੂਆਤ ਕਰੋ। .........ਰਿਚਰਡ ਬਰੈਨਸਨ

-ਗੁਰਮੀਤ ਸਿੰਘ ਪਲਾਹੀ
-9815802070

-(ਪੰਜਾਬੀ ਫੀਚਰ ਸਿੰਡੀਕੇਟ ਵਲੋਂ ਜਾਰੀ)