ਕੋਰੋਨਾ ਖਿਲਾਫ਼ ਜੰਗ ਲੜ ਰਹੇ ਯੋਧਿਆਂ ਦੇ ਜਜ਼ਬੇ ਨੂੰ ਸਲਾਮ - ਮਨਜਿੰਦਰ ਸਿੰਘ ਸਰੌਦ

ਪੰਜਾਬ ਅੰਦਰ ਜਿਉਂ-ਜਿਉਂ ਕੋਰੋਨਾ ਦਾ ਕਹਿਰ ਵਧ ਰਿਹਾ ਹੈ ਤਿਉਂ-ਤਿਉਂ ਇਸ ਦੇ ਇਸ ਦੇ ਖਿਲਾਫ਼ ਜੰਗ ਲੜ ਰਹੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਅਤੇ ਅਫਸਰਾਂ ਦੇ ਹੌਸਲੇ ਜਰੂਰ ਵਧ ਰਹੇ ਹਨ ਪਰ ਇਨ੍ਹਾਂ ਸਬੰਧਤ ਵਿਭਾਗਾਂ ਵਿੱਚ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਦੇ ਕੇ ਕੋਰੋਨਾ ਪੀੜਤਾਂ ਨੂੰ ਨਵੀਆਂ ਜ਼ਿੰਦਗੀਆਂ ਬਖਸ਼ ਰਹੇ ਯੋਧਿਆਂ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ । ਸਿਹਤ ਵਿਭਾਗ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀ ਪੰਜਾਬ ਪੁਲਿਸ ਦਾ ਹਾਲ ਕਿਸੇ ਤੋਂ ਲੁਕਿਆ ਨਹੀਂ ਹੈ ਜੋ ਇਨ੍ਹਾਂ ਹਲਾਤਾਂ ਵਿੱਚ ਵੀ ਜਜ਼ਬੇ ਨਾਲ ਗੜੁੱਚ ਹੁੰਦਿਆਂ ਅਪਣੀ ਡਿਉਟੀ ਨੂੰ ਪਹਿਲ ਦੇ ਰਹੇ ਹਨ । ਇਸ ਤੋਂ ਬਾਅਦ ਕਿੰਨੇ ਹੀ ਅਜਿਹੇ ਉਹ ਵਰਕਰ ਹਨ ਜੋ ਇਸ ਡਰ 'ਤੇ ਸਹਿਮ ਦੇ ਮਾਹੌਲ ਅੰਦਰ ਵੀ ਤਨਦੇਹੀ ਨਾਲ ਬੇਖੌਫ ਹੋ ਕੇ ਮਨੁੱਖੀ ਜ਼ਿੰਦਗੀਆਂ ਦੀ ਪਹਿਰੇਦਾਰੀ ਕਰ ਰਹੇ ਹਨ ।
                  ਜੇਕਰ ਡਾਕਟਰਾਂ ਕੋਲ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰਨ ਵਾਸਤੇ ਜ਼ਰੂਰੀ ਸਾਜ਼ੋ ਸਾਮਾਨ ਨਾ ਹੋਣ ਦੀ ਗੱਲ ਉੱਠਦੀ ਹੈ ਤਾਂ ਜ਼ਰੂਰੀ ਹੋ ਜਾਂਦਾ ਹੈ ਕਿ ਪੁਲਿਸ ਮੁਲਾਜ਼ਮਾਂ ਦਾ ਦਰਦ ਵੀ ਸਰਕਾਰ ਦੇ ਕੰਨਾਂ ਤੱਕ ਪਹੁੰਚਦਾ ਕੀਤਾ ਜਾਵੇ । ਲਗਭਗ ਡੇਢ ਮਹੀਨਾ ਬੀਤਣ ਦੇ ਬਾਅਦ ਵੀ ਕਈ ਪੁਲਿਸ ਅਫ਼ਸਰਾਂ ਅਤੇ ਮੁਲਾਜ਼ਮਾਂ ਵੱਲੋਂ ਆਪਣੇ ਘਰ ਦਾ ਬੂਹਾ ਤੱਕ ਨਹੀਂ ਵੇਖਿਆ ਗਿਆ ਉਨ੍ਹਾਂ ਦੀ ਵਰਦੀ ਅਤੇ ਢਿੱਡ ਭਰਨ ਲਈ ਦੋ ਵਖਤ ਦੇ ਖਾਣੇ ਦਾ ਪ੍ਰਬੰਧ ਕਿੰਝ ਹੁੰਦਾ ਹੈ ਇਹ ਤਾਂ ਉਹ ਹੀ ਜਾਣਦੇ ਨੇ । ਵੱਖ-ਵੱਖ ਨਾਕਿਆਂ ਉੱਤੇ ਖੜ੍ਹੇ ਮੁਲਾਜ਼ਮਾਂ ਨੂੰ ਕਈ ਦਿਨ ਬੀਤ ਜਾਣ ਦੇ ਬਾਅਦ ਵੀ ਆਪਣੇ ਪਰਿਵਾਰ ਦਾ ਚਿਹਰਾ ਵੇਖਣਾ ਨਸੀਬ ਹੁੰਦਾ ਹੈ , ਉਨ੍ਹਾਂ ਦੇ ਸਰੀਰ ਉੱਤੇ ਪਾਈ ਵਰਦੀ ਦੀ ਹਾਲਤ ਕਿਸੇ ਜੰਗ ਦੇ ਮੈਦਾਨ ਤੋਂ ਘੱਟ ਨਹੀਂ ਹੁੰਦੀ । ਸਵੇਰ ਤੋਂ ਲੈ ਕੇ ਸ਼ਾਮ ਤੱਕ ਪੁਲਿਸ ਦੀਆਂ ਗੱਡੀਆਂ ਪਿੰਡਾਂ ਦੀਆਂ ਸੜਕਾਂ ਅਤੇ ਖੇਤਾਂ ਦੀਆਂ ਪਹੀਆਂ ਦੀ ਖਾਕ ਛਾਣਦੀਆਂ ਰਹਿੰਦੀਆਂ ਹਨ ।
                  ‎ਸਿਹਤ ਵਿਭਾਗ ਨੂੰ ਜਦੋਂ ਵੀ ਕਿਸੇ ਕੋਰੋਨਾ ਪੀੜਤ ਦਾ ਪਤਾ ਚੱਲਦਾ ਹੈ ਤਾਂ ਤੁਰੰਤ ਪੁਲਿਸ ਨੂੰ ਉੱਥੇ ਪਹੁੰਚਣ ਦੀ ਹਦਾਇਤ ਦਿੱਤੀ ਜਾਂਦੀ ਹੈ ਤਾਂ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਠੀਕ ਰੱਖ ਕੇ ਪਿੰਡ ਨੂੰ ਸੀਲ ਕੀਤਾ ਜਾ ਸਕੇ । ਇਸੇ ਤਰ੍ਹਾਂ ਸਿਹਤ ਵਿਭਾਗ ਦੇ ਡਾਕਟਰਾਂ ਦੀਆਂ ਜੋ ਟੀਮਾਂ ਪਿੰਡਾਂ 'ਚ ਫਿਰ ਰਹੀਆਂ ਹਨ ਉਨ੍ਹਾਂ ਦੀ ਕਹਾਣੀ ਵੀ ਕੋਈ ਵੱਖਰੀ ਨਹੀਂ ਹੈ । ਇਹ ਸਾਰੇ ਵਰਤਾਰੇ ਦੇ ਚੱਲਦਿਆਂ ਪੰਜਾਬ ਪੁਲਿਸ ਅਤੇ ਸਿਹਤ ਵਿਭਾਗ ਅੰਦਰ ਮਾਨਸਿਕ ਤਣਾਅ ਤੋਂ ਪੀੜਤ ਮੁਲਾਜ਼ਮਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋ ਰਿਹਾ ਹੈ ਉਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਮੰਦੀ ਹੈ ਜਿਹੜੇ ਦੂਰੋਂ ਨੇੜਿਓਂ ਡਿਊਟੀ 'ਤੇ ਤਾਇਨਾਤ ਹਨ ਕਿਉਂਕਿ ਸਹੀ ਸਮੇਂ ਤੇ ਖਾਣਾ ਅਤੇ ਨੀਂਦ ਪੂਰੀ ਨਾ ਹੋਣ ਦਾ ਦਰਦ ਉਨ੍ਹਾਂ ਮੁਲਾਜ਼ਮਾਂ ਦੇ ਚਿਹਰੇ 'ਤੇ ਸਪੱਸ਼ਟ ਝਲਕਦਾ ਵਿਖਾਈ ਦਿੰਦਾ ਹੈ । ਹੈਰਾਨੀ ਭਰਿਆ ਸਵਾਲ ਇਹ ਹੈ ਕਿ ਇਸ ਤਰ੍ਹਾਂ ਦੇ ਮਾਹੌਲ ਵਿੱਚ ਇਹ ਅਫ਼ਸਰ ਅਤੇ ਮੁਲਾਜ਼ਮ ਆਪਣੇ ਆਪ ਨੂੰ ਕਰੋਨਾ ਵਾਇਰਸ ਤੋਂ ਕਿੰਝ ਬਚਾ ਸਕਣਗੇ , ਇਸ ਪਾਸੇ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਹੈ ।
                  ‎ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਅਤੇ ਸਿਹਤ ਕਰਮੀਆਂ ਦਾ ਹਾਲ ਇਹ ਹੈ ਕਿ ਉਨ੍ਹਾਂ ਨੂੰ ਆਪਣਿਆਂ ਤੋਂ ਦੂਰ ਰਹਿ ਕੇ ਮਾਨਸਿਕ ਤਣਾਅ ਦੇ ਵਿੱਚੋਂ ਦੀ ਗੁਜ਼ਰਨਾ ਪੈ ਰਿਹਾ ਹੈ ਕਈ ਪੁਲਿਸ ਅਫਸਰਾਂ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਡਿਊਟੀ ਕਰਦਿਆਂ ਕਿੰਨੇ ਦਿਨ ਬੀਤ ਜਾਣ ਦੇ ਬਾਅਦ ਵੀ ਆਪਣੇ ਪਰਿਵਾਰਾਂ ਨੂੰ ਮਿਲਣਾ ਨਸੀਬ ਨਹੀਂ ਹੋ ਸਕਿਆ ਠੀਕ ਹੈ ਅਜੇ ਇਸ ਸਾਰੇ ਵਰਤਾਰੇ ਨੂੰ ਸਹੀ ਹੁੰਦਿਆਂ ਸਮਾਂ ਲੱਗੇਗਾ ਪਰ ਆਖ਼ਰ ਸਾਡੇ ਇਹ ਜਾਂਬਾਜ ਕਰਮਚਾਰੀ ਵੀ ਇਨਸਾਨ ਹੀ ਹਨ ਉਨ੍ਹਾਂ ਦਾ ਵੀ ਸਾਡੇ ਜਿੰਨਾ ਹੀ ਹੱਕ ਬਣਦਾ ਹੈ ਕਿ ਆਪਣੇ ਪਰਿਵਾਰਾਂ ਨੂੰ ਸਮਾਂ ਦੇਣ । ਛੂੱਟੀ ਦਾ ਸਮਾਂ ਵੀ ਇਨ੍ਹਾਂ ਯੋਧਿਆਂ ਨੂੰ ਅਪਣੇ ਪਰਿਵਾਰਾਂ ਨਾਲੋਂ ਵੱਖ ਹੋਕੇ ਗੁਜਾਰਨਾ ਪੈੰਦਾਂ ਹੈ ਸੋਚੋ ਕੇਹੇ ਹਾਲਾਤ ਹੋਣਗੇ । ਠੀਕ ਹੈ ਕੁਦਰਤ ਦੀ ਇਸ ਕਰੋਪੀ ਅਤੇ ਬੇਹੱਦ ਔਖੀ ਘੜੀ ਅੰਦਰ ਵੀ ਸੰਜਮ ਅਤੇ ਅਹਿਤਿਆਤ ਤੋਂ ਕੰਮ ਲੈਂਦਿਆਂ ਇਹ ਆਪੋ-ਆਪਣੇ ਮੋਰਚਿਆਂ 'ਤੇ ਡਟੇ ਹੋਏ ਹਨ ਪਰ ਸਾਡਾ ਸਭਨਾਂ ਦਾ ਫਰਜ਼ ਬਣਦਾ ਹੈ ਕਿ ਇਨ੍ਹਾਂ ਜਜ਼ਬੇ ਭਰਪੂਰ ਇਨਸਾਨਾਂ ਦਾ ਹੌਸਲਾ ਅਫ਼ਜ਼ਾਈ ਕਰੀਏ ਚੰਗਾ ਹੋਵੇ ਸਰਕਾਰ ਇਨ੍ਹਾਂ ਦੀ ਸਾਰ ਲੈਂਦਿਆਂ ਹੱਲਾ ਸ਼ੇਰੀ ਦੇਣ ਦੇ ਨਾਲ-ਨਾਲ ਕੋਈ ਉਚਿਤ ਕਦਮ ਚੁੱਕੇ । ਸਾਡਾ ਸਲਾਮ ਹੈ ਨੰਗੇ ਧੜ ਜੰਗ ਲੜ ਰਹੇ ਇਹਨਾਂ ਯੋਧਿਆਂ ਨੂੰ , ਮਾਲਕ ਇਨ੍ਹਾਂ ਅਤੇ ਇਨ੍ਹਾਂ ਦੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖੇ ।

ਮਨਜਿੰਦਰ ਸਿੰਘ ਸਰੌਦ
94634-63136