ਕਦੇ ਸੱਚੇ ਮੁਹੱਬਤੀ ਰਿਸ਼ਤਿਆਂ ਦੀ ਜ਼ਾਮਨ ਹੁੰਦੀ ਸੀ 'ਖੂਹ ਦੀ ਮੌਣ' - ਮਨਜਿੰਦਰ ਸਿੰਘ ਸਰੌਦ

ਕਿਸੇ ਸ਼ਾਇਰ ਨੇ ਦਿਲ ਦੇ ਵਲਵਲਿਆਂ ਨੂੰ ਖੂਹ ਦੀ 'ਮੌਣ' ਦੁਆਲੇ ਖੜ੍ਹ ਕੇ ਉਜੱਗਰ ਕਰਦਿਆਂ 'ਢਲ ਰਹੀ ਸ਼ਾਮ' ਦਾ ਬੜਾ ਸੁੰਦਰ ਨਕਸ਼ਾ ਖਿੱਚਦਿਆਂ ਆਖਿਅੈ ਕਿ 'ਹੱਥ ਘੁੱਟ ਕੇ ਫੜ ਲਈ ਵੇ ਸੋਹਣਿਆਂ ਸਾਡੀ ਉਮਰ ਨਿਆਣੀ , ਸੁਣਿਅੈ ਅੱਜ ਮੇਲੇ ਚੋਂ ਵਿਛੜ ਗੲੇ ਦੋ ਰੂਹਾਂ ਦੇ ਹਾਣੀ' ਇਹ ਦਰਦ ਵਿਛੋੜੇ ਦੇ ਸਾਥੋਂ ਨਾ ਜਾਣੇ ਹੁਣ ਝੇਲੇ , ਵਿਛੜੇ ਸੱਜਣਾਂ ਦੇ ਹੋਣ ਸਬੱਬੀ ਮੇਲੇ ,, ਫਿਰ ਉਸ ਤੋਂ ਹੋਰ ਅਗਾਂਹ ਜਾਂਦਿਆਂ ਦਿਲ ਦੀ ਡੂੰਘਾਈ ਚੋਂ ਆਈ ਆਵਾਜ਼ ਨੂੰ ਆਪਣੇ ਸ਼ਬਦਾਂ ਦੀ ਮਾਲਾ ਵਿੱਚ ਪਰੋਂਦਿਆਂ ਕਿਸੇ ਸਮੇਂ ਇਨਸਾਨੀ ਮੁਹੱਬਤ ਦੀ ਗਵਾਹ ਮੰਨੀ ਜਾਂਦੀ 'ਖੂਹ ਦੀ ਮੌਣ' ਨੂੰ ਗੀਤਾਂ ਜ਼ਰੀਏ ਰੂਪਮਾਨ ਕਰਦਿਆਂ ਆਖਿਆ ਕਿ 'ਕਿੰਝ ਭੁੱਲ ਜਾਵਾਂ ਉਸ ਮੌਣ ਨੂੰ ਜਿਸ 'ਤੇ ਬੈਠ ਤੇਰੀ ਉਡੀਕ ਕਦੇ ਆਮ ਹੁੰਦੀ ਸੀ । ਕਦੇ ਸਾਡਾ ਸਮਾਜ ਖੇਤਾਂ 'ਤੇ ਪਿੰਡਾਂ ਵਿਚਲੇ ਖੂਹਾਂ ਦੀਆਂ ਮੌਣਾਂ ਨੂੰ ਇੱਕ ਪਵਿੱਤਰ ਅਤੇ ਚੰਗੀ ਥਾਂ ਮੰਨ ਕੇ ਆਪਣੀ ਜ਼ਿੰਦਗੀ ਅੰਦਰ ਇੱਕ ਵਿਸ਼ੇਸ਼ ਥਾਂ ਦਿੰਦਾ ਸੀ ਅਤੇ ਘਿਉ ਦੇ ਦੀਵੇ ਵਾਲ ਸਰਬੱਤ ਦੇ ਭਲੇ ਦੀ ਸਲਾਮਤੀ ਲਈ ਦੁਆ ਵੀ ਕੀਤੀ ਜਾਂਦੀ ਸੀ ।
                ਅੱਜ ਦੀ ਨੌਜਵਾਨ ਪੀੜ੍ਹੀ ਖੂਹ ਦੀ ਮੌਣ ਨੂੰ ਬਿਲਕੁਲ ਭੁੱਲ ਚੁੱਕੀ ਨਜ਼ਰ ਆਉਂਦੀ ਹੈ ਇਹ ਉਹ ਮੌਣ ਹੈ ਜਿਸ 'ਤੇ ਬੈਠ ਕਦੇ ਮੁਹੱਬਤੀ ਵੇਗ ਦੀਆਂ ਬਾਤਾਂ ਪੈਂਦੀਆਂ ਸਨ ਅਤੇ ਭਾਈਚਾਰਕ ਸਾਂਝਾਂ ਵਿੱਚ ਲਪੇਟੇ ਸਮਾਜ ਦੀ ਪਿਆਸ ਨੂੰ ਇੱਕੋ ਜ਼ਰੀਏ ਬਿਨਾਂ ਕਿਸੇ ਭੇਦ-ਭਾਵ ਤੋਂ ਬੁਝਾਉਣ ਦਾ ਸਾਧਨ ਮੰਨਿਆ ਜਾਂਦਾ ਸੀ । ਖੂਹਾਂ ਦੇ ਜਾਣ ਤੋਂ ਬਾਅਦ ਮੌਣਾ ਆਪਣੇ ਆਪ ਗਾਇਬ ਹੋ ਗਈਆਂ , ਲੰਘੇ ਵੇਲੇ ਸਾਡੀਆਂ ਮਾਵਾਂ , ਭੈਣਾਂ ਪੰਜਾਬਣਾਂ ਜਦ ਘਰਾਂ ਨੂੰ ਪਾਣੀ ਲਿਆਉਣ ਦੇ ਲਈ ਕਤਾਰਾਂ ਬੰਨ੍ਹ ਕੇ ਖੂਹਾਂ ਦੀ ਮੌਣ ਦੁਆਲੇ ਖਲੋਂਦੀਆਂ ਸਨ ਤਾਂ ਦੀ ਕੁਦਰਤ ਵੀ ਵਿਸਮਾਦ ਅਵਸਥਾ ਵਿੱਚ ਹੋ ਕੇ ਇਨਸਾਨੀ ਰੂਹਾਂ ਵਿੱਚ ਘੁਲ-ਮਿਲ ਜਾਂਦੀ ਸੀ , ਪਰ ਸਮੇਂ ਦੀ ਮਾਰੀ ਪਲਟੀ ਨੇ ਭਾਈਚਾਰਕ ਸਾਂਝਾਂ ਨੂੰ ਤੋੜਨ ਦੇ ਨਾਲ- ਨਾਲ ਕੁਦਰਤੀ ਸੋਮਿਆਂ ਨੂੰ ਵੀ ਐਸੀ ਸੱਟ ਮਾਰੀ ਕਿ ਸਭ ਕੁਝ ਨੇਸਤੋਂ-ਨਾਬੂਦ ਹੁੰਦਾ ਚਲਿਆ ਗਿਆ । ਜੇਕਰ ਅੱਜ ਕਿਸੇ ਨੌਜਵਾਨ ਤੋਂ ਖੂਹ ਦੀ ਮੌਣ ਬਾਰੇ ਸਵਾਲ ਕਰੋ ਤਾਂ ਉਹ ਪੁੱਠਾ ਹੱਥ ਮਾਰਕੇ ਆਖਦੈ  ਕਿ ਮੈਨੂੰ ਤਾਂ ਕੁਝ ਨਹੀਂ ਪਤਾ ਮੌਣ ਕੀ ਹੁੰਦੀ ਹੈ ।
                ‎   ਜਿਹੜੇ ਲੋਕ ਮੌਣ ਦੀਆਂ ਰਮਜ਼ਾਂ ਤੋਂ ਚੰਗੀ ਤਰ੍ਹਾਂ ਜਾਣੂ ਨੇ ਉਨ੍ਹਾਂ ਨੂੰ ਪਤੈ ਕਿ ਮੌਣ ਦਾ ਸਾਡੇ ਸਮਾਜ ਅੰਦਰ ਕੀ ਰੁਤਬਾ ਹੁੰਦਾ ਸੀ , ਲੰਘੇ ਵੇਲਿਆਂ 'ਚ ਜਦ ਖੂਹ ਚੱਲਦੇ ਸਨ ਅਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਘੁੰਗਰੂਆਂ ਬੰਨ੍ਹੇ ਬਲਦਾਂ ਦੀਆਂ ਟੱਲੀਆਂ ਖੜਕਦੀਆਂ ਸੀ ਉਨ੍ਹਾਂ ਵੇਲਿਆਂ ਵਿੱਚ ਖੂਹ ਦੀ ਮੌਣ ਦੀ ਅਸਲ ਕੀਮਤ ਦਾ ਅੰਦਾਜ਼ਾ ਲੱਗਦਾ ਸੀ , ਪੰਜਾਬੀ ਗੀਤਾਂ ਅੰਦਰ ਮੌਣ ਦਾ ਜੇਕਰ ਕਿਸੇ ਤੋਂ ਲੁਕਿਆ ਨਹੀਂ ਹੈ , ਬਹੁਤ ਸਾਰੇ ਪੰਜਾਬੀ ਗਾਇਕਾਂ ਨੇ ਖੂਹ ਦੀ ਮੌਣ ਦਾ ਜ਼ਿਕਰ ਕਰਨ ਨੂੰ ਆਪਣੇ ਗੀਤਾਂ ਵਿੱਚ ਬੜੀ ਵੱਡੀ ਤਰਜੀਹ ਦਿੱਤੀ ਹੈ । ਲੰਘੇ ਸਮੇਂ ਜਿਹੜੇ ਖੇਤੀਕਾਰਾਂ ਦੇ ਖੂਹਾਂ ਉੱਤੇ ਮੌਣ ਨਹੀਂ ਸੀ ਹੁੰਦੀ ਉਨ੍ਹਾਂ ਨੂੰ ਸਮਾਜ ਅੰਦਰ ਚੰਗੇ ਸੁਚੱਜੇ ਕਿਸਾਨ ਨਹੀਂ ਸੀ ਮੰਨਿਆ ਜਾਂਦਾ ਕਿਉਂਕਿ ਬਿਨਾਂ ਮੌਣ ਵਾਲੇ ਖੂਹ ਅੰਦਰ ਕਿਸੇ ਵੀ ਸਮੇਂ ਕੋਈ ਜੁਆਕ ਜਾਂ ਸਿਆਣਾ ਡਿੱਗ ਸਕਦਾ ਸੀ , ਖੂਹ ਦੀ ਮੌਣ ਦੇ ਉੱਤੇ ਇੱਕ ਪਾਈਪ ਨੁੰਮਾਂ ਸਾਫਟ ਰੱਖ ਕੇ ਬਲਦਾਂ ਜ਼ਰੀਏ ਖੂਹ ਦੀਆਂ ਟਿੰਡਾਂ ਨੂੰ ਚਲਾਉਣ ਦਾ ਸਮਾਂ ਭਾਵੇਂ ਅੱਜ ਦੂਰ ਨਿਕਲ ਚੁੱਕਿਅੈ ਅਤੇ ਤਰੱਕੀ ਦੇ ਨਾਂਅ 'ਤੇ ਰੱਜ ਕੇ ਪਾਣੀ ਦੇ ਸੋਮਿਆਂ ਦੀ ਦੁਰਵਰਤੋਂ ਹੋ ਰਹੀ ਹੈ ਪਰ ਉਨ੍ਹਾਂ ਸਮਿਆਂ 'ਚ ਖੂਹ ਦੀਆਂ ਟਿੰਡਾਂ ਜ਼ਰੀਏ ਪਾਣੀ ਕੱਢਣ ਮੌਕੇ ਮੌਣ ਨੂੰ ਨਿਆਮਤ ਮੰਨਿਆ ਜਾਂਦਾ ਸੀ । ਕੁਝ ਵੀ ਹੋਵੇ ਲੰਘੇ ਵੇਲਿਆਂ 'ਚ ਮੌਣ ਦਾ ਅਪਣਾ ਇੱਕ ਰੁਤਬਾ ਸੀ ਇੱਕ ਪਹਿਚਾਣ ਸੀ ਸਾਡੇ ਸੱਭਿਆਚਾਰ ਦਾ ਅਹਿਮ ਹਿੱਸਾ ਸੀ ।
                     ਅੱਜ ਵੀ ਯਾਦ ਕਰਦੇ ਨੇ ਉਹ ਲੋਕ ਮੌਣ ਨੂੰ, ਜਿਨ੍ਹਾਂ ਨੇ ਆਪਣੀ ਸੱਚੀ ਮੁਹੱਬਤ ਦੇ ਰੂਪਮਾਨ ਹੁੰਦਿਆਂ ਉਨ੍ਹਾਂ ਹਸੀਨ ਪਲਾਂ ਨੂੰ ਰੂਹ ਨਾਲ ਰੱਜਕੇ ਮਾਣਿਅੈ , ਉਨ੍ਹਾਂ ਭਲੇ ਵੇਲਿਆਂ ਅੰਦਰ ਕੁਦਰਤ ਦੇ ਨਿਯਮਾਂ ਵਿੱਚ ਬੱਝਾ ਇਨਸਾਨ ਉਸ ਮੌਣ ਨੂੰ ਆਪਣੇ ਪਿਆਰ ਦਾ ਜ਼ਾਮਨ ਮੰਨ ਕੇ ਝੂਠ ਤੋਂ ਕੋਹਾਂ ਦੂਰ ਸੀ ਅਤੇ ਇਨਸਾਨੀ ਰਿਸ਼ਤਿਆਂ ਅੰਦਰ ਇੱਕ ਮਿਠਾਸ ਅਤੇ ਜਜ਼ਬੇ ਭਰਪੂਰ ਜ਼ਿੰਦਗੀ ਜਿਊਣ ਦਾ ਆਲਮ ਸਦਾ ਪਾਣੀ ਦੀ ਤਰਾਂ ਵਗਦਾ ਰਹਿੰਦਾ ਸੀ ਅਤੇ ਕੋਈ ਵੀ ਮੁਹੱਬਤਾਂ ਦਾ ਵਣਜਾਰਾ ਆਪਣੇ ਪਿਆਰ ਨੂੰ ਸਹੀ ਸਲਾਮਤ ਰੱਖਣ ਦੇ ਲਈ ਇਸ ਮੌਣ ਦੀ ਸੱਚੀ , ਝੂਠੀ ਸਹੁੰ ਤੱਕ ਖਾਣ ਨੂੰ ਨਫ਼ਰਤ ਕਰਦਾ ਸੀ ਪਰ ਉਹ ਵੇਲੇ  ਭਲੇ ਸਨ , ‎ਠੀਕ ਹੈ ਸਮਾਂ ਭਾਵੇਂ ਆਪਣੀ ਚਾਲੇ ਚੱਲਦਾ ਹੋਇਆ ਬਹੁਤ ਅੱਗੇ ਲੰਘ ਚੁੱਕਿਅੈ ਪਰ ਸਾਨੂੰ ਸਮੇਂ ਦੀ ਚਕਾਚੌਂਧ ਦੀ ਹਨੇਰੀ ਵਿੱਚ ਸਾਡੀ ਧਰੋਹਰ ਦੇ ਕੁਝ ਛੁਪੇ ਅੰਗਾਂ ਨੂੰ ਵੀ ਨਹੀਂ ਭੁੱਲਣਾ ਚਾਹੀਦਾ । ਬਿਨਾਂ ਸ਼ੱਕ ਮੌਣ ਸਮੇਤ ਅਜਿਹੀਆਂ ਕੁਝ ਹੋਰ ਧਰੋਹਰਾਂ ਦੇ ਰੂਪ ਅਲੋਪ ਹੋ ਰਹੀਆਂ ਸਾਡੀਆਂ 'ਖ਼ਾਸ ਨਿਸ਼ਾਨੀਆਂ' ਪ੍ਰਤੀ ਆਪਣੇ ਬੱਚਿਆਂ ਨੂੰ ਦੱਸਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ ।

ਮਨਜਿੰਦਰ ਸਿੰਘ ਸਰੌਦ
( ਮਾਲੇਰਕੋਟਲਾ )
‎94634 - 63136