ਅਜ ਦੇ ਹਾਲਾਤਾਂ ਮੁਤਾਬਕ ਮਿੰਨੀ ਕਹਾਣੀ (ਛਿੱਕੂ)-- ਭੱਟੀ ਦੀ ਕਲਮ ਤੋਂ

ਪਿੰਡ ਦਿਆਲਪੁਰੇ ਦਾ ਅਮਲੀ ਸ਼ੇਰੂ ਸਵੇਰੇ ਸਵੇਰੇ ਹੱਥ ਵਿਚ ਅਖਬਾਰ ਫੜੀ ਪਿੰਡੋਂ ਬਾਹਰਵਾਰ ਉਸ ਜਗਾਹ ਤੇ ਜਾ ਪਹੁੰਚਿਆ ਜਿਸ ਜਗਾਹ ਪਿੰਡ ਦੇ ਬਜ਼ੁਰਗ ਧੁੱਪ ਸੇਕਣ ਅਤੇ ਨੌਜਵਾਨ ਤਾਸ਼ ਖੇਡਣ ਵਾਸਤੇ ਰੋਜ਼ਾਨਾ ਪਿੱਪਲ ਦੇ ਬੋਹੜ ਹੇਠ ਢਾਣੀਆਂ ਬਣਾਇਆ ਕਰਦੇ ਸਨ |
             ਸ਼ੇਰੂ ਅਮਲੀ ਨੂੰ ਆਉਂਦਾ ਦੇਖ ਕੇ , ਬੀਰੇ ਮੋਚੀ ਦੀਆਂ ਵਾਸ਼ਾਂ ਖਿੜ ਉਠੀਆਂ |
            ਅਮਲੀ ਵੀ ਆਪਂਣੇ ਯਾਰ ਨੂੰ ਸੰਬੋਧਨ ਹੁੰਦੇ ਹੋਏ ਬੋਲਿਆ ' ਮਖਾਂ ਮੋਚੀਆ, ਜਰਾ ਆਹ , ਅਖਬਾਰ ਤਾਂ, ਰੱਤਾ ਕੁ ਪੜ ਕੇ ਦੱਸੀ, ਨਾਲੇ ਲੋਕਾਂ ਨੇ ਮੂੰਹਾਂ ਤੇ , ਆਹ , ਛਿਕੂ ਜਿਹੇ ਕਿਉਂ ਬੰਨੇ ਹੋਏ ਨੇ ???
             ਇਤਨਾ ਕੁ ਕਹਿ ਕੇ ਅਮਲੀ ਮੋਚੀ ਦੇ ਮੂੰਹ ਵਲ ਬਿਟਰ ਬਿਟਰ ਦੇਖਣ ਲਗ ਪਿਆ , ਅਮਲੀ ਭਾਵੇਂ ਆਪ ਕੋਰਾ ਅਨਪੜ ਸੀ, ਪਰ ਫੋਟੋਆਂ ਦੇਖ ਕੇ ਅੰਦਾਜਾ ਜਿਹਾ ਲਾ ਲੈਂਦਾ ਸੀ ਕਿ ਫੋਟੋਆਂ ਦੇ ਹਿਸਾਬ ਨਾਲ ਕੀ ਲਿਖਿਆ ਹੋਵੇਗਾ
             ਅਮਲੀ ਖੁਦ ਅਖਬਾਰ ਨਹੀ ਪੜਦਾ ਸੀ , ਪਰ ਰੋਜ਼ਾਨਾ ਜੇਬ " ਚੋ" ਅਖਬਾਰ ਖਰੀਦ ਕੇ ਮੋਚੀ ਕੋਲੋਂ ਖਬਰਾਂ ਸੁਆਦ ਲੈ ਲੈ ਕੇ ਸੁਣਨੀਆਂ ਅਤੇ ਫਿਰ ਬਹਿਸ ਕਰਨੀ , ਅਮਲੀ ਅਤੇ ਮੋਚੀ ਦਾ ਨੇਮ ਸੀ
             ਅਜ ਵੀ ਮੂੰਹਾਂ ਤੇ ਛਿਕੂਆਂ ਵਾਲੀਆਂ ਫੋਟੋ ਦੇਖ ਕੇ ਅਮਲੀ ਕੁਝ ਨਾ ਕੁਝ ਸਮਝ ਜਿਹਾ ਗਿਆ ਸੀ , ਇਸੇ ਲਈ ਹੀ ਉਹ ਉਤਾਵਲਾ ਜਿਹਾ ਹੋਇਆ ਪਿਆ ਸੀ ਕਿ ਆਖਿਰ ਹਰੇਕ ਜਣੇ ਨੇ ਆਪਣੇ ਮੂੰਹ ਢਕੇ ਕਿਉਂ ਹੋਏ ਨੇ ???
             ਉਧਰੋਂ ਮੋਚੀ ਵੀ ਬੜੀ ਚੀਜ ਸੀ , ਖਬਰ ਪੜਨ ਉਪਰੰਤ ਚਸਕੇ ਲੈ ਲੈ ਕੇ ਖਬਰ ਸੁਣਾਉਨੀ , ਮੋਚੀ ਦੇ ਹਿਸੇ ਹੀ ਆਇਆ ਹੋਇਆ ਸੀ |
              ਮੋਚੀ ਕਹਿੰਦਾ ਮਖਾਂ, ਅਮਲੀਆ, ਮੇਰੀ ਗੱਲ ਜਰਾ ਧਿਆਨ ਨਾਲ ਸੁਣੀ, ਹੋਇਆ ਇੰਝ ਕਿ ਦੁਨੀਆਂ ਦੇ 172 ਦੇਸ਼ਾਂ ਦੇ ਨੁਮਾਇੰਦੇ ( ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ )  ਰੱਬ ਕੋਲ ਗਏ ਤੇ ਫਰਿਆਦ ਕੀਤੀ ਰੱਬਾ ਸਾਡਾ ਕੁਝ ਸੋਚ,,  ਅਸੀ,, ਆਪਣੇ ਵਲੋਂ ਹਰ ਸਹੂਲਤ ਪਬਲਿਕ ਨੂੰ ਦਿੰਦੇ ਹਾਂ,,  ਪਰ ਪਬਲਿਕ ਫਿਰ ਵੀ ਖੁਸ਼ ਨਹੀਂ ਹੁੰਦੀ " ਬਲਕਿ ਜਿਹੜਾ  ਪੈਸਾ ਅਸੀ  ਖਾਣਾ  ਹੁੰਦਾ ਹੈ , ਉਹ ਵੀ ਸਾਡੇ ਪੱਲੇ ਨਹੀ  ਪੈਂਦਾ | ਨਾ ਇਹ ਲੋਕ ਟੈਕਸ ਪੂਰੇ ਦਿੰਦੇ ਹਨ, ਜੇਕਰ ਦਬਾਅ ਪਾਈਏ ਤਾਂ ਅਦਾਲਤਾਂ ਦੇ ਦਰਵਾਜੇ ਜਾ ਖੜਕਾਉਂਦੇ ਹਨ | ਉਪਰੋਂ , ਨਿੱਤ ਹੜਤਾਲ਼ਾਂ , ਧਰਨੇ , ਮੁਜਾਹਰੇ ਅਤੇ ਵਿਖਾਵੇ ਕਰ ਕਰ ਕੇ ਸਾਡਾ ਜਿਉਣਾ ਮੁਹਾਲ ਕੀਤਾ ਹੋਇਆ ਹੈ , ਇਨ੍ਹਾਂ ਲੋਕਾਂ ਨੇ ! 
              ਵਾਕਿਆ ਹੀ ਅਸੀ ਬਹੁਤ ਤੰਗ ਹਾਂ !  ਰਾਜਨੀਤੀ ਤੋਂ ਬਿਨਾ ਸਾਨੂੰ ਕੋਈ ਹੋਰ ਕੰਮ ਵੀ ਨਹੀ ਆਉਂਦਾ, ਇਸ ਕਰਕੇ ਰੱਬ ਜੀ ਇਨ੍ਹਾਂ ਲੋਕਾਂ ਨੂੰ ਮੱਤ ਦੇਣ ਦਾ ਕੋਈ ਤਰੀਕਾ ਦਸੋ |
               ਅੱਗੋਂ ਰੱਬ ਕਹਿਦਾ , ਦੇਖੋ ਜੇਕਰ ਦੁਨੀਆਂ ਤੇ ਰਾਜ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਾਰਿਆ ਨੂੰ ਮਿਲ ਕੇ ਚਲਣਾ ਹੋਵੇਗਾ,, ਬਦਮਾਸ਼ੀ ਕਰਨੀ ਹੈ ਤਾਂ ਠੋਕ ਕੇ ਕਰੋ ,, ਇਨ੍ਹਾਂ ਦੀਆਂ ਜੁੱਤੀਆਂ ਏਨ੍ਹਾਂ ਦੇ ਸਿਰ ਤੇ ਹੀ ਮਾਰੋ , ਦੂਸਰਾ ਪੈਸੇ ਤੁਸੀ ਕਿਹੜੇ ਘਰੋਂ ਲਿਆ ਕੇ ਜਨਤਾ ਨੂੰ ਦੇਂਣੇ ਆ , ਕਿਉਂਕਿ ਅਸਲੀਅਤ ਵਿਚ  ਪੈਸੇ ਹੁੰਦੇ ਤਾਂ ਜਨਤਾ ਦੇ ਈ ਨੇ 
               ਠੀਕ ਆ ,  ਰੱਬ ਜੀ ,  ਅਸੀ ਸਾਰੇ ਰਲ ਮਿਲ ਕੇ ਬਦਮਾਸ਼ੀ ਕਹਾਂਗੇ , ਬਸ ਤੁਸੀ ਹੁਕਮ ਕਰੋ ਸਾਡੇ ,  ਆਕਾ ਜੀ |
              ਅੱਗੋਂ ਰੱਬ ਨੇ ਕਿਹਾ , ਠੀਕ ਆ ਜੇਕਰ ਆਹ ਗੱਲ ਆ ਤਾਂ ਸਮਝੋ ਤੁਹਾਡਾ ਕੰਮ ਹੋ ਗਿਆ|
               ਹੁਣ ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣਨਾ , ਮੈਂ ਇਕ ਚਮਤਕਾਰ ਦਿਖਾਵਾਂਗਾ ,  ਮੇਰੇ ਇਸ ਚਮਤਕਾਰ ਦਾ ਫਾਇਦਾ ਤੁਸੀਂ ਉਠਾਉਣਾ ਹੈ , ਭਾਵੇਂ ਜਨਤਾ ਨੂੰ ਸ਼ਿੱਤਰ ਫੇਰੋ , ਡਾਂਗਾਂ ਨਾਲ ਕੁਟੋ , ਭੁੱਖੇ ਮਾਰੋ , ਜੋ ਮਰਜੀ ਕਰਿਉ , ਫਿਰ ਦੇਖਣਾ ਸਾਰਾ ਕੁਝ ਸਹਿਣ ਦੇ ਬਾਵਜੂਦ ਲੋਕ ਗੁਣ ਵੀ ਤੁਹਾਡੇ ਹੀ ਗਾਉਣਗੇ |
               ਅੱਗੋਂ ਅਮਲੀ ਬੋਲਿਆ , ਬੇਸ਼ਰਮਾਂ ਵਾਂਗੂੰ ਬੋਲੀ ਹੀ ਜਾਵੇਂਗਾ ਕਿ ਕੋਈ ਕੰਮ ਦੀ ਗੱਲ ਵੀ ਦੱਸੇਂਗਾ , ਸਾਲਾ ਮੋਚੀ ਜਿਹਾ ਡਰਾਮੇਬਾਜੀ ਕਰ ਕਰ ਕੇ ਕਹਾਣੀ ਸੁਣਾਈ ਜਾ ਰਿਹੈ , ਮੈਂ ਤਾਂ , ਮਖਾਂ ਇਤਨਾ , ਕੁ ,   ਪੁੱਛਿਆ ਸੀ ਕਿ ਆਹ ਅਖਬਾਰ ਵਾਲੀ ਫੋਟੋ ਵਿਚ ਇਨਸਾਨਾਂ ਨੇ ਪਸ਼ੂਆਂ ਵਾਂਗ ਆਪਣੇ ਮੂਹਾਂ ਤੇ ਛਿਕੂ ਕਿਉਂ ਪਾਏ ਹੋਏ ਨੇ ??
              ਉਏ ਅਮਲੀਆ ਕਾਹਲਾ ਨਾ ਪੈ , ਹੁਣ ਮੈਂ ਅਸਲੀ ਗੱਲ ਵਲ ਆ ਰਿਹਾਂ , ਤੇਰੇ ਵਰਗੇ ਮੋਟੇ ਦਿਮਾਗ ਵਾਲਿਆਂ ਨਾਲ ਦੁਨੀਆਂ ਭਰੀ ਪਈ ਆ , ਇਸ ਕਰਕੇ ਭੂਮਿਕਾ ਬੰਨਣੀ ਜਰੂਰੀ ਸੀ ,  
              ਚਲ ਠੀਕ ਆ , ਅਗੇ ਬੋਲ , ਲਿਖਿਆ ਕੀ ਆ ?? ਅਮਲੀ ਦੀ ਉੱਤਸੁਕਤਾ ਵਧਦੀ ਜਾ ਰਹੀ ਸੀ |
              ਗੱਲ ਇਹ ਆ ਅਮਲੀਆ ਕਿ , ਰਾਜਨੀਤੀ ਕਰਨ ਵਾਲਿਆਂ ਦੀ ਰੱਬ ਨਾਲ ਸੌਦੇਬਾਜੀ ਹੋ ਗਈ ਆ , ਕਿਉਂਕਿ ਰੱਬ ਵੀ ਲੋਕਾਂ ਕੋਲੋਂ ਬਹੁਤ ਦੁਖੀ ਆ ! ਬਹੁਤੇ ਲੋਕ ਤਾਂ ਰੱਬ ਦੇ ਨਾਮ ਤੇ ਝੂਠ ਬੋਲ ਬੋਲ ਕੇ ਠੱਗੀਆਂ ਮਾਰੀ ਜਾ ਰਹੇ ਨੇ , ਉਸਦੇ ਨਾਮ ਦੀਆਂ ਝੂਠੀਆਂ ਸੌਹਾਂ ਖਾਣ ਤੋਂ  ਵੀ ਗੁਰੇਜ ਨਹੀਂ ਕਰਦੇ , ਇਸ ਕਰਕੇ ਸਿਆਸਤਦਾਨ ਅਤੇ ਰੱਬ ਦੋਵੇਂ ਹੀ ਮਿਲ ਗਏ ਨੇ |
              ਅੱਛਾ !  ਉਹ  ਕਿਵੇਂ , ਅਮਲੀ : ਮੋਚੀ ਦੀਆਂ ਗਲਾਂ ਸੁਣ ਸੁਣ ਕੇ ਹੈਰਾਨ ਹੋਈ ਜਾ ਰਿਹਾ ਸੀ |
              ਰੱਬ ਨੇ ਸਮੂਹ ਦੇਸ਼ਾਂ ਦੇ ਰਾਜਨੀਤੀਵਾਨਾਂ ਨਾਲ ਸੌਦਾ ਕੀਤਾ ਹੈ ਲੋਕਾਂ ਨੂੰ ਡਰਾਉਣ ਵਾਸਤੇ
             ਉਹ ਕਿਵੇਂ ਮੋਚੀਆ, ਅਮਲੀ ਸਮਝਣ ਦੀ ਕੋਸ਼ਿਸ਼ ਕਰਦਾ ਹੋਇਆ ਬੋਲਿਆ
             ਉਹ ਇਸ ਤਰਾਂ ਕਿ ਰੱਬ , ਕੋਰੋਨਾਂ ਨਾਮ ਦੀ ਬਿਮਾਰੀ ਦਾ ਹਊਆ ਦਿਖਾ ਕੇ  , ਕਈਆਂ ਨੂੰ ਮਾਰੇਗਾ ਤੇ ਕਈਆਂ ਨੂੰ ਬਚਾਵੇਗਾ , ਗੱਲ ਕੀ ?? ਸਾਰੇ ਸੰਸਾਰ ਵਿਚ ਹਾ ਹਾ ਕਾਰ ਮਚ ਜਾਵੇਗੀ , ਲੋਕ ਆਪਣਿਆਂ ਤੋਂ  ਵੀ ਡਰਣਗੇ !
             ਦੂਸਰਾ ਰੱਬ ਨੇ ਹਰੇਕ ਦੇਸ਼ ਦੇ ਮੁਖੀ ਨੂੰ ਇਹ ਵੀ ਕਿਹਾ ਹੈ ਕਿ ਘਬਰਾਓ ਨਾ , ਤੁਹਾਡੇ ਵਿਚੋਂ ਜੇਕਰ ਕੋਈ ਥੋੜਾ ਬਹੁਤ ਬਿਮਾਰ ਹੋਵੇਗਾ ਵੀ , ਤਾਂ ਮੈਂ ਬਚਾਅ ਲਵਾਂਗਾ , ਮਰਨ ਨਹੀਂ ਦਿੰਦਾ , ਯਕੀਨ ਰੱਖਿਉ , ਸਿਆਸੀ ਆਦਮੀ ਨਹੀਂ ਮਰਨਗੇ  ! 
              ਉਲਟਾ ਰੱਬ ਨੇ ਸਿਆਸੀ ਬੰਦਿਆਂ ਨੂੰ ਇਹ ਕਿਹਾ ਆ ,  ਕਿ ਤੁਸੀ ,  ਦਫਤਰਾਂ 'ਚ ਰਹਿ ਕੇ ਮੌਜਾਂ ਲਵੋ , ਜੇਕਰ ਮਰਨਗੇ  ਤਾਂ , ਸਧਾਰਣ ਲੋਕ ਮਰਨਗੇ , ਜਿਹੜੇ ਧਰਨੇ ਲਾ ਲਾ ਕੇ ਤੁਹਾਨੂੰ  ਤੰਗ ਕਰਦੇ ਸੀ , ਤੇ , ਮੇਰੇ ਨਾਮ ਦੀ ਦੁਹਾਈ ਦੇ ਕੇ ਤੁਹਾਨੂੰ ਡਰਾਉਂਦੇ ਵੀ ਸਨ
              ਅੱਛਾ ਆਹ ਗੱਲ ਆ ! ਮੈਂ ਵੀ ਸੋਚਾਂ ਕਿ ਜਿਹੜੇ ਲੋਕ ,ਕਲ ਤਕ ਮੌਤ ਤੋਂ ਵੀ ਨਹੀਂ ਸਨ ਡਰਦੇ , ਹੁਣ ਘਰਾਂ , ਚੋ ਕਿਉਂ ਨਹੀਂ ਨਿਕਲਦੇ , ਚਲ ਅਗੇ ਹੋਰ ਦਸ , ਮੇਰਾ ਵੀਰ  ! ਰੱਬ ਦੀ ਸਹੁੰ ਬੜਾ ਮਜਾ ਆ ਰਿਹੈ ,  ਤੇਰੀਆਂ ਗਲਾਂ ਸੁਣ ਸੁਣ ਕੇ |
              ਮੋਚੀ ਬੋਲਿਆ , ਦੇਖਿਆ ਈ ਅਮਲੀਆਂ ,  ਹੁਣ ਸ਼ਾਤਰ ਸਿਆਸਤਦਾਨਾਂ ਨੇ , ਲੋਕਾਂ ਨੂੰ ਮੌਤ ਦਾ ਡਰ ਦਿਖਾ ਕੇ , ਛਿਕੂ ਪੁਆ ਕੇ ਕਿਵੇਂ ਘਰਾਂ ਵਿਚ ਡੱਕ ਦਿਤਾ ਆ ,
             ਅੱਛਾ ! ਜਿਵੇਂ ਪਹਿਲਾਂ ਅਸੀਂ ਪਸ਼ੂਆਂ ਨੂੰ ਅੰਦਰ ਡੱਕ ਕੇ ਆਪਣੀ ਮਰਜੀ ਦਾ ਚਾਰਾ ਦਿੰਦੇ ਸੀ !
              ਹਾਂ !  ਇਸੇ ਤਰਾਂ ਹੁਣ ਸਿਆਸਤਦਾਨ ਸਾਨੂੰ ਘਰਾਂ ,ਚ ਡੱਕ ਕੇ ਆਪਣੇ ਹਿਸਾਬ ਨਾਲ (ਚੁਆਇਸ ਕਰਕੇ ) ਖਾਣਾ ਦਿੰਦੇ ਹਨ ਤੇ ਆਪ ਸਾਲੇ , ਰਾਜਿਆਂ ਵਾਂਗ ਮਲਾਈ ਖਾਂਦੇ ਹਨ |                      ਉਏ ਮੋਚੀਆ ਗਲਾਂ ਤੇਰੀਆਂ ਸੱਚੀਆਂ ਨੇ ,  ਅਤੇ ਮੈਂ ਤੇਰੇ ਨਾਲ ਸਹਿਮਤ ਵੀ ਹਾਂ ! ਪਰ ਆਹ ਜਿਹੜਾ ਮੀਡੀਆ ਕਹਿੰਦਾ ਸੀ ਕਿ ਸਾਡਾ ਮਹਿਕਮਾ ਅਜਾਦ ਹੈ ,  ਹੁਣ ਕਿਉਂ ਨਹੀਂ ਲੋਕਾਂ ਦੇ ਹੱਕ ਦੀ ਗੱਲ ਕਰਦਾ !  ਸਿਆਸਤਦਾਨਾਂ ਨੂੰ ਨੰਗਾ ਕਰੇ ਤੇ ਲੋਕਾਂ ਦੇ ਹੱਕ ਦੀ ਗੱਲ ਕਰੇ |
              ਗੱਲ ਸੁਣ ਉਹ ਉਏ ਅਮਲੀਆ , ਐਵੇਂ ਨਾ ਬਕੀ ਜਾ , ਮੀਡੀਏ ਦੇ , ਹੁਣ ਹੀ ਤਾਂ ਵਾਰੇ ਨਿਆਰੇ ਹੋਏ ਨੇ , ਲੋਕਾਂ ਨੇ ਮੀਡੀਏ ਨੂੰ ਦੇਣਾ ਕੀ ਆ , ਲੋਕ ਤਾਂ ਇਸ ਵਕਤ ਆਪ ਮੰਗਤਿਆਂ ਵਾਂਗ ਖਾਣਾ ਖਾਣ ਨੂੰ ਤਰਸ ਰਹੇ ਨੇ
              ਨਾਲੇ ਬਹੁਤ ਗਿਣਤੀ ਮੀਡੀਆ ਹੁਣ ਪੁਲਿਸ ਅਤੇ ਸਿਆਸਤਦਾਨਾਂ ਦੇ ਹੱਕ ਦੀਆਂ ਮਸਾਲੇਦਾਰ ਖਬਰਾਂ ਲਾ ਲਾ ਕੇ ਲੋਕਾਂ ਨੂੰ ਕੁੱਟਵਾਉਂਣ ਦੇ ਨਾਲ ਨਾਲ ਉਨ੍ਹਾਂ ਨੂੰ ਘਰਾਂ ਵਿਚ ਡੱਕਣ ਦੀ ਦੁਹਾਈ ਦੇ ਰਿਹਾ ਹੈ
              ਇਸ ਮੀਡੀਏ ਦੀ ਇਸ ਇਕ ਪਾਸੜ ਸੋਚ ਨਾਲ , ਸਰਕਾਰਾਂ ਅਤੇ ਪੁਲਿਸ ਕਰਮੀਆਂ ਦੀ , ਤਾਂ , ਚੜਤ ਹੋ ਰਹੀ ਹੈ , ਤੇ ਲੋਕ ਵਿਚਾਰੇ ਸਾਰੇ ਪਾਸਿਆਂ ਤੋਂ ਮਾਰ ਖਾਹ ਰਹੇ ਹਨ
               ਨਾਲੇ ਸਰਕਾਰਾਂ ਦੇ ਤਾਂ ਸ਼ਾਇਦ ਇਕ ਹੱਥ ਵਿਚ ਲੱਡੂ ਹੋਵੇਗਾ , ਪਰ ਇਸ ਵੇਲੇ ਬਹੁਤ ਗਿਣਤੀ ਮੀਡੀਏ ਦੇ ਦੋਹਾਂ ਹਥਾਂ ਵਿਚ ਹੀ ਲੱਡੂ ਹਨ , ਉਹ ਭਾਵੇਂ ਸਰਕਾਰ ਦੀਆਂ ਕਮਜ਼ੋਰੀਆਂ ਗਿਣਾ ਕੇ , ਸਰਕਾਰ ਗਿਰਾਉਣ ਦੀ ਗੱਲ ਲਿਖੇ , ਜਾਂ ਲੋਕਾਂ ਨੂੰ ਸਰਕਾਰੀ ਹੁਕਮ ਨਾ ਮੰਨਣ ਦੀਆਂ ਖਬਰਾਂ ਦਿਖਾ ਦਿਖਾ ਕੇ ਸ਼ਿੱਤਰ ਪੁਆਈ ਜਾਵੇ |
              ਦੂਸਰਾ ਰੱਬ ਹੁਣ ਉਦੋਂ ਤਕ ਇਸ ਬਿਮਾਰੀ ਨੂੰ ਖਤਮ ਨਹੀਂ ਕਰੇਗਾ , ਜਦੋਂ ਤਕ ਸਿਆਸੀ ਹੁਕਮਰਾਨ , ਆਪਣੀ ਜੜ ਮਜਬੂਤ ਕਰਨ ਉਪਰੰਤ ਰੱਬ ਨੂੰ ਸਹਮਤੀ ਨਹੀਂ ਦੇ ਦਿੰਦੇ |
              ਮੋਚੀ ਦੀ ਇਹ ਗੱਲ ਸੁਣਦਿਆਂ ਹੀ ਅਮਲੀ ਨੇ ਮੋਚੀ ਕੋਲੋਂ ਅਖਬਾਰ ਖੋਹੀ ਤੇ ਟੁਕੜੇ ਟੁਕੜੇ ਕਰ ਕੇ ਫਾੜਦਿਆਂ ਹੋਇਆਂ ਬੜਬੜਾਇਆ , ਦੇਖ ਲੈਣਾ ਮੋਚੀਆ ਅਜ ਤੋਂ ਬਾਅਦ ਨਾ ਅਖਬਾਰ , ਨਾ ਟੈਲੀਵੀਜਨ ਅਤੇ ਨਾ ਹੀ ਕੋਈ ਧਰਨਾ , ਸਭ ਕੁਝ ਕੈਂਸਲ |