ਗੰਭੀਰਤਾ ਦੀ ਲੋੜ ਹੈ ਮਹਾਂਸ਼ਕਤੀਆਂ ਦੇ ਥੰਮ੍ਹ ਥਿੜਕਾ ਰਹੇ ਕੋਰੋਨਾ ਵਾਇਰਸ ਨਾਲ ਭਿੜਨ ਲਈ - ਜਤਿੰਦਰ ਪਨੂੰ

ਸੰਸਾਰ ਇੱਕ ਬਹੁਤ ਵੱਡੀ ਮੁਸੀਬਤ ਦੇ ਮੂੰਹ ਆਇਆ ਪਿਆ ਹੈ। ਇਹ ਮੁਸੀਬਤ ਕਾਬੂ ਵਿੱਚ ਆਉਣ ਦੀ ਥਾਂ ਹਰ ਨਵੇਂ ਦਿਨ ਨਾਲ ਵਧਦੀ ਜਾਂਦੀ ਜਾਪਦੀ ਹੈ। ਜੰਗਾਂ ਵਿਰੁੱਧ ਸਾਂਝੇ ਮੋਰਚੇ ਬਣਾਏ ਤਾਂ ਇਤਹਾਸ ਵਿੱਚੋਂ ਮਿਲ ਜਾਂਦੇ ਹਨ, ਪਰ ਇਸ ਵਾਰੀ ਇੱਕ ਅਣਦਿੱਸਦੇ ਦੁਸ਼ਮਣ, ਕੋਰੋਨਾ ਵਾਇਰਸ, ਨਾਲ ਜੰਗ ਲੜਨ ਲਈ ਸਾਂਝਾ ਮੋਰਚਾ ਨਹੀਂ ਬਣ ਸਕਿਆ ਤੇ ਦੇਸ਼ਾਂ ਦੀਆਂ ਸਰਕਾਰਾਂ ਆਪੋ-ਆਪਣੇ ਘੋੜੇ ਭਜਾਈ ਫਿਰਦੀਆਂ ਹਨ। ਦੁਨੀਆ ਦੀ ਇਕਲੌਤੀ ਮਹਾਂਸ਼ਕਤੀ ਹੋਣ ਦੇ ਭਰਮ ਵਿੱਚ ਫਸਿਆ ਅਮਰੀਕਾ ਇੱਕ ਅੱਥਰੇ ਸੁਭਾਅ ਵਾਲੇ ਰਾਸ਼ਟਰਪਤੀ ਦੀ ਅਗਵਾਈ ਹੇਠ ਦੁਨੀਆ ਵਿੱਚ ਕੋਰੋਨਾ ਦੀ ਸਭ ਤੋਂ ਵੱਧ ਮਾਰ ਝੱਲ ਰਿਹਾ ਹੈ। ਇਸ ਦੇ ਨਿਊ ਯਾਰਕ ਰਾਜ ਵਿੱਚ ਹੀ ਮੌਤਾਂ ਦੀ ਲੜੀ ਟੁੱਟਣ ਵਿੱਚ ਨਹੀਂ ਆ ਰਹੀ। ਸੰਸਾਰ ਭਰ ਦੇ ਲੋਕ ਅਮਰੀਕਾ ਵੱਲ ਵੇਖ ਰਹੇ ਹਨ, ਪਰ ਉਸ ਨਾਲ ਜੰਗਾਂ ਲੜਨ ਲਈ ਕਦੀ ਇਰਾਕ ਅਤੇ ਕਦੀ ਅਫਗਾਨਿਸਤਾਨ ਨੂੰ ਫੌਜਾਂ ਭੇਜਣ ਵਾਲੇ ਦੇਸ਼ ਵੀ ਇਸ ਵਕਤ ਉਸ ਵੱਲ ਵੇਖੇ ਬਿਨਾਂ ਆਪੋ-ਆਪਣੀ ਥਾਂ ਬਿਮਾਰੀ ਨਾਲ ਜੂਝ ਰਹੇ ਹਨ।
ਬਿਮਾਰੀ ਦਾ ਪਹਿਲਾ ਵੱਡਾ ਪ੍ਰਗਟਾਵਾ ਚੀਨ ਵਿੱਚ ਪਿਛਲੇ ਦਸੰਬਰ ਵਿੱਚ ਹੋਇਆ ਸੀ। ਓਦੋਂ ਦੁਨੀਆ ਦੇ ਕਿਸੇ ਵੀ ਦੇਸ਼ ਨੇ ਇਹ ਨਹੀਂ ਸੀ ਸੋਚਿਆ ਕਿ ਮੁਸੀਬਤ ਉਨ੍ਹਾਂ ਦੇ ਘਰ ਤੱਕ ਵੀ ਆ ਸਕਦੀ ਹੈ। ਫਿਰ ਜਦੋਂ ਇਹ ਉਨ੍ਹਾਂ ਦੇਸ਼ਾਂ ਵੱਲ ਨੂੰ ਆਉਣੀ ਸ਼ੁਰੂ ਹੋਈ ਤਾਂ ਇੱਕਦਮ ਵੱਜੀ ਸੱਟ ਨਾਲ ਓਥੋਂ ਦੀਆਂ ਸਰਕਾਰਾਂ ਦੇ ਥੰਮ੍ਹ ਥਿੜਕ ਗਏ। ਸੰਸਾਰ ਦੇ ਅਗਵਾਨੂੰ ਦੇਸ਼ ਅਖਵਾਉਣ ਵਾਲਿਆਂ ਵਿੱਚ ਜਦੋਂ ਬਿਮਾਰੀ ਪਹੁੰਚੀ ਤੇ ਪਹੁੰਚਦੇ ਸਾਰ ਸੱਥਰ ਵਿਛਾਉਣ ਲੱਗ ਪਈ ਤਾਂ ਓਥੋਂ ਦੀਆਂ ਸਰਕਾਰਾਂ ਨੇ ਆਪਣਾ ਘਰ ਸਾਂਭਣ ਦੀ ਥਾਂ ਇੱਕ ਨਵਾਂ ਕੂਟਨੀਤਕ ਮੋਰਚਾ ਖੋਲ੍ਹ ਲਿਆ ਕਿ ਚੀਨ ਨੇ ਸਾਨੂੰ ਇਸ ਬਾਰੇ ਵੇਲੇ ਸਿਰ ਨਹੀਂ ਦੱਸਿਆ। ਇਹ ਗੱਲ ਮੰਨੀ ਜਾਣ ਵਿੱਚ ਕਿਸੇ ਨੂੰ ਇਤਰਾਜ਼ ਨਾ ਵੀ ਹੋਵੇ ਕਿ ਚੀਨ ਨੇ ਵੇਲੇ ਸਿਰ ਸੰਸਾਰ ਭਰ ਵਿੱਚ ਡੌਂਡੀ ਨਹੀਂ ਪਿੱਟੀ, ਫਿਰ ਵੀ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਚੀਨ ਦੇ ਹਾਲਾਤ ਵੇਖ ਕੇ ਜਿਨ੍ਹਾਂ ਦੇਸ਼ਾਂ ਨੂੰ ਆਪਣੇ ਘਰ ਵਿੱਚ ਅਗੇਤੇ ਬਚਾਅ ਦੇ ਪ੍ਰਬੰਧ ਕਰ ਲੈਣੇ ਚਾਹੀਦੇ ਸਨ, ਉਨ੍ਹਾਂ ਨੇ ਏਦਾਂ ਦਾ ਕੁਝ ਕੀਤਾ ਹੀ ਨਹੀਂ। ਅਜੋਕੇ ਹਾਲ ਵਿੱਚ ਉਹ ਚੀਨ ਦੇ ਖਿਲਾਫ ਜੋ ਮਰਜ਼ੀ ਕਹਿ ਲੈਣ, ਆਪਣੇ ਲੋਕਾਂ ਵੱਲੋਂ ਪੁੱਛੇ ਜਾਂਦੇ ਸਵਾਲਾਂ ਤੇ ਮੁੱਦਿਆਂ ਦਾ ਵੀ ਕੋਈ ਜਵਾਬ ਤਾਂ ਦੇਣ। ਇਸ ਦੀ ਉਹ ਲੋੜ ਹੀ ਨਹੀਂ ਸਮਝਦੇ। ਉਲਟਾ ਇਹ ਹੈ ਕਿ ਅਮਰੀਕਾ ਦੀ ਨੈਸ਼ਨਲ ਇੰਸਟੀਚਿਊਟ ਆਫ ਅਲਰਜੀ ਦੇ ਡਾਇਰੈਕਟਰ ਡਾਕਟਰ ਐਂਥਨੀ ਫਾਊਸੀ ਤੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪਰੀਵੈਂਸ਼ਨ ਦੇ ਡਾਇਰੈਕਟਰ ਡਾਕਟਰ ਰੈੱਡਫੀਲਡ ਨੇ ਕੁਝ ਕਿਹਾ ਤਾਂ ਉਨ੍ਹਾਂ ਨੂੰ ਜਨਤਕ ਤੌਰ ਉੱਤੇ ਭੰਡਿਆ ਗਿਆ। ਅਮਰੀਕਾ ਦੀ ਬਾਇਓਮੈਡੀਕਲ ਐਡਵਾਂਸ ਰਿਸਰਚ ਅਥਾਰਟੀ ਦੇ ਡਾਇਰੈਕਟਰ ਰਿਕ ਬਰਾਈਟ ਨੂੰ ਨੌਕਰੀ ਤੋਂ ਹੀ ਕੱਢ ਦਿੱਤਾ ਅਤੇ ਇਸ ਬਾਰੇ ਸਵਾਲ ਪੁੱਛਿਆ ਗਿਆ ਤਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਮੈਂ ਰਿਕ ਬਰਾਈਟ ਨੂੰ ਜਾਣਦਾ ਤੱਕ ਨਹੀਂ। ਕਾਰਨ ਬੱਸ ਇਹ ਸੀ ਕਿ ਇਨ੍ਹਾਂ ਲੋਕਾਂ ਵੱਲੋਂ ਕਹੇ ਗਏ ਸ਼ਬਦ ਰਾਸ਼ਟਰਪਤੀ ਟਰੰਪ ਦੀ ਕੂਟਨੀਤੀ ਦੇ ਮੁਤਾਬਕ ਨਹੀਂ ਸੀ। ਉਸ ਦੀ ਕੂਟਨੀਤੀ ਤੇ ਦੇਸ਼ ਵਿਚ ਅਗਲੇ ਦਿਨੀਂ ਹੋਣ ਜਾ ਰਹੀ ਰਾਸ਼ਟਰਪਤੀ ਚੋਣ ਨੀਤੀ ਦੀਆਂ ਲੋੜਾਂ ਇਸ ਵੇਲੇ ਵੀ ਭਾਰੂ ਹਨ।
ਭਾਰਤ ਵਿੱਚ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਇਸ ਵਕਤ ਤੱਕ ਆਪਣੇ ਲੋਕਾਂ ਨੂੰ ਕੋਰੋਨਾ ਦੀ ਇਸ ਬਿਮਾਰੀ ਤੋਂ ਬਚਾਉਣ ਲਈ ਜਿੰਨੇ ਪ੍ਰਬੰਧ ਕਰ ਰਹੀਆਂ ਹਨ, ਆਮ ਤੌਰ ਉੱਤੇ ਉਹ ਠੀਕ ਹਨ। ਹਰ ਗੱਲ ਦੀ ਨੁਕਤਾਚੀਨੀ ਕਰਨ ਵਾਲੇ ਲੋਕਾਂ ਨੂੰ ਛੱਡ ਲਈਏ ਤਾਂ ਬਹੁਤੇ ਲੋਕਾਂ ਦੀ ਰਾਏ ਹੈ ਕਿ ਮੁੱਢ ਵਿੱਚ ਬੇਸ਼ੱਕ ਲਾਕਡਾਊਨ ਅਤੇ ਕਰਫਿਊ ਦੋਵੇਂ ਹੱਦੋਂ ਬਾਹਰੇ ਨੰਬਰ ਬਣਾਉਣ ਲਈ ਚੁੱਕੇ ਕਦਮ ਜਾਪਦੇ ਸਨ, ਸਮੇਂ ਨੇ ਸਾਬਤ ਕਰ ਦਿੱਤਾ ਕਿ ਇਹ ਕੁਝ ਨਾ ਕੀਤਾ ਜਾਂਦਾ ਤਾਂ ਜਿਹੜਾ ਹਾਲ ਮਹਾਰਾਸ਼ਟਰ ਦਾ ਹੋਇਆ ਹੈ, ਉਸ ਤੋਂ ਵੱਧ ਪੰਜਾਬ ਵਿੱਚ ਹੋ ਜਾਣਾ ਸੀ। ਭਾਰਤ ਵਿੱਚ ਬਿਮਾਰੀ ਅਜੇ ਤੱਕ ਵੀ ਓਨੀ ਬੁਰੀ ਤਰ੍ਹਾਂ ਪੈਰ ਨਹੀਂ ਪਸਾਰ ਸਕੀ, ਜਿੰਨੀ ਲਾਕਡਾਊਨ ਨਾ ਲੱਗਣ ਤੇ ਵਿਦੇਸ਼ੀ ਉਡਾਣਾਂ ਬੰਦ ਨਾ ਕਰਨ ਦੀ ਸੂਰਤ ਵਿੱਚ ਫੈਲ ਸਕਦੀ ਸੀ। ਪਹਿਲੇ ਦਿਨਾਂ ਵਿੱਚ ਪੁਲਸ ਦੀ ਸਖਤੀ ਦਾ ਲੋਕਾਂ ਦੀ ਬੇਇੱਜ਼ਤੀ ਕਰਨ ਵਾਲਾ ਪੁਰਾਣਾ ਢੰਗ ਕਿਸੇ ਨੂੰ ਵੀ ਪਸੰਦ ਨਹੀਂ ਸੀ, ਅਸੀਂ ਵੀ ਇਸ ਦੇ ਖਿਲਾਫ ਸਾਂ ਤੇ ਬਹੁਤ ਸਾਰੇ ਲੋਕਾਂ ਨੇ ਵੀ ਵੱਡੇ ਪੱਧਰ ਉੱਤੇ ਇਸ ਦਾ ਵਿਰੋਧ ਕੀਤਾ ਸੀ, ਪਰ ਜਦੋਂ ਇਸ ਤਰ੍ਹਾਂ ਦੀ ਸਖਤੀ ਤੋਂ ਰਾਜ ਸਰਕਾਰ ਨੇ ਵਰਜ ਦਿੱਤਾ, ਉਸ ਤੋਂ ਬਾਅਦ ਸਮਝਾਊ ਮੁਹਿੰਮ ਦਾ ਅਸਰ ਕੋਈ ਖਾਸ ਦਿਖਾਈ ਨਹੀਂ ਦੇ ਰਿਹਾ। ਕਿਸੇ ਨਾ ਕਿਸੇ ਬਹਾਨੇ ਲੋਕ ਅਜੇ ਵੀ ਬਾਜ਼ਾਰਾਂ ਵਿੱਚ ਨਿਕਲ ਪੈਂਦੇ ਹਨ ਤੇ ਅੱਗੇ ਜਾ ਕੇ ਢਾਣੀਆਂ ਬਣਾਉਣ ਤੋਂ ਗੁਰੇਜ਼ ਨਹੀਂ ਕਰਦੇ। ਭਾਰਤ ਵਿੱਚ ਦੋ ਮਾਰਚ ਨੂੰ ਪਹਿਲੀ ਵਾਰ ਤਿੰਨ ਕੇਸ ਪਤਾ ਲੱਗਣ ਦੇ ਨਾਲ ਸ਼ੁਰੂਆਤ ਹੋਈ ਤੇ ਬਾਰਾਂ ਮਾਰਚ ਨੂੰ ਪਹਿਲੀ ਮੌਤ ਹੋਈ ਸੀ। ਓਸੇ ਵਕਤ ਲਾਕਡਾਊਨ ਕਰ ਦੇਣ ਸਦਕਾ ਕੇਸਾਂ ਅਤੇ ਮੌਤਾਂ ਦੋਵਾਂ ਪੱਖਾਂ ਤੋਂ ਇਹ ਦੇਸ਼ ਕਾਫੀ ਹੱਦ ਤੱਕ ਬਚਿਆ ਹੋਇਆ ਹੈ। ਅਮਰੀਕਾ ਵਿੱਚ ਪਹਿਲੀ ਮਾਰਚ ਦੇ ਦਿਨ, ਭਾਰਤ ਤੋਂ ਛੇ ਦਿਨ ਪਹਿਲਾਂ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ ਹੋਈ ਸੀ ਤੇ ਫਿਰ ਉਹ ਕੋਰੋਨਾ ਦੀਆਂ ਮੌਤਾਂ ਦੇ ਮਾਮਲੇ ਵਿੱਚ ਦੁਨੀਆ ਦੇ ਸਾਰੇ ਦੇਸ਼ਾਂ ਨਾਲੋਂ ਵੱਧ ਪੀੜਤ ਦੇਸ਼ ਬਣਦਾ ਗਿਆ। ਉਸ ਦੇਸ਼ ਵਿੱਚ ਜਦੋਂ ਪੰਜਾਹ ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਸਨ, ਓਦੋਂ ਭਾਰਤ ਵਿੱਚ ਅੱਠ ਸੌ ਤੋਂ ਹੇਠਾਂ ਸਨ। ਵੇਲੇ ਸਿਰ ਚੁੱਕੇ ਗਏ ਕਦਮਾਂ ਨੇ ਬਚਾਅ ਕੀਤਾ ਤਾਂ ਦਿੱਸਦਾ ਹੀ ਹੈ।
ਸਾਡੇ ਪੰਜਾਬ ਵਿੱਚ ਇਸ ਦੌਰਾਨ ਵੀਹ ਤੋਂ ਘੱਟ ਮੌਤਾਂ ਹੋਈਆਂ ਅਤੇ ਕੇਸਾਂ ਦੀ ਗਿਣਤੀ ਤਿੰਨ ਸੌ ਤੱਕ ਪਹੁੰਚੀ ਹੈ ਤਾਂ ਏਥੇ ਵੀ ਸਰਕਾਰ ਅਤੇ ਬਾਕੀ ਸਭ ਧਿਰਾਂ ਦੇ ਸਹਿਯੋਗ ਦਾ ਅਸਰ ਮੰਨਿਆ ਜਾ ਸਕਦਾ ਹੈ। ਜਲੰਧਰ ਤੇ ਮੋਹਾਲੀ ਦੇ ਦੋ ਜ਼ਿਲਿਆਂ ਵਿੱਚ ਹਾਲਤ ਗੰਭੀਰ ਹੈ, ਪਰ ਜਿਹੜੇ ਨਵਾਂ ਸ਼ਹਿਰ ਤੋਂ ਬਿਮਾਰੀ ਸ਼ੁਰੂ ਹੋਈ ਸੀ, ਉਸ ਵੱਲੋਂ ਫਿਰ ਇੱਕ ਵੀ ਮੌਤ ਦੀ ਖਬਰ ਨਹੀਂ ਆਈ ਤੇ ਜਿਹੜੇ ਅਠਾਰਾਂ ਲੋਕ ਇਸ ਦੀ ਲਾਗ ਨਾਲ ਹਸਪਤਾਲ ਪਹੁੰਚੇ ਸਨ, ਉਨ੍ਹਾਂ ਨੂੰ ਠੀਕ ਕਰ ਕੇ ਘਰੀਂ ਭੇਜ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਦੇਸ਼ ਦੇ ਜਿਹੜੇ ਜ਼ਿਲੇ ਬਿਮਾਰੀ ਤੋਂ ਬਚੇ ਹੋਏ ਦੱਸੇ ਹਨ, ਉਨ੍ਹਾਂ ਵਿੱਚ ਨੌਂ ਜ਼ਿਲੇ ਪੰਜਾਬ ਦੇ ਦਰਜ ਹਨ। ਇਹ ਵੀ ਰਾਜ ਸਰਕਾਰ ਦੇ ਯਤਨਾਂ ਅਤੇ ਲੋਕਾਂ ਦੇ ਸਹਿਯੋਗ ਦਾ ਸਿੱਟਾ ਹੈ।
ਫਿਰ ਵੀ ਕੇਰਲਾ ਤੇ ਓਡੀਸ਼ਾ ਦੋ ਰਾਜਾਂ ਵਿੱਚ ਜਿਵੇਂ ਇਸ ਬਿਮਾਰੀ ਨੂੰ ਠੱਲ੍ਹਿਆ ਗਿਆ, ਉਸ ਦੀ ਹਰ ਕੋਈ ਦਾਦ ਦੇਂਦਾ ਹੈ। ਕੇਰਲਾ ਦੇ ਲੋਕ ਪੜ੍ਹੇ-ਲਿਖੇ ਅਤੇ ਡਿਸਿਪਲਿਨ ਮੰਨਣ ਵਾਲੇ ਹਨ। ਉਸ ਰਾਜ ਦੀ ਸਿਹਤ ਮੰਤਰੀ ਬੀਬੀ ਸ਼ੈਲਜਾ ਬਾਰੇ ਵੀ ਹਰ ਪਾਸਿਓਂ ਸਿਫਤਾਂ ਸੁਣਦੀਆਂ ਹਨ ਕਿ ਉਸ ਨੇ ਰਾਤ ਦਿਨ ਬਹੁਤ ਕੰਮ ਕੀਤਾ ਹੈ ਤੇ ਰਿਲੀਫ ਦੇ ਕੰਮਾਂ ਵਿੱਚ ਆਪਣੇ ਕਾਮਰੇਡਾਂ ਦੇ ਨਾਲ ਕਾਂਗਰਸੀਆਂ ਹੀ ਨਹੀਂ, ਭਾਜਪਾ ਅਤੇ ਆਰ ਐੱਸ ਐੱਸ ਵਾਲਿਆਂ ਨੂੰ ਵੀ ਜੋੜ ਕੇ ਨਤੀਜੇ ਕੱਢੇ ਹਨ। ਇਸ ਰਾਜ ਦੇ ਨਾਲ ਹੀ ਮਹਾਰਾਸ਼ਟਰ ਵਿੱਚ ਬਿਮਾਰੀ ਦੀ ਸ਼ੁਰੂਆਤ ਹੋਈ ਸੀ, ਓਥੇ ਇਹ ਸਤਰਾਂ ਲਿਖਣ ਤੱਕ ਮੌਤਾਂ ਦੀ ਗਿਣਤੀ ਤਿੰਨ ਸੌ ਟੱਪ ਚੁੱਕੀ ਹੈ ਤੇ ਕੇਰਲਾ ਵਿੱਚ ਮੁੱਢਲੇ ਦਿਨਾਂ ਵਿੱਚ ਹੋਈਆਂ ਤਿੰਨ ਮੌਤਾਂ ਤੋਂ ਅੱਗੇ ਨਹੀਂ ਵਧ ਸਕੀ। ਪਹਿਲਾਂ ਨਿਪਾਹ ਦੇ ਵਾਇਰਸ ਵੇਲੇ ਵੀ ਉਸ ਰਾਜ ਵਿੱਚ ਏਸੇ ਲਈ ਵੱਡਾ ਨੁਕਸਾਨ ਨਹੀਂ ਸੀ ਹੋਇਆ ਕਿ ਰਾਜ ਸਰਕਾਰ ਨੇ ਵੇਲੇ ਸਿਰ ਕਦਮ ਚੁੱਕੇ ਸਨ ਅਤੇ ਲੋਕਾਂ ਨੇ ਰਾਜਸੀ ਮੱਤਭੇਦ ਲਾਂਭੇ ਰੱਖ ਕੇ ਸਰਕਾਰ ਦਾ ਸਹਿਯੋਗ ਕੀਤਾ ਸੀ। ਓਡੀਸ਼ਾ ਵਿੱਚ ਮੁੱਖ ਮੰਤਰੀ ਨਵੀਨ ਪਟਨਾਇਕ ਮੀਡੀਏ ਵਿੱਚ ਖਾਸ ਝਲਕਦਾ ਨਹੀਂ, ਪਰ ਉਸ ਨੇ ਬਿਮਾਰੀ ਰੋਕਣ ਲਈ ਆਪਣੀ ਸਰਕਾਰ ਨੂੰ ਇਸ ਤਰ੍ਹਾਂ ਸਰਗਰਮ ਕੀਤਾ ਹੈ ਕਿ ਇਹ ਸਤਰਾਂ ਲਿਖਣ ਵੇਲੇ ਤੱਕ ਗੁਜਰਾਤ ਵਿੱਚ ਮੌਤਾਂ ਦੀ ਗਿਣਤੀ ਜਦੋਂ ਸਵਾ ਸੌ ਟੱਪ ਚੁੱਕੀ ਹੈ, ਮੱਧ ਪ੍ਰਦੇਸ਼ ਵਿੱਚ ਸੌ ਦੇ ਨੇੜੇ ਜਾ ਪਹੁੰਚੀ ਹੈ, ਓਡੀਸ਼ਾ ਵਿੱਚ ਸਿਰਫ ਨੱਬੇ ਕੇਸ ਤੇ ਇੱਕ ਮੌਤ ਤੋਂ ਬਿਮਾਰੀ ਅੱਗੇ ਨਹੀਂ ਵਧ ਸਕੀ। ਇਹ ਸਭ ਉਸ ਮੁੱਖ ਮੰਤਰੀ ਦੀ ਯੋਗ ਅਗਵਾਈ ਦਾ ਸਿੱਟਾ ਹੈ।
ਇਸ ਮੌਕੇ ਅਸੀਂ ਸਾਰੇ ਸੰਸਾਰ ਦੇ ਦ੍ਰਿਸ਼ ਉੱਤੇ ਵੀ ਝਾਤ ਮਾਰੀਏ ਤਾਂ ਸੰਕਟ ਦੇ ਸਮੇਂ ਸਭ ਤੋਂ ਲਾਪਰਵਾਹ ਕਿਸਮ ਦਾ ਵਿਹਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਦਿਖਾਈ ਦੇਂਦਾ ਹੈ। ਉਸ ਨੇ ਪਹਿਲਾਂ ਇਹ ਕਹਿ ਕੇ ਸਨਸਨੀ ਫੈਲਾ ਦਿੱਤੀ ਸੀ ਕਿ ਲੱਖ-ਦੋ ਲੱਖ ਮੌਤਾਂ ਹੋਣ ਪਿੱਛੋਂ ਵੀ ਜੇ ਅਸੀਂ ਕੰਟਰੋਲ ਕਰ ਲਈਏ ਤਾਂ ਇਹ ਸਰਕਾਰ ਦੀ ਕਾਮਯਾਬੀ ਹੋਵੇਗੀ। ਕਹਿਣ ਤੋਂ ਭਾਵ ਕਿ ਸ਼ੁਰੂ ਵਿੱਚ ਹੀ ਉਸ ਨੇ ਲੋਕਾਂ ਨੂੰ ਲੱਖ-ਦੋ ਲੱਖ ਮੌਤਾਂ ਹੋਣ ਬਾਰੇ ਤਿਆਰ ਰਹਿਣ ਲਈ ਓਦੋਂ ਕਹਿ ਦਿੱਤਾ ਸੀ, ਜਦੋਂ ਅਜੇ ਉਸ ਦੇਸ਼ ਵਿੱਚ ਕੁੱਲ ਮੌਤਾਂ ਦੀ ਗਿਣਤੀ ਪੰਜ ਹਜ਼ਾਰ ਨਹੀਂ ਸੀ ਹੋਈ ਤੇ ਇਹੀ ਕਾਰਨ ਹੈ ਕਿ ਜਦੋਂ ਮੌਤਾਂ ਦੀ ਗਿਣਤੀ ਅੱਧੇ ਲੱਖ ਤੋਂ ਵੀ ਟੱਪ ਗਈ ਤਾਂ ਓਥੇ ਰੌਲਾ ਨਹੀਂ ਪਿਆ ਕਿ ਰਾਸ਼ਟਪਤੀ ਨੇ ਮੌਤਾਂ ਬਾਰੇ ਅਗੇਤਾ ਹੀ ਇੱਕ ਗੋਲ ਮਿਥ ਦਿੱਤਾ ਸੀ, ਜਿੱਥੋਂ ਤੱਕ ਸੋਚਣ ਦੀ ਬਹੁਤੀ ਲੋੜ ਨਹੀਂ ਸੀ ਰਹਿੰਦੀ। ਅੱਧਾ ਲੱਖ ਮੌਤਾਂ ਹੋਣ ਵਾਲੇ ਦਿਨ ਵੀ ਉਹ ਵਾਈਟ ਹਾਊਸ ਦੀ ਪ੍ਰੈੱਸ ਕਾਨਫਰੰਸ ਵਿੱਚ ਸੈਨੇਟਾਈਜ਼ਰ ਦੇ ਟੀਕੇ ਲਾਉਣ ਦੀ ਗੱਲ ਕਹਿੰਦਾ ਤੇ ਮਜ਼ਾਕ ਕਰਦਾ ਪਿਆ ਸੀ। ਸੰਸਾਰ ਭਰ ਦੀਆਂ ਕੁੱਲ ਮੌਤਾਂ ਦੇ ਚੌਥੇ ਹਿੱਸੇ ਤੋਂ ਵੱਧ ਜਿਹੜੇ ਦੇਸ਼ ਇਕੱਲੇ ਵਿੱਚ ਹੀ ਹੋਈਆਂ ਹੋਣ, ਉਸ ਦੇ ਰਾਸ਼ਟਰਪਤੀ ਨੂੰ ਤਾਂ ਰਾਤਾਂ ਨੂੰ ਨੀਂਦ ਨਹੀਂ ਆਉਣੀ ਚਾਹੀਦੀ, ਪਰ ਟਰੰਪ ਨੂੰ ਮਜ਼ਾਕ ਸੁੱਝਦੇ ਹਨ।
ਦੁਨੀਆ ਭਰ ਦੇ ਲੋਕਾਂ ਨੂੰ ਤਰੇਲੀਆਂ ਲਿਆ ਦੇਣ ਅਤੇ ਲਾਸ਼ਾਂ ਦੇ ਢੇਰ ਲਾ ਦੇਣ ਵਾਲੀ ਇਹੋ ਜਿਹੀ ਬਿਮਾਰੀ ਸੰਸਾਰ ਦੇ ਲੋਕਾਂ ਸਿਰ ਪਹਿਲੀ ਵਾਰ ਪਈ ਹੈ। ਇਸ ਨਾਲ ਸਿੱਝਣ ਲਈ ਸੰਜੀਦਗੀ ਦੀ ਲੋੜ ਹੈ। ਸੰਸਾਰ ਦੀ ਪੰਚਾਇਤ ਯੂ ਐੱਨ ਓ ਇਸ ਕੰਮ ਵਿੱਚ ਕੋਈ ਨਰੋਈ ਸਿਹਤ ਦੇਣ ਵਿੱਚ ਕਾਮਯਾਬ ਨਹੀਂ ਹੋਈ। ਉਸ ਵਿੱਚ ਵੀ ਕਮੀਆਂ ਹਨ। ਅਣਦਿੱਸਦੇ ਦੁਸ਼ਮਣ, ਵਾਇਰਸ, ਨਾਲ ਹੋ ਰਹੀ ਇਸ ਨਿਵੇਕਲੀ ਜੰਗ ਵਿੱਚ ਸਿਰੜ ਤੇ ਸੰਜੀਦਗੀ ਦੋਵਾਂ ਦੀ ਲੋੜ ਹੈ।