ਖ਼ੁਸ਼ਬੂ - ਨਿਰਮਲ ਸਿੰਘ ਕੰਧਾਲਵੀ

ਸਫ਼ਰ ਛੋਟਾ ਹੋਵੇ ਜਾਂ ਲੰਬਾ, ਹਮੇਸ਼ਾ ਹੀ ਖੱਟੀਆਂ ਮਿੱਠੀਆਂ ਯਾਦਾਂ ਛੱਡ ਜਾਂਦਾ ਹੈ।ਪਿਛਲੇ ਸਾਲ  ਸਾਹਿਤ ਸਭਾ ਗਲਾਸਗੋ ਦੇ ਸਾਲਾਨਾ ਸਮਾਗਮ 'ਚ ਹਾਜ਼ਰੀ ਭਰਨ ਤੋਂ ਬਾਅਦ ਦੂਸਰੇ ਦਿਨ ਮੇਰਾ ਦੋਸਤ ਵਾਪਸੀ ਲਈ ਮੈਨੂੰ ਬਸ ਅੱਡੇ 'ਤੇ ਛੱਡ ਗਿਆ।ਮਹੀਨਾ ਭਾਵੇਂ ਮਈ ਦਾ ਸੀ ਪਰ ਠੰਢੀ ਸੀਤ ਹਵਾ ਅਜੇ ਵੀ ਕੰਬਣੀ ਛੇੜ ਰਹੀ ਸੀ।ਬਸ ਜਾਣ ਵਾਸਤੇ ਤਿਆਰ ਖੜ੍ਹੀ ਸੀ ਤੇ ਲੋਕ ਕੱਚ ਦੇ ਦਰਵਾਜ਼ਿਆਂ ਵਾਲੇ ਵਰਾਂਡੇ 'ਚ ਬੈਠੇ ਡਰਾਈਵਰ ਦਾ ਇੰਤਜ਼ਾਰ ਕਰ ਰਹੇ ਸਨ। ਜਦ ਵੀ ਸਵੈਚਾਲਿਤ ਦਰਵਾਜ਼ੇ ਕਿਸੇ ਦੇ ਅੰਦਰ ਬਾਹਰ ਜਾਣ ਆਉਣ ਨਾਲ ਖੁੱਲ੍ਹਦੇ ਤਾਂ ਨਾਲ ਹੀ ਹਵਾ ਦੇ ਸੀਤ ਬੁੱਲੇ ਵੀ ਸਭ ਨੂੰ ਕੰਬਣੀ ਛੇੜ ਜਾਂਦੇ।ਆਖਰ ਨੂੰ ਡਰਾਈਵਰ ਨੇ ਬਸ ਦਾ ਦਰਵਾਜ਼ਾ ਖੋਲ੍ਹਿਆ ਤਾਂ ਸਭ ਮੁਸਾਫ਼ਰ ਲਾਈਨ 'ਚ ਲੱਗ ਕੇ ਖੜੋ ਗਏ ਤੇ ਉਸ ਨੇ ਇਕੱਲੇ ਇਕੱਲੇ ਦੀ ਟਿਕਟ ਚੈੱਕ ਕਰ ਕੇ ਅਟੈਚੀਕੇਸ ਤੇ ਬੈਗ ਆਦਿਕ ਸਾਮਾਨ ਵਾਲੇ ਡੈੱਕ ਵਿਚ ਇਸ ਤਰੀਕੇ ਨਾਲ ਟਿਕਾਉਣੇ ਸ਼ੁਰੂ ਕੀਤੇ ਕਿ ਦੂਰ ਵਾਲੇ ਮੁਸਾਫਰਾਂ ਦੇ ਪਿਛਲੇ ਪਾਸੇ ਤੇ ਨੇੜੇ ਵਾਲਿਆਂ ਦੇ ਡੈੱਕ ਦੇ ਅੱਗੇ ਤਾਂ ਕਿ ਮੁਸਾਫਰਾਂ ਨੂੰ ਸਾਮਾਨ ਲੈਣ ਵੇਲੇ ਕੋਈ ਪਰੇਸ਼ਾਨੀ ਨਾ ਹੋਵੇ।ਮੈਂ ਮਨ ਹੀ ਮਨ ਭਾਰਤ ਵਿਚ ਸਾਮਾਨ ਨਾਲ਼ ਬਸ, ਰੇਲ ਆਦਿ ਵਿਚ ਸਫ਼ਰ ਕਰਨ ਵੇਲੇ ਮੁਸਾਫ਼ਰਾਂ ਨੂੰ ਆਉਂਦੀਆਂ ਔਕੁੜਾਂ ਬਾਰੇ ਸੋਚ ਰਿਹਾ ਸਾਂ।
ਬਸ, ਰੇਲ ਜਾਂ ਹਵਾਈ ਜਹਾਜ਼ ਹੋਵੇ ਮੈਨੂੰ ਹਮੇਸ਼ਾ ਹੀ ਖਿੜਕੀ ਵਾਲੇ ਪਾਸੇ ਬੈਠਣਾ ਪਸੰਦ ਹੈ ਕਿਉਂਕਿ ਤੁਸੀਂ ਬਾਹਰ ਦੇ ਨਜ਼ਾਰਿਆਂ ਦਾ ਆਨੰਦ ਲੈ ਸਕਦੇ ਹੋ ਤੇ ਜੇ ਨੀਂਦ ਦਾ ਹੁਲਾਰਾ ਲੈਣਾ ਹੋਵੇ ਤਾਂ ਕੋਣੇ ਵਿਚ ਢਾਸਣਾ ਵੀ ਵਧੀਆ ਲੱਗ ਜਾਂਦਾ ਹੈ। ਸਕਾਟਲੈਂਡ ਦੀਆਂ ਵਾਦੀਆਂ ਤੇ ਪਹਾੜਾਂ ਦੇ ਨਜ਼ਾਰੇ ਨੂੰ ਤਾਂ ਵੈਸੇ ਹੀ ਡੀਕ ਜਾਣ ਨੂੰ ਦਿਲ ਕਰਦਾ ਹੈ।ਮੈਂ ਖਿੜਕੀ ਵਲ ਦੀ ਸੀਟ ਮੱਲ ਕੇ ਬੈਠ ਗਿਆ। ਬਸ ਤਕਰੀਬਨ ਭਰ ਚੁੱਕੀ ਸੀ ਤੇ ਚੱਲਣ ਵਿਚ ਦੋ ਚਾਰ ਮਿੰਟ ਹੀ ਬਾਕੀ ਰਹਿੰਦੇ ਸਨ ਜਦ ਨੂੰ ਇਕ 60-65 ਸਾਲ ਦੀ ਉੱਚੀ ਲੰਮੀ ਤੇ ਭਰਵੀਂ ਸ਼ਖ਼ਸੀਅਤ ਦੀ ਅੰਗਰੇਜ਼ ਔਰਤ ਨੇ ਮੈਨੂੰ ਹੈਲੋ ਕਹਿ ਕੇ ਇਸ਼ਾਰੇ ਨਾਲ਼ ਹੀ ਪੁੱਛਿਆ ਕਿ ਕੀ ਮੇਰੇ ਨਾਲ ਵਾਲ਼ੀ ਸੀਟ ਖ਼ਾਲੀ ਸੀ।ਮੇਰੇ ਹਾਂ ਕਹਿਣ 'ਤੇ ਉਸ ਨੇ ਮੇਰਾ ਧੰਨਵਾਦ ਕੀਤਾ ਤੇ ਅੰਗਰੇਜ਼ਾਂ ਦੀ ਆਦਤ ਅਨੁਸਾਰ ਠੰਢੇ ਮੌਸਮ ਨੂੰ ਕੋਸਿਆ ਤੇ ਫੇਰ ਉਹ ਸੀਟ ਨਾਲ਼ ਢੋਅ ਲਾ ਕੇ ਬੈਠ ਗਈ। 
ਸਫ਼ਰ ਦੌਰਾਨ ਮੈਂ ਆਪਣੇ ਪਾਸ ਕੋਈ ਕਿਤਾਬ, ਰਸਾਲਾ ਆਦਿ ਜ਼ਰੂਰ ਰੱਖਦਾ ਹਾਂ।ਮੈਂ ਬੈਗ ਵਿਚੋਂ ਦੂਜੀ ਸੰਸਾਰ ਜੰਗ ਬਾਰੇ ਕਿਤਾਬ ਕੱਢੀ ਜਿਸ ਦੇ ਬਾਹਰਲੇ ਪਾਸੇ ਫੌਜੀ ਵਰਦੀ ਵਿਚ ਕੁਝ ਤਸਵੀਰਾਂ ਵੀ ਛਪੀਆਂ ਹੋਈਆਂ ਸਨ।ਮੇਰੇ ਹੱਥ 'ਚ ਕਿਤਾਬ ਦੇਖ ਕੇ ਗੋਰੀ ਨੇ ਮੇਰੇ ਕੋਲੋਂ ਕਿਤਾਬ ਬਾਰੇ ਪੁੱਛਿਆ ਤੇ ਕਹਿਣ ਲੱਗੀ, 'ਮੇਰਾ ਨਾਨਾ ਵੀ ਦੂਜੀ ਸੰਸਾਰ ਜੰਗ ਵਿਚ ਨਾਜ਼ੀਆਂ ਦੇ ਖ਼ਿਲਾਫ਼ ਯੂਰਪ ਵਿਚ ਲੜਿਆ ਸੀ। ਮਿਸਟਰ ਸਿੰਘ! ਮੈਂ ਆਪਣੇ ਨਾਨੇ ਨਾਨੀ ਕੋਲ਼ ਹੀ ਪਲ਼ੀ ਹਾਂ।ਮੈਂ ਮਸਾਂ ਸਾਲ ਕੁ ਦੀ ਸਾਂ ਜਦ ਮੇਰਾ ਬਾਪ ਇਕ ਕਾਰ ਐਕਸੀਡੈਂਟ 'ਚ ਮਾਰਿਆ ਗਿਆ ਸੀ ਤੇ ਮੇਰੀ ਮਾਂ ਕਿਸੇ ਹੋਰ ਮਰਦ ਨਾਲ਼ ਅਮਰੀਕਾ ਚਲੇ ਗਈ ਤੇ ਉਸ ਨੇ ਮੁੜ ਕੇ ਮੇਰੀ ਬਾਤ ਨਹੀਂ ਪੁੱਛੀ।ਮੇਰਾ ਆਪਣੇ ਨਾਨੀ ਨਾਨੇ ਨਾਲ਼ ਬਹੁਤ ਪਿਆਰ ਸੀ, ਖ਼ਾਸ ਕਰ ਨਾਨੇ ਨਾਲ਼। ਮੇਰੇ ਲਈ ਉਹ ਹੀ ਸਭ ਕੁਛ ਸਨ।ਮੇਰੇ ਨਾਨਕੇ ਪਰਵਾਰ 'ਚ ਕਈ ਪੁਸ਼ਤਾਂ ਤੋਂ ਮਰਦ ਫੌਜ ਦੀ ਨੌਕਰੀ ਕਰਦੇ ਆ ਰਹੇ ਹਨ।ਮੇਰੇ ਨਾਨੇ ਕੋਲ਼ ਇਕ ਵੱਡੀ ਸਾਰੀ ਫੋਟੋ ਐਲਬਮ ਸੀ ਜਿਸ ਵਿਚ ਜੰਗ ਸਮੇਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਸਨ ਜਿਹਨਾਂ 'ਚ ਸਿੱਖ ਫੌਜੀਆਂ ਦੀਆਂ ਵੀ ਬਹੁਤ ਤਸਵੀਰਾਂ ਸਨ।ਮੇਰੇ ਨਾਨੇ ਨੇ ਨੌਕਰੀ ਵੀ ਸਿੱਖ ਪਲਟਨ ਦੇ ਨਾਲ਼ ਕੀਤੀ ਸੀ।ਉਹ ਹਮੇਸ਼ਾ ਮੈਨੂੰ ਸਿੱਖਾਂ ਦੀ ਬਹਾਦਰੀ, ਦੂਜਿਆਂ ਦੀ ਮਦਦ ਕਰਨ ਤੇ ਵੰਡ ਕੇ ਖਾਣ ਆਦਿ ਗੁਣਾਂ ਦੀਆਂ ਕਹਾਣੀਆਂ ਸੁਣਾਉਂਦਾ ਹੁੰਦਾ ਸੀ।ਮੈਨੂੰ ਉਸ ਦੀ ਇਟਲੀ 'ਚ ਲੱਗੇ ਮੋਰਚੇ ਦੀ ਸੁਣਾਈ ਹੋਈ ਉਹ ਘਟਨਾ ਅਜੇ ਵੀ ਇੰਨ ਬਿੰਨ ਯਾਦ ਹੈ ਜਦ ਮੇਰਾ ਨਾਨਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਸੀ।ਜਰਮਨ ਫੌਜਾਂ ਦਾ ਹਮਲਾ ਬੜਾ ਜ਼ਬਰਦਸਤ ਸੀ।ਰਾਤ ਦਾ ਸਮਾਂ ਸੀ ਤੇ ਕਿਸੇ ਪ੍ਰਕਾਰ ਦੀ ਸਹਾਇਤਾ ਫੌਰੀ ਤੌਰ 'ਤੇ ਮਿਲਣ ਦੀ ਕੋਈ ਉਮੀਦ ਨਹੀਂ ਸੀ।ਉਸ ਰਾਤ ਦੋ ਸਿੱਖ ਫੌਜੀਆਂ ਨੇ ਜਿਵੇਂ ਮੇਰੇ ਨਾਨੇ ਦੇ ਜ਼ਖ਼ਮਾਂ 'ਤੇ ਆਪਣੀ ਪੱਗ ਪਾੜ ਕੇ ਉਸ ਦੇ ਪੱਟੀਆਂ ਬੰਨ੍ਹੀਆਂ ਤੇ ਖ਼ੂਨ ਬੰਦ ਕੀਤਾ ਤੇ ਕਿਵੇਂ ਉਹਨਾਂ ਨੇ ਆਪਣੇ ਸਰੀਰਾਂ ਦਾ ਨਿੱਘ ਦੇ ਦੇ ਕੇ ਸਹਾਇਤਾ ਆਉਣ ਤੱਕ ਉਸ ਨੂੰ ਜਿਊਂਦਾ ਰੱਖਿਆ, ਇਸ ਲਈ ਮੇਰਾ ਨਾਨਾ ਮਰਦੇ ਦਮ ਤੱਕ ਉਹਨਾਂ ਸਿੱਖ ਫੌਜੀਆਂ ਦਾ ਅਹਿਸਾਨਮੰਦ ਰਿਹਾ। ਉਹ ਮੈਨੂੰ ਵੀ ਹਮੇਸ਼ਾ ਸਿੱਖਿਆ ਦਿੰਦਾ ਹੁੰਦਾ ਸੀ ਕਿ ਜਿੱਥੇ ਕਿਤੇ ਵੀ ਤੈਨੂੰ ਕੋਈ ਸਿੱਖ ਸਰਦਾਰ ਮਿਲ਼ੇ ਉਸ ਦਾ ਪੂਰਾ ਸਤਿਕਾਰ ਕਰੀਂ''।
ਬਸ ਹੁਣ ਸ਼ਹਿਰ ਵਿਚੋਂ ਨਿੱਕਲ ਕੇ ਮੋਟਰਵੇਅ 'ਤੇ ਦੌੜ ਰਹੀ ਸੀ।ਇਕੋ ਰਫ਼ਤਾਰ 'ਤੇ ਚੱਲਣ ਕਰਕੇ ਟਾਇਰਾਂ ਦੀ ਘੂਕਰ ਸੰਗੀਤ ਪੈਦਾ ਕਰ ਰਹੀ ਸੀ।ਇਸ ਘੂਕਰ 'ਚ ਵੀ ਉਸੇ ਤਰ੍ਹਾਂ ਹੀ ਬਦੋ ਬਦੀ ਨੀਂਦ ਆਉਣ ਲੱਗ ਪੈਂਦੀ ਹੈ ਜਿਵੇ ਚੱਕੀ ਜਾਂ ਚਰਖ਼ੇ ਦੀ ਘੂਕਰ 'ਚ ਆਉਂਦੀ ਹੈ ਜਿਸ ਚਰਖ਼ੇ ਦੀ ਘੂਕਰ ਦਾ ਜ਼ਿਕਰ ਪ੍ਰੋਫ਼ੈਸਰ ਮੋਹਨ ਸਿੰਘ ਨੇ ਆਪਣੀ ਕਵਿਤਾ 'ਅੰਬੀ ਦਾ ਬੂਟਾ' 'ਚ ਕੀਤਾ ਹੈ।ਗੋਰੀ ਕਹਿਣ ਲੱਗੀ, '' ਮਿਸਟਰ ਸਿੰਘ, ਮੈਂ ਹੁਣ ਥੋੜ੍ਹੀ ਦੇਰ ਸੌਣਾ ਚਾਹੁੰਨੀ ਆਂ, ਦਰਅਸਲ ਮੈਂ ਕੱਲ੍ਹ ਆਪਣੇ ਇਕ ਰਿਸ਼ਤੇਦਾਰ ਦੇ ਅੰਤਿਮ ਸੰਸਕਾਰ 'ਤੇ ਆਈ ਸਾਂ ਤੇ ਰਾਤੀਂ ਮੈਂ ਇਕ ਹੋਟਲ 'ਚ ਠਹਿਰੀ ਸਾਂ, ਪਤਾ ਨਹੀਂ ਕਿਉਂ ਮੈਂ ਉੱਥੇ ਚੰਗੀ ਤਰ੍ਹਾਂ ਸੌਂ ਨਹੀਂ ਸਕੀ।ਮੇਰੀ ਇਕ ਬੇਨਤੀ ਹੈ ਜੇ ਤੈਨੂੰ ਇਤਰਾਜ਼ ਨਾ ਹੋਵੇ ਤਾਂ,'' ਗੋਰੀ ਨੇ ਤਰਲਾ ਜਿਹਾ ਲੈਂਦਿਆਂ ਕਿਹਾ।ਮੈਂ ਕਿਹਾ, '' ਜੀ ਹਾਂ, ਦੱਸੋ ਮੈਂ ਕੀ ਕਰ ਸਕਦਾਂ''।
'' ਕੀ ਮੈਂ ਤੇਰੇ ਮੋਢੇ 'ਤੇ ਸਿਰ ਰੱਖ ਕੇ ਕੁਝ ਚਿਰ ਸੌਂ ਸਕਦੀ ਹਾਂ।ਮਿਸਟਰ ਸਿੰਘ, ਮੈਨੂੰ ਗ਼ਲਤ ਨਾ ਸਮਝੀਂ, ਮੈਂ ਉਸੇ ਤਰ੍ਹਾਂ ਦੇ ਅਹਿਸਾਸ ਵਿਚ ਕੁਝ ਚਿਰ ਜਿਊਣਾ ਚਾਹੁੰਦੀ ਹਾਂ ਜਿਵੇਂ ਮੇਰੇ ਜ਼ਖ਼ਮੀ ਨਾਨੇ ਨੇ ਸਿੱਖ ਫੌਜੀਆਂ ਦੇ ਮੋਢਿਆਂ 'ਤੇ ਸਿਰ ਰੱਖ ਕੇ ਸਾਰੀ ਰਾਤ ਕੱਟੀ ਸੀ''। ਮੈਂ ਨੋਟ ਕੀਤਾ ਕਿ ਗੱਲ ਕਰਦਿਆਂ ਕਰਦਿਆਂ ਗੋਰੀ ਦਾ ਗੱਚ ਭਰ ਆਇਆ ਸੀ। ਮੈਨੂੰ ਗੋਰੀ ਦੀ ਇਹ ਮੰਗ ਬੜੀ ਅਜੀਬ ਲੱਗੀ ਪਰ ਮੇਰੇ ਕੋਲੋਂ ਕੁਝ ਵੀ ਬੋਲ ਨਹੀਂ ਹੋਇਆ ਤੇ ਮੈਂ ਥੋੜ੍ਹਾ ਜਿਹਾ ਉਸ ਵਲ ਨੂੰ ਸਰਕ ਕੇ ਇਸ਼ਾਰਾ ਦੇ ਦਿਤਾ ਕਿ ਉਸ ਦੀ ਬੇਨਤੀ ਪ੍ਰਵਾਨ ਸੀ।ਗੋਰੀ ਨੇ ਮੇਰੇ ਮੋਢੇ 'ਤੇ ਸਿਰ ਰੱਖਿਆ ਤੇ ਸੌਂ ਗਈ। ਮੈ ਬੁੱਤ ਬਣਿਆਂ ਬੈਠਾ ਸਾਂ ਕਿ ਕਿਤੇ ਗੋਰੀ ਦੀ ਨੀਂਦ ਨਾ ਖਰਾਬ ਹੋਵੇ, ਜਿਵੇਂ ਮਾਂ ਸੁੱਤੇ ਹੋਏ ਬਾਲ ਨੂੰ ਛਾਤੀ ਨਾਲੋਂ ਲਾਹ ਕੇ ਜਦੋਂ ਮੰਜੇ ਜਾਂ ਪੰਘੂੜੇ 'ਚ ਪਾਉਂਦੀ ਹੈ ਤਾਂ ਇਤਨੇ ਸਹਿਜ ਨਾਲ ਪਾਉਂਦੀ ਹੈ ਕਿ ਮਤੇ ਬਾਲ ਦੀ ਨੀਂਦ ਉੱਖੜ ਜਾਵੇ।ਮੇਰਾ ਵੀ ਕੁਝ ਅਜਿਹਾ ਹੀ ਹਾਲ ਸੀ।ਕਿਤਾਬ ਪੜ੍ਹਦਿਆਂ ਪੜ੍ਹਦਿਆਂ ਮੈਨੂੰ ਸਾਡੀ  ਗੁਰਦੁਆਰਾ ਕਮੇਟੀ ਦੇ ਬਜ਼ੁਰਗ਼ ਮੈਂਬਰ ਫੌਜੀ ਬੱਗਾ ਸਿੰਘ, ਜੋ ਕਿ ਇਟਲੀ 'ਚ ਨਾਜ਼ੀਆਂ ਦੇ ਵਿਰੁੱਧ ਲੜਿਆ ਸੀ, ਵਲੋਂ ਦੂਜੀ ਵੱਡੀ ਜੰਗ ਦੀਆਂ ਉਸ ਵਲੋਂ ਸੁਣਾਈਆਂ ਹੋਈਆਂ ਘਟਨਾਵਾਂ ਯਾਦ ਆ ਰਹੀਆਂ ਸਨ ਵਿਸ਼ੇਸ਼ ਕਰ ਕੇ ਉਹ ਘਟਨਾ ਜਦੋਂ ਸਿੱਖ ਫੌਜੀਆਂ ਨੇ ਗੋਰੇ ਕਮਾਂਡਰ ਨੂੰ ਲਿਖ ਕੇ ਦੇ ਦਿੱਤਾ ਸੀ ਕਿ ਉਹ ਜ਼ਖ਼ਮੀ ਹੋਣ ਜਾਂ ਮਰਨ ਦੀ ਸੂਰਤ ਵਿਚ, ਸਰਕਾਰ ਉੱਪਰ ਪੈਨਸ਼ਨਾਂ ਜਾਂ ਕਿਸੇ ਕਿਸਮ ਦੇ ਮੁਆਵਜ਼ੇ ਦਾ ਦਾਅਵਾ ਨਹੀਂ ਕਰਨਗੇ ਪਰ ਲੋਹ ਟੋਪ ਹਰਗ਼ਿਜ਼ ਨਹੀਂ ਪਾਉਣਗੇ।
ਬਸ ਹੁਣ ਕਿਸੇ ਸ਼ਹਿਰ ਵਿਚ ਦਾਖ਼ਲ ਹੋ ਕੇ ਰੁਕ ਗਈ ਸੀ।ਗੋਰੀ ਵੀ ਸਾਵਧਾਨ ਹੋ ਗਈ ਤੇ ਉਸ ਨੇ ਮੇਰਾ ਧੰਨਵਾਦ ਕੀਤਾ ਤੇ ਮੈਨੂੰ ਦਿੱਤੀ 'ਤਕਲੀਫ਼' ਲਈ ਮੁਆਫ਼ੀ ਮੰਗੀ ਤੇ ਛੋਟਾ ਜਿਹਾ ਬੈਗ ਚੁੱਕ ਕੇ ਬਸ ਦੇ ਪਿਛਲੇ ਪਾਸੇ ਬਣੇ ਵਾਸ਼ਰੂਮ ਨੂੰ ਚਲੇ ਗਈ।ਵਾਪਸ ਆ ਕੇ ਉਸ ਨੇ ਇੰਗਲੈਂਡ ਵਿਚ ਸਿੱਖਾਂ ਦੇ ਇੱਥੇ ਆਉਣ ਬਾਰੇ ਕਈ ਗੱਲ਼ਾਂ ਪੁੱਛੀਆਂ।ਮੈਂ ਉਸਨੁੰ  ਨੂੰ ਵਿਸਥਾਰ ਸਹਿਤ ਦੱਸਿਆ ਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਅੰਗਰੇਜ਼ ਸਰਕਾਰਾਂ ਨੇ ਢੱਠੀ ਹੋਈ ਵਲੈਤ ਨੂੰ ਪੈਰਾਂ ਸਿਰ ਖੜ੍ਹੀ ਕਰਨ ਲਈ ਕਾਮਨਵੈਲ਼ਥ ਦੇਸ਼ਾਂ 'ਚੋਂ ਕਾਮਿਆਂ ਨੂੰ ਇਥੇ ਬੁਲਾਇਆ, ਜਿਹਨਾਂ ਵਿਚ ਸਿੱਖ ਵੀ ਕਾਫ਼ੀ ਗਿਣਤੀ 'ਚ ਸਨ, ਤਾਂ ਸਿੱਖਾਂ ਦੇ ਦਾਹੜੀ, ਕੇਸਾਂ ਤੇ ਦਸਤਾਰ ਨਾਲ਼ ਵਿਤਕਰਾ ਕੀਤਾ ਗਿਆ। ਜਦੋਂ ਅੰਗਰੇਜ਼ ਨੂੰ ਫੌਜ ਵਾਸਤੇ ਲੋੜ ਸੀ ਉਦੋਂ ਤਾਂ ਸਿੱਖ ਫੌਜੀ ਟੈਂਕ, ਜਹਾਜ਼, ਮੋਟਰਸਾਈਕਲ ਸਭ ਕੁਝ ਦਸਤਾਰ ਪਹਿਨ ਕੇ ਚਲਾਉਂਦੇ ਸਨ ਪਰ ਜਦੋਂ ਉਹੀ ਸਿੱਖ ਇੱਥੇ ਕੰਮ ਲਈ ਕਰਨ ਆਏ ਤਾਂ ਉੇਹਨਾਂ ਦੇ ਦਾਹੜੀ, ਕੇਸਾਂ ਅਤੇ ਦਸਤਾਰ 'ਤੇ ਸਰਕਾਰ ਪਾਬੰਦੀਆਂ ਲਗਾਉਣ ਲੱਗ ਪਈ ਕਿ ਉਹ ਦਸਤਾਰਾਂ ਸਜਾ ਕੇ ਬੱਸਾਂ ਨਹੀਂ ਚਲਾ ਸਕਦੇ, ਮੋਟਰਸਾਈਕਲ ਨਹੀਂ ਚਲਾ ਸਕਦੇ, ਫੈਕਟਰੀਆਂ 'ਚ ਕੰਮ ਨਹੀਂ ਕਰ ਸਕਦੇ।ਇਹ ਪਾਬੰਦੀਆਂ ਤੁੜਵਾਉਣ ਲਈ ਸਿੱਖਾਂ ਨੂੰ ਬਹੁਤ ਜੱਦੋ-ਜਹਿਦ ਕਰਨੀ ਪਈ। ਮੈਂ ਦੇਖਿਆ ਕਿ ਗੋਰੀ ਦੇ ਚਿਹਰੇ 'ਤੇ ਸ਼ਰਮਿੰਦਗੀ ਝਲਕ ਰਹੀ ਸੀ ਜਿਵੇਂ ਉਹ ਹੀ ਇਸ ਲਈ ਜ਼ਿੰਮੇਵਾਰ ਹੋਵੇ, ਤੇ ਉਸ ਨੇ ਦੋ ਤਿੰਨ ਵਾਰੀ ਸ਼ੇਮ ਸ਼ੇਮ ਕਿਹਾ।
ਇਸ ਗੱਲ ਨੇ ਉਸਨੂੰ ਸ਼ਾਇਦ ਮਾਨਸਿਕ ਪੀੜਾ ਦਿਤੀ ਸੀ, ਇਸ ਤੋਂ ਬਚਣ ਲਈ ਉਸ ਨੇ ਫਿਰ ਆਪਣੇ ਨਾਨੇ ਵਲੋਂ ਸੁਣਾਏ ਸਿੱਖ ਫੌਜੀਆਂ ਦੇ ਕਿੱਸੇ ਦੱਸਣੇ ਸ਼ੁਰੂ ਕੀਤੇ।ਮੇਰਾ ਸੀਨਾ ਵੀ ਮਾਣ ਨਾਲ਼ ਚੌੜਾ ਹੋ ਰਿਹਾ ਸੀ ਤੇ ਮੈਂ ਆਪਣੇ ਪੁਰਖ਼ਿਆਂ ਦੀਆਂ ਅਨਜਾਣ ਧਰਤੀਆਂ 'ਤੇ ਮਨੁੱਖੀ ਆਜ਼ਾਦੀ ਲਈ ਦਿਤੀਆਂ ਕੁਰਬਾਨੀਆਂ ਨੂੰ ਯਾਦ ਕਰ ਕੇ ਭਾਵੁਕ ਹੋ ਰਿਹਾ ਸਾਂ। ਪਤਾ ਨਹੀਂ ਕਿਹੜੇ ਵੇਲੇ ਮੇਰੀਆਂ ਅੱਖੀਆਂ 'ਚੋਂ ਹੰਝੂ ਵਗ ਤੁਰੇ।ਗੋਰੀ ਨੇ ਮੇਰੇ ਮੋਢੇ 'ਤੇ ਹੱਥ ਰੱਖਿਆ ਤੇ ਬੋਲੀ, 'ਮਿਸਟਰ ਸਿੰਘ, ਤੂੰ ਰੋ ਰਿਹੈਂ''।
'ਨਹੀਂ, ਮੈਂ ਰੋ ਨਹੀਂ ਰਿਹਾ, ਮੈਂ ਤਾਂ ਦੋ ਹੰਝੂ ਕੇਰ ਕੇ ਆਪਣੇ ਪੁਰਖਿਆਂ ਨੂੰ ਸ਼ਰਧਾਂਜਲੀ ਦੇ ਰਿਹਾਂ ਜਿਹਨਾਂ ਦੀ ਖਿੰਡਾਈ ਹੋਈ ਖੁਸ਼ਬੂ ਅੱਜ ਵੀ ਯੂਰਪ ਵਿਚ ਮਹਿਕ ਰਹੀ ਹੈ''।

ਨਿਰਮਲ ਸਿੰਘ ਕੰਧਾਲਵੀ   
 757 838 9725