ਪਤਨੀ ਦੇ ਚਸ਼ਮੇ ਵਿੱਚੋਂ ਦਿਖਦਾ - ਤਰਸੇਮ ਬਸ਼ਰ 

(ਰੇਖਾ-ਚਿੱਤਰ )
 

ਇਹ ਮਰਹੂਮ ਬਲਵੰਤ ਗਾਰਗੀ ਦੀਆਂ ਲਿਖੀਆਂ ''ਸਰਬਤ ਦੀਆਂ ਘੁੱਟਾਂ'' ਦਾ ਅਸਰ ਸੀ ਕਿ ਮੈਂ ਰੇਖਾ ਚਿੱਤਰ ਲਿਖਣ ਦੀ ਸੋਚੀ ਤੇ ਇਹ ਸੋਚਣ ਲਈ ਮੈਨੂੰ ਬਹੁਤਾ ਵਕਤ ਨਹੀਂ ਲੱਗਿਆ ਕਿ ਮੈਂ ਰੇਖਾ ਚਿੱਤਰ ਆਪਣੇ ਪਤੀ ਤਰਸੇਮ ਬਸ਼ਰ ਦਾ ਲਿਖਣਾ ਹੈ ਂਜੋ  ਲੇਖਕ ਨੇ ਤੇ ਜਿੰਨ੍ਹਾਂ ਦੇ ਸੈਂਕੜੇ ਪਾਠਕ ਨੇ ।ਜਰੂਰ ਉਹਨਾਂ ਨੂੰ ਦਿਲਚਸਪੀ ਵੀ ਹੋਵੇਗੀ ਕਿ ਉਹਨਾਂ ਦਾ ਅਜੀਜ ਲੇਖਕ ਕੀ ਸੋਚਦਾ ਹੈ ? ਕਿਸ ਤਰ੍ਹਾਂ ਲਿਖਦਾ ਹੈ ? ਕਦੋਂ ਲਿਖਦਾ ਹੈ ? ਕਿੱਦਾਂ ਰਹਿੰਦਾ ਹੈ ?ਇਹ ਇੱਕ ਵੱਡਾ ਕੰਮ ਸੀ ਮੇਰਾ ਲੇਖ ਲਿਖਣ ਦੀ ਪਹਿਲੀ ਕੋਸ਼ਿਸ਼ ਜਿਸ ਨੂੰ ਮੈਂ ਮਾਮੂਲੀ ਸਮਝ ਕੇ ਸ਼ੁਰੂ ਕਰ ਬੈਠੀ ਸੀ ।ਮੈਨੂੰ ਚੰਗੀ ਤਰ੍ਹਾਂ ਅਹਿਸਾਸ ਹੈ ਕਿ ਪ੍ਰਭਾਵਸ਼ਾਲੀ ਲਿਖਤ ਉਦੋਂ ਹੀ ਲਿਖੀ ਜਾ ਸਕਦੀ ਹੈ ਜਦੋਂ ਇਸ ਵਿੱਚ ਸੱਚਾਈ ਦੀ ਖੁਸ਼ਬੂ ਹੋੇਵੇਗੀ ਤੇ ਮੈਂ ਸੁਚੇਤ ਵੀ ਹਾਂ ਕਿ ਇਹ ਸ਼ਬਦ ਚਿੱਤਰ ਇਹ ਪਤਨੀ ਦੀ ਪ੍ਰਸ਼ੰਸ਼ਾਂਮਈ ਤਹਿਰੀਰ ਹੀ ਨਾ ਬਣ ਕੇ ਰਹਿ ਜਾਵੇ ।
         ਘਰ ਓਹੋ ਜਗ੍ਹਾ ਹੁੰਦੀ ਹੈ ਜਿੱਥੇ ਤੁਸੀਂ ਆਪਣੇ ਮੌਲਿਕ ਸੁਭਾਅ ਨਾਲ ਰਹਿਣਾ ਹੁੰਦਾ ਹੈ ਬਾਹਰ ਤੁਸੀਂ ਲੇਖਕ ਬਣ ਕੇ ਚੈਤੰਨਤਾ ਨਾਲ ਵਿਚਰਦੇ ਹੋ ਤਾਂ ਘਰ ਵਿੱਚ ਇਸ ਸਾਵਧਾਨੀ ਦੀ ਜਰੂਰਤ ਨਹੀਂ ਹੁੰਦੀ ਉਦੋਂ ਕੋਈ ਵੀ ਹੋਵੇ ਉਹ ਆਪਣੇ ਮੌਲਿਕ ਸੁਭਾਅ ,ਪ੍ਰਕਿਰਤੀ ਵਿੱਚ ਹੁੰਦਾ ਹੈ । ਇੱਕ ਸਾਧਾਰਨ ਪਰ ਮੌਲਿਕ ਮਨੁੱਖ ।
   ਤਰਸੇਮ ਬਸ਼ਰ ਨੂੇੰ ਤੁਸੀਂ ਲਿਖਣ ਦੇ ਪੱਖੋਂ ਮਿਹਨਤੀ ਸਮਝਦੇ ਹੋ ਕਿਉਂਕਿ ਉਹਨਾਂ ਦਾ ਲਿਖਿਆ ਹੋਇਆ ਤੁਸੀਂ ਬਹੁਤ ਕੁੱਝ ਪੜ੍ਹਿਆ ਹੈ ਤਾਂ ਮੈਨੂੰ ਲਗਦਾ ਹੈ ਕਿ ਇਹ ਪੂਰਾ ਸੱਚ ਨਹੀਂ । ਉਹ ਲਿਖਣ ਤੇ ਬਹੁਤੀ ਮਿਹਨਤ ਨਹੀਂ ਕਰਦੇ । ਉਹਨਾਂ ਦਾ ਲਿਖਿਆ ਹੋਇਆ ਬਹੁਤ ਕੁੱਝ ਤੁਹਾਡੇ ਤੱਕ ਪਹੁੰਚਿਆ ਹੋਇਆ ਹੈ । ਇਸ ਵਿੱਚ ਵੱਡਾ ਕਾਰਨ ਇਹ ਵੀ ਹੈ ਕਿ ਉਹਨਾਂ ਦਾ ਲਿਖਿਆ ਹੋਇਆ ਲੱਗਭੱਗ ਸਾਰਾ ਹੀ ਅਖਬਾਰਾਂ ,ਰਸਾਲਿਆਂ ਵਿੱਚ ਛਪਿਆ ਹੈ ,ਵੱਡੇ ਅਖਬਾਰ ,ਵੱਡੇ ਰਸਾਲੇ । ਬਿਨਾਂ ਸ਼ੱਕ ਦੂਜਾ ਕਾਰਨ ਹੈ ,ਉਹਨਾਂ ਦਾ ਜ਼ਹੀਨ ਹੋਣਾ..........। ਇਹਨਾਂ ਨੇ ਕਦੇ ਰਾਤ ਨੂੰ ਉੱਠ ਕੇ ਜਾਂ ਸਵੇਰੇ ਜਲਦੀ ਉੱਠ ਕੇ ਨਹੀਂ ਲਿਖਿਆ । ਇਹ ਅਕਸਰ ਦਿਨ ਦਾ ਸਮਾਂ ਹੁੰਦਾ ਹੈ ਤੇ ਤਕਰੀਬਨ ਲੇਖ ,ਕਹਾਣੀ, ਵਿਅੰਗ ਜਿਹਨ ਵਿੱਚ ਬਣ ਚੁੱਕਿਆ  ਹੁੰਦਾ ਹੈ । ਜਿਸਨੂੰ ਕਾਗਜ਼ ਤੇ ਉਤਾਰਨਾ ਹੀ ਹੁੰਦਾ ਹੈ । ਮਨੋਵਿਗਿਆਨ ਦੀ ਭਾਸ਼ਾ ਵਿੱਚ ਕਹਾਂ ਤਾਂ ਇਹਨਾਂ ਦੇ ਅਚੇਤ ਵਿੱਚ ਂਜੋ ਕੁੱਝ ਚੱਲਦਾ ਰਹਿੰਦਾ ਹੈ ਓਹੀ ਇਹਨਾਂ ਦੇ ਸਾਹਿਤ ਦਾ ਆਧਾਰ ਹੁੰਦਾ ਹੈ । ਅਚੇਤ ਅਵਸਥਾ ਦਰਮਿਆਨ ਵੀ ਇਹਨਾਂ ਦਾ ਰਾਬਤਾ ਆਲੇ-ਦੁਆਲੇ ਨਾਲ ਜੁੜਿਆ ਹੁੰਦਾ ਹੈ । ਅਚੇਤ ਦੀ ਇਹ ਟੁੱਟ-ਭੱਜ ਹੀ ਜਿਸ ਤੋਂ ਕਿ ਅਸੀਂ ਅਕਸਰ ਬੇਖ਼ਬਰ ਹੁੰਦੇ ਹਾਂ ਬਾਅਦ ਵਿੱਚ ਕਹਾਣੀ ਜਾਂ ਲੇਖ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ ।
          ਉਹ ਜ਼ਹੀਨ ਹੈ ਹਰ ਚੀਜ਼ ਨੂੰ ਸਮਝਣ ਦੀ ਸਮਰੱਥਾ ਹੈ ਪਰ ਇਹ ਸਮਝ ,ਚੇਤੰਨਤਾ ਤੱਕ ਸੀਮਤ ਹੁੰਦੀ ਹੈ । ਮੈਂ ਕਦੇ ਨਹੀਂ ਦੇਖਿਆ ਕਿ ਇਹ ਕਿਸੇ ਗਰਜ ਭਰੀ ਚਲਾਕੀ ਤੱਕ ਪਹੁੰਚੀ ਹੋਵੇ । ਇਹ ੳਹਨਾਂ ਦੀ ਆਪਣੀ ਬਣਾਈ ਹੋਈ ਮਰਿਆਦਾ ਹੈ ਤੇ ਨਿਭਾਉਂਦੇ ਹਨ । ਉਹ ਇਸ ਸਮਰੱਥਾ ਨੂੰ ਆਪਣੇ ਦੁਨਿਆਵੀ ਕਾਰਜਾਂ ਵਿੱਚ ਇਸਤੇਮਾਲ ਕਰ ਹੀ ਨਹੀਂ ਸਕਦੇ ।
       ਉਹ ਰਸਮੀ ਪਿਆਰ ,ਰਸਮੀ ਰਿਸ਼ਤੇਦਾਰੀਆਂ ਦੇ ਕਾਇਲ ਨਹੀਂ ਤੇ ਉੰਤੋਂ ਸਿਤਮ ਇਹ ਹੈ ਕਿ ਉਹਨਾਂ ਕੋਲ ਇੱਕ ਤੀਖਣ ਨਜ਼ਰ ਹੈ ਂਜੋ ਜਲਦੀ ਹੀ ਰਸਮੀ ਮੁਹੱਬਤ ਦੇ ਬੋਲਾਂ ਨੂੰ ਵੀ ਪਰਖ ਲੈਂਦੀ ਹੈ । ਭਾਵੇਂ ਕਿ ਇਸ ਅਮਲ ਦੀ ਕੀਮਤ ਵੀ ਹੁੰਦੀ ਹੈ । ਕਈ ਲੋਕ ਹਨ ਂਜੋ ਸਪਸ਼ਟਵਾਦ ਦੇ ਇਸ ਸੇਕ ਨੂੰ ਸਹਿ ਨਾ ਸਕੇ ਤੇ ਦੂਰ ਹੋ ਗਏ ।
    ਤਰਸੇਮ ਬਸ਼ਰ ਨੂੰ ਦਿਖਾਵਾ ਪਸੰਦ ਨਹੀਂ ।ਨਾ ਆਪਣੀ ਨਿਰਮਾਣਤਾ ਦਾ ,ਨਾ ਆਪਣੀ ਦਿਆਲੂ ਪ੍ਰਕਿਰਤੀ ਦਾ ,ਨਾ ਆਪਣੇ ਹੰਝੂਆਂ ਦਾ ਅਤੇ ਨਾ ਹੀ ਆਪਣੀ ਕਿਸੇ ਸ਼ੈਅ ਦਾ ,ਆਪਣੀ ਸਮਝ ਦਾ ਵੀ ਨਹੀਂ । ਉਹਨਾਂ ਕਦੇ ਘੜੀ ਨਹੀਂ ਪਹਿਣੀ ,ਇੱਥੋਂ ਤੱਕ ਕਿ ਅਕਸਰ ਇੰਨ੍ਹਾਂ ਕੋਲ ਪੈੱਨ ਵੀ ਨਹੀਂ ਹੁੰਦਾ । ਕੋਈ ਗਹਿਣਾ ਨਹੀਂ ਪਹਿਣਦੇ । ਜੇ ਤੁਸੀਂ ਸੋਨਾ ਪਾ ਕੇ ਉਹਨਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਨਿਰਾਸ਼ ਹੋਵੋਗੇ ਉਹਨਾਂ ਨੂੰ ਸੋਨੇ ਦੀ ਕੀਮਤ ਨਹੀਂ ਪਤਾ ਹੁੰਦੀ । ਪੀਲੀ ਧਾਤੂ ਤੋਂ ਵੱਧ ਉਹਨਾਂ ਲਈ ਇਹ ਕੁੱਝ ਵੀ ਨਹੀਂ ।ਇਸ ਪਰਿਪੇਖ ਵਿੱਚ ਮੇਰਾ ਆਪਣਾ ਖਿਆਲ ਹੈ ,ਉਹ ਬਹੁਤੇ ਵਿਵਹਾਰਿਕ ਨਹੀਂ ।ਕੀ ਇੰਨੀ ਦੁਨੀਆਂ ਆਪਣੇ ਪੱਧਰ ਨੂੰ ਦਿਖਾਉਣ ਵਾਸਤੇ ਇੰਨਾ੍ਹਂ ਕੁੱਝ ਢਕਵੰਜ ਕਰਦੀ ਹੈ,ਉਹ ਬੇਅਕਲ ਹਨ ? ਪਰ ਪਿਛਲੇ ਵੀਹ ਸਾਲਾਂ ਵਿੱਚ ਮੈਂ ਆਪਣੀ ਇਹ ਗੱਲ ਇੰਨ੍ਹਾਂ ਤੋਂ ਨਹੀਂ ਮੰਨਵਾ ਸਕੀ ।
      ਉਹ ਆਪਣੀ ਤਕਲੀਫ਼ ਲੁਕੋ ਲੈਣਗੇ ,ਤੁਹਾਨੂੰ ਪਤਾ ਨਹੀਂ ਲੱਗੇਗਾ ਪਰ ਜੇ ਇਹੀ ਕੋਸ਼ਿਸ਼ ਤੁਸੀਂ ਉਹਨਾਂ ਕੋਲ ਕਰੋਗੇ ਤਾਂ ਉਹ ਤੁਹਾਡੇ ਚਿਹਰੇ ਦੀਆਂ ਪਰਤਾਂ ਦਰ ਪਰਤਾਂ ਹਟਾ ਕੇ ਉਸ ਬੇਚੈਨੀ ਨੂੰ ਪੜ੍ਹ ਲੈਣਗੇ ਤੇ ਜਰੂਰ ਸੋਚਣਗੇ ਕੇ ਆਪਣੇ ਇਸ ਪਿਆਰੇ ਦਾ ਕੀ ਕੀਤਾ ਜਾ ਸਕਦਾ ਹੈ । ਼ਵਿਡੰਬਣਾ ਇਹ ਵੀ ਹੈ ਕਿ ਅਜਿਹੇ ਅਹਿਸਾਸ ਦਾ ਇਲਹਾਮ ਉਹਨਾਂ ਨੂੰ ਫੋਰਨ ਹੋ ਜਾਂਦਾ ਹੈ । ਉਹ ਵਿਵਹਾਰਿਕ ਨਹੀਂ ਹੈ । ਮੈਂ ਕਈ ਲੇਖਕ ਦੇਖੇ ਹਨ । ਉਹ ਸਮਾਜਿਕ ਤੌਰ ਤੇ ਕੁੱਝ ਹੋਰ ਤਰ੍ਹਾਂ ਵਿਚਰਦੇ ਹਨ ਤੇ ਆਪਣੀਆਂ ਲਿਖਤਾਂ ਵਿੱਚ ਕੁੱਝ ਹੋਰ । ਉਹ ਅਜਿਹੇ ਦੋਹਰੇ ਕਿਰਦਾਰ ਦੀ ਭੂਮਿਕਾ ਦਾ ਕਿਰਦਾਰ ਨਹੀਂ ਢੋਅ ਸਕਦੇ ।ਲੇਖਣੀ ਦੇ ਦੌਰ ਵਿੱਚ ਉਹਨਾਂ ਨੂੰ ਇਸ ਦੀ ਕੀਮਤ ਵੀ ਤਾਰਣੀ ਪਈ ਹੈ । ਇੱਕ ਪੂਰਾ ਇਤਿਹਾਸ ਹੈ ਪਰ ਉਹ ਕਦੇ ਇਸ ਦਾ ਲਾਹਾ ਲੈਣ ਦੀ ਕੋਸ਼ਿਸ਼ ਨਹੀਂ ਕਰਦੇ ਬਲਕਿ ਇਸ ਦਾ ਜ਼ਿਕਰ ਵੀ ਨਹੀਂ ਕਰਦੇ ਜਦ ਕੇ ਕੋਈ ਹੋਰ ਹੁੰਦਾ ਤਾਂ ਜ਼ਰੂਰ ਇਸ ਦੌਰ ਨੂੰ ਲਿਖ ਲੈਂਦਾ ਤੇ ਪ੍ਰਚਾਰਦਾ ਵੀ ।ਆਪਣੀਆਂ ਲਿਖਤਾਂ ਵਿੱਚ ਸੱਚਾਈ ਦੇ ਸੇਕ ਕਾਰਨ ਉਹਨਾਂ ਨੇ ਪੂਰਾ ਇੱਕ ਦਹਾਕਾ ਂਜੋ ਅਜੇ ਵੀ ਜਾਰੀ ਹੈ ਮੁਸ਼ਕਿਲਾਂ ਦੇ ਦੌਰ ਵਿੱਚ ਗੁਜਾਰਿਆਂ  ਪਰ ਮੈਂ ਹੈਰਾਨ ਹਾਂ ।ਉਹਨਾਂ ਕਦੇ ਕਿਸੇ ਲਿਖਤ ਵਿੱਚ ਇਸ ਦਾ ਜ਼ਿਕਰ ਤੱਕ ਨਹੀਂ ਕੀਤਾਂ । ਸ਼ਾਇਦ ਇਸ ਵਿੱਚ ਉਹਨਾਂ ਨੂੰ ਰਚਨਾਤਮਿਕਤਾ ਦਾ ਕੋਈ ਪਹਿਲੂ ਨਜ਼ਰ ਨਹੀਂ ਆਉਂਦਾ ਹੋਣਾ ਜੇਕਰ ਮੈਂ ਵੀ ਇੰਨ੍ਹਾ ਦੀ ਜਗ੍ਹਾ ਹੁੰਦੀ ਤਾਂ ਉਸ ਕਾਲੇ ਦੌਰ ਜਿਸ ਨੇ ਇੱਕ ਲੇਖਕ ਨੂੰ ਢੱਕ ਲੈਣ ਦੀ ਕੋਸ਼ਿਸ਼ ਕੀਤੀ ,ਰਾਹ ਰੋਕ ਲੈਣ ਦੀ ਕੌਸ਼ਿਸ਼ ਕੀਤੀ ਦੇ ਇੱਕ-ਇੱਕ ਪਲ ਨੂੰ ਲਿਖਦੀ ਵੀ ਤੇ ਪ੍ਰਚਾਰਦੀ ਵੀ । ਮੈਨੂੰ ਪਤਾ ਹੈ ਸਮਾਂ ਆਉਣ ਤੇ ਇਤਿਹਾਸ ਦਾ ਉਹ ਪੰਨਾ ਵੀ ਜਰੂਰ ਲਿਖਿਆ ਜਾਊਗਾ ਜਿਸ ਦੀ ਕੀਮਤ ਇਹਨਾਂ ਨੇ ਹੀ ਨਹੀਂ ਪੂਰੇ ਪਰਿਵਾਰ ਨੇ ਚੁਕਾਈ ਹੈ ਤੇ ਇਹ ਇੱਕ ਲੰਮਾ ਦੌਰ ਹੈ ।
   ਤਰਸੇਮ ਬਸ਼ਰ ਨੂੰ ਤੁਸੀਂ ਦਿਲ ਦੁਖਾਉਣ ਵਾਲੀ ਗੱਲ ਕਹਿ ਦਿੱਤੀ ਤਾਂ ਉਹ ਕਦੇ ਨਹੀਂ ਭੁਲਣਗੇ । ਇਹ ਉਹਨਾਂ ਦੀ ਸੋਚ ਦੇ ਸੰਦੂਕ ਵਿੱਚ ਕਿਸੇ ਕੋਨੇ 'ਚ ਪਈ ਰਹੇਗੀ । ਇਹ ਗੱਲ ਅਲਹਿਦਾ ਹੈ ਕਿ ਇਹ ਖ਼ੁਦ ਵੀ ਉਸਨੂੰ ਨਹੀਂ ਛੇੜਣਗੇ ਪਰ ਇਹ ਪੱਕਾ ਹੈ ,ਇਹ ਸ਼ਬਦ ਉਹਨਾਂ ਦੀ ਯਾਦ ਵਿੱਚ ਹੁੰਦੇ ਹਨ ਤੇ ਉਹ ਹਮੇਸ਼ਾ ਹੁੰਦੇ ਹਨ ।
    ਉਹਨਾਂ ਦੇ ਸੁਭਾਅ ਦੀ ਹੋਰ ਗੱਲ ਕਰਾਂ ਉਹ ਆਪਣੇ ਤੋਂ ਮਾੜੇ , ਦਰਜ਼ੇ ਤੋਂ ਛੋਟੇ ਦਾ ਮਾਨਸਿਕ ਤਸ਼ੱਦਦ ਵੀ ਜਰ ਜਾਣਗੇ ਪਰ ਆਪਣੇ ਤੋਂ ਤਕੜੇ ਤਾਕਤਵਰ ਮਨੁੱਖ ਤਾਕਤਵਰ ਮਨੁੱਖ ਦੀ ਮਾਮੂਲੀ ਜਿਹੀ ਨਜਾਇਜ ਗੱਲ ਸਹਿਣ ਨੂੰ ਤਿਆਰ ਨਹੀਂ ਹੁੰਦੇ ਭਾਵੇਂ ਇਸ ਦਾ ਨਤੀਜਾ ਕਿਸੇ ਤਰਾ੍ਹਂ ਦਾ ਵੀ ਹੋਵੇ ਤੇ ਅਕਸਰ ਇਹ ਆਦਤ ਉਹਨਾਂ ਲਈ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਲੈ ਕੇ ਆਉਂਦੀ ਹੈ ਪਰ ਉਹ ਬਦਲ ਨਹੀਂ ਸਕੇ ਹਨ । ਉਹ ਖੂਬਸੂਰਤ ਦਿਖ ਵਾਲੇ ਲੇਖਕ ਹਨ ਪਰ ਇਹੀ ਗੱਲ ਤੁਸੀਂ ਉਹਨਾਂ ਨੂੰ ਕਹਿ ਦਿਓਗੇ ਤਾਂ ਉਹਨਾਂ ਦੀ ਪ੍ਰਤਿਕਿਰਿਆ ਅਜਿਹੀ ਹੋਵੇਗੀ ,ਜਿਸ ਵਿੱਚ ਇੰਨੀ ਸੰਗ ਅਤੇ ਇੰਨਾ ਸੰਕੋਚ ਹੋਵੇਗਾ ਕਿ ਤੁਸੀਂ ਦੁਬਾਰਾ ਇਸ ਤਰ੍ਹਾਂ ਨਹੀਂ ਕਰੋਗੇ । 
     ''ਸਖਸ਼ੀ ਆਜਾਦੀ'' ਦਾ ਸ਼ਬਦ ਮੈਂ ਪਹਿਲੀ ਵਾਰ ਉਹਨਾਂ ਤੋਂ ਹੀ ਸੁਣਿਆ ਸੀ ।ਪਰ ਹੌਲ਼ੀ-ਹੌਲ਼ੀ ਮੈਨੂੰ ਪਤਾ ਲੱਗਾ ਉਹਨਾਂ ਵਾਸਤੇ ਇਹ ਇੱਕ ਸ਼ਬਦ ਮਾਤਰ ਨਹੀਂ ਹੈ । ਇਹ ਇੱਕ ਲੜਾਈ ਹੈ ਜਿਸ ਨੂੰ ਉਹਨਾਂ ਨੇ ਆਪਣੇ ਉੱਤੇ  ਢਾਲ ਲਿਆ ਹੈ । ਇੱਕ ਵਾਰ ਅਸੀਂ ਇੱਕ ਦੁਕਾਨ ਤੋਂ ਸੌਦਾ ਲੈਣ ਗਏ ਦੁਕਾਨਦਾਰ ਇੱਕ ਛੋਟੀ ਉਮਰ ਦਾ ਮੁੰਡਾ ਸੀ ਤੇ ਨੌਕਰ ਇੱਕ ਵੱਡੀ ਉਮਰ ਦਾ ਬੰਦਾ ।ਮਾਲਕ ਨੇ ਉਸ ਵੱਡੀ ਉਮਰ ਦੇ ਨੌਕਰ ਨੂੰ ਬੇਟਾ ਕਹਿ ਕੇ ਸੱਦਿਆ ਤਾਂ ਇਹ ਸ਼ਬਦ ਇਹਨਾਂ ਦੇ ਜ਼ਿਹਨ ਵਿੱਚ ਕਿਸੇ ਤੀਰ ਵਾਂਗ ਖੁੱਬ ਗਏ ।ਮੂਡ ਖਰਾਬ ਹੋ ਗਿਆ ਘਰੇ ਆਏ ਤਾਂ ਉਦਾਸ ਸਨ ,ਕਹਿਣ ਲੱਗੇ ,''ਇਹ ਆਜਾਦੀ ਉਹ ਆਜਾਦੀ ਨਹੀਂ ਜਿਸ ਲਈ ਭਗਤ ਸਿੰਘ ਹੋਰੀਂ ਲੜਦੇ ਰਹੇ ਸਨ ਜਦੋਂ ਤੱਕ ਇਹ ਮਾਨਸਿਕ ਗੁਲਾਮੀ ਹੈ ਉਦੋਂ ਤੱਕ ਆਜਾਦੀ ਦਾ ਅਰਥ ਕਦੇ ਪੂਰਾ ਨਹੀ ਹੋ ਸਕਦਾ...........ਉਹ ਪਤਾ ਨਹੀਂ ਕਿੰਨਾ ਕੁੱਝ ਬੋਲਦੇ ਰਹੇ ਸਨ ਤੇ ਮੈਨੂੰ ਉਹਨਾਂ ਦੇ ਅਗਲੇ ਸ਼ਬਦ ਨਹੀਂ ਸਨ ਸੁਣ ਰਹੇ ਮੈਂ ਸਿਰਫ ਇਹ ਸੋਚ ਰਹੀ ਸੀ ਕਿ ਕਾਸ਼ ! ਉਹ ਬੰਦਾ ਜਾਣਦਾ ਹੁੰਦਾ ਕਿ ਕੋਈ ਉਸ ਵਾਸਤੇ ਇੰਨਾਂ ਕਲਪ ਰਿਹਾ ਹੈ । ਀ਿ
      ਇੱਥੋਂ ਤੱਕ  ਤੁਸੀਂ ਬੇਸ਼ੱਕ ਇਹ ਸੋਚਣ ਲੱਗੋਂ ਕਿ ਇੱਕ ਪਤਨੀ ਫਰਜ਼ ਸੱਨਾਸ਼ੀ ਕਰ ਰਹੀ ਹੈ । ਆਪਣੇ ਪਤੀ ਦੀ ਸ਼ਾਨ ਵਿੱਚ ਲਿਖ ਰਹੀ ਹੈ ਪਰ ਅਜਿਹਾ ਨਹੀਂ ਹੈ । ਇੱਕ ਬਹੁਤ ਸੰਵੇਦਨਸ਼ੀਲ ਮਨੁੱਖ ਨਾਲ ਰਹਿਣਾ ਉਸਨੂੰ ਨੇੜੇ ਤੋਂ ਜਾਣਨਾ ,ਇੱਕ ਬਹੁਤ ਵੱਖਰਾ ਅਨੁਭਵ ਹੁੰਦਾ ਹੈ ਕਾਲਪਨਿਕ ਲੱਗਣ ਵਰਗਾ ਇੱਕ ਯਥਾਰਥ ।
      ਇਸ ਕਾਲਪਨਿਕ ਯਥਾਰਥ ਨੂੰ ਅਨੁਭਵ ਕਰਨਾ ਹੋਵੇ ਤਾਂ ਤੁਹਾਨੂੰ ਉਹਨਾਂ ਦੀ ਚਰਚਿਤ ਕਹਾਣੀ 'ਆਫ਼ਤ' ਪੜ੍ਹ ਲੈਣੀ ਚਾਹੀਦੀ ਹੈ । ਉਸ ਵਿੱਚ ਇੱਕ ਮਨੁੱਖ ਦਾ ਵਿਰਤਾਂਤ ਹੈ ਕੇ ਕਿਵੇਂ ਉਹ ਮਹਾਂਮਾਰੀ  ਕਰਕੇ ਲੱਗੇ ਕਰਫਿਉ ਦੌਰਾਨ ਸਾਹਮਣੇ ਪਲਾਟ ਵਿੱਚ ਰਹਿੰਦੇ ਛੋਟੇ ਛੋਟੇ ਕੁੱਤਿਆਂ ਦੇ ਬਚਿੱਆਂ ਨਾਲ ਭਾਵਨਾਤਮਕ ਤੌਰ ਤੇ ਜੁੜ ਜਾਂਦਾ ਹੈ ਤੇ ਉਹਨਾਂ ਦੇ ਫਿਕਰ ਵਿੱਚ ਪ੍ਰੇਸ਼ਾਨ ਹੋ ਜਾਂਦਾ ਹੈ । ਇਹ ਕਿਰਦਾਰ ਨਿਰੀ ਕਲਪਣਾ ਨਹੀਂ । ਇਸ ਵਿੱਚ ਤਰਸੇਮ ਬਸ਼ਰ ਦਾ ਆਪਣਾ ਪ੍ਰਛਾਵਾਂ ਹੈ । ਉਹਨਾਂ ਦੀਆਂ ਬਹੁਤੀਆਂ ਰਚਨਾਵਾਂ ਮਨੋਵਿਗਿਆਨ ਆਧਾਰਿਤ ਹੁੰਦੀਆਂ ਹਨ ।ਉਹਨਾਂ ਨੇ ਕਦੇ ਕਵਿਤਾ ਨਹੀਂ ਲਿਖੀ ਇੱਕ-ਦੋ ਵਾਰ ਕਵਿਤਾ ਲਿਖੀ ਉਹ ਅਖ਼ਬਾਰ ਵਿੱਚ ਫੋਟੋ ਸਮੇਤ ਛਪ ਗਈ ਤਾਂ ਉਹਨਾਂ ਨੇ ਕਵਿਤਾ ਲਿਖਣੀ ਬੰਦ ਕਰ ਦਿੱਤੀ........। ਸ਼ਾਇਰੀ ਨੂੰ ਜਿੰਨ੍ਹਾਂ ਉਹ ਮਾਣਦੇ ਹਨ ઑਸ਼ਾੰਿੲਦ ਹੀ ਕੋਈ ਮਾਣਦਾ ਹੋਵੇ ।ਉਰਦੂ ਸ਼ਾਇਰੀ ਉਹਨਾਂ ਨੂੰ ਜਿਆਦਾ ਪਸੰਦ ਹੈ ,ਉਹਨਾਂ ਦੇ ਦਿਲ ਦੇ ਨੇੜੇ ਹੈ ।
           ਉਹ ਵੀਹ ਸਾਲ ਤੋਂ ਅਖਬਾਰਾਂ ਲਈ ਕਾਲਮ ਲਿਖਦੇ ਰਹੇ ਹਨ ਪਰ ਤੁਸੀਂ ਉਹਨਾਂ ਦਾ ਕੋਈ ਲੇਖ ,ਕੋਈ ਕਹਾਣੀ ਚੱਕ ਲਓ । ਉਹ ਅੱਜ ਵੀ ਪ੍ਰਸੰਗਿਕ ਜਾਪੇਗੀ ਤੇ ਨਵੀਂ ਨਰੂਪ ਵਿੱਚ ਸਾਹਮਣੇ ਹੋਵੇਗੀ । ਇਸ ਨੂੰ ਚਾਹੇ ਤੁਸੀਂ ਇੱਕ ਬੀਵੀ ਦਾ ਇੱਕ ਤਰਫ਼ਾ ਕਥਨ ਸਮਝੋ ਪਰ ਮੈਨੂੰ ਲਗਦਾ ਹੈ ਕਿ ਸਾਹਿਤਕ ਪੱਤਰਕਾਰਤਾ ਵਿੱਚ ਉਹਨਾਂ ਇੱਕ ਵੱਡੀ ਭੂਮਿਕਾ ਨਿਭਾਈ ਹੈ ਆਪਣੀ ਦਿਲਚਸਪ ਸ਼ੈਲੀ ਵਿੱਚ ਸਮਾਜ ਦੇ ਦੁੱਖ ਦਰਦ ਦੀ ਕਹਾਣੀ ਛੂਹੀ ਹੈ ।ਮੈਨੂੰ ਯਾਦ ਆਉਂਦਾ ਹੈ ਉਹ ਸਮਾਂ ਜਦੋਂ ਉਹ ਦੁੱਖੀ ਪਰਿਵਾਰਾਂ ਕੋਲ ਜਾਂਦੇ ਸਨ ਤਾਂ ਕਿ ਉਹਨਾਂ ਦੇ ਦੁੱਖ ਦਰਦ ਨੂੰ ਦੁਨੀਆਂ ਤੱਕ ਪਹੁੰਚਾਇਆ ਜਾ ਸਕੇ ।ਪਤਾ ਨਹੀਂ ਮੈਨੂੰ ਕਿਉਂ ਲਗਦਾ ਹੈ ਕਿ ਇਹ ਪਿਰਤ ਇਹਨਾਂ ਨੇ ਹੀ ਪਾਈ ਸੀ । ਇਹ ਤਰਸੇਮ ਬਸ਼ਰ ਦੀ ਪਹਿਲ ਸੀ ।
        ੲੁਣ ਕੁੱਝ ਦਿਲਚਸਪ ਪ੍ਰਸੰਗ ਸਾਝਾਂ ਕਰਦੀ ਹਾਂ ।  ਮੰਨ ਲਓ ਉਹ ਤੁਹਾਡੇ ਘਰ ਆਏ ਤੁਸੀਂ ਬਹੁਤੀ ਖਾਤਰ ਤਵੱਜੋਂ ਸ਼ੁਰੂ ਕਰ ਦਿੱਤੀ ।ਉਹਨਾਂ ਲਈ ਵਿਸ਼ੇਸ਼ ਤੌਰ ਤੇ ਇੱਕ ਨਵੀਂ ਰਜਾਈ ਵੀ ਕੱਢੀ ਤੇ ਸਵੇਰ ਨੂੰ ਉਹ ਬਿਮਾਰ ਹੋ ਜਾਣਗੇ । ਨਵੇਂ ਬਿਸਤਰੇ ਤੋਂ ਉਹਨਾਂ ਨੂੰ ਐਲਰਜੀ ਹੈ ਤੇ ਬਹੁਤੀ ਖਾਤਿਰ ਤਵੱਜੋਂ ਨਾਲ ਉਹ ਅਸਹਿਜ ਹੋ ਜਾਣਗੇ   ।ਤਰਸ ਤੇ ਵੈਰਾਗ ਉਹਨਾਂ ਦੀ ਰਗ-ਰਗ ਵਿੱਚ ਵਹਿੰਦਾ ਹੈ ਪਰ ਇਸ ਤੇ ਪ੍ਰਦਰਸ਼ਨ ਤੋਂ ਬਚਣ ਦੀ ਕੋਸ਼ਿਸ਼ ਕਰਦੇ ਨੇ ਤੇ਼ ਜਿਆਦਾਤਰ ਵਾਰ ਅਸਫਲ ਹੋ ਜਾਂਦੇ ਹਨ । ਨੇਕੀ ਦਰਅਸਲ ਉਹਨਾਂ ਨੇ ਪਹਿਨੀ ਨਹੀਂ ਹੋਈ ।ਪਹਿਣਨਾ ਉਹਨਾਂ ਨੂੰ ਕੁੱਝ ਵੀ ਨਹੀਂ ਆਉਂਦਾ ,ਨਾ ਕੱਪੜੇ ,ਨਾ ਜੁੱਤੇ ਤੇ ਨੇਕੀ ਵੀ ਨਹੀਂ । ਨੇਕੀ ਉਹਨਾਂ ਦੇ ਅੰਦਰ ਹੈ ,ਆਤਮਾ ਵਿੱਚ। ਇੱਕ ਹੋਰ ਦਿਲਚਸਪ ਸਮੱਸਿਆ ਹੈ । ਮੈਨੂੰ ਅਰਸੇ ਬਾਅਦ ਪਤਾ ਲੱਗਿਆ ਕਿ ਆਮ ਘਰਾਂ ਵਾਂਗੁੰ ਇਹਨਾਂ ਨੂੰ ਕੰਮਕਾਰ ਵਿੱਚ ਨਿਪੁੰਨ ਸੁਆਣੀ ਨਹੀਂ ਚਾਹੀਦੀ ਇਹਨਾਂ ਨੂੰ ਪਤਨੀ ਵਿੱਚੋਂ ਕਈ ਕਿਰਦਾਰ ਚਾਹੀਦੇ ਨੇ ,ਫਿਕਰ ਕਰਨ ਵਾਲੀ ਮਾਂ ,ਖਿਆਲ ਰੱਖਣ ਵਾਲੀ ਧੀ ਤੇ ਚਿਹਰੇ ਪੜ੍ਹਣ ਵਾਲਾ ਦੋਸਤ ਵੀ । ਹਾਂ ! ਸੱਚ ਇਹ ਸਭ ਪਾਤਰ ਚਾਹੀਦੇ ਹਨ ਪਰ ਪਤਨੀ ਵਿੱਚ ਸੇਵਾਦਾਰ ਦੀ ਝਲਕ ਬਿਲਕੁਲ ਵੀ ਨਹੀਂ ਚਾਹੀਦੀ ਅਜਿਹੀ ਕੋਸ਼ਿਸ਼ ਇਹਨਾਂ ਨੂੰ ਨਾਰਾਜ਼ ਕਰ ਦਿੰਦੀ ਹੈ ।ਇਹ ਬਰਾਬਰੀ ਦੇ ਮੁਰੀਦ ਹਨ ,ਬਾਹਰ ਵੀ ਤੇ ਘਰ ਵੀ ।
      ਜਦੋਂ ਮਾਂ ਕਹਿੰਦੀ ਹੈ ਫਲਾਂ ਫਲਾਂ ਡਾਕਟਰ ਤੋਂ ਦਵਾਈ ਲੈ ਆ ਪਰ ਮੈਨੂੰ ਪਤਾ ਹੁੰਦਾ ਹੈ ਇਹਨਾਂ ਨੂੰ ਦਵਾਈ ਦੀ ਨਹੀੋਂਂ ਸੰਵਾਦ ਦੀ ਲੋੜ ਹੈ । ਇੱਥੇ ਵੀ ਦਿੱਕਤ ਪੈਦਾ ਹੁੰਦੀ ਹੈ ਇਹਨਾਂ ਨੂੰ ਖਾਣਾ ਵੀ ਵਧੀਆ ਚਾਹੀਦਾ ਹੈ, ਘਰ ਵਿੱਚ ਵੱਜਦਾ ਸੰਗੀਤ ਵੀ ਵਧੀਆ ਚਾਹੀਦਾ ਹੈ ,ਅਖਬਾਰ ਵਿੱਚ ਛਪੀ ਹੋਈ ਰਚਨਾ ਵੀ ਵਧੀਆ ਚਾਹੀਦੀ ਹੈ ਤੇ ਸੰਵਾਦ ਵੀ ਬੇਹਤਰੀਨ ਚਾਹੀਦਾ ਹੈ ਂਜੋ ਅਕਸਰ ਮੁਮਕਿਨ ਨਹੀਂ ਹੋ ਸਕਦਾ । ਮੇਰੇ ਭਰਭੂਰ ਯਤਨ ਦੇ ਬਾਵਜੂਦ ਵੀ ।ਬੇਹਤਰੀਨ ਸੰਵਾਦ ਇਹਨਾਂ ਲਈ ਲਿਖਣ ਦੀ ਪ੍ਰੇਰਨਾ ਵੀ ਬਣ ਜਾਂਦੀ ਹੈ ਤੇ ਇੱਕ ਟਾੱਨਿਕ ਵੀ ।
     ਤਰਸੇਮ ਬਸ਼ਰ ਦਲੇਰ ਨੇ ਉਹ ਆਪਣੀ ਸੱਚਾਈ ਨੂੰ ਨਾਲ ਲੈ ਕੇ ਵੱਡੇ ਤੋਂ ਵੱਡੇ ਦੁਸ਼ਮਣ ਦੇ ਘਰ ਵੀ ਜਾ ਸਕਦੇ ਨੇ ਤੇ ਸੱਚਾਈ ਅਕਸਰ ਉਹਨਾਂ ਨਾਲ ਹੁੰਦੀ ਹੈ ।ਜੇ ਇਹ ਦਲੇਰੀ ਹੈ ਤਾਂ ਲਗਾਤਾਰ ਮਾਨਸਿਕ ਟੁੱਟ-ਭੱਜ ਤੇ ਅਤਿ ਭਾਵੁਕਤਾ ਦੇ ਚੱਲਦਿਆਂ ਅਨੇਕਾਂ ਡਰ ਵੀ ਹਨ ,ਜਿੰਨ੍ਹਾਂ ਬਾਰੇ ਹਰ ਕੋਈ ਨਹੀਂ ਜਾਣਦਾ ਹੁੰਦਾ । ਉਹ ਡਰ ਜਾਂਦੇ ਨੇ ਉਸ ਬੰਦੇ ਤੋਂ ਂਜੋ ਆਪਣੀ ਚਤੁਰਾਈ ਨਾਲ ਉਸ ਤੋਂ ਕੰਮ ਕਢਵਾਉਣ ਦਾ ਯਤਨ ਕਰਦਾ ਹੈ । ਉਹ ਡਰ ਜਂਾਂਦੇ ਹਨ ਜਦੋਂ ਇਹ ਪਤਾ ਹੋਵੇ ਕਿ ਉਹ ਕਿਸੇ ਅਜਿਹੇ ਬੰਦੇ ਨੂੰ ਮਿਲਣ ਜਾ ਰਿਹੇ ਹਨ , ਜਿੱਥੇ ਸੰਵਾਦ ਬਹੁਤ ਹਲਕੇ  ਪੱਧਰ ਦਾ ਹੋਣ ਵਾਲਾ ਹੈ । ਉਹ ਡਰ ਜਾਂਦੇ ਨੇ ਜਦੋਂ ਕਦੇ ਪਤਾ ਲੱਗਦਾ ਹੈ ਕਿ ਫਲਾਂ-ਫਲਾਂ ਜਣਾ ਦੁਨੀਆਂ ਤੋਂ ਰੁਖਸਤ ਹੋ  ਗਿਆ ਹੈ । ਉਹ ਉਸਦੀ ਮੱਈਅਤ ਵਿੱਚ ਸ਼ਾਮਲ ਨਹੀਂ ਹੋਣਗੇ ,ਨਾ ਹੀ ਉਸਦੀ ਯਾਦ ਵਿੱਚ ਕੀਤੀ ਜਾ ਰਹੀ ਗੱਲ ਬਾਤ ਸੁਣਨਗੇ ।ਦਰਅਸਲ ਉਹ ਸੁਣ ਹੀ ਨਹੀਂ ਸਕਦੇ ਪਰ ਦੁੱਖ ਉਹਨਾਂ ਦੇ ਅੰਦਰ ਹੁੰਦਾ ਹੈ ,ਉਹਨਾਂ ਤੋਂ ਵੀ ਵੱਧ ਂਜੋ ਉੱਥੇ ਬੈਠੇ ਮਾਯੂਸ ਚਿਹਰਿਆਂ ਦੇ ਅੰਦਰ ਵੀ ਨਹੀਂ ਹੁੰਦਾ ਪਰ ਇਸ ਦੁੱਖ ਨੂੰ ਸਾਝਾਂ ਕਰਨਾ ਉਹਨਾਂ ਨੂੰ ਨਹੀਂ ਆਉਂਦਾ ।ਉਹਨਾਂ ਮਿੰਨੀ ਕਹਾਣੀ ''ਮਾਸੀ ਮੈਂ ਚੱਲਿਐ'' ਂਜੋ ਆਪਣੇ ਆਪ ਵਿੱਚ ਵਿਲੱਖਣ ਸ਼ੈਲੀ ਦੀ ਮਿੰਨੀ ਕਹਾਣੀ ਸੀ ,ਰਾਹੀਂ ਆਪਣੀ ਇਸ ਦੁਬਿਧਾ ਨੂੰ ਲਿਖਤ ਦੀ ਜਦ ਵਿੱਚ ਲਿਆਦਾਂ ਸੀ । ਨਿਰੀ ਆਦਰਸ਼ਵਾਦਿਤਾ  ਅਤੇ ਸੁਨੇਹੇ ਦੇਣ ਵਾਲੀ ਰਚਨਾ ਤੋਂ ਵੀ ਉਹਨਾਂ ਨੂੰ ਡਰ ਲੱਗਦਾ ਹੈ ਭਾਵੇਂ ਸਮਾਜ ਦੀ ਦੁੱਖਦੀ ਰਗ ਤੇ ਉੰਂਗਲ ਰੱਖਣ ਲੱਗਿਆ ਉਹਨਾਂ ਵਿੱਚ ਬਲਾ ਦੀ ਦਲੇਰੀ ਵੀ ਆ ਜਾਂਦੀ ਹੈ । ਬੇਮੁਰੱਬਤ ਲੋਕਾਂ ਤੋਂ ਹਰ ਕੋਈ ਡਰਦਾ ਹੈ ਤੇ ਤਰਸੇਮ ਬਸ਼ਰ ਸ਼ਾਇਦ ਸਭ ਤੋਂ ਵੱਧ ।
      ਤਰਸੇਮ ਬਸ਼ਰ ਓਹੋ ਜਿਹੇ ਹਰਗਿਜ਼ ਨਹੀਂ ਂਜੋ ਤੁਸੀਂ ੳਹਨਾਂ ਬਾਰੇ ਚਿਤਵਿਆ ਹੋਵੇਗਾ ,ਲਿਖਤਾਂ ਤੋਂ ਅੰਦਾਜ਼ਾ ਲਗਾਇਆ ਹੋਵੇਗਾ । ਲੇਖਕ  ਦੇ ਤੌਰ ਤੇ ਜਾਣਨਾ ਹੋਵੇ ਤਾਂ ਉਹਨਾਂ ਦੀ ਤੀਖਣ ਬੁੱਧੀ , ਸਿਰਜਣਾ ,ਕਲਾ ,ਨੂੰ ਜਾਣਨਾ ਹੋਵੇ ਤਾਂ ਤੁਹਾਨੂੰ ਉਹਨਾਂ ਦੀਆਂ ਲਿਖਤਾਂ ਵੱਲ ਹੀ ਜਾਣਾ ਪਵੇਗਾ ਨਹੀਂ ਤਾਂ ਜਦੋਂ ਤੁਸੀਂ ਮਿਲੋਗੇ ਤਾਂ ਤੁਹਾਨੂੰ ਇੱਕ ਮਾਨਸਿਕ ਝਟਕੇ ਦਾ ਸਾਹਮਣਾ ਕਰਨਾ ਪਵੇਗਾ । ਉਹ ਇੱਕ ਬਹੁਤ ਸਾਧਾਰਨ ਇਨਸਾਨ ,ਜਿਹੋ ਜਿਹਾ ਬੌਧਿਕ ਪੱਧਰ ਤੁਹਾਡਾ ਹੋਵੇਗਾ ,ਉਸੇ ਪੱਧਰ ਦਾ ਤਰਸੇਮ ਬਸ਼ਰ ਤੁਹਾਨੂੰ ਮਿਲੇਗਾ । ਜੇ ਤੁਹਾਨੂੰ ਸੰਗੀਤ ਵਿੱਚ ਦਿਲਚਸਪੀ ਹੈ ਤਾਂ ਤੁਹਾਨੂੰ ਉਹ ਅਜਿਹਾ ਕੁੱਝ ਦੱਸ ਦੇਣਗੇ ਕਿ ਤੁਸੀਂ ਚੋਕ ਜਾਉਗੇ। ਜੇ ਤੁਸੀਂ ਕੁੱਤਿਆਂ ਦੇ ਸੌਕੀਨ ਹੋ ਤਾਂ ਉਹ ਇਸ ਵਿੱਚ ਵੀ ਦਿਲਚਸਪੀ ਪੈਦਾ ਕਰ ਲੈਣਗੇ ਭਾਵੇਂ ਕਿ ਉਹਨਾਂ ਨੂੰ ਇਸ ਦਾ ੳ ਅ ਵੀ ਪਤਾ ਨਹੀਂ ਹੁੰਦਾ। ਤੁਸੀ ਆਪਣੀ ਦਿਲਚਸਪੀ ਦੇ ਕਿਸੇ ਵਿਸ਼ੇ ਤੇ ਵੀ ਉੱਤੇ ਓਹਨਾਂ ਨਾਲ ਗੱਲ ਕਰੋ ਉਹਨਾਂ 'ਚ ਬਲਾ ਦਾ ਸਬਰ ਹੈ , ਉਹ ਕਰਦੇ ਰਹਿਣਗੇ ਪਰ ਇਹ ਮੈਂ ਜਾਣਦੀ ਹਾਂ ਕਿ ਜੇ ਤੁਸੀਂ ਹਲਕੇ ਪੱਧਰ ਦੀ ਗੱਲ ਕਰ ਰਹੇ ਹੋ , ਉਹ ਅੱਕ ਵੀ ਚੁੱਕੇ ਹੋਣਗੇ ,ਪ੍ਰੇਸ਼ਾਨ ਵੀ ਹੋਣਗੇ ਪਰ ਤੁਹਾਨੂੰ ਅਹਿਸਾਸ ਨਹੀਂ ਹੋਣ ਦੇਣਗੇ ਤੇ ਇਹ ਵੀ ਸੋਚ ਰਹੇ ਹੋਣਗੇ ਕਿ ਇਹਤੋਂ ਨਿਜ਼ਾਤ ਪਾ ਕੇ ਕੁੱਝ ਚੰਗਾ ਸੁਣਾਗਾ ਜਾਂ ਫਿਰ ਕੁੱਝ ਪੜ੍ਹਾਗਾ.......।    
       ਮੇਚ ਦੇ ਬੰਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਵਿੱਚ ਇੱਕ ਰਵਾਨਗੀ ਆ ਜਾਂਦੀ ਹੈ । ਇੱਕ ਖੇੜਾ ਤੇ ਉਹ ਗੱਲਬਾਤ ਵਿੱਚ ਆਸਾਧਾਰਨ ਮਾਨਸਿਕ ਗੁੰਝਲਾਂ ਦੀਆਂ ਗੱਲਾਂ ਇਸ ਤਰ੍ਹਾਂ ਕਰ ਦੇਣਗੇ ਜਿਵੇਂ ਕੋਈ ਘਰੇਲੂ ਸੁਆਣੀਆਂ ਆਪਣੇ ਬੱਚਿਆਂ ਬਾਰੇ ਗੱਲ ਕਰਦਿਆਂ ਡੂੰਘੇ ਰਹੱਸ ਦੀ ਗੱਲ ਕਰ ਜਾਂਦੀਆਂ ਹਨ । ਉਹਨਾਂ ਨੂੰ ਲਿਖਣਾ ਆਉਂਦਾ ਹੈ ਪਰ ਆਪਣੀ ਵਿਦਵਤਾ ਦਾ ਵਖਿਆਣ ਉਹਨਾਂ ਲਈ ਥੋੜਾ ਨਹੀਂ ਕਾਫ਼ੀ ਮੁਸ਼ਕਿਲ ਕੰਮ ਹੈ ।
        ਅਜੇ ਕੱਲ ਦੀ ਹੀ ਗੱਲ ਹੈ ਕਿ ਇੱਕ ਚੈਨਲ ਵਾਲੇ ਦੋਸਤ ਧਰਮ ਚੰਦਰ ਲੋਗੋਵਾਲ ਵੱਲੋਂ ਉਹਨਾਂ ਨੂੰ ਪੋਗ੍ਰਾਮ ਵਾਸਤੇ ਬੁਲਾਇਆ ਤਾਂ ਉਹਨਾਂ ਦੀ ਹਾਲਤ ਦੇਖਣ ਵਾਲੀ ਸੀ । ਗੱਲਬਾਤ ਬਲਵੰਤ ਗਾਰਗੀ ਹੋਰਾਂ ਦੀ ਸਖਸ਼ੀਅਤ ਬਾਰੇ ਹੋਣੀ ਸੀ ਂਜੋ ਇਹਨਾਂ ਲਈ ਜਰਾ ਵੀ ਮੁਸ਼ਕਿਲ ਵਾਲੀ ਨਹੀਂ ਸੀ । ਜਦੋਂ ਕਿ ਲੋਕ ਅਜਿਹੇ ਮੌਕੇ ਭਾਲਦੇ ਹਨ ਇਹਨਾਂ ਵਿੱਚ ਇੱਕ ਸੰਕੋਚ ਸੀ ,ਇੱਕ ਵਿਚਾਰਗੀ ।
   ਮੈਨੂੰ ਕਹਿਣ ਲੱਗੇ ,''ਇੱਕ ਆਸਾਧਰਨ ਮਨੁੱਖ ਬਾਰੇ ਬੋਲਣ ਲਈ ਉਹਨਾਂ ਬਹੁਤ ਸਾਧਾਰਨ ਮਨੁੱਖ ਨੂੰ ਬੁਲਾਇਆ ਐ ।''
         ਇਹ ਕਹਿੰਦੇ ਹੋਏ ਉਹਨਾਂ ਦੇ ਚਿਹਰੇ ਤੇ ਸ਼ਰਧਾ ਦੇ ਭਾਵ ਸਨ ਤੇ ਭਾਵੁਕਤਾ ਦਾ ਲੇਪ । ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ,ਆਪਣੇ ਚਹੇਤੇ ਲੇਖਕ ਲਈ ਉਹਨਾਂ ਦੀ ਇਹ ਸ਼ਰਧਾ ਨੇ ਮੈਨੂੰ ਅੰਦਰ ਤੱਕ ਝੰਜੋੜ ਦਿੱਤਾ ਸੀ । ਖੈਰ ! ਇਹ ਇੰਟਰਵਿਊ ਹੋਈ ਤੇ ਐਤਵਾਰ ਨੂੰ ਚੈਨਲ ਵੱਲੋਂ ਕਈ ਵਾਰ ਦੁਹਰਾਈ ਗਈ ,ਗਲੀ ਮੁਹੱਲੇ ਵਾਲਿਆਂ ਨੂੰ ਪਹਿਲੀ ਵਾਰ ਪਤਾ ਲੱਗਾ ਕਿ ਤਰਸੇਮ ਇੱਕ ਲੇਖਕ ਹੈ । ਅਦਬ ਤੇ ਅਖਬਾਰੀ ਖੇਤਰ ਵਿੱਚ ਬਹੁਤ ਸਾਰੇ ਲੋਕ ਇੰਨਾ੍ਹਂ ਨੂੰ ਜਾਣਦੇ ਸਨ ਪਰ ਆਢੀ-ਗੁਆਢੀ ,ਰਿਸ਼ਤੇਦਾਰ ਇਸ ਨਵੀਂ ਦਿਖ ਤੇ ਹੈਰਾਨ ਸਨ। ਇੱਕ ਨਵਾਂ ਤਰਸੇਮ ਉਹਨਾਂ ਦੇ ਸਾਹਮਣੇ ਸੀ ਜਿਸ ਨੂੰ ਲੋਕ ਤਰਸੇਮ ਬਸ਼ਰ ਕਹਿੰਦੇ ਹਨ ।  ਆਸਾਧਰਨ ਮਨੁੱਖ ਵਿੱਚ ਅਤਿਅੰਤ ਸਾਧਾਰਨ ਮਨੁੱਖ ਨੂੰ ਦੇਖਣਾ ਹੋਵੇ ਤਾਂ ਤੁਸੀਂ ਤਰਸੇਮ ਬਸ਼ਰ ਨੂੰ ਮਿਲ ਸਕਦੇ ਹੋ ਪਰ ਉਹਨਾਂ ਨੂੰ ਜਾਣਨਾ ਹੋਵੇ ਤਾਂ ਤੁਹਾਨੂੰ ਵੀ ਆਸਾਧਰਨ ਮਨੁੱਖ ਹੋਣਾ ਚਾਹੀਦਾ ਹੈ । ਕਈ ਪਰਤਾਂ ਦੇ ਅੰਦਰ ਜਾ ਕੇ ਦੇਖਣ ਵਾਲੀ ਦਿਵਦ੍ਰਿਸ਼ਟੀ ਵਾਲਾ ਮਨੁੱਖ । ਆਪਣੀ ਕਹਾਂ ਤਾਂ ਦੋ ਦਹਾਕਿਆਂ ਤੋਂ ਬਾਅਦ ਵੀ ਅਪਣੇ ਆਪ ਨੂੰ ਇਸ ਜਗ੍ਹਾ ਨਹੀਂ ਪਾਉਂਦੀ ।
                             ਵੀਰਪਾਲ ਸ਼ਰਮਾਂ (ਪਤਨੀ ਤਰਸੇਮ ਬਸ਼ਰ)
   ਈਮੇਲ :--- bashartarsem@gmail.com                                        
                                              
                                    ਮੋਬਾਇਲ 9915620944