ਕੀ ਸਰਹਿੰਦ ਫਤਹਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਸੀ? - ਜਸਵੰਤ ਸਿੰਘ 'ਅਜੀਤ'

ਹਰ ਸਾਲ ਜਦੋਂ ਵੀ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਕੀਤੀ ਗਈ ਸਰਹਿੰਦ ਫਤਹਿ ਦੀ ਯਾਦ ਮਨਾਈ ਜਾਂਦੀ ਹੈ, ਸਿੱਖੀ ਦੀਆਂ ਮਾਨਤਾਵਾਂ ਅਤੇ ਸਿੱਖ ਇਤਿਹਾਸ ਦੀਆਂ ਸਥਾਪਤ ਪਰੰਪਰਾਵਾਂ ਤੋਂ ਸਭ ਤੋਂ ਵੱਧ ਜਾਣੂ ਹੋਣ ਦੇ ਦਾਅਵੇਦਾਰ, ਸਿੱਖ ਵਿਦਵਾਨਾਂ, ਪ੍ਰਚਾਰਕਾਂ, ਬੁਲਾਰਿਆਂ ਅਤੇ ਧਾਰਮਕ ਸੰਸਥਾਵਾਂ ਦੇ ਮੁੱਖੀਆਂ ਵਲੋਂ ਜਿਸਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹਿੰਦ ਫਤਹਿ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਬਦਲੇ ਦੇ ਰੂਪ ਵਿਚ ਪੇਸ਼ ਕੀਤਾ ਜਾਂਦਾ ਚਲਿਆ ਆ ਰਿਹਾ ਹੈ, ਉਸਨੂੰ ਪੜ੍ਹ-ਸੁਣ ਕੇ ਇਨ੍ਹਾਂ ਲੋਕਾਂ ਦੇ ਸਿੱਖੀ ਦੀਆਂ ਮਾਨਤਾਵਾਂ ਅਤੇ ਸਿੱਖ ਇਤਿਹਾਸ ਦੀਆਂ ਪਰੰਪਰਾਵਾਂ ਬਾਰੇ ਸਭ ਤੋਂ ਵੱਧ ਜਾਣਕਾਰੀ ਹੋਣ ਦੇ ਕੀਤੇ ਜਾਂਦੇ ਦਾਅਵਿਆਂ ਪੁਰ ਹੈਰਾਨੀ ਹੋਣੀ ਸੁਭਾਵਕ ਸੀ, ਕਿਉਂਕਿ ਜੇ ਸਿੱਖ ਇਤਿਹਾਸ ਦੀਆਂ ਪਰੰਪਰਾਵਾਂ ਅਤੇ ਸਿੱਖੀ ਦੀਆਂ ਮਾਨਤਾਵਾਂ ਦੀ ਗੰਭੀਰਤਾ ਦੇ ਨਾਲ ਘੋਖ ਕੀਤੀ ਜਾਏ ਤਾਂ ਇਹ ਸਮਝਣਾ ਮੁਸ਼ਕਲ ਨਹੀਂ, ਕਿ ਸਿੱਖੀ ਵਿਚ ਬਦਲੇ ਦੀ ਭਾਵਨਾ ਲਈ ਕੋਈ ਥਾਂ ਨਹੀਂ।
ਸਿੱਖੀ ਵਿਚ 'ਸ਼ਹਾਦਤ' ਨੂੰ, ਇਕ ਪਵਿਤ੍ਰ ਅਤੇ ਸਰਵ-ਉਤਮ ਕਾਰਜ ਸਵੀਕਾਰਦਿਆਂ, ਉਸਨੂੰ ਸਰਵੁਚਤਾ ਦਾ ਦਰਜਾ ਦਿਤਾ ਗਿਆ ਹੋਇਆ ਹੈ। ਸਿੱਖ ਇਤਿਹਾਸ ਵਿਚਲੀਆਂ ਸ਼ਹਾਦਤਾਂ ਕਿਸੇ ਨਿਜੀ ਸੁਆਰਥ, ਨਿਜੀ ਹਿਤ ਜਾਂ ਕਿਸੇ ਨਿਜੀ ਪ੍ਰਾਪਤੀ ਦੇ ਲਈ ਨਹੀਂ ਦਿਤੀਆਂ ਗਈਆਂ। ਇਨ੍ਹਾਂ ਸ਼ਹਾਦਤਾਂ ਦਾ ਉਦੇਸ਼ ਸਦਾ ਹੀ ਗ਼ਰੀਬ-ਮਜ਼ਲੂਮ ਅਤੇ ਸੰਸਾਰ ਭਰ ਦੇ ਧਰਮਾਂ ਦੇ ਪੈਰੋਕਾਰਾਂ ਦੇ ਧਾਰਮਕ ਵਿਸ਼ਵਾਸ ਦੀ ਆਜ਼ਾਦੀ ਦੀ ਰਖਿਆ ਅਤੇ ਜਬਰ-ਜ਼ੁਲਮ ਦਾ ਨਾਸ਼ ਕਰਨਾ ਰਿਹਾ ਹੈ। ਸਿੱਖ ਇਤਿਹਾਸ ਗੁਆਹ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਸਹਿਤ ਸਾਹਿਬਜ਼ਾਦਿਆਂ ਦੀਆਂ ਸ਼ਾਹਦਤਾਂ ਜਬਰ-ਜ਼ੁਲਮ ਦਾ ਵਿਰੋਧ ਕਰਦਿਆਂ ਅਤੇ ਧਾਰਮਕ ਵਿਸ਼ਵਾਸ ਦੀ ਆਜ਼ਾਦੀ ਲਈ ਦਿਤੀਆਂ ਗਈਆਂ ਸ਼ਹਾਦਤਾਂ ਸਨ, ਜਿਨ੍ਹਾਂ ਨੇ ਆਉਣ ਵਾਲੀਆਂ ਪੀੜੀਆਂ ਦੇ ਲਈ ਅਜਿਹੇ ਪੂਰਨੇ ਪਾਏ, ਜਿਨ੍ਹਾਂ ਪੁਰ ਚਲਦਿਆਂ ਗੁਰੂ ਸਾਹਿਬਾਂ ਦੇ ਸਿੱਖ ਗਰੀਬ-ਮਜ਼ਲੂਮ ਦੀ ਰਖਿਆ ਲਈ ਜਬਰ-ਜ਼ੁਲਮ ਅਤੇ ਅਨਿਆਇ ਦਾ ਵਿਰੋਧ ਕਰਦਿਆਂ ਲਗਾਤਾਰ ਜੂਝਦੇ ਅਤੇ ਸ਼ਹੀਦੀਆਂ ਦਿੰਦੇ ਚਲੇ ਗਏ। ਉਨ੍ਹਾਂ ਲਈ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਸਦਾ ਹੀ ਪ੍ਰੇਰਨਾ ਤੇ ਸ਼ਕਤੀ ਦਾ ਸ੍ਰੋਤ ਰਹੀਆਂ, ਜਿਨ੍ਹਾਂ ਕਾਰਣ 'ਧਰਮ ਹੇਤ ਸੀਸ ਦਿੰਦਿਆਂ, ਬੰਦ-ਬੰਦ ਕਟਾਦਿਆਂ, ਖੋਪਰੀਆਂ ਉਤਰਵਾਂਦਿਆਂ, ਚਰਖੜੀਆਂ ਤੇ ਚੜ੍ਹਦਿਆਂ, ਆਰਿਆਂ ਦੇ ਨਾਲ ਚੀਰੇ ਜਾਂਦਿਆਂ, ਗੁਰਦੁਆਰਿਆਂ ਦੀ ਸੇਵਾ-ਸੰਭਾਲ ਦੇ ਲਈ ਕੁਰਬਾਨੀਆਂ ਕਰਦਿਆਂ ਅਤੇ ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੁੰਦਿਆਂ ਸ਼ਹੀਦ ਹੁੰਦਿਆਂ, ਉਨ੍ਹਾਂ ਦੇ ਇਰਾਦਿਆਂ ਵਿਚ ਜ਼ਰਾ ਜਿੰਨੀ ਵੀ ਲਰਜ਼ਸ਼ ਨਹੀਂ ਸੀ ਆਈ। ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੀ ਰੋਸ਼ਨੀ ਨੇ ਸਿੱਖ ਬੀਬੀਆਂ ਤਕ ਨੂੰ ਵੀ ਅਜਿਹੀ ਸ਼ਕਤੀ ਦਿਤੀ ਕਿ ਉਨ੍ਹਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਜਿਗਰ ਦੇ ਟੋਟਿਆਂ ਨੂੰ ਨੇਜ਼ਿਆਂ ਪੁਰ ਟੰਗਿਆਂ ਜਾਂਦਿਆਂ ਅਤੇ ਟੁਕੜੇ-ਟੁਕੜੇ ਹੁੰਦਿਆਂ ਵੇਖਿਆ ਅਤੇ ਬਿਨਾ ਕਿਸੇ ਘਬਰਾਹਟ, ਦੁੱਖ ਤੇ ਕੰਬਣੀ ਦੇ ਉਨ੍ਹਾਂ ਦੇ ਟੁਕੜਿਆਂ ਨੂੰ ਉਨ੍ਹਾਂ ਨੇ ਆਪਣੀਆਂ ਝੋਲੀਆਂ ਵਿਚ ਪੁਆਇਆ, ਪਰ ਆਪਣੇ ਸਿੱਖੀ-ਸਿਦਕ ਤੇ ਜ਼ਰਾ ਜਿੰਨੀ ਵੀ ਆਂਚ ਨਹੀਂ ਆਉਣ ਦਿੱਤੀ।
ਸਿੱਖ ਇਤਿਹਾਸ ਗੁਆਹ ਹੈ ਕਿ ਇਤਨੀਆਂ ਕੁਰਬਾਨੀਆਂ ਕਰਦਿਆਂ ਹੋਇਆਂ ਵੀ ਕਦੀ ਸਿੱਖਾਂ ਦੇ ਦਿਲ ਵਿਚ ਬਦਲੇ ਦੀ ਭਾਵਨਾ ਨਹੀਂ ਆਈ। ਜਦੋਂ ਕਿਸੇ ਵੀ ਦੁਸ਼ਮਣ ਨੇ ਉਨ੍ਹਾਂ ਦੇ ਵਲ ਮਿਤ੍ਰਤਾ ਦੀ ਪੇਸ਼ਕਸ਼ ਅਤੇ ਸਹਿਯੋਗ ਦੀ ਮੰਗ ਕਰਦਿਆਂ ਹਥ ਵਧਾਇਆ ਤਾਂ ਉਨ੍ਹਾਂ ਉਸਦਾ ਹਥ ਛਿਟਕਿਆ ਨਹੀਂ, ਸਗੋਂ ਬਿਨਾ ਸੰਕੋਚ ਉਸਨੂੰ ਮਜ਼ਬੂਤੀ ਨਾਲ ਪਕੜ ਲਿਆ। ਸ੍ਰੀ ਗੁਰੂ ਹਰਿਗੋਬਿੰਦ ਜੀ ਦੀ, ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਲਈ ਜ਼ਿਮੇਂਦਾਰ ਜਹਾਂਗੀਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਲਈ ਜ਼ਿਮੇਂਦਾਰ ਔਰੰਗਜ਼ੇਬ ਦੇ ਪੁਤਰ ਬਹਾਦਰ ਸ਼ਾਹ ਦੇ ਨਾਲ ਮਿਤ੍ਰਤਾ, ਇਸ ਗਲ ਦੇ ਪ੍ਰਤਖ ਪ੍ਰਮਾਣ ਹਨ। ਸ੍ਰੀ ਗੁਰੂ ਹਰਿਰਾਇ ਸਾਹਿਬ ਵਲੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪੁਰ ਬਾਰ-ਬਾਰ ਫੌਜਾਂ ਚਾੜ੍ਹਨ ਵਾਲੇ ਸ਼ਾਹਜਹਾਂ ਦੇ ਪੁਤਰ ਦਾਰਾ ਦੀ ਜਾਨ ਬਚਾਉਣ ਦੇ ਲਈ, ਆਪਣੇ ਦਵਾਖਾਨੇ ਵਿਚੋਂ ਦੁਰਲੱਭ ਦੁਆਈਆਂ ਭਿਜਵਾਉਣਾ ਵੀ ਇਸੇ ਗਲ ਦਾ ਸਬੂਤ ਹੈ ਕਿ ਸਿੱਖੀ ਵਿਚ ਬਦਲੇ ਦੀ ਭਾਵਨਾ ਲਈ ਕੋਈ ਥਾਂ ਨਹੀਂ ਹੈ। ਇਸਦਾ ਕਾਰਣ ਇਹ ਮੰਨਿਆ ਜਾਂਦਾ ਹੈ ਕਿ ਜਿਸ ਸ਼ਹਾਦਤ ਦਾ ਬਦਲਾ ਲੈ ਲਿਆ ਜਾਂਦਾ ਹੈ, ਉਸ ਸ਼ਹਾਦਤ ਦੀ ਮਹਤੱਤਾ ਤੇ ਮਹਾਨਤਾ ਪੁਰ ਗ੍ਰਹਿਣ ਲਗ ਜਾਂਦਾ ਹੈ ਅਤੇ ਉਹ ਨਾ ਤਾਂ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਨਾ ਸ੍ਰੋਤ ਤੇ ਨਾ ਹੀ ਚਾਨਣ ਮੁਨਾਰਾ ਰਹਿ ਜਾਂਦੀ ਹੈ। ਜਦਕਿ ਸਿੱਖ ਇਤਿਹਾਸ ਦੀ ਹਰ ਸ਼ਹਾਦਤ ਨਾ ਕੇਵਲ ਪ੍ਰਰੇਨਾ ਦਾ ਸ੍ਰੋਤ ਹੈ, ਸਗੋਂ ਚਾਨਣ-ਮੁਨਾਰੇ ਦਾ ਕੰਮ ਵੀ ਕਰਦੀ ਚਲੀ ਆ ਰਹੀ ਹੈ।
ਇਸ ਕਰਕੇ ਇਹ ਮੰਨਣਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਦੇ ਲਈ ਪੰਜਾਬ ਭੇਜਿਆ ਸੀ, ਇਕ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਨੇ ਆਪਣੇ ਹਥੀਂ ਆਪਣੇ ਵੱਡੇ ਸਾਹਿਬਜ਼ਾਦਿਆਂ ਨੂੰ ਜੰਗ ਦੇ ਮੈਦਾਨ ਵਿਚ, ਸ਼ਹੀਦ ਹੋਣ ਲਈ ਭੇਜਿਆ ਅਤੇ ਇਸਦੇ ਨਾਲ ਹੀ ਕੇਵਲ ਆਪਣਾ ਸਮੁਚਾ ਪਰਿਵਾਰ ਹੀ ਨਹੀਂ, ਸਗੋਂ ਆਪਣਾ-ਆਪ ਵੀ ਜਬਰ-ਜ਼ੁਲਮ ਦੇ ਵਿਰੁਧ ਅਤੇ ਧਾਰਮਕ ਮਾਨਤਾਵਾਂ ਤੇ ਇਨਸਾਫ ਦੀ ਰਖਿਆ ਲਈ ਜੂਝਦਿਆਂ ਕੁਰਬਾਨ ਕਰ ਦਿਤਾ, ਦੀ ਮਹਾਨਤਾ ਤੋਂ ਅਨਜਾਣ ਹੋਣਾ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਉਸ ਅਦੁਤੀ ਸ਼ਹਾਦਤ ਨੂੰ ਛੁਟਿਆਣ ਦੇ ਤੁਲ ਹੋਵੇਗਾ, ਜੋ ਰਹਿੰਦੀ ਦੁਨੀਆ ਤਕ ਸਿੱਖਾਂ ਦੇ ਲਈ ਪ੍ਰੇਰਨਾ ਅਤੇ ਚਾਨਣ-ਮੁਨਾਰੇ ਦਾ ਕੰਮ ਕਰਦਿਆਂ ਰਹਿਣ ਦੇ ਸਮਰਥ ਹੈ।

...ਅਤੇ ਅੰਤ ਵਿੱਚ: ਸੱਚਾਈ ਇਹ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਦੇ ਲਈ ਨਹੀਂ. ਸਗੋਂ ਪੰਜਾਬ ਦੀ ਧਰਤੀ ਪੁਰ ਦਿਨ-ਬ-ਦਿਨ ਵੱਧ ਰਹੇ ਜ਼ੁਲਮ ਨੂੰ ਠਲ੍ਹ ਪਾਣ ਅਤੇ ਗਰੀਬ-ਮਜ਼ਲੂਮ ਦੀ ਰਖਿਆ ਲਈ ਜੂਝਣ ਵਾਸਤੇ ਭੇਜਿਆ ਸੀ। ਇਹ ਗਲ ਵੀ ਸਮਝ ਲੈਣੀ ਹੋਵੇਗੀ ਕਿ ਜੇ ਬਾਬਾ ਬੰਦਾ ਸਿੰਘ ਬਹਾਦਰ ਦਾ ਮਿਸ਼ਨ ਕੇਵਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਤਕ ਹੀ ਸੀਮਤ ਹੁੰਦਾ ਤਾਂ ਉਹ ਸਰਹਿੰਦ ਫਤਹਿ ਦੇ ਨਾਲ ਪੂਰਾ ਹੋ ਗਿਆ ਹੁੰਦਾ, ਪ੍ਰੰਤੂ ਉਨ੍ਹਾਂ ਦਾ ਮਿਸ਼ਨ ਜਬਰ-ਜ਼ੁਲਮ ਦੇ ਵਿਰੁਧ ਸੰਘਰਸ਼ ਕਰਦਿਆਂ ਰਹਿਣ ਦੇ ਨਾਲ ਸਬੰਧਤ ਸੀ, ਇਸ ਕਰਕੇ ਉਹ ਸਰਹਿੰਦ ਫਤਹਿ ਤੋਂ ਬਾਅਦ ਹੀ ਨਹੀਂ, ਸਗੋਂ ਬਾਬਾ ਬੰਦਾ ਸਿੰਘ ਦੀ ਸ਼ਹਾਦਤ ਤੋਂ ਬਾਅਦ ਵੀ ਲਗਾਤਾਰ ਜਾਰੀ ਰਿਹਾ।

Mobile : + 91 95 82 71 98 90  
  E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085