ਇਹ ਸਿਰਫ਼ ਮਿੰਨੀ ਕਹਾਣੀ ਨਹੀਂ - ਤਰਸੇਮ ਬਸ਼ਰ

ਛੇਤੀ ਕਿਤੇ ਮੈਂ ਸਿਵਿਆਂ ਵੱਲ ਨਹੀਂ ਜਾਂਦਾ । ਸ਼ਹਿਰ ਦੀ ਉਸ ਸ਼ੜਕ ਵੱਲ ਵੀ ਨਹੀਂ ,ਜਿੱਥੇ ਇਹ ਜਗ੍ਹਾ ਮੌਜੂਦ ਹੈ । ਨੰਨ੍ਹੇ-ਨੰਨ੍ਹੇ ਪੈਰਾਂ ਨੂੰ ਦੇਖ ਕੇ ਮੈਨੂੰ ਬਚਪਣ ਦਾ ਉਹ ਦ੍ਰਿਸ਼ ਯਾਦ ਆਉਂਦਾ ਹੈ ਜਦੋਂ ਮੇਰੇ ਨੰਨ੍ਹੇ ਪੈਰ ਸਿਵਿਆਂ ਵੱਲ ਭੱਜ ਰਹੇ ਹੁੰਦੇ ਸਨ.........। ਦਵਾਲੀ ਵਾਲੇ ਦਿਨ ਮਾਂ ਸਾਨੂੰ ਦੋਹਾਂ ਭਰਾਵਾਂ  ਨੂੰ ਮੱਥਾ ਟੇਕਣ ਲੈ ਕੇ ਜਾਂਦੀ ਹੁੰਦੀ ਸੀ । ਮਾਂ ਹਰ ਸਾਲ ਇੱਕੋ ਜਗ੍ਹਾ ਤੇ ਪਾਣੀ ਡੋਲਦੀ ,ਸ਼ਾਇਦ ਮਾਂ ਨੂੰ ਜਗ੍ਹਾ ਦੀ ਪਛਾਣ ਸੀ ।ਫਿਰ ਦੀਵਾ ਜਗਾ ਕੇ ਸਾਡਾ ਮੱਥਾ ਟਿਕਾ ਦਿੰਦੀ । ਅਸੀਂ ਬਹੁਤ ਛੋਟੇ ਸੀ ਸੋ ਉਹ ਆਪਣੇ-ਆਪ ਨਾਲ ਹੀ ਗੱਲਾਂ ਕਰਦੀ ਹੁੰਦੀ ਸੀ ,ਹੁਣ ਮੈਨੂੰ ਲਗਦਾ ਹੈ ਮਾਂ ਉਦੋਂ ਪਿਤਾ ਜੀ ਨਾਲ ਗੱਲਾਂ ਕਰਦੀ ਹੁੰਦੀ ਸੀ ,ਆਪਣੇ ਦੁੱਖਾਂ ਦੀਆਂ ,ਆਪਣੇ ਫਿਕਰਾਂ ਦੀਆਂ ।
 ਸਾਨੂੰ ਦੋਹਾਂ ਨੂੰ ਵੀ ਇਹ ਲਗਦਾ ਭਾਪਾ ਜੀ ਹਨ ,ਉਹ ਇੱਥੇ ਰਹਿੰਦੇ ਨੇ,ਦਿਵਾਲੀ ਵਾਲੇ ਦਿਨ ਮਿਲਣ ਆਉਂਦੇ ਹਨ........।
     ਦਿਨ ਛਿਪੇ ਅਸੀਂ ਵਾਪਸ ਆ ਜਾਂਦੇ । ਮੈਂ ਕਈ ਵਾਰ ਮੁੜ ਕੇ ਸਿਵਿਆਂ ਵੱਲ ਦੇਖਣਾ ,ਸ਼ਾਇਦ ਕੋਈ ਸਾਨੂੰ ਦੇਖ ਰਿਹਾ ਹੋਵੇ ।ਮੈਨੂੰ ਬੜੇ  ਵਾਰੀ ਲੱਗਿਆ ਹਾਂ......ਉੱਥੇ ਕੋਈ ਖੜ੍ਹਾ ਹੈ......ਉਹੋ ਜਿਹਾ ਹੀ ਕੋਈ ਜਿਹੋ ਜਿਹਾ ਲੋਕ ਮੇਰੇ ਪਿਤਾ ਨੂੰ ਦੱਸਦੇ ਸਨ । ਉਦੋਂ ਮੈਂ ਸਿਵਿਆਂ ਤੋਂ ਨਹੀਂ ਡਰਦਾ ਸੀ ,ਸਾਡਾ ਖੇਤ ਓਧਰ ਸੀ ,ਸਿਵੇ ਟੱਪ ਕੇ । ਅਕਸਰ ਓਧਰ ਦੇਖਦਾ ਕਿ ਸ਼ਾਇਦ ਭਾਪਾ ਖੜ੍ਹਾ ਹੋਵੇ ,ਮੈਂ ਉਹਨੂੰ ਚੰਗੀ ਤਰ੍ਹਾਂ ਤੱਕ ਲਵਾਂ........ਥੋੜਾ ਵੱਡੇ ਹੋਏ ਤਾਂ ਮੈਨੂੰ ਸਮਝ ਆਇਆ ਦਿਵਾਲੀ ਵਾਲੇ ਦਿਨ ਸਿਰਫ ਅਸੀਂ ਹੀ ਸਿਵਿਆਂ ਵੱਲ ਜਾਂਦੇ ਸਾਂ ਤੇ ਕਿਉਂ ਜਾਂਦੇ ਸਾਂ  ।
    ਕਦੇ-ਕਦੇ ਸੋਚਦਾ ਹਾਂ ਸਿਆਣਪ ਨੇ ਬਚਪਣ ਦਾ ਉਹ ਭਰਮ ਤੋੜ ਦਿੱਤਾ ਂਜੋ ਬਣਿਆ ਰਹਿੰਦਾ ਤਾਂ ਚੰਗਾ ਸੀ ।ਦਰਅਸਲ ਬਚਪਣ ਹੀ ਬਣਿਆ ਰਹਿੰਦਾ ਤਾਂ ਚੰਗਾ ਸੀ ।

ਤਰਸੇਮ ਬਸ਼ਰ
ਪ੍ਰਤਾਪ ਨਗਰ
ਮੋਬਾ:---98141-63071  ਬਠਿੰਡਾ
.ਈਮੇਲ :-----bashartarsem@gmail.com