ਡੰਗ ਅਤੇ ਚੋਭਾਂ - ਗੁਰਮੀਤ ਸਿੰਘ ਪਲਾਹੀ


ਫੀਲ ਗੁੱਡ ਦੀ ਮਹਿਕ ਨੂੰ ਫੀਲ ਕਰਕੇ,
ਲੋਕ ਭਟਕ ਰਹੇ ਅੰਧ ਗੁਬਾਰ ਹੋਇਆ।

ਖ਼ਬਰ ਹੈ ਕਿ ਲਾਕਡਾਊਨ ਦੌਰਾਨ ਪੂਰੇ ਦੇਸ਼ 'ਚ ਕਾਰੋਬਾਰ ਠੱਪ ਹੋ ਜਾਣ ਨਾਲ ਕਮਾਈ ਨਾ ਹੋਣ ਕਾਰਨ ਸੂਬਿਆਂ ਦੀ ਚਿੰਤਾ ਵਾਜਬ ਹੈ ਪਰ ਕੋਰੋਨਾ ਦੀ ਲਾਗ ਦੇ ਜਿਸ ਖਤਰੇ ਕਾਰਨ ਲੋਕ 40 ਦਿਨ ਤੱਕ ਲਾਕਡਾਊਨ  ਦੀਆਂ ਤਕਲੀਫ਼ਾਂ ਝੱਲਦੇ ਰਹੇ, ਉਸ ਲਾਗ ਨੂੰ ਰੋਕਣ ਦੀਆਂ ਕੋਸ਼ਿਸ਼ਾਂ 41ਵੇਂ ਦਿਨ ਹੀ ਤਬਾਹ ਹੋ ਗਈਆਂ। ਠੇਕੇ ਖੁਲ੍ਹਦੇ ਹੀ  ਖਰੀਦਦਾਰਾਂ ਦੀ ਭੀੜ ਇਕੱਠੀ ਹੋ ਗਈ ਅਤੇ ਠੇਕੇ  ਖੁਲ੍ਹਦੇ ਹੀ ਲੋਕ ਪਾਣੀ ਦੀਆਂ ਬੋਤਲਾਂ ਨਾਲ ਲੈ ਕੇ ਕਤਾਰਾਂ ਵਿੱਚ ਖੜ ਗਏ। ਭੀੜ ਨੂੰ ਕੰਟਰੋਲ ਕਰਨ ਲਈ ਕਈ ਥਾਵਾਂ ਤੇ ਪੁਲਿਸ ਨੂੰ ਹਲਕੀ ਤਾਕਤ ਦੀ ਵਰਤੋਂ ਕਰਨੀ ਪਈ। ਠੇਕੇ ਖੁਲ੍ਹਣ ਤੋਂ ਪਹਿਲਾਂ ਹੀ ਅੱਧਾ ਕਿਲੋਮੀਟਰ ਲੰਮੀ ਲਾਈਨ ਵੇਖਣ ਨੂੰ ਮਿਲੀ। ਜਿਆਦਾਤਰ ਲੋਕ ਸ਼ਰਾਬ  ਦੀਆਂ ਪੇਟੀਆਂ ਚੁੱਕਦੇ ਵੇਖੇ ਗਏ। ਇਹ ਹਾਲ ਦਿੱਲੀ ਦਾ ਸੀ ਜਦ ਕਿ ਪੰਜਾਬ ਦੇ ਠੇਕੇ ਵੀ ਖੋਲ੍ਹਣ ਦੀ ਤਿਆਰੀ ਹੋ ਰਹੀ ਹੈ।
 ਕਹਾਂ ਹਮ, ਕਹਾਂ ਵੋ ਮੁਕਾਮ, ਅੱਲਾ ਅੱਲਾ। ਇਹੋ ਰਾਗ ਅਲਾਪਦਾ, ਫੜਕੇ ਹੱਥ ਡੰਗੋਰੀ, ਤੁਰ ਪਿਆ ਠੇਕੇ ਨੂੰ! ਠੇਕੇ ਤਾਂ ਉਹਦਾ ਸਾਹ ਆ।  ਠੇਕਾ ਤਾਂ ਉਹਦਾ ਸੱਭੋ ਕੁਝ ਆ। ਬਾਕੀ ਸਭ ਕੁਝ ਜ਼ਿੰਦਗੀ ਤੋਂ ਮਨਫ਼ੀ!
ਕੋਰੋਨਾ ਆਊ ਤਾਂ ਸ਼ਰਾਬੀ ਦੀਆਂ ਗੱਲਾਂ ਸੁਣ ਭੱਜ ਜਾਊ, ਆਖੂ ਇਹ ਤਾਂ ਮੈਥੋਂ ਵੀ ਤਕੜਾ ਆ। ਜਿਹੜਾ ਘਰ  ਵਾਲੀ ਛੱਡ ਦਿੰਦਾ, ਮਾਂ-ਬਾਪ ਦੇ ਮੋਛੇ ਪਾ ਦਿੰਦਾ, ਜਾਇਦਾਦਾਂ ਤਬਾਹ ਕਰ ਦਿੰਦਾ, ਬਾਲ-ਬੱਚੇ ਗਿਰਵੀ ਕਰ ਦੇਂਦਾ। ਕੋਰੋਨਾ ਆਊ ਤਾਂ ਵੀਹ ਵੇਰ ਸੋਚੂ ਬਈ ਇਸ ਮਿੱਤਰ ਪਿਆਰੇ 'ਤੇ ਵਾਰ ਕਾਹਨੂੰ ਕਰਨਾ, ਇਹ ਤਾਂ ਪਹਿਲਾਂ ਹੀ ਮੋਇਆ-ਅਧਮੋਇਆ ਹੈ-ਆਪਣੀ ਬਦਨਾਮੀ ਕਿਉਂ ਕਰਵਾਉਣੀ ਆਂ?
ਉਂਜ ਭਾਈ ਮਧੁਰਾ ਲਈ ਇਹ ਭਟਕਾਅ, ਜ਼ਿੰਦਗੀ ਤੋਂ ਭਟਕਾਅ ਆ। ਮਧੁਰਾ ਪ੍ਰੇਮੀ ਇਹ ਸੋਚਦੇ ਆ, ''ਅੱਜ ਆਇਆ ਹਾਂ ਕੱਲ੍ਹ ਨੂੰ ਚਲੇ ਜਾਣੈ, ਆਇਆ ਦੁਨੀਆ ਵਿੱਚ ਕੌਣ ਹਮੇਸ਼ਾਂ ਲਈ'' ਇਸੇ ਕਰਕੇ ਉਹ ਸੜਕਾਂ ਤੇ ਭਟਕਦੇ ਆ ਤੇ ਇਸ ਭਟਕਾਅ ਬਾਰੇ ਕਵੀ ਬਿਆਨਦਾ ਆ, ''ਫੀਲ ਗੁੱਡ  ਦੀ ਮਹਿਕ ਨੂੰ ਫੀਲ ਕਰਕੇ, ਲੋਕ ਭਟਕ ਰਹੇ ਅੰਧ ਗੁਬਾਰ ਹੋਇਆ''।

 ਹੌਲੇ-ਹੌਲੇ ਤੁਰਨ ਦੀ, ਭੁਲ ਗਏ ਸਭ ਜਾਚ,
ਤਾਂ ਹੀ ਤਾਂ ਇਸ ਦੌਰ ਵਿੱਚ, ਕੀ ਕੁਝ ਗਿਆ ਗੁਆਚ।

ਖ਼ਬਰ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਇਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਿਆ ਹੈ। ਪਾਬੰਦੀਸ਼ੁਦਾ ਹਥਿਆਰ  ਏਕੇ-47 ਨਾਲ ਪੁਲਿਸ ਮੁਲਾਜ਼ਮਾਂ ਦੀ ਹਾਜ਼ਰੀ 'ਚ ਗੋਲੀਆਂ ਚਲਾਉਣ ਦੀ ਸਿੱਧੂ ਮੂਸੇਵਾਲੇ ਦੀ ਵੀਡੀਓ  ਵਾਇਰਲ ਹੋਈ ਹੈ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਬਾ-ਵਰਦੀ ਪੁਲਿਸ ਮੁਲਾਜ਼ਮ ਮੂਸੇਵਾਲਾ ਦਾ ਰਾਈਫਲ ਚਲਾਉਣ 'ਚ ਸਾਥ ਦੇ ਰਹੇ ਹਨ। ਪੰਜਾਬ ਦੇ ਡੀ.ਜੀ.ਪੀ. ਦੇ ਧਿਆਨ 'ਚ ਆਉਣ ਉਪਰੰਤ ਸਿੱਧੂ ਮੂਸੇਵਾਲਾ ਅਤੇ ਪੁਲਿਸ ਮੁਲਾਜ਼ਮਾਂ ਵਿਰੁਧ ਕੇਸ ਦਰਜ ਹੋ ਗਿਆ ਹੈ। ਮੂਸੇਵਾਲਾ ਦਾ ਇੱਕ ਗੀਤ  ਵੀ ਬਹੁਤ ਵਾਇਰਲ ਹੋਇਆ ਸੀ ਅਤੇ ਡੀ.ਜੀ.ਪੀ. ਦੇ ਟਵਿੱਟਰ ਹੈਂਡਲ ਤੋਂ ਵੀ ਹਟਾ ਦਿੱਤਾ ਗਿਆ ਸੀ। ਸਿੱਧੂ ਨੂੰ ਸੁਰੱਖਿਆ ਛਤਰੀ ਦੇਣ 'ਤੇ ਵੀ ਸਵਾਲੀਆ ਨਿਸ਼ਾਨ ਲੱਗੇ ਹੋਏ ਹਨ।
''ਜਿਹਨਾ ਨੂੰ ਸ਼ੌਕ ਹਥਿਆਰਾਂ ਦੇ, ਭਲਾ ਉਹਨਾ ਦਾ ਸਾਹਿਤ, ਚੰਗੀ ਜ਼ਿੰਦਗੀ ਨਾਲ ਕੀ ਵਾਸਤਾ?'' ਪਰ ਇਥੇ ਤਾਂ ਹਥਿਆਰਾਂ ਦੇ ਸ਼ੌਕੀਨ ਚੌਧਰੀ ਹਨ? ਇਥੇ ਤਾਂ ਜੀਹਦੀ ਲਾਠੀ ਉਹਦੀ ਭੈਂਸ ਵਾਲੇ ਲੱਠਮਾਰ ਮੋਹਰੀ ਹਨ? ਪਿਆਰਾ ਪੰਜਾਬ, ਜਦੋਂ ਵੱਢਿਆ, ਟੁੱਕਿਆ ਗਿਆ। ਬਰਛੀਆਂ, ਟੋਕੇ, ਤਲਵਾਰਾਂ, ਬੰਦੂਕਾਂ ਲੋਕਾਂ ਹੱਥ ਫੜਾ ਦਿੱਤੀਆਂ  ਗਈਆਂ। ਮਾਰਸ਼ਲ ਕੌਮ ਆ ਜੀ! ਤਦੇ ਸੱਭੋ ਕੁਝ ਭੁਲ  ਹਾ, ਹਾ, ਹੀ,ਹੀ, ਹਾਂਜੀ, ਹਾਂਜੀ'' ਦਾ ਰਾਗ ਅਲਾਪਦੀ ਆ। ਤੇ ਨਸ਼ਿਆਂ, ਹਥਿਆਰਾਂ ਬੀਮਾਰਾਂ 'ਚ ਡੁੱਬੀ ਮਾਰਸ਼ਲ ਕੌਮ ''ਲਸੰਸੀ ਗਾਇਕਾਂ'' ਨੂੰ  ਆਪਣੀਆਂ ਔਲਾਦਾਂ ਨੂੰ ਵੱਢ-ਟੁੱਕ ਦੀ ਸਿੱਖਿਆ ਦੀ ਆਗਿਆ ਦਿੰਦੀ ਆ। ਤਦੇ ਕਵੀ ਕਹਿੰਦਾ, ''ਹੌਲੇ-ਹੌਲੇ ਤੁਰਨ ਦੀ ਭੁਲ ਗਏ ਸਭ ਜਾਚ, ਤਾਂ ਹੀ ਤਾਂ ਇਸ ਦੌਰ ਵਿੱਚ ਕੀ ਕੁਝ ਗਿਆ ਗੁਆਚ''।

ਦੋ ਭਾਈਆਂ ਦੀਆਂ ਕੋਠੀਆਂ, ਪਰ ਅੰਦਰ ਇੱਕ ਹੂਕ,
ਮਾਂ ਪੁੱਤਾਂ ਨੂੰ ਪੁੱਛਦੀ ਕਿਥੇ ਧਰਾਂ ਸੰਦੂਕ?

ਖ਼ਬਰ ਹੈ ਕਿ ਕਾਂਗਰਸ ਦੀ ਐਕਟਿੰਗ ਪ੍ਰਧਾਨ ਸੋਨੀਆਂ ਗਾਂਧੀ ਨੇ ਐਲਾਨ ਕੀਤਾ ਹੈ ਕਿ ਤਾਲਾਬੰਦੀ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਫਸੇ ਮਜ਼ਦੂਰਾਂ ਦੇ ਰੇਲਵੇ ਰਾਹੀਂ ਘਰ ਵਾਪਸੀ ਦਾ ਖ਼ਰਚਾ ਕਾਂਗਰਸ ਪਾਰਟੀ ਚੁੱਕੇਗੀ। ਸੋਨੀਆ ਨੇ ਸਵਾਲ ਉਠਾਇਆ  ਅਤੇ ਕਿਹਾ ਕਿ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦਾ ਕਿਰਾਇਆ ਕੇਂਦਰ ਸਰਕਾਰ ਨੇ ਨਹੀਂ ਲਿਆ ਤਾਂ ਪ੍ਰਵਾਸੀ ਮਜ਼ਦੂਰਾਂ ਲਈ ਇਹ ਰਹਿਮ-ਦਿਲੀਂ ਕਿਉਂ ਨਹੀਂ ਦਿਖਾਈ  ਗਈ। ਉਹਨਾ ਕਿਹਾ ਕਿ ਮਜ਼ਦੂਰ ਦਰ-ਦਰ ਠੋਕਰਾਂ ਖਾਣ ਲਈ ਮਜ਼ਬੂਰ ਹਨ। ਪ੍ਰਵਾਸੀ ਮਜ਼ਦੂਰਾਂ ਤੋਂ ਕਿਰਾਇਆ ਵਸੂਲਣ ਤੋਂ ਸ਼ੁਰੂ ਹੋਏ ਵਿਵਾਦ 'ਤੇ ਕੇਂਦਰ ਨੇ ਕਿਹਾ ਕਿ ਮਜ਼ਦੂਰਾਂ ਦਾ 85 ਫ਼ੀਸਦੀ ਕਿਰਾਇਆ ਰੇਲਵੇ ਦੇਵੇਗਾ ਜਦਕਿ 15 ਫ਼ੀਸਦੀ ਕਿਰਾਏ ਦੀ ਵਸੂਲੀ ਰਾਜ ਸਰਕਾਰਾਂ ਤੋਂ ਕੀਤੀ ਜਾਏਗੀ।
 ਸਿਰ ਤੇ ਗੱਠੜੀ, ਹੱਥ ਡੰਡੇ-ਸੋਟੀ ਤੋਂ ਵੀ ਸੱਖਣੇ, ਗਲੀਆਂ, ਬਜ਼ਾਰਾਂ, ਸੜਕਾਂ, ਪਿੰਡਾਂ, ਸ਼ਹਿਰਾਂ, ਮੁਹੱਲਿਆਂ ਸੱਭੋ ਥਾਂ ਸਾਹ-ਸਤ ਹੀਣ ਤੁਰੇ ਫਿਰਦੇ ਹਨ।  ਕਮਰਾ ਹੈ, ਪਰ ਘਰ ਦੀ ਤਾਂਘ ਹੈ। ਮਾੜੀ ਮੋਟੀ ਮੰਗਵੀਂ-ਠੰਗਵੀਂ ਰੋਟੀ ਹੈ, ਪਰ ਢਿੱਡ ਭੁੱਖਾ ਹੈ। ਕੇਹਾ ਕੁਹਰਾਮ ਮਚਿਆ ਹੈ। ਇਸੇ ਕੁਹਰਾਮ 'ਚ ਭਾਈ ਸਿਆਸਤ ਹੋ ਰਹੀ ਹੈ।
ਕੋਠੀਆਂ ਬਨਾਉਣ ਵਾਲੇ, ਫੈਕਟਰੀਆਂ ਉਸਾਰਨ ਵਾਲੇ, ਸੜਕਾਂ, ਰੇਲਾਂ, ਗੱਡੀਆਂ ਬਨਾਉਣ ਵਾਲੇ, ਪੈਦਲ ਤੁਰੇ ਜਾ ਰਹੇ ਹਨ। ਪੈਦਾਇਸ਼ ਵਾਲੇ ਕੋਠੇ ਦੀ ਤਾਂਘ ਹੈ।  ਮਾਂ, ਬਾਪੂ, ਭੈਣ, ਭਰਾ, ਪੁੱਤ, ਧੀਆਂ ਪਤਾ ਨਹੀਂ  ਕਿਧਰੇ ਅਤੇ ਆਪ ਸੜਕਾਂ 'ਤੇ। ਨਾ ਕੋਈ ਰੇਲ, ਨਾ ਕੋਈ ਬੱਸ, ਨਾ ਕੋਈ ਰਿਕਸ਼ਾ, ਨਾ ਕੋਈ ਟਾਗਾਂ। ਸਭ ਪਾਸੇ ਸੁੰਨ ਮਸਾਣ। ਅਤੇ ਮਨ ਵਿੱਚ ਆਫ਼ਤ ਦਾ ਭੈਅ! ਤਦ ਵੀ ਸਿਆਸਤ ਹੋ ਰਹੀ ਹੈ। ਇੱਕ ਪੁੱਤ, ਹਕੂਮਤ ਕਰ ਰਿਹਾ , ਇੱਕ ਪੁੱਤ ਹਕੂਮਤ ਦੀ ਤਾਂਘ 'ਚ ਹੈ। ਮਜ਼ਦੂਰ ਸੜਕ 'ਚ ਹੈ।  ਇਹ ਕੇਹਾ ਕੁਹਰਾਮ ਹੈ? ਕੋਈ ਆਸਰਾ ਨਹੀਂ। ਕੋਈ ਆਸਰੇ ਦੀ ਆਸ ਵੀ ਨਹੀਂ। ਕਵੀ ਸੱਚ ਲਿਖਦਾ, ''ਦੋ ਭਾਈਆਂ ਦੀਆਂ ਕੋਠੀਆਂ, ਪਰ ਅੰਦਰ ਇੱਕ ਹੂਕ, ਮਾਂ ਪੁੱਤਾਂ ਨੂੰ ਪੁਛਦੀ ਕਿਥੇ ਧਰਾਂ ਸੰਦੂਕ''?

ਨਹੀਂ ਰੀਸਾਂ ਦੇਸ਼ ਮਹਾਨ ਦੀਆਂ

ਇੱਕ ਰਿਪੋਰਟ ਅਨੁਸਾਰ ਭਾਰਤ ਦੀ ਕੁੱਲ ਜਾਇਦਾਦ ਦਾ 73 ਫ਼ੀਸਦੀ ਦੇਸ਼ ਦੇ  ਇੱਕ ਫ਼ੀਸਦੀ ਲੋਕਾਂ ਕੋਲ ਹੈ।

ਇੱਕ ਵਿਚਾਰ

ਵਿੱਤੀ ਸੰਕਟ ਪੇਸ਼ੇਵਰ ਨਿਵੇਸ਼ਕਾਂ ਲਈ ਇੱਕ ਅੱਛਾ ਸਮਾਂ ਹੈ ਅਤੇ ਔਸਤ ਲੋਕਾਂ ਲਈ ਭਿਆਨਕ ਸਮਾਂ ਹੈ।
     .......ਰਾਬਰਟ ਕਿਉਸਾਕੀ

-ਗੁਰਮੀਤ ਸਿੰਘ ਪਲਾਹੀ
-9815802070
-(ਪੰਜਾਬੀ ਫੀਚਰ ਸਿੰਡੀਕੇਟ ਵਲੋਂ ਜਾਰੀ)