ਹੱਦੋਂ ਵੱਧ ਡਰੇ ਬੰਦੇ ਦੀ ਹੋਣੀ - –ਸਵਰਾਜਬੀਰ

ਡਰ, ਭੈਅ, ਸਹਿਮ, ਖ਼ੌਫ਼, ਚਿੰਤਾ, ਫ਼ਿਕਰ, ਦਹਿਸ਼ਤ, ਆਤੰਕ, ਸਭ ਮਨੁੱਖੀ ਮਨੋਭਾਵ ਹਨ ਜੋ ਹਰ ਬੰਦਾ ਜ਼ਿੰਦਗੀ ਵਿਚ ਕਿਸੇ ਨਾ ਕਿਸੇ ਵੇਲੇ ਜ਼ਰੂਰ ਮਹਿਸੂਸ ਕਰਦਾ ਹੈ। ਚਿੰਤਾ ਤੇ ਫ਼ਿਕਰ ਬੰਦੇ ਦੀ ਰੋਜ਼ਮਰਾ ਜ਼ਿੰਦਗੀ ਦਾ ਹਿੱਸਾ ਹਨ। ਬੰਦੇ ਨੂੰ ਸਭ ਤੋਂ ਵੱਡਾ ਖ਼ਤਰਾ ਆਪਣੀ ਜਾਂ ਆਪਣੇ ਬਹੁਤ ਨੇੜਲੇ ਬੰਦੇ ਦੀ ਜਾਨ ਦਾ ਹੁੰਦਾ ਹੈ ਤੇ ਉਸ ਵੇਲੇ ਉਹ ਕੁਝ ਜ਼ਿਆਦਾ ਹੀ ਡਰ ਜਾਂਦਾ ਹੈ। ਡਰ ਇਕ ਸੀਮਾ ਤੋਂ ਵਧ ਜਾਏ ਤਾਂ ਅਸੀਂ 'ਸਹਿਮ', 'ਡਹਿਸ' ਤੇ 'ਖ਼ੌਫ਼' ਜਿਹੇ ਸ਼ਬਦ ਵਰਤਦੇ ਹਾਂ। ਜਦ ਵਧਿਆ ਹੋਇਆ ਡਰ ਲੋਕਾਂ ਦੀ ਵੱਡੀ ਗਿਣਤੀ ਦੇ ਮਨਾਂ ਨੂੰ ਜਕੜ ਕੇ ਸਮੂਹਿਕ ਵਰਤਾਰਾ ਬਣ ਜਾਏ ਤਾਂ ਉਸ ਨੂੰ ਆਤੰਕ ਜਾਂ ਦਹਿਸ਼ਤ ਕਿਹਾ ਜਾਂਦਾ ਹੈ।
      ਕਰੋਨਾਵਾਇਰਸ ਦੀ ਮਹਾਮਾਰੀ ਨੇ ਇਸ ਵੇਲੇ ਲੋਕਾਂ ਵਿਚ ਦਹਿਸ਼ਤ ਫੈਲਾ ਰੱਖੀ ਹੈ। ਇਸ ਨੇ ਲੋਕਾਂ ਦੇ ਮਨਾਂ 'ਤੇ ਅਜਿਹਾ ਅਸਰ ਕੀਤਾ ਹੈ ਕਿ ਉਹ ਆਪਣੇ ਘਰ ਦੇ ਜੀਅ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਮੋਢਾ ਦੇਣ ਤੋਂ ਡਰ ਰਹੇ ਹਨ। ਅਜਿਹੀਆਂ ਲਾਸ਼ਾਂ ਦਾ ਸ਼ਮਸ਼ਾਨਘਾਟਾਂ ਵਿਚ ਸਸਕਾਰ ਕਰਨ ਤੋਂ ਰੋਕਿਆ ਜਾ ਰਿਹਾ ਹੈ। ਕਈ ਥਾਵਾਂ 'ਤੇ ਡਾਕਟਰਾਂ, ਨਰਸਾਂ, ਪੈਰਾ-ਮੈਡੀਕਲ ਸਟਾਫ਼ ਅਤੇ ਸਿਹਤ ਖੇਤਰ ਦੇ ਕਾਮਿਆਂ 'ਤੇ ਹਮਲੇ ਕੀਤੇ ਗਏ। ਕਈ ਥਾਵਾਂ 'ਤੇ ਡਾਕਟਰਾਂ, ਜਿਨ੍ਹਾਂ ਨੂੰ ਲੋਕ ਰੱਬ ਦਾ ਰੂਪ ਕਹਿੰਦੇ ਹਨ, ਨੇ ਆਪਣੇ ਕਲੀਨਿਕਾਂ ਤੇ ਹਸਪਤਾਲਾਂ ਸਾਹਮਣੇ ਬੋਰਡ ਲਟਕਾ ਦਿੱਤੇ ਹਨ ਕਿ ਖੰਘ, ਜ਼ੁਕਾਮ ਤੇ ਸਾਹ ਦੀਆਂ ਬਿਮਾਰੀਆਂ ਵਾਲੇ ਮਰੀਜ਼ ਸਰਕਾਰੀ ਹਸਪਤਾਲਾਂ ਵਿਚ ਜਾਣ। ਕਈ ਥਾਵਾਂ 'ਤੇ ਕਰੋਨਾਵਾਇਰਸ ਪੀੜਤਾਂ ਜਾਂ ਸ਼ੱਕੀ ਮਰੀਜ਼ਾਂ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਹੈ। ਇਉਂ ਲੱਗਦਾ ਹੈ ਕਿ ਸਾਡੇ ਮਨਾਂ ਵਿਚ ਇਹ ਮਾਨਸਿਕਤਾ ਕਿ ਸਿਰਫ਼ ਮੈਂ ਤੇ ਮੇਰਾ ਪਰਿਵਾਰ ਜਿਊਂਦੇ ਰਹਿਣ, ਮੈਨੂੰ ਬਾਕੀ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ, ਭਾਰੂ ਹੋ ਰਹੀ ਹੈ।
        ਲੋਕ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹਨ ਪਰ ਆ ਰਹੀ ਹਰ ਜਾਣਕਾਰੀ ਹੋਰ ਡਰਾਉਣ ਵਾਲੀ ਹੈ। ਬਹੁਤ ਸਾਰੇ ਟੈਲੀਵਿਜ਼ਨ ਚੈਨਲ ਤੇ ਅਖ਼ਬਾਰਾਂ ਵੀ ਇਹੀ ਕੰਮ ਕਰ ਰਹੇ ਹਨ। ਸੋਸ਼ਲ ਮੀਡੀਆ ਆਤੰਕ ਤੇ ਅਫ਼ਵਾਹਾਂ ਫੈਲਾਉਣ ਵਿਚ ਸਭ ਤੋਂ ਅੱਗੇ ਹੈ ਪਰ ਸਭ ਤੋਂ ਜ਼ਿਆਦਾ ਸਹਿਮ ਸਰਕਾਰਾਂ ਪੈਦਾ ਕਰ ਰਹੀਆਂ ਹਨ। ਕੁਝ ਕੁ ਦੇਸ਼ਾਂ ਨੂੰ ਛੱਡ ਕੇ ਬਾਕੀ ਦੇਸ਼ਾਂ ਦੀਆਂ ਸਰਕਾਰਾਂ ਨੇ ਇਸ ਮਹਾਮਾਰੀ ਬਾਰੇ ਅਜਿਹੀ ਪਹੁੰਚ ਨਹੀਂ ਅਪਣਾਈ ਜਿਸ ਨੂੰ ਸੰਤੁਲਿਤ ਕਿਹਾ ਜਾ ਸਕੇ। ਇਸ ਤਰ੍ਹਾਂ ਲੋਕ ਡਰ ਤਾਂ ਰਹੇ ਹੀ ਹਨ ਪਰ ਇਸ ਤੋਂ ਜ਼ਿਆਦਾ ਮਹੱਤਵਪੂਰਨ ਗੱਲ ਇਹ ਹੈ ਕਿ ਉਨ੍ਹਾਂ ਨੂੰ ਡਰਾਇਆ ਜਾ ਰਿਹਾ ਹੈ ਅਤੇ ਮਨੁੱਖ ਇਸ ਸਹਿਮ ਨੂੰ ਆਪਣੀ ਹੋਣੀ ਸਮਝ ਰਹੇ ਹਨ।
      ਡਰਨਾ ਕੋਈ ਸ਼ਰਮ ਵਾਲੀ ਗੱਲ ਨਹੀਂ। ਇਹ ਸੁਭਾਵਿਕ ਵੀ ਹੈ, ਬਿਲਕੁਲ ਕੁਦਰਤੀ, ਪਰ ਹੱਦੋਂ ਵੱਧ ਡਰ ਜਾਣਾ ਆਪਣੇ ਆਪ ਵਿਚ ਬਿਮਾਰੀ ਹੈ। ਹੱਦੋਂ ਵੱਧ ਡਰੇ ਹੋਏ ਬੰਦੇ ਦਾ ਮਨੋਬਲ ਡਿੱਗ ਪੈਂਦਾ ਹੈ, ਉਹ ਢੇਰੀ ਢਾਹ ਬਹਿੰਦਾ ਹੈ, ਉਸ ਦੇ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਵਾਲੀ ਸ਼ਕਤੀ ਘਟ ਜਾਂਦੀ ਹੈ, ਉਹ ਹੋ ਰਹੀਆਂ ਘਟਨਾਵਾਂ ਬਾਰੇ ਮਿਲ ਰਹੀ ਜਾਣਕਾਰੀ ਨੂੰ ਤਰਕ ਦੇ ਤਰਾਜੂ 'ਤੇ ਨਹੀਂ ਤੋਲ ਸਕਦਾ, ਉਹ ਸਰਕਾਰ ਜਾਂ ਸਥਾਪਤੀ 'ਤੇ ਕੋਈ ਸਵਾਲ ਨਹੀਂ ਕਰਦਾ, ਉਸ ਨੂੰ ਤਾਲੀਆਂ ਵਜਾਉਣ ਲਈ ਕਿਹਾ ਜਾਵੇ ਤਾਂ ਉਹ ਤਾਲੀਆਂ ਵਜਾਏਗਾ, ਜੇ ਮੋਮਬੱਤੀਆਂ ਜਗਾਉਣ ਲਈ ਕਿਹਾ ਜਾਏ ਤਾਂ ਮੋਮਬੱਤੀਆਂ ਜਗਾਏਗਾ। ਹੱਦੋਂ ਵੱਧ ਡਰਿਆ ਬੰਦਾ ਸਰਕਾਰਾਂ ਤੇ ਤਾਕਤਵਰਾਂ ਨੂੰ ਬਹੁਤ ਮੁਆਫ਼ਕ ਹੁੰਦਾ ਹੈ।
        ਹੱਦੋਂ ਵੱਧ ਡਰੇ ਹੋਏ ਬੰਦੇ ਦੀ ਮਾਨਸਿਕਤਾ ਅਖ਼ਬਾਰਾਂ ਅਤੇ ਮੀਡੀਆ ਵਿਚ ਸੁਰਖ਼ੀਆਂ ਬਣਦੀ ਹੈ। ਕਿਤੇ ਲੋਕ ਇਸ ਗੱਲ 'ਤੇ ਇਤਰਾਜ਼ ਕਰਦੇ ਹਨ ਕਿ ਫਲਾਂ ਬੰਦਾ, ਜਿਸ ਨੂੰ ਕਰੋਨਾਵਾਇਰਸ ਦੀ ਬਿਮਾਰੀ ਹੋਣ ਦਾ ਸ਼ੱਕ ਹੈ, ਸਾਡੀ ਆਬਾਦੀ ਵਿਚ ਕਿਉਂ ਰਹਿ ਰਿਹਾ ਹੈ। ਅਜਿਹੀਆਂ ਖ਼ਬਰਾਂ ਟੀਵੀ ਚੈਨਲਾਂ ਤੇ ਅਖ਼ਬਾਰਾਂ ਵਿਚ ਉਛਾਲੀਆਂ ਜਾਂਦੀਆਂ ਹਨ। ਮੀਡੀਆ ਰਾਹੀਂ ਫੈਲਦੀ ਦਹਿਸ਼ਤ ਸਮਾਜ ਵਿਚ ਫੈਲੀ ਹੋਈ ਦਹਿਸ਼ਤ ਨੂੰ ਜ਼ਰਬ ਦਿੰਦੀ ਹੈ। ਦਹਿਸ਼ਤ ਵਧਣ ਦੀ ਇਸ ਅਜੀਬ ਪ੍ਰਕਿਰਿਆ ਵਿਚ ਲੋਕ ਦਹਿਸ਼ਤ ਭਰੀਆਂ ਖ਼ਬਰਾਂ ਪੜ੍ਹਨ ਨੂੰ ਤਰਜੀਹ ਦਿੰਦੇ, ਇਕ ਦੂਸਰੇ ਨੂੰ ਅਜਿਹੀਆਂ ਖ਼ਬਰਾਂ ਸੁਣਾਉਂਦੇ ਅਤੇ ਸੋਸ਼ਲ ਮੀਡੀਆ 'ਤੇ ਉਛਾਲਦੇ ਹਨ।
      ਸਾਡੇ ਦੇਸ਼ ਵਿਚ ਅਜਿਹੇ ਖ਼ੌਫ਼ ਨੇ ਲੋਕਾਂ ਦੇ ਮਨ ਨੂੰ ਇਉਂ ਜਕੜਿਆ ਕਿ ਲੱਖਾਂ ਪਰਵਾਸੀ ਮਜ਼ਦੂਰ ਆਪਣੇ ਰੁਜ਼ਗਾਰ ਵਾਲੀਆਂ ਥਾਵਾਂ ਛੱਡ ਕੇ ਆਪਣੇ ਘਰਾਂ ਨੂੰ ਤੁਰ ਪਏ। ਉਨ੍ਹਾਂ ਨੂੰ ਰਸਤਿਆਂ ਵਿਚ ਰੋਕਿਆ ਗਿਆ। ਕਈਆਂ 'ਤੇ ਰਸਾਇਣ ਛਿਡਕੇ ਗਏ ਅਤੇ ਉਨ੍ਹਾਂ ਨੂੰ ਸਕੂਲਾਂ, ਸਟੇਡੀਅਮਾਂ ਜਾਂ ਹੋਰ ਇਮਾਰਤਾਂ ਵਿਚ ਤਾੜ ਦਿੱਤਾ ਗਿਆ। ਬਹੁਤਿਆਂ ਨੂੰ ਕਈ ਦਿਨ ਖਾਣਾ ਨਹੀਂ ਮਿਲਿਆ। ਅਖ਼ਬਾਰਾਂ ਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਫੋਟੋਆਂ ਸਾਡੀਆਂ ਸਰਕਾਰਾਂ ਅਤੇ ਸਮਾਜ ਦੇ ਅਣਮਨੁੱਖੀ ਵਤੀਰੇ ਦੀ ਮੂੰਹ ਬੋਲਦੀਆਂ ਤਸਵੀਰਾਂ ਹਨ।
        ਸਾਡੇ ਆਪਣੇ ਸੂਬੇ ਵਿਚ ਅਜਿਹੇ ਤਰਕਹੀਣ ਵਤੀਰੇ ਤੇ ਵਰਤਾਰੇ ਦੀਆਂ ਖ਼ਬਰਾਂ ਦਿਲ ਦਹਿਲਾਉਣ ਵਾਲੀਆਂ ਹਨ। ਭਾਈ ਨਿਰਮਲ ਸਿੰਘ ਖ਼ਾਲਸਾ ਦੀ ਮ੍ਰਿਤਕ ਦੇਹ ਦੇ ਸਸਕਾਰ ਨੂੰ ਰੋਕਣਾ ਅਜਿਹੀ ਤਕਰਹੀਣਤਾ ਦਾ ਪ੍ਰਤੀਕ ਬਣ ਕੇ ਉੱਭਰਿਆ ਹੈ। 321 ਸਾਲ ਪਹਿਲਾਂ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੋਂ ਦੇ ਲੋਕਾਂ ਨੂੰ ਭੈਅ-ਮੁਕਤ ਕਰਨ ਦਾ ਮਹਾਨ ਉਪਰਾਲਾ ਕੀਤਾ ਸੀ। ਅੱਜ ਇਹ ਧਰਤ ਏਨੀ ਭੈਅ-ਗ੍ਰਸਤ ਹੈ ਕਿ ਇੱਥੋਂ ਦੇ ਲੋਕ ਵੀ ਕਰੋਨਾਵਾਇਰਸ ਕਾਰਨ ਮਰੇ ਆਪਣੇ ਰਿਸ਼ਤੇਦਾਰਾਂ ਦੀਆਂ ਮ੍ਰਿਤਕ ਦੇਹਾਂ ਲੈਣ ਤੋਂ ਇਨਕਾਰ ਅਤੇ ਮ੍ਰਿਤਕਾਂ ਦੇ ਸਸਕਾਰ ਕਰਨ ਵਿਚ ਰੁਕਾਵਟਾਂ ਖੜ੍ਹੀਆਂ ਕਰ ਰਹੇ ਹਨ।
        ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਵਿਚ ਫ਼ਿਲਾਸਫ਼ੀ ਦੇ ਪ੍ਰੋਫ਼ੈਸਰ ਰਹੇ ਸਤਿਆਪਾਲ ਗੌਤਮ ਨੇ ਕੁਝ ਵਰ੍ਹੇ ਪਹਿਲਾਂ ਲਿਖਿਆ ਸੀ, ''ਇਨਸਾਨੀ ਜ਼ਿੰਦਗੀ ਦੀਆਂ ਅਨੇਕ ਸੀਮਾਵਾਂ ਹਨ। ਇਨ੍ਹਾਂ ਵਿਚੋਂ ਤਿੰਨ ਪ੍ਰਮੁੱਖ ਹਨ। ਪਹਿਲੀ ਸੀਮਾ ਇਹ ਹੈ ਕਿ ਮੌਤ ਸਾਡੀ ਜ਼ਿੰਦਗੀ ਦਾ ਪਰਮ ਸੱਚ ਹੈ। ਸਾਡੀ ਵਿਅਕਤੀਗਤ ਹੋਂਦ ਸਦੀਵੀ ਨਹੀਂ ਹੈ। ਮਰਨਾ ਲਾਜ਼ਮੀ ਹੈ ਪਰ ਅਸੀਂ ਕਿਹੜੀ ਮੌਤ ਮਰਾਂਗੇ, ਇਸ ਬਾਰੇ ਸਾਨੂੰ ਪਹਿਲਾਂ ਤੋਂ ਪਤਾ ਨਹੀਂ ਹੁੰਦਾ। ਸਾਡੀ ਮੌਤ ਸਾਡੀ ਜ਼ਿੰਦਗੀ ਵਿਚ ਵਾਪਰੀ ਕੋਈ ਘਟਨਾ ਨਹੀਂ ਹੁੰਦੀ। ਸਾਡੀ ਮੌਤ ਨਾਲ ਸਾਡੀ ਜ਼ਿੰਦਗੀ ਦਾ ਅੰਤ ਹੁੰਦਾ ਹੈ। ਕਿਸੇ ਦਾ ਵੀ ਅਚਾਨਕ ਮਾਰੇ ਜਾਣਾ ਜਾਂ ਮਰ ਜਾਣਾ ਉਸ ਦੇ ਪਿਆਰਿਆਂ ਦੀ ਜ਼ਿੰਦਗੀ 'ਚ ਸੋਗ ਤੇ ਕਸ਼ਟ ਲਿਆਉਂਦਾ ਹੈ। ਸਾਡੀ ਦੂਜੀ ਸੀਮਾ ਸਾਡੇ ਗਿਆਨ ਦਾ ਹਮੇਸ਼ਾ ਸੀਮਤ ਅਤੇ ਅਧੂਰੇ ਹੋਣਾ ਹੈ। ਅਸੀਂ ਕੁਦਰਤ, ਆਪਣੇ ਆਲੇ-ਦੁਆਲੇ ਅਤੇ ਆਪਣੇ ਆਪ ਨੂੰ ਕਦੀ ਵੀ ਪੂਰਾ ਜਾਣ-ਸਮਝ ਨਹੀਂ ਸਕਦੇ। ਅਧੂਰੀ ਕੱਚੀ-ਪੱਕੀ ਸਮਝ ਕਾਰਨ ਅਸੀਂ ਅਕਸਰ ਗ਼ਲਤੀਆਂ ਕਰਦੇ ਹਾਂ ਅਤੇ ਉਨ੍ਹਾਂ ਦੇ ਨਤੀਜੇ ਭੋਗਦੇ ਹਾਂ। ਸਾਡੀ ਤੀਜੀ ਸੀਮਾ ਇਹ ਹੈ ਕਿ ਅਸੀਂ ਸਰਬ-ਸ਼ਕਤੀਮਾਨ ਨਹੀਂ ਹਾਂ ਅਤੇ ਇਸ ਕਾਰਨ ਸਾਡੀਆਂ ਸਾਰੀਆਂ ਇੱਛਾਵਾਂ, ਉਮੰਗਾਂ ਤੇ ਖਾਹਿਸ਼ਾਂ ਕਦੇ ਵੀ ਪੂਰੀਆਂ ਨਹੀਂ ਹੋ ਸਕਦੀਆਂ।''
      ਇਹ ਸ਼ਬਦ ਮਨੁੱਖੀ ਹਾਲਾਤ ਦੀ ਸਹੀ ਤਰਜਮਾਨੀ ਕਰਦੇ ਹਨ। ਸਮੱਸਿਆ ਇਹ ਹੈ ਕਿ ਅਸੀਂ ਜ਼ਿੰਦਗੀ ਦੇ ਅਜਿਹੇ ਸੱਚਾਂ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦੇ। ਜੇਕਰ ਮਨੁੱਖ ਆਪਣੀਆਂ ਸੀਮਾਵਾਂ ਨੂੰ ਮੰਨ ਲਵੇ ਤਾਂ ਉਸ ਦਾ ਜਿਊਣਾ ਕੁਝ ਸਹਿਲ ਹੋ ਸਕਦਾ ਹੈ ਤੇ ਸੰਕਟ ਦੇ ਸਮੇਂ ਉਸ ਨੂੰ ਦੁੱਖਾਂ-ਦੁਸ਼ਵਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ ਪਰ ਹੁੰਦਾ ਇਸ ਤੋਂ ਉਲਟ ਹੈ। ਸੰਕਟ ਦੇ ਸਮਿਆਂ ਵਿਚ ਸਾਡੇ ਅੰਦਰ ਦਬੀਆਂ ਭੁੱਸਾਂ, ਤੁਅੱਸਬ, ਜਾਤੀਵਾਦ, ਕੱਟੜਪੁਣੇ ਤੇ ਵਿਤਕਰੇ ਦੀਆਂ ਭਾਵਨਾਵਾਂ ਹੋਰ ਪ੍ਰਚੰਡ ਹੋ ਜਾਂਦੀਆਂ ਹਨ। ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ, ''ਮਨ ਕੀ ਮਤਿ ਮਤਾਗਲੁ ਮਤਾ॥ ਜੋ ਕਿਛੁ ਬੋਲੀੲੈ ਸਭੁ ਖਤੋ ਖਤਾ॥'' ਭਾਵ ਚਿੱਤ ਦੀ ਅਕਲ ਨਸ਼ਈ ਹਾਥੀ ਵਰਗੀ ਹੈ। ਜੋ ਕੁਝ ਅਸੀਂ ਆਖਦੇ ਹਾਂ, ਉਹ ਸਾਰਾ ਗ਼ਲਤਾਂ ਦਾ ਗ਼ਲਤ ਹੈ, ਭਾਵ ਬਹੁਤ ਗ਼ਲਤ ਹੈ। ਸੰਕਟ ਦੇ ਸਮਿਆਂ ਵਿਚ ਬੰਦੇ ਦੀ ਅਕਲ ਦਾ ਹੋਰ ਕਠਿਨ ਇਮਤਿਹਾਨ ਹੁੰਦਾ ਹੈ।
       ਮਨੋਵਿਗਿਆਨੀ ਦੱਸਦੇ ਹਨ ਕਿ ਹੱਦੋਂ ਵੱਧ ਡਰੇ ਹੋਏ ਬੰਦੇ ਕੋਲ ਦੋ ਬਦਲ ਹੁੰਦੇ ਹਨ, ਉਹ ਹਾਲਾਤ ਨਾਲ ਲੜਦਾ ਹੈ ਜਾਂ ਮੈਦਾਨ ਛੱਡ ਕੇ ਭੱਜ ਜਾਂਦਾ ਹੈ। ਉਹ ਇਸ ਨੂੰ ਲੜਨ ਜਾਂ ਭੱਜ ਜਾਣ ਦੀ ਸਥਿਤੀ (Fight or flight situation) ਕਹਿੰਦੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਕੁਝ ਖ਼ਾਸ ਸ਼ਬਦ, ਵੰਗਾਰ ਤੇ ਸੋਚ ਮੈਦਾਨ ਛੱਡ ਕੇ ਭੱਜ ਜਾਣ ਵਾਲੇ ਬੰਦੇ ਨੂੰ ਲੜਾਕੂ ਬਣਾ ਸਕਦੇ ਹਨ ਤੇ ਕੁਝ ਲੜਨ ਵਾਲੇ ਬੰਦੇ ਨੂੰ ਪਿੱਠ ਦਿਖਾ ਕੇ ਭੱਜ ਜਾਣ ਵਾਲਾ। ਇਨ੍ਹਾਂ ਦੋ ਵਰਤਾਰਿਆਂ ਵਿਚਲੀ ਵਿੱਥ ਬਹੁਤ ਘੱਟ ਹੈ। ਇਨ੍ਹਾਂ ਸਮਿਆਂ ਵਿਚ ਮਨੁੱਖ ਦੀ ਦੋਸਤੀ, ਭਾਈਚਾਰੇ, ਸਾਂਝੀਵਾਲਤਾ ਤੇ ਸਮਾਜਿਕ ਏਕਤਾ ਦੀ ਪ੍ਰੀਖਿਆ ਹੁੰਦੀ ਹੈ।
       ਇਸ ਡਰ ਤੋਂ ਮੁਕਤੀ ਕਿਵੇਂ ਮਿਲ ਸਕਦੀ ਹੈ? ਇਸ ਪ੍ਰਸ਼ਨ ਦਾ ਉੱਤਰ ਦੇਣਾ ਸਹਿਲ ਨਹੀਂ। ਮਨੁੱਖਾਂ ਦੀ ਇਕ-ਦੂਸਰੇ ਦੇ ਦੁੱਖ ਵੰਡਾਉਣ ਦੀ ਭਾਵਨਾ, ਸਾਂਝੀਵਾਲਤਾ ਦਾ ਜਜ਼ਬਾ ਅਤੇ ਆਪਸ ਵਿਚ ਗੱਲਬਾਤ ਕਰਕੇ ਤਰਕਹੀਣ ਸੋਚਾਂ 'ਤੇ ਕਾਬੂ ਪਾਉਣਾ ਹੀ ਮਸਲੇ ਦਾ ਹੱਲ ਹੈ। ਡਰ ਸੁਭਾਵਿਕ ਹੈ ਪਰ ਹੱਦੋਂ ਵੱਧ ਡਰ ਸਮਾਜ ਲਈ ਖ਼ਤਰਾ ਹੈ, ਇਹ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦਿੰਦਾ। ਮਨੁੱਖਤਾ ਅਸਹਿ ਤੇ ਅਕਹਿ ਦੁੱਖਾਂ ਤੇ ਸੰਕਟਾਂ ਵਿਚੋਂ ਲੰਘੀ ਹੈ ਜਿੱਥੇ ਲੋਕ-ਸਮੂਹਾਂ ਨੇ ਇਕੱਠੇ ਹੋ ਕੇ ਵੱਡੀਆਂ ਦੁਸ਼ਵਾਰੀਆਂ ਦਾ ਸਾਹਮਣਾ ਕੀਤਾ ਹੈ। ਲੋਕਾਂ ਨੇ ਆਪਣਿਆਂ ਤੇ ਪਰਾਇਆਂ ਨੂੰ ਬਚਾਉਣ ਲਈ ਆਪਾ ਵਾਰਿਆ ਹੈ। ਸਵੈ-ਕੇਂਦਰਿਤ ਸੋਚ ਸਾਡੇ ਡਰ ਨੂੰ ਵਧਾਏਗੀ ਜਦੋਂਕਿ ਆਪਸ ਵਿਚ ਕੀਤਾ ਗਿਆ ਸਲਾਹ-ਮਸ਼ਵਰਾ ਅਤੇ ਸਮਾਜਿਕ ਏਕਤਾ ਸਾਡੀ ਸਮੂਹਿਕ ਸ਼ਕਤੀ ਨੂੰ ਮਜ਼ਬੂਤ ਕਰੇਗਾ। ਸਾਨੂੰ ਆਪਣੇ ਆਗੂਆਂ ਦੀਆਂ ਤਕਰੀਰਾਂ, ਫੈਲਦੀਆਂ ਅਫ਼ਵਾਹਾਂ, ਟੈਲੀਵਿਜ਼ਨ ਚੈਨਲਾਂ 'ਤੇ ਮਿਲਦੇ ਮਾਹਿਰਾਂ ਦੇ ਸੁਝਾਵਾਂ ਆਦਿ ਨੂੰ ਤਰਕ ਦੇ ਤਰਾਜੂ 'ਤੇ ਤੋਲਣ ਦੀ ਜ਼ਰੂਰਤ ਹੈ। ਕਰੋਨਾਵਾਇਰਸ ਨਾਲ ਲੜਦੇ ਹੋਏ, ਦੱਸੀਆਂ ਗਈਆਂ ਸਾਵਧਾਨੀਆਂ ਵਰਤਣ ਦੇ ਨਾਲ ਨਾਲ ਹੱਦੋਂ ਵੱਧ ਡਰ ਤੋਂ ਬਚਣ ਦੀ ਲੋੜ ਸਭ ਤੋਂ ਜ਼ਿਆਦਾ ਹੈ। ਇਨ੍ਹਾਂ ਹਾਲਾਤ ਵਿਚ ਹੌਸਲਾ, ਦਲੇਰੀ, ਦੁੱਖ ਝੱਲਣ ਅਤੇ ਵੰਡਾਉਣ ਦੀ ਤਾਕਤ, ਜੇਰਾ, ਜੀਰਾਂਦ, ਸੰਜਮ, ਸਬਰ, ਸਾਂਝੀਵਾਲਤਾ ਅਤੇ ਸਮਾਜਿਕ ਏਕਤਾ ਜਿਹੇ ਮਨੁੱਖੀ ਗੁਣ ਹੀ ਸਾਨੂੰ ਇਸ ਦਹਿਸ਼ਤ ਤੋਂ ਬਚਾ ਸਕਦੇ ਹਨ।