ਇਹ ਕੇਹਾ ਇਤਫਾਕ ਕਿ ਕੈਪਟਨ ਸਰਕਾਰ ਸਾਬਕਾ ਪੁਲਿਸ ਮੁਖੀ ਤੇ ਕਾਰਵਾਈ ਕਰਨਾ ਚਾਹੁੰਦੀ ਹੈ,ਪਰ ਬਾਦਲ ਬਚਾਅ ਲਈ ਚਾਰਾਜੋਈ ਕਰ ਰਹੇ ਹਨ - ਬਘੇਲ ਸਿੰਘ ਧਾਲੀਵਾਲ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਈ ਇਹ ਢੁਕਵਾ ਸਮਾ ਹੈ ਜਦੋਂ ਉਹ ਕੌਂਮ ਧਰੋਹੀਆਂ ਤੇ ਧਾਰਮਿਕ ਰਹੁਰੀਤਾਂ ਅਨੁਸਾਰ ਕਾਰਵਾਈ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਯਾਦਾ ਬਹਾਲ ਕਰ ਸਕਦੇ ਹਨ
 ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਤੇ ਮੋਹਾਲੀ ਵਿੱਚ ਇੱਕ 29 ਸਾਲ ਪੁਰਾਣੇ ਕੇਸ ਵਿੱਚ ਪਰਚਾ ਦਰਜ ਹੋਇਆ ਹੈ। ਖਾੜਕੂ ਸਿੱਖ ਸੰਘਰਸ਼ ਦੌਰਾਨ ਕੇ ਪੀ ਐਸ ਗਿੱਲ ਦੇ ਖਾਸਮਖਾਸ ਰਹੇ ਸੁਮੇਧ ਸ਼ੈਣੀ ਨੂੰ ਸਿੱਖ ਕੌਂਮ ਸੰਘਰਸ਼ੀ ਸਿੱਖ ਨੌਜਵਾਨਾਂ ਦੇ ਕਾਤਲ ਵਜੋਂ ਵੀ ਦੇਖਦੀ ਹੈ। ਇਸ ਤੋਂ ਇਲਾਵਾ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਿੱਚ ਸਾਂਤਮਈ ਪ੍ਰਦਰਸ਼ਣ ਕਰਦੀਆਂ ਸਿੱਖ ਸੰਗਤਾਂ ਤੇ ਗੋਲੀ ਚਲਾ ਕੇ ਦੋ ਸਿੱਖ ਨੌਜਵਾਨਾਂ ਨੂੰ ਕਤਲ ਕਰਨ ਅਤੇ ਹਜਾਰਾਂ ਨੂੰ ਗੰਭੀਰ ਰੂਪ ਚ ਜਖਮੀ ਕਰਨ ਦੇ ਦੋਸ ਵਿੱਚ ਵੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਹੋਰ ਪੁਲਿਸ ਅਧਿਕਾਰੀਆਂ ਸਮੇਤ ਸੁਮੇਧ ਸੈਣੀ ਨੂੰ ਦੋਸ਼ੀ ਬਣਾਇਆ ਗਿਆ ਹੈ। ਸੁਮੇਧ ਸ਼ੈਣੀ ਤੇ ਪਰਚਾ ਦਰਜ ਹੋਣਾ ਵੈਸੇ ਕੋਈ ਹੈਰਾਨੀ ਵਾਲੀ ਗੱਲ ਨਹੀ ਹੈ,ਕਿਉਕਿ  ਇੱਕ ਨਾ ਇੱਕ ਦਿਨ ਉਹਨਾਂ ਨੇ ਕਟਿਹਰੇ ਵਿੱਚ ਖੜਾ ਹੋਣਾ ਹੀ ਹੋਣਾ ਸੀ,ਪਰ ਇਸ ਕੇਸ ਵਿੱਚ ਲਾਪਤਾ ਹੋਏ ਬਲਵੰਤ ਸਿੰਘ ਮੁਲਤਾਨੀ ਦੇ ਭਰਾ ਵੱਲੋਂ ਸ਼ਕਾਇਤ ਦਰਜ ਕਰਵਾਉਣ ਤੇ ਅਚਾਨਕ ਹੋਏ ਪਰਚੇ ਕਾਰਨ ਸਭ ਦਾ ਧਿਆਨ ਜਰੂਰ ਖਿੱਚਿਆ ਗਿਆ ਹੈ।ਇਸ ਮੌਕੇ ਜਿਹੜੀ ਬੇਹੱਦ ਹੀ ਮੰਦਭਾਗੀ ਗੱਲ ਸਾਹਮਣੇ ਆਈ ਹੈ ਉਹ ਇਹ ਹੈ ਕਿ ਸਾਬਕਾ ਪੁਲਿਸ ਮੁਖੀ ਦੇ ਬਚਾਓ ਲਈ ਫਿਰ ਸ਼ਰੋਮਣੀ ਅਕਾਲੀ ਦਲ ਵੱਲੋਂ ਕੀਤੀ ਚਾਰਾਜੋਈ ਸਾਹਮਣੇ ਆਈ ਹੈ।ਇੱਥੇ ਦੱਸਣਾ ਬਣਦਾ ਹੈ ਕਿ 2012 ਵਿੱਚ ਜਦੋਂ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਗੱਠਜੋੜ ਦੀ ਦੁਵਾਰਾ ਸਰਕਾਰ ਬਣੀ ਤਾਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਪਣੇ ਇਕਲੌਤੇ ਸਪੁੱਤਰ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਿਫਾਰਸ਼ ਤੇ ਬਗੈਰ ਸਿੱਖ ਕੌਂਮ ਦੀਆਂ ਭਾਵਨਾਵਾਂ ਦਾ ਧਿਆਨ ਰੱਖੇ ਅਤੇ ਪੰਥਕ ਜਥੇਬੰਦੀਅਥ ਦੇ ਭਾਰੀ ਵਿਰੋਧ ਦੀ ਪਰਵਾਹ ਕੀਤਿਆਂ ਸਰਕਾਰ ਬਣਦਿਆਂ ਹੀ ਸੁਮੇਧ ਸ਼ੈਣੀ ਨੂੰ ਡੀ ਜੀ ਪੀ ਨਿਯੁਕਤ ਕਰ ਦਿੱਤਾ,ਪਰੰਤੂ ਬਰਗਾੜੀ ਮੋਰਚੇ ਦੌਰਾਨ ਸਿੱਖਾਂ ਵਿੱਚ ਪਾਏ ਗਏ ਭਾਰੀ ਰੋਹ ਅੱਗੇ ਝੁਕਦਿਆਂ ਮਜਬੂਰਨ ਪਰਕਾਸ਼ ਸਿੰਘ ਬਾਦਲ ਨੂੰ ਸੁਮੇਧ ਸ਼ੈਣੀ ਨੂੰ ਪੁਲਿਸ ਮੁਖੀ ਦੇ ਆਹੁਦੇ ਤੋਂ ਲਾਂਭੇ ਕਰਨਾ ਪਿਆ ਸੀ।(ਦੱਸਣਾ ਬਣਦਾ ਹੈ ਕਿ ਬਰਗਾੜੀ ਮੋਰਚਾ ਜਿਸਨੂੰ ਸੰਗਤਾਂ ਦਾ ਬੇਹੱਦ ਸਮੱਰਥਨ ਮਿਲਿਆ,ਜਿਸਨੇ ਦਿੱਲੀ ਤੱਕ ਕੰਬਣੀ ਛੇੜ ਦਿੱਤੀ ਤੇ ਜਿਤ ਦੇ ਬਿਲਕੁਲ ਕਰੀਬ ਵੀ ਪਹੁੰਚਿਆ ਪ੍ਰੰਤੂ ਪ੍ਰਬੰਧਕਾਂ ਦੀ ਬੇ ਇਮਾਨੀ ਕਾਰਨ ਬਗੈਰ ਕੋਈ ਖਾਸ ਪਰਾਪਤੀ ਦੇ ਦਮ ਤੋੜ ਗਿਆ ਸੀ)ਮੌਜੂਦਾ ਸਮੇ ਵਿੱਚ ਇੱਕ ਵਾਰ ਫਿਰ ਸ੍ਰ ਪਰਕਾਸ਼ ਸਿੰਘ ਬਾਦਲ ਨੇ ਸਿੱਖ ਕੌਂਮ ਦੇ ਵਿਰੋਧ ਚ ਭੁਗਤਣ ਦਾ ਫੈਸਲਾ ਕੀਤਾ ਹੈ। ਸੁਮੇਧ ਸ਼ੈਣੀ ਦੇ ਬਚਾਓ ਲਈ ਗੁਰਦੁਆਰਾ ਜੁੰਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਸੱਤਨਾਮ ਸਿੰਘ ਕਲੇਰ ਅਤੇ ਸ਼ਰੋਮਣੀ ਅਕਾਲੀ ਦਲ ਬਾਦਲ ਦੇ ਕਨੂੰਨੀ ਸਲਾਹਕਾਰ ਤੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਪੇਸ਼ ਹੋਏ ਹ,ਪ੍ਰੰਤੂ ਸ਼ੋਸ਼ਲ ਮੀਡੀਏ ਤੇ ਹੋਏ ਭਾਰੀ ਵਿਰੋਧ ਕਾਰਨ ਭਾਂਵੇਂ ਸੱਤਨਾਮ ਸਿੰਘ ਕਲੇਰ ਨੇ ਸ੍ਰ ਬਾਦਲ ਵਾਲੀ ਚਾਲ ਖੇਡਦਿਆਂ ਸੁਮੇਧ ਸ਼ੈਣੀ ਦੇ ਕੇਸ ਤੋ ਅਪਣੇ ਆਪ ਨੂੰ ਵੱਖ ਕਰ ਲਿਆ ਹੈ,ਪ੍ਰੰਤੂ ਬਾਦਲ  ਦਾ ਕੌਮ ਦੇ ਖਿਲਾਫ ਭੁਗਤਣ ਦਾ ਸੱਚ ਇੱਕ ਵਾਰ ਲੋਕਾਂ ਦੀ ਚਰਚਾ ਦਾ ਵਿਸ਼ਾ ਬਣ ਗਿਆ ਹੈ।ਚਾਰ  ਦਹਾਕਿਆਂ ਤੱਕ ਸ੍ਰ ਪ੍ਰਕਾਸ਼ ਸਿਮਘ ਬਾਦਲ ਸਿੱਖ ਕੌਂਮ ਦੀਆਂ ਭਾਵਨਾਵਾਂ ਦਾ ਮੌਜੂ ਬਣਾ ਕੇ ਸਿਆਸੀ ਰੋਟੀਆਂ ਸੇਕਣ ਵਿੱਚ ਕਾਮਯਾਬ ਹੁੰਦਾ ਰਿਹਾ ਹੈ।ਪੰਜ ਵਾਰ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨੀ,ਇਹ ਵੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਹਿੱਸੇ ਆਈ ਹੈ,ਕਿਉਂਕਿ ਸ੍ਰ ਬਾਦਲ ਨੇ ਪਰਿਵਾਰ ਸਮੇਤ ਘੱਟ ਗਿਣਤੀਆਂ ਨੂੰ ਖਤਮ ਕਰਕੇ ਦੇਸ਼ ਚ ਹਿੰਦੂ ਰਾਸ਼ਟਰ ਬਨਾਉਣ  ਦੀ ਮੁਦਈ ਕੱਟੜ ਸੰਸਥਾ ਆਰ ਐਸ ਐਸ ਨੂੰ ਪਰਿਵਾਰ ਸਮੇਤ ਸੇਵਾਵਾਂ ਅਰਪਿਤ ਕੀਤੀਆਂ ਹੋਈਆਂ ਹਨ। ਇਹ ਕੋਈ ਪਹਿਲਾ ਮੌਕਾ ਨਹੀ ਜਦੋ ਸ੍ਰ ਪਰਕਾਸ਼ ਸਿੰਘ ਬਾਦਲ ਨੇ ਕੌਂਮੀ ਭਾਵਨਾਵਾਂ ਨੂੰ ਦਰਕਿਨਾਰ ਕੀਤਾ ਹੋਵੇ,ਬਲਕਿ ਅਪਣੇ ਲੋਕਾਂ ਦਾ ਘਾਣ ਤਾਂ ਸ੍ਰ ਬਾਦਲ ਦੇ ਹਿੱਸੇ ਵੀਹਵੀ ਸਦੀ ਦੇ ਸੱਤਵੇਂ ਦਹਾਕੇ ਦੇ ਉਸ ਮੌਕੇ ਤੋ ਹੀ ਆਇਆ ਹੋਇਆ ਹੈ ਜਦੋ ਉਹਨਾਂ ਨੇ ਪੰਜਾਬ ਦੀ ਨਕਸਲਬਾੜੀ ਲਹਿਰ ਨੂੰ ਖਤਮ ਕਰਨ ਲਈ ਝੂਠੇ ਪੁਲਿਸ ਮੁਕਾਬਲਿਆਂ ਦੀ ਪਿਰਤ ਪਾਕੇ ਪੰਜਾਬੀ ਨੌਜਵਾਨਾਂ ਦਾ ਸ਼ਿਕਾਰ ਖੇਡਿਆ ਸੀ।ਉਸ ਤੋ ਬਾਅਦ 1978 ਵਿੱਚ ਨਿਰੰਕਾਰੀ ਕਾਂਡ ਵੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਸਰਪ੍ਰਸਤੀ ਹੇਠ ਹੋਇਆ ਅਤੇ ਫਿਰ ਜੂਨ 1984 ਦੇ ਫੌਜੀ ਹਮਲੇ ਮੌਕੇ ਨਿਭਾਈ ਗਈ ਬਾਦਲ ਸਮੇਤ ਸਮੁੱਚੀ ਅਕਾਲੀ ਆਹਲਾਕਮਾਂਨ ਦੀ ਭੂਮਿਕਾ ਤੋ ਪੂਰਾ ਸੰਸਾਰ ਜਾਣੂ ਹੋ ਚੁੱਕਾ ਹੈ।ਏਸੇ ਤਰਾਂ ਨੌਵੇਂ ਦਹਾਕੇ ਵਿੱਚ ਜਦੋ ਸਿੱਖ ਖਾੜਕੂਆਂ ਦੇ ਨਾਮ ਤੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਪੁਲਿਸ ਮੁਖੀ ਕੇ ਪੀ ਐਸ ਗਿੱਲ ਵੱਲੋਂ ਪੰਜਾਬ ਦੀ ਸਮੁੱਚੀ ਜੁਆਨੀ  ਦਾ ਸ਼ਿਕਾਰ ਖੇਡਿਆ ਜਾ ਰਿਹਾ ਸੀ,ਤਾਂ ਉਹਦੇ ਵਿੱਚ ਵੀ ਸ੍ਰ ਪ੍ਰਕਾਸ਼ ਸਿੰਘ ਬਾਦਲ ਅਤੇ ਕੇ ਪੀ ਐਸ ਗਿੱਲ ਦੀਆਂ ਰਾਤਾਂ ਦੇ ਹਨੇਰਿਆਂ ਚ ਹੁੰਦੀਆਂ ਖੂੰਨੀ ਮੀਟਿੰਗਾਂ ਇਤਿਹਾਸ ਦੇ ਕਾਲੇ ਪੰਨਿਆਂ ਚ ਦਰਜ ਹੋ ਚੁੱਕੀਆਂ ਹਨ।1997 ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਨਣੀ ਜਿੱਥੇ ਆਰ ਐਸ ਐਸ ਨਾਲ ਵਫਾਦਾਰੀ ਦੇ 1994 ਦੇ ਲਿਖਤੀ ਅਹਿਦ ਕਾਰਨ ਸੰਭਵ ਹੋ ਸਕੀ,ਓਥੇ ਸਿੱਖ ਜੁਆਨੀ ਦੇ ਘਾਣ ਚ ਪਾਏ ਅਹਿਮ ਯੋਗਦਾਨ ਦੇ ਇਨਾਮ ਵਜੋਂ ਵੀ ਕੇਂਦਰੀ ਤਾਕਤਾਂ ਵੱਲੋਂ ਸੂਬੇ ਦੀ ਸੂਬੇਦਾਰੀ ਸ੍ਰ ਬਾਦਲ ਨੂੰ ਦਿੱਤੀ ਗਈ।ਸ੍ਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਬਣ ਚੁੱਕੇ ਹਨ ਤੇ ਉਹਨਾਂ ਦੀ ਇੱਕ ਵੀ ਪਾਰੀ ਅਜਿਹੀ ਨਹੀ ਜਿਸ ਵਿੱਚ ਉਹ ਕਿਸੇ ਨਾ ਕਿਸੇ ਰੂਪ ਵਿੱਚ ਪੰਜਾਬ  ਅਤੇ ਸਿੱਖਾਂ ਦੇ ਖਿਲਾਫ ਨਾ ਭੁਗਤੇ ਹੋਣ,ਉਹ ਭਾਂਵੇਂ ਡੇਰਾ ਸਿਰਸਾ ਮੁਖੀ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਵਾਂਗ ਰਚਾਉਣ ਦਾ ਮੁੱਦਾ ਹੋਵੇ,ਡੇਰਾ ਮੁਖੀ ਦੀ ਮੁਆਫੀ ਦਾ  ਮੁੱਦਾ ਹੋਵੇ,ਨੂਰ ਮਹਿਲੀਏ ਦਾ ਮੁੱਦਾ ਹੋਵੇ,ਜਾਂ ਫਿਰ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਲਗਾਤਾਰ ਹੋਈਆਂ ਬੇਅਦਬੀਆਂ ਦਾ ਮੁੱਦਾ ਹੋਵੇ, ਸ੍ਰ ਬਾਦਲ ਨੇ ਕਦੇ ਵੀ ਦਿੱਲੀ ਦੀਆਂ ਖੁਸ਼ੀਆਂ ਲੈਣ ਖਾਤਰ ਕੌਂਮੀ ਘਾਣ ਕਰਨ ਤੋ ਗੁਰੇਜ ਨਹੀ ਕੀਤਾ, ਉਹਨਾਂ ਨੇ ਅਪਣੀ ਹਰ ਪਾਰੀ ਵਿੱਚ ਸਿੱਖਾਂ ਦੇ ਖੂੰਨ ਨਾਲ ਹੱਥ ਰੰਗੇ ਹਨ,ਪਰ ਅਫਸੋਸ ! ਕਿ ਇਸ ਦੇ ਬਾਵਜੂਦ ਵੀ ਸ੍ਰ ਪ੍ਰਕਾਸ਼ ਸਿੰਘ ਬਾਦਲ ਉਮਰ ਭਰ ਸਿੱਖਾਂ ਦੇ ਕੌਮੀ ਆਗੂ ਵਜੋ ਨੁਮਾਇੰਦਗੀ ਕਰਦਾ ਆ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਵਿੱਚ ਬਰਾਬਰ ਦਾ ਭਾਗੀਦਾਰ ਹੋਣ ਦੇ ਬਾਵਜੂਦ ਕਾਂਗਰਸ ਨੂੰ ਦੋਸ਼ੀ ਬਣਾ ਕੇ ਲਾਹਾ ਲੈਂਦਾ ਆ ਰਿਹਾ ਹੈ,ਜਿਸਨੂੰ ਸਿੱਖ ਸਮਝ ਹੀ ਨਾ ਸਕੇ।ਇਸ ਤੋ ਵੱਧ ਨਮੋਸੀ ਵਾਲੀ ਗੱਲ ਸਿੱਖ ਕੌਂਮ ਵਾਸਤੇ ਹੋਰ ਕੀ ਹੋ ਸਕਦੀ ਹੈ ਕਿ ਸਿੱਖਾਂ ਦੇ ਕਾਤਲ ਪੁਲਿਸ ਮੁਖੀ ਤੇ ਕਾਰਵਾਈ ਉਹ ਕਾਂਗਰਸ ਦੀ ਸਰਕਾਰ ਕਰ ਰਹੀ ਹੈ,ਜਿਸ ਤੇ ਸਿੱਖਾਂ ਦੀ ਦੁਸ਼ਮਣ ਹੋਣ ਦੇ ਦੋਸ਼ ਪ੍ਰਕਾਸ਼ ਸਿੰਘ ਬਾਦਲ ਲਾਕੇ ਸਾਰੀ ਉਮਰ ਸਿਆਸੀ ਲਾਹਾ ਲੈਂਦਾ ਆ ਰਿਹਾ ਹੈ ਅਤੇ ਸਿੱਖਾਂ ਦੇ ਕਾਤਲ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜੋਰ ਆਪ ਖੁਦ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਬਾਦਲ  ਲਾ ਰਹੇ ਹਨ,ਜਿਹੜੇ ਸਿੱਖ ਕੌਂਮ ਦੀ ਨੁਮਾਂਇੰਦਗੀ ਕਰਦੇ ਹਨ।ਉਪਰੋਕਤ ਦੇ ਮੱਦੇਨਜਰ ਇਹ ਸੋਚਣਾ ਬਣਦਾ ਹੈ ਕਿ ਹੁਣ ਜਦੋ ਸ੍ਰ ਪਰਕਾਸ਼ ਸਿੰਘ ਬਾਦਲ ਉਮਰ ਦੇ ਅਖੀਰਲੇ ਪੜਾਅ ਚ ਪਹੁੰਚ ਚੁੱਕੇ ਹਨ ਤੇ ਉਹਨਾਂ ਦੇ ਸਾਰੇ ਕੱਚੇ ਚਿੱਠ ਜੱਗ ਜਾਹਰ ਵੀ ਹੋ ਚੁੱਕੇ ਹਨ,ਜਿਸ ਦੀ ਬਦੌਲਤ  2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਸ਼ਰਮਨਾਕ ਹਾਰ ਵੀ ਹੋਈ,ਪਰੰਤੂ ਇਸ ਦੇ ਬਾਵਜੂਦ ਵੀ ਬਾਦਲ ਪਰਿਵਾਰ ਨੇ ਕੋਈ ਸਬਕ ਨਹੀ ਲਿਆ।ਬੇਸ਼ੱਕ ਪਹਿਲਾਂ ਵੀ ਅਦਾਲਤਾਂ ਚ ਬਾਦਲ ਸਰਕਾਰ ਸਮੇ ਸਮੇ ਸੁਮੇਧ ਸ਼ੈਣੀ ਜਾਂ ਅਜਿਹੇ ਹੋਰ ਪੁਲਿਸ ਅਧਿਕਾਰੀਆਂ ਦੇ ਹੱਕ ਚ ਭੁਗਤ ਕੇ ਬਚਾਅ ਕਰਦੀ ਰਹੀ ਹੈ,ਜਿਹੜੇ ਸਿੱਖ ਜੁਆਨੀ ਦਾ ਘਾਣ ਕਰਨ ਦੇ ਦੋਸ਼ੀ ਹਨ,ਪ੍ਰੰਤੂ ਹੁਣ ਕੇਸ ਰਜਿਸਟਰ ਹੁੰਦਿਆਂ ਹੀ ਜਿਸਤਰਾਂ ਅਕਾਲੀ ਦਲ ਬਾਦਲ ਨੇ ਸੁਮੇਧ ਸ਼ੈਣੀ ਨੂੰ ਬਚਾਉਣ ਲਈ ਕਨੂੰਨੀ ਸੇਵਾਵਾਂ ਮੁਹੱਈਆਂ ਕਰਵਾਈਆਂ ਹਨ,ਉਹਨਾਂ ਨੇ ਨਵੇਂ ਸੁਆਲਾਂ ਨੂੰ ਜਨਮ ਦਿੱਤਾ ਹੈ। ਜਿਹੜੇ ਗੁਰਦੁਆਰਾ ਕਮਿਸ਼ਨ ਦਾ 80 ਫੀਸਦੀ ਖਰਚਾ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਝੱਲਦੀ ਹੋਵੇ ਅਤੇ ਜਿਹੜਾ ਬਣਿਆ ਹੀ ਸਿੱਖਾਂ ਦੀਆਂ ਗੁਰਦੁਆਰਾ ਪਰਬੰਧ ਸਬੰਧੀ ਸਮੱਸਿਆਵਾਂ ਦੇ ਹੱਲ ਲਈ ਹੋਵੇ, ਉਹ ਗੁਰਦੁਆਰਾ ਕਮਿਸ਼ਨ ਦਾ ਚੇਅਰਮੈਨ ਸਿੱਖਾਂ ਦੇ ਖਿਲਾਫ ਕਿਵੇਂ ਭੁਗਤ ਸਕਦਾ ਹੈ ? ਜਿਹੜੇ ਚੇਅਰਮੈਨ ਦੇ ਘਰੋਂ ਚੱਲਣ ਤੋ ਲੈ ਕੇ ਦਫਤਰ ਪਹੁੰਚਣ ਤੱਕ ਦਾ ਸਾਰਾ ਖਰਚਾ ਸਰੋਮਣੀ ਕਮੇਟੀ ਦੇ ਸਿਰ ਤੋ ਹੁੰਦਾ ਹੋਵੇ ਤੇ ਦਫਤਰ ਮੁਹੱਈਆ ਕਰਵਾਉਣ ਤੋ ਲੈ ਕੇ ਫ੍ਰਨੀਚਰ ਤੱਕ ਦਾ ਬੰਦੋਬਸਤ ਸਰੋਮਣੀ ਕਮੇਟੀ ਦਾ ਹੋਵੇ,ਜੇਕਰ ਉਹ ਚੇਅਰਮੈਨ ਸਿੱਖ ਕੌਂਮ ਦਾ ਖਾ ਕੇ ਸਿੱਖ ਦੁਸ਼ਮਣਾਂ ਦੇ ਹੱਕ ਚ ਭੁਗਤਦਾ ਹੈ,ਤਾਂ ਉਹਨਾਂ ਨੂੰ ਸਿੱਖ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਹੂਲਤਾਂ ਕਿਉ ਦਿੱਤੀਆਂ ਜਾ ਰਹੀਆਂ ਹਨ  ?  ਕੀ ਇਹ ਸਾਰੇ ਵਰਤਾਰੇ ਤੋ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਕੱਤਰ ਵਾਕਫ ਨਹੀ ਸਨ ? ਕੀ ਪ੍ਰਧਾਨ ਸਕੱਤਰ ਇਹ ਨਹੀ ਜਾਣਦੇ ਸਨ ਕਿ ਉਪਰੋਕਤ ਚੇਅਰਮੈਨ ਇਸ ਤੋਂ ਪਹਿਲਾਂ ਵੀ ਅਜਿਹੇ ਪੁਲਿਸ ਅਧਿਕਾਰੀਆਂ ਦੇ ਕੇਸ ਲੜਦਾ ਰਿਹਾ ਹੈ,ਜਿਹੜੇ ਸਿੱਖ ਜੁਆਨੀ ਦਾ ਘਾਣ ਕਰਨ ਦੇ ਦੋਸ਼ੀ ਪਾਏ ਗਏ ਸਨ ? ਇਹ ਵੀ ਵੱਡਾ ਸੁਆਲ ਹੈ ਕਿ ਕੀ ਹੁਣ ਕੌਂਮ ਦੇ ਖਿਲਾਫ ਭੁਗਤਣ ਵਾਲੇ ਅਕਾਲੀ ਦਲ ਦੇ ਪ੍ਰਧਾਨ ਅਤੇ ਸਰਪ੍ਰਸਤ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ? ਉਪਰੋਕਤ ਹੋਰ ਵੀ ਬਹੁਤ ਸਾਰੇ ਸੁਆਲਾਂ ਨੂੰ  ਹੱਲ ਕਰਨ ਦੀ ਜੁੰਮੇਵਾਰੀ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਬਣਦੀ ਹੈ,ਕਿਉਕਿ ਸਿੱਖ ਅਵਾਮ ਦੀ ਟੇਕ  ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਹੀ ਹੈ। ਸੋ ਇਹ ਆਸ ਕਰਨੀ ਬਣਦੀ ਹੈ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਿੱਥੇ ਪੰਜਾਬ ਸਰਕਾਰ ਨੂੰ ਗੁਰਦੁਆਰਾ ਜੁੰਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਨੂੰ ਹਟਾਉਣ ਦੀ ਸਿਫਾਰਸ ਕਰਨਗੇ,ਓਥੇ ਸਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ,ਸਰਪਰਸਤ ਸ੍ਰ ਪ੍ਰਕਾਸ਼ ਸਿੰਘ ਬਾਦਲ,ਗੁਰਦੁਆਰਾ ਕਮਿਸ਼ਨ ਦੇ ਚੇਅਰਮੈਨ ਸੱਤਨਾਮ ਸਿੰਘ ਕਲੇਰ ਅਤੇ ਅਕਾਲੀ ਦਲ ਦੇ ਕਨੂੰਨੀ ਸਲਾਹਕਾਰ ਅਰਸਦੀਪ ਸਿੰਘ ਕਲੇਰ ਦੇ ਖਿਲਾਫ ਸਿੱਖੀ ਰਹੁਰੀਤਾਂ ਅਨੁਸਾਰ ਬਣਦੀ ਕਾਰਵਾਈ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਯਾਦਾ ਨੂੰ ਕਾਇਮ ਰੱਖ ਸਕਣਗੇ।

ਬਘੇਲ ਸਿੰਘ ਧਾਲੀਵਾਲ
99142-58142