ਭਯੋ ਘਲੂਘਾਰਾ ਭਾਰਾ ਕਹਿਰ ਕਹਾਰਾ... - ਜਸਵੰਤ ਸਿੰਘ 'ਅਜੀਤ'

ਸਮੇਂ ਦੀਆਂ ਹਾਕਮ ਸ਼ਕਤੀਆਂ ਵਲੋਂ ਸਿੱਖਾਂ ਨੂੰ ਮਾਰ ਮੁਕਾਣ ਦੀ ਸ਼ੁਰੂ ਕੀਤੀ ਗਈ ਹੋਈ ਮੁਹਿੰਮ ਦੇ ਅਧੀਨ ਗੁਰਦੁਆਰਾ ਰੋੜੀ ਸਾਹਿਬ, ਐਮਨਾਬਾਦ ਵਿਖੇ ਜੁੜੇ ਬੈਠੇ ਸਿੱਖਾਂ ਨੂੰ ਘੇਰ ਕੇ ਮਾਰ-ਮੁਕਾਣ ਦੇ ਉਦੇਸ਼ ਨਾਲ ਗਏ ਜਸਪਤ ਰਾਇ ਦੇ ਸਿੱਖਾਂ ਹਥੋਂ ਮਾਰੇ ਜਾਣ ਦੀ ਖਬਰ ਜਦੋਂ ਉਸਦੇ ਭਰਾ ਲਖਪਤ ਰਾਇ ਨੂੰ ਮਿਲੀ ਤਾਂ ਉਹ ਗੁੱਸੇ ਵਿੱਚ ਇਤਨਾ ਲੋਹਾ-ਲਾਖਾ ਹੋਇਆ ਕਿ ਉਸਨੇ ਤੁਰੰਤ ਹੀ ਯਾਹੀਆ ਖਾਨ ਦੇ ਦਰਬਾਰ ਵਿੱਚ ਪੁਜ, ਸਿਰੋਂ ਪੱਗ ਲਾਹੀ ਤੇ ਕਸਮ ਖਾਧੀ ਕਿ ਜਦੋਂ ਤਕ ਉਹ ਸਿੱਖਾਂ ਦਾ ਖੁਰਾ-ਖੋਜ ਨਹੀਂ ਮੁੱਕਾ ਲਇਗਾ, ਸਿਰ ਤੇ ਪੱਗ ਨਹੀਂ ਬਨ੍ਹੇਗਾ। ਯਾਹੀਆ ਖਾਨ ਨੂੰ ਸਿੱਖਾਂ ਨੂੰ ਮਾਰ-ਮੁਕਾਣ ਦੀ ਆਪਣੀ ਮੁਹਿੰਮ ਨੂੰ ਸਿਰੇ ਚਾੜ੍ਹਨ ਲਈ, ਇੱਕ ਅਜਿਹੇ ਹੀ ਹਥਿਆਰ ਦੀ ਲੋੜ ਸੀ, ਜੋ ਉਸਨੂੰ ਬੈਠਿਆਂ ਬਿਠਾਇਆਂ ਮਿਲ ਗਿਆ। ਉਸਨੇ ਤੁਰੰਤ ਲਖਪਤ ਰਾਇ ਨੂੰ ਸਿੱਖਾਂ ਦਾ ਖੁਰਾ-ਖੋਜ ਮਿਟਾਣ ਦੀ ਆਪਣੀ ਮੁਹਿੰਮ ਦਾ ਮੋਢੀ ਥਾਪ ਦਿੱਤਾ ਅਤੇ ਨਾਲ ਹੀ ਉਸਨੂੰ ਇਸ ਉਦੇਸ਼ ਲਈ ਸਾਰੇ ਜਾਇਜ਼-ਨਾਜਾਇਜ਼ ਹਥਕੰਡੇ ਵਰਤਣ ਦਾ ਅਧਿਕਾਰ ਵੀ ਦੇ ਦਿੱਤਾ।
ਯਾਹੀਆ ਖਾਨ ਨੇ ਇਕ ਪਾਸੇ ਸਿੱਖਾਂ ਦਾ ਖੁਰਾ-ਖੋਜ ਮਿਟਾਣ ਦੀ ਜ਼ਿਮੇਂਦਾਰੀ ਲਖਪਤ ਰਾਇ ਨੂੰ ਸੌਂਪੀ ਤੇ ਦੂਜੇ ਪਾਸੇ ਹੁਕਮ ਜਾਰੀ ਕਰ ਦਿੱਤਾ ਕਿ ਜਿਥੇ-ਕਿਤੇ ਵੀ ਕੋਈ ਸਿੱਖ ਨਜ਼ਰੀਂ ਪਏ, ਉਸਨੂੰ ਪਕੱੜ ਉਸਦੇ ਦਰਬਾਰ ਵਿੱਚ ਪੇਸ਼ ਕੀਤਾ ਜਾਏ। ਉਸਨੇ ਗੁੜ ਨੂੰ ਗੁੜ ਕਹਿਣ ਦੀ ਬਜਾਏ ਰੋੜੀ ਤੇ ਗ੍ਰੰਥ ਨੂੰ ਗ੍ਰੰਥ ਕਹਿਣ ਦੀ ਬਜਾਏ ਪੋਥੀ ਕਹਿਣ ਦਾ ਹੁਕਮ ਵੀ ਜਾਰੀ ਕਰ ਦਿੱਤਾ। ਪੰਥ ਪ੍ਰਕਾਸ਼ ਦੇ ਕਰਤਾ ਦੇ ਸ਼ਬਦਾਂ ਵਿੱਚ : 'ਗੁੜ ਕੇ ਕਹਨੇ ਗੁਰ ਕਹੈਂ, ਰੋੜੀ ਪਾਯੋ ਨਾਮ, ਗੁੜ ਕਹਣੇ ਗੁਰ ਸੁਨਯੋ, ਨਾਨਕ ਕੋ ਨਾਨੂੰ ਕਹਿਵਾਯੋ'। ਅਰਥਾਤ ਜਿਸ ਵਿਅਕਤੀ ਦਾ ਨਾਂ ਨਾਨਕ ਹੈ, ਉਸਨੂੰ ਨਾਨਕ ਨਾ ਕਹਿ ਨਾਨੂ ਕਿਹਾ ਜਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਤਨੇ ਵੀ ਸਰੂਪ ਉਸਦੇ ਹੱਥ ਆਏ, ਉਨ੍ਹਾਂ ਵਿੱਚੋਂ ਕੁਝ ਤਾਂ ਉਸਨੇ ਅਗਨ ਭੇਂਟ ਕਰਵਾ ਦਿੱਤੇ ਅਤੇ ਕੁਝ ਨੂੰ ਖੂਹਾਂ ਵਿੱਚ ਸੁਟਵਾ ਦਿੱਤਾ। 
ਸਿੱਖਾਂ ਦਾ ਖੁਰਾ-ਖੋਜ ਮਿਟਾਣ ਲਈ ਕੁਝ ਵੀ ਕਰ ਗੁਜ਼ਰਣ ਦਾ ਅਧਿਕਾਰ ਮਿਲਦਿਆਂ ਹੀ ਲਖਪਤ ਰਾਇ ਨੇ ਸਭ ਤੋਂ ਪਹਿਲਾਂ ਲਾਹੌਰ ਵਾਸੀਆਂ ਦੇ ਵਿਰੋਧ ਦੇ ਬਾਵਜੂਦ (ਲਾਹੌਰ ਵਿੱਚ) ਅਮਨ-ਸ਼ਾਂਤੀ ਨਾਲ ਵਸਦੇ ਸਾਰੇ ਹੀ ਸਿੱਖ ਫੜ ਮੰਗਵਾਏ ਤੇ ਉਨ੍ਹਾਂ ਨੂੰ ਸ਼ਹੀਦ ਕਰਵਾ ਦਿੱਤਾ। ਇਸਤਰ੍ਹਾਂ ਲਾਹੌਰ ਵਾਸੀ ਸਿੱਖਾਂ ਨੂੰ ਖਤਮ ਕਰਨ ਤੋਂ ਬਾਅਦ ਉਹ ਫੌਜ ਲੈ ਅੰਮ੍ਰਿਤਸਰ ਵਲ ਵਧਿਆ। ਅੰਮ੍ਰਿਤਸਰ ਪਹੁੰਚਦਿਆਂ ਹੀ ਉਸਨੇ ਉਥੇ ਜੁੜੇ ਬੈਠੇ ਸਿੱਖਾਂ ਹਮਲਾ ਕਰ ਦਿੱਤਾ। ਸਿੱਖਾਂ ਪੁਰ ਇਹ ਹਮਲਾ ਇਤਨਾ ਅਚਾਨਕ ਹੋਇਆ ਸੀ ਕਿ ਉਨ੍ਹਾਂ ਨੂੰ ਉਥੋਂ ਆਪਣੇ ਟਿਕਾਣਿਆਂ ਵਲ ਨਿਕਲ ਜਾਣ ਦਾ ਮੌਕਾ ਹੀ ਨਾ ਮਿਲਿਆ। ਲਖਪਤ ਰਾਇ ਦੀਆਂ ਫੌਜਾਂ ਨਾਲ ਘਿਰੇ ਸਿੱਖ ਮੁੱਖੀਆਂ ਨੇ ਆਪੋ ਵਿੱਚ ਸਿਰ ਜੋੜ ਵਿਚਾਰਾਂ ਕੀਤੀਆਂ ਤੇ ਫੈਸਲਾ ਕੀਤਾ ਕਿ ਕਿਸੇ ਤਰ੍ਹਾਂ ਕਾਹਨੂੰਵਾਨ ਦੀਆਂ ਬੀਹੜਾਂ ਵਲ ਨਿਕਲ ਤੁਰਨਾ ਚਾਹੀਦਾ ਹੈ।
ਉਨ੍ਹਾਂ ਦੇ ਇਸ ਫੈਸਲੇ ਦੀ ਸੂਹ ਕਿਸੇ ਤਰ੍ਹਾਂ ਲਖਪਤ ਰਾਇ ਨੂੰ ਵੀ ਮਿਲ ਗਈ। ਉਸਨੇ ਅੰਮ੍ਰਿਤਸਰ ਤੋਂ ਨਿਕਲੀ ਸਿੱਖ ਵਹੀਰ ਨੂੰ ਇਸਤਰ੍ਹਾਂ ਘੇਰਾ ਪਾ ਲਿਆ ਕਿ ਵਹੀਰ ਨੂੰ ਰਾਵੀ ਵਲ ਮੂੰਹ ਕਰਨ ਤੋਂ ਬਿਨਾ ਹੋਰ ਕੋਈ ਰਸਤਾ ਨਜ਼ਰ ਨਾ ਆਇਆ। ਇਸਦੇ ਨਾਲ ਹੀ ਜਿਨ੍ਹਾਂ ਜੰਗਲਾਂ ਵਿੱਚ ਸਿੱਖਾਂ ਦੀਆਂ ਛੁਪਣਗਾਹਾਂ ਹੋਣ ਦੀ ਉਸਨੂੰ ਸੂਹ ਮਿਲੀ, ਉਸਨੇ ਉਨ੍ਹਾਂ ਨੂੰ ਕਟਵਾਣਾ ਤੇ ਅੱਗ ਲਵਾ ਸੜਵਾਣਾ ਸ਼ੁਰੂ ਕਰ ਦਿੱਤਾ। ਇਸਤਰ੍ਹਾਂ ਆਪਣੀਆਂ ਛੁਪਣਗਾਹਾਂ ਵਿੱਚ ਲੁਕੇ ਬੈਠੇ ਸਿੱਖ ਜਦੋਂ ਵੀ ਉਥੋਂ ਬਾਹਰ ਨਿਕਲਣ ਦੀ ਕੌਸ਼ਿਸ਼ ਕਰਦੇ ਤਾਂ ਸਾਹਮਣੇ ਤੋਪਾਂ ਦੇ ਗੋਲੇ ਉਨ੍ਹਾਂ ਦਾ ਸੁਆਗਤ ਕਰਨ ਲਈ ਤਿਆਰ ਮਿਲਦੇ।
ਇਸਤਰ੍ਹਾਂ ਜਦੋਂ ਸਿੱਖਾਂ ਵੇਖਿਆ ਕਿ ਉਹ ਬੁਰੀ ਤਰ੍ਹਾਂ ਘਿਰ ਗਏ ਹੋਏ ਹਨ. ਤਾਂ ਉਨ੍ਹਾਂ ਫੈਸਲਾ ਕੀਤਾ ਕਿ ਇਉਂ ਅਣ-ਆਈ ਮੌਤ ਮਰਨ ਨਾਲੋਂ ਤਾਂ ਚੰਗਾ ਹੈ ਕਿ ਬਾਹਰ ਨਿਕਲ ਦੁਸ਼ਮਣ ਦੀ ਫੌਜ ਨਾਲ ਸਿੱਧੀ ਟਕਰ ਲੈ, ਸ਼ਹੀਦ ਹੋਇਆ ਜਾਏ। ਇਸ ਸਮੇਂ ਕੁਝ ਸਿਆਣੇ ਸਿੱਖਾਂ ਨੇ ਸਲਾਹ ਦਿੱਤੀ ਕਿ ਇਸਤਰ੍ਹਾਂ ਇਕ ਦੰਮ ਬਾਹਰ ਨਿਕਲ ਦੁਸ਼ਮਣ ਫੌਜ ਨਾਲ ਲੜਨਾ ਠੀਕ ਨਹੀਂ ਹੋਵੇਗਾ। ਚੰਗਾ ਇਹੀ ਹੈ ਕਿ ਲੁਕਿਆਂ ਬੈਠਿਆ ਹੀ ਰਿਹਾ ਜਾਏ,, ਜਦੋਂ ਵੀ ਦੁਸ਼ਮਣ ਦੇ ਫੌਜੀ ਉਨ੍ਹਾਂ ਦੀ ਭਾਲ ਲਈ ਜੰਗਲ ਵਿੱਚ ਵੜਨ ਉਨ੍ਹਾਂ ਨਾਲ ਦੋ-ਦੋ ਹੱਥ ਕਰ ਲਏ ਜਾਣ।
ਇਸਦੇ ਨਾਲ ਹੀ ਇਹ ਸਲਾਹ ਵੀ ਕੀਤੀ ਗਈ ਕਿ ਲੁਕ-ਛਿਪ ਬਸੌਲੀ ਦੀਆਂ ਪਹਾੜੀਆਂ ਵਲ ਨਿਕਲ ਲਿਆ ਜਾਏ। ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਇਨ੍ਹਾਂ ਪਹਾੜੀਆਂ ਵਿੱਚ ਹਿੰਦੂਆਂ ਦੀ ਸੰਘਣੀ ਵਸੋਂ ਹੋਣ ਕਾਰਣ ਉਨ੍ਹਾਂ ਨੂੰ ਉਥੇ ਪਨਾਹ ਮਿਲ ਸਕੇਗੀ। ਪ੍ਰੰਤੂ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਸਿੱਖਾਂ ਨੂੰ ਪਨਾਹ ਨਾ ਦੇਣ ਦੀਆਂ ਲਖਪਤ ਰਾਇ ਦੀਆਂ ਹਿਦਾਇਤਾਂ ਦੇ ਨਾਲ ਉਨ੍ਹਾਂ ਦਾ ਸੁਆਗਤ ਕਰਨ ਲਈ ਫੌਜਾਂ ਉਥੇ ਪਹਿਲਾਂ ਹੀ ਪੁਜ ਚੁਕੀਆਂ ਹੋਈਆਂ ਸਨ। ਜਿਸ ਕਾਰਣ ਜਿਉਂ ਹੀ ਸਿੱਖ ਉਥੇ ਪੁਜੇ ਫੌਜਾਂ ਅਤੇ ਸਥਾਨਕ ਲੋਕਾਂ ਵਲੋਂ ਗੋਲੀਆਂ ਤੇ ਪੱਥਰਾਂ ਨਾਲ ਉਨ੍ਹਾਂ ਦਾ ਸੁਆਗਤ ਹੋਇਆ।
ਜਦੋਂ ਸਿੱਖਾਂ ਨੇ ਇਹ ਹਾਲਤ ਵੇਖੀ ਤਾਂ ਉਨ੍ਹਾਂ ਮਹਿਸੂਸ ਕੀਤਾ ਕਿ ਉਹ ਹੁਣ ਚਹੁੰ ਪਾਸਿਆਂ ਤੋਂ ਹੀ ਘਿਰ ਗਏ ਹੋਏ ਹਨ। ਇੱਕ ਪਾਸੇ ਰਾਵੀ ਦਾ ਤੇਜ਼ ਵਹਾ ਉਨ੍ਹਾਂ ਦਾ ਰਾਹ ਰੋਕੀ ਬੈਠਾ ਹੈ, ਉਨ੍ਹਾਂ ਦੇ ਅਗੇ-ਪਿਛੇ ਦੁਸ਼ਮਣ ਦੀਆਂ ਫੌਜਾ ਡਟੀਆਂ ਹੋਈਆਂ ਹਨ ਅਤੇ ਸਾਹਮਣੇ ਪਹਾੜੀ ਤੋਂ ਗੋਲੀਆਂ ਤੇ ਪੱਥਰਾਂ ਦੀ ਵਰਖਾ ਹੋ ਰਹੀ ਹੈ। ਉਨ੍ਹਾਂ ਪਾਸ ਨਾ ਤਾਂ ਖਾਣ-ਪੀਣ ਲਈ ਕਝ ਸੀ ਤੇ ਨਾ ਹੀ ਹਥਿਆਰ ਤੇ ਬਾਰੂਦ, ਤੀਰਾਂ ਦੇ ਭੱਥੇ ਵੀ ਖਾਲੀ ਹੋ ਚੁਕੇ ਸਨ। ਘੋੜੇ ਤਾਂ ਪਹਿਲਾਂ ਹੀ ਸਾਹ-ਸੱਤ-ਹੀਣ ਹੋ ਚੁਕੇ ਸਨ। ਪੰਥ ਪ੍ਰਕਾਸ਼ ਦੇ ਕਰਤਾ ਦੇ ਸ਼ਬਦਾਂ ਵਿੱਚ : 'ਨਹਿ ਡੇਰੋ ਸਿੰਘ ਕਰਨਾ ਮਿਲੈ । ਕਹੂੰ ਰਾਤ, ਕਹੁੰ ਦਿਨ ਹੂੰ ਚਲੈ । ਨਹਿੰ ਸਿੰਘਨ ਕਛ ਰਹਿਓ ਪਲੈ ।... ਗੋਲੀ ਦਾਰੂ ਕਹੂੰ ਪਹੁੰਚੇ ਨਾਹੀ । ਕਾ ਸਿੰਘ ਸੁ ਕਰੇ ਲਰਾਈ। ... ਆਟਾ ਦਾਣਾ ਨਹੀ  ਕਿਆ ਪਾਵੈ । ਪਾਣੀ ਵੀ ਤਹਿ ਹੱਥ ਨਾ ਆਵੈ' ।
ਆਖਰ ਸਿੱਖਾਂ ਨੇ ਫੈਸਲਾ ਕੀਤਾ ਕਿ ਇੱਕ ਜੱਥਾ ਪਹਾੜੀਆਂ ਵਲ ਵਧੇ, ਦੂਸਰਾ ਕਿਸੇ ਤਰ੍ਹਾਂ ਰਾਵੀ ਪਾਰ ਕਰੇ, ਤੀਜਾ ਲਖਪਤ ਰਾਇ ਦੀਆਂ ਫੌਜਾਂ ਦਾ ਟਾਕਰਾ ਕਰੇ। ਇਸ ਫੈਸਲੇ ਅਨੁਸਾਰ ਕੁਝ ਸਿੰਘ ਪਹਾੜੀਆਂ ਤੇ ਚੜ੍ਹ ਗਏ, ਰਾਵੀ ਤੇਜ਼ ਵਹਾ ਦਾ ਅੰਦਾਜ਼ਾ ਲਾਣ ਲਈ ਪਹਿਲਾਂ ਸਰਦਾਰ ਗੁਰਦਿਆਲ ਸਿੰਘ ਡਲੇ-ਵਾਲੀਆ ਅਤੇ ਉਸਦੇ ਭਰਾ ਨੇ ਅਪਣੇ ਘੋੜੇ ਰਾਵੀ ਵਿੱਚ ਠੇਲ੍ਹੇ। ਪਰ ਉਹ ਲਹਿਰਾਂ ਦੇ ਤੇਜ਼ ਵਹਾ ਦਾ ਸਾਹਮਣਾ ਨਾ ਕਰ ਸਕੇ। ਜਿਸ ਕਾਰਣ ਹੋਰ ਕਿਸੇ ਨੇ ਰਾਵੀ ਪਾਰ ਕਰਨ ਬਾਰੇ ਸੋਚਣਾ ਵੀ ਮੁਨਾਸਬ ਨਾ ਸਮਝਿਆ ਤੇ ਉਹ ਪੈਦਲ ਚਲ ਹੀ ਪਹਾੜੀਆਂ ਪਾਰ ਕਰਨ ਤੁਰ ਪਏ। ਬਾਕੀ ਜੋ ਰਹਿ ਗਏ ਉਹ ਲਖਪਤ ਰਾਇ ਦੀਆਂ ਫੌਜਾਂ ਪੁਰ ਟੁੱਟ ਪਏ। ਨਵਾਬ ਕਪੂਰ ਸਿੰਘ, ਸਰਦਾਰ ਜੱਸਾ ਸਿੰਘ ਅਤੇ ਸਰਦਾਰ ਸੁਖਾ ਸਿੰਘ ਨੇ ਵੱਖ-ਵੱਖ ਮੋਰਚੇ ਸੰਭਾਲ ਲਏ। ਇਸ ਹਥੋ-ਹੱਥ ਲੜਾਈ ਦੌਰਾਨ ਇੱਕ ਮੌਕਾ ਅਜਿਹਾ ਵੀ ਆਇਆ, ਜਦੋਂ ਸਰਦਾਰ ਸੁਖਾ ਸਿੰਘ ਲਖਪਤ ਰਾਇ ਦਾ ਸਿਰ ਵਢਣ ਤਕ ਜਾ ਪੁਜਿਆ। ਪਰ ਅਚਾਨਕ ਹੀ ਤੋਪ ਦਾ ਇੱਕ ਗੋਲਾ ਉਸਦੇ ਘੌੜੇ ਨੂੰ ਆ ਵਜਾ ਜਿਸ ਨਾਲ ਉਸਦੀ ਲੱਤ ਜ਼ਖਮੀ ਹੋ ਗਈ ਤੇ ਉਸਨੂੰ ਪਿਛੇ ਹੱਟਣ ਤੇ ਮਜਬੂਰ ਹੋਣਾ ਪੈ ਗਿਆ। ਦੂਜੇ ਪਾਸੇ ਸਰਦਾਰ ਜੱਸਾ ਸਿੰਘ ਨੂੰ ਵੀ ਪੱਟ ਤੇ ਗੋਲੀ ਲਗੀ, ਉਸ ਫੱਟ ਨੂੰ ਬੰਨ੍ਹ ਮੁੜ ਮੋਰਚੇ ਤੇ ਡੱਟ ਗਿਆ। ਨਵਾਬ ਕਪੂਰ ਸਿੰਘ ਤੇ ਵੀ ਮਾਰੂ ਹਮਲਾ ਹੋਇਆ, ਪਰ ਉਹ ਵੀ ਕਿਸੇ ਤਰ੍ਹਾਂ ਬੱਚ ਗਿਆ। ਭਾਈ ਰਤਨ ਸਿੰਘ ਭੰਗੂ ਨੇ ਇਸ ਸਮੇਂ ਦੇ ਹਾਲਾਤ ਦਾ ਵਰਣਨ ਇਨ੍ਹਾਂ ਸ਼ਬਦਾਂ ਵਿੱਚ ਕੀਤਾ : 'ਕੇਹਰਿ ਜਿਉਂ ਭਭਕਾਰ ਇਤ ਉਤ ਸਿੰਘ ਪਰੈ ਦਸ ਬੀਸ ਕਦਾਂਈ । ਸਿੰਘ ਸ਼ਹੀਦ ਚਹੈ ਸਭ ਹੋਵਨ, ਤੁਰਕ ਲਰੈ ਨਿਜ ਜਾਨ ਬਚਾਈ' ।
ਆਖਰ ਫੈਸਲਾ ਹੋਇਆ ਕਿ ਇਸ ਸਮੇਂ ਦੁਸ਼ਮਣ ਦਾ ਮੁਕਾਬਲਾ ਕਰਨਾ ਸਹਿਜ ਨਹੀਂ, ਇਸ ਕਾਰਣ ਸਾਰਿਆਂ ਨੂੰ ਖਿੰਡ-ਪੁੰਡ ਜਾਣਾ ਚਾਹੀਦਾ ਹੈ। 'ਮੁੜ ਮੁੜ ਲੜੋ ਔ ਤੁਰਦੇ ਜਵੋ । ਘੋਰ ਵੱਡਾ ਕੋ ਝਲ ਤਕਾਵੋ' ।
ਇਸਤਰ੍ਹਾਂ ਸਿੱਖ ਦੁਸ਼ਮਣ ਨਾਲ ਜੂਝਦੇ, ਮਰਦੇ-ਮਾਰਦੇ ਸ਼ਹੀਦ ਹੁੰਦੇ ਗਏ। ਜੋ ਬਚੇ ਰਾਵੀ ਦੇ ਪੂਰਬੀ ਕਿਨਾਰੇ ਤੋਂ ਰਾਵੀ ਪਾਰ ਕਰ ਰੇਤਲੇ ਮੈਦਾਨਾਂ ਵਲ ਨਿਕਲ ਗਏ। ਪੰਥ ਪ੍ਰਕਾਸ਼ ਦੇ ਲੇਖਕ ਦੇ ਸ਼ਬਦਾਂ ਵਿੱਚ ਸਿੱਖਾਂ ਦੀ ਦਸ਼ਾ ਅਜਿਹੀ ਹੋ ਗਈ ਸੀ ਕਿ : 'ਬੇਟਾ ਮਿਲਯੋ ਨਾ ਬਾਪ ਕੋ । ਭਾਈ ਮਿਲਿਯੋ ਨਾ ਭਾਈ'।
ਲਖਪਤ ਰਾਇ ਸਿੱਖਾਂ ਦਾ ਪਿਛਾ ਕਰਦਾ ਰਿਹਾ। ਇੱਕ ਅਨੁਮਾਨ ਅਨੁਸਾਰ ਇਸ ਸੰਘਰਸ਼ ਵਿੱਚ ਸਿੰਘਾਂ ਦੇ ਸ਼ਹੀਦ ਹੋਣ ਦੀ ਗਿਣਤੀ ਵੱਖ-ਵੱਖ ਲੇਖਕਾਂ ਵਲੋਂ 30 ਤੋਂ 40 ਹਜ਼ਾਰ ਤਕ ਦਸੀ ਜਾਂਦੀ ਹੈ, ਪ੍ਰੰਤੂ ਬਹੁਤੇ ਲੇਖਕਾਂ ਨੇ ਇਸ ਘਲੂਘਾਰੇ ਵਿੱਚ ਲਗਭਗ 10 ਹਜ਼ਾਰ ਸਿੰਘਾਂ ਦਾ ਸ਼ਹੀਦ ਹੋਣਾ ਸਵੀਕਾਰਿਆ ਹੈ। ਸਿੱਖ ਇਤਿਹਾਸ ਵਿੱਚ ਇਸਨੂੰ ਕਾਂਡ ਨੂੰ ਪਹਿਲੇ ਤੇ ਛੋਟੇ ਘਲੂਘਾਰੇ ਵਜੋਂ ਯਾਦ ਕੀਤਾ ਜਾਂਦਾ ਹੈ। ਜੋ ਸੰਨ 1746 ਵਿੱਚ ਪਹਿਲੀ ਜੂਨ ਤੋਂ 30 ਜੂਨ ਦੇ ਵਿਚਕਾਰ ਵਾਪਰਿਆ । ਪੰਥ ਪ੍ਰਕਾਸ਼ ਦੇ ਕਰਤਾ ਦੇ ਸ਼ਬਦਾਂ ਵਿੱਚ :
'ਭਯੋ ਘਲੂਘਾਰਾ ਭਾਰਾ ਕਹਿਰ ਕਹਾਰਾ । ਤਹਿ ਜੂੰਝੇਂਗੇ ਹਜ਼ਾਰਾ ਸਿੰਘ ਤੁਰਕਨ ਕੋ ਘਾਇਕੇ।
ਯਾ ਬਿਧ ਕਰਤ ਜੰਗ ਲਰਤ ਭਿਰਤ । ਸਿੰਘ ਮਾਰਤ ਬਹੁ ਹੂਲ ਹਾਲ ਪਾਇਕੈ ।
ਦਹੂੰ ਦਿਸ਼ ਤੁਰਕ ਪਹਾੜੀਏ ਲਰਤ ਜਾਹਿ ਮੱਧ । ਦਲ ਸਿੰਘਨ ਕਾ ਚਲਯੋ ਤਬ ਧਾਇਕੈ ।
ਯਾ ਬਿਧ ਲਰਤ ਗਏ ਲਾਗ ਦੋਇ ਤੀਨ ਕੋਸ । ਸੂਰਜ ਅਥੈ ਯੋ ਛਯੋ ਅੰਧਕਾਰ ਆਇਕੈ।