ਰਾਸ਼ਟਰ ਦਾ ਚਿਹਰਾ / ਚਿਹਰੇ...  - ਸਵਰਾਜਬੀਰ

ਪਿਛਲੇ ਦਿਨੀਂ ਗੁਜਰਾਤ ਵਿਚ ਖ਼ਬਰਾਂ ਦੇਣ ਵਾਲੇ ਇਕ ਪੋਰਟਲ 'ਫੇਸ ਆਫ਼ ਦਿ ਨੇਸ਼ਨ' ਦੇ ਸੰਪਾਦਕ ਧਵਲ ਪਟੇਲ ਖ਼ਿਲਾਫ਼ ਤਾਜ਼ੀਰਾਤੇ ਹਿੰਦ ਦੀ ਧਾਰਾ 124 ਏ (ਦੇਸ਼-ਧਰੋਹ) ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਦੀ ਧਾਰਾ 54 (ਕਿਸੇ ਆਫ਼ਤ ਬਾਰੇ ਝੂਠੀ ਖ਼ਬਰ ਦੇਣ ਜਾਂ ਅਫ਼ਵਾਹ ਫੈਲਾਉਣ) ਤਹਿਤ ਇਕ ਫ਼ੌਜਦਾਰੀ ਕੇਸ ਇਸ ਲਈ ਦਰਜ ਕੀਤਾ ਗਿਆ ਕਿਉਂਕਿ ਉਸ ਪੋਰਟਲ 'ਤੇ 7 ਮਈ ਨੂੰ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਨੀ ਨੂੰ ਬਦਲਣ ਅਤੇ ਉਸ ਦੀ ਥਾਂ ਕੇਂਦਰੀ ਮੰਤਰੀ ਮਨਸੁਖ ਮੰਡਵੀਆ ਦੇ ਮੁੱਖ ਮੰਤਰੀ ਬਣਨ ਬਾਰੇ ਖ਼ਬਰ ਨਸ਼ਰ ਹੋਈ ਸੀ। ਸੂਬਿਆਂ ਵਿਚ ਮੁੱਖ ਮੰਤਰੀਆਂ ਦੇ ਬਦਲਣ ਬਾਰੇ ਅਕਸਰ ਚਰਚਾ ਹੁੰਦੀ ਰਹਿੰਦੀ ਹੈ ਅਤੇ ਸਿਆਸੀ ਆਗੂ ਖ਼ੁਦ ਜ਼ਿਆਦਾ ਤਾਕਤਵਰ ਬਣਨ ਅਤੇ ਵੱਡੇ ਅਹੁਦੇ ਹਾਸਲ ਕਰਨ ਲਈ ਇਕ-ਦੂਸਰੇ ਵਿਰੁੱਧ ਗੋਂਦਾਂ ਗੁੰਦਦੇ ਰਹਿੰਦੇ ਹਨ ਪਰ ਅਜਿਹੀ ਕਿਸੇ ਵੀ ਖ਼ਬਰ ਨੂੰ ਦੇਸ਼-ਧਰੋਹ ਨਹੀਂ ਮੰਨਿਆ ਜਾ ਸਕਦਾ।
       ਇਸ ਪੋਰਟਲ ਦਾ ਨਾਂ 'ਫੇਸ ਆਫ਼ ਦਿ ਨੇਸ਼ਨ' ਭਾਵ ਰਾਸ਼ਟਰ ਦਾ ਚਿਹਰਾ ਸਰਲ ਜਾਪਦਾ ਹੋਇਆ ਵੀ ਬਹੁਤ ਪ੍ਰਤੀਕਮਈ ਹੈ। ਰਾਸ਼ਟਰ ਦਾ ਚਿਹਰਾ ਜਾਂ ਰਾਸ਼ਟਰ/ਰਿਆਸਤ/ਸਟੇਟ ਦੀ ਸਥਿਤੀ ਇਕ ਅਜਿਹਾ ਜਟਿਲ ਪ੍ਰਤੀਕ ਹੈ ਜਿਸ ਦੀ ਵਰਤੋਂ ਹਾਕਮ ਜਮਾਤਾਂ ਅਤੇ ਜਾਤਾਂ ਬੜੇ ਚੇਤਨ ਤਰੀਕੇ ਨਾਲ ਕਰਦੀਆਂ ਹਨ। ਸਰਲ ਤਰੀਕੇ ਨਾਲ ਕਿਹਾ ਜਾਏ ਤਾਂ ਕਿਸੇ ਵੀ ਰਾਸ਼ਟਰ ਦਾ ਚਿਹਰਾ ਉਸ ਦੇਸ਼ ਦੇ ਲੋਕ ਹੁੰਦੇ ਹਨ; ਆਮ ਲੋਕਾਂ ਦੇ ਜੀਵਨ ਦੇ ਹਾਲਾਤ, ਉਨ੍ਹਾਂ ਨੂੰ ਮਿਲੇ ਮੌਲਿਕ ਅਧਿਕਾਰ, ਰਿਆਸਤ/ਸਟੇਟ ਦਾ ਉਨ੍ਹਾਂ ਨਾਲ ਵਰਤਾਓ, ਆਗੂਆਂ ਦੀ ਲੋਕਾਂ ਪ੍ਰਤੀ ਪ੍ਰਤੀਬੱਧਤਾ ਜਿਹੇ ਮਾਪਦੰਡ ਨਿਸ਼ਚਿਤ ਕਰਦੇ ਹਨ ਕਿ ਰਾਸ਼ਟਰ ਦੀ ਦਿੱਖ ਕਿਹੋ ਜਿਹੀ ਹੈ।
      ਹਾਕਮ ਜਮਾਤਾਂ ਨਾ ਤਾਂ ਲੋਕਾਂ ਦੇ ਅਸਲੀ ਹਾਲਾਤ ਨੂੰ ਸਵੀਕਾਰ ਕਰਦੀਆਂ ਹਨ ਅਤੇ ਨਾ ਹੀ ਅਜਿਹੇ ਹਾਲਾਤ ਨੂੰ ਰਾਸ਼ਟਰ ਦੇ ਚਿਹਰੇ ਜਾਂ ਦਿੱਖ ਵਜੋਂ ਪਛਾਣ ਮਿਲਦੀ ਹੈ। ਪਿਛਲੇ ਕੁਝ ਵਰ੍ਹਿਆਂ ਤੋਂ ਸਾਡੇ ਰਾਸ਼ਟਰ ਦੇ ਚਿਹਰੇ/ਦਿੱਖ ਨੂੰ ਕਾਫ਼ੀ ਸੰਵਾਰਿਆ-ਸਜਾਇਆ ਜਾ ਰਿਹਾ ਹੈ। ਸਾਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਸਾਡਾ ਰਾਸ਼ਟਰ ਦੁਨੀਆਂ ਵਿਚ ਸਭ ਤੋਂ ਮਹਾਨ ਹੈ, ਇਸ ਦੀ ਸੱਭਿਅਤਾ ਸਭ ਤੋਂ ਪੁਰਾਤਨ ਹੈ ਅਤੇ ਪੁਰਾਣੇ ਸਮਿਆਂ ਵਿਚ ਅਸੀਂ ਸਭ ਤੋਂ ਜ਼ਿਆਦਾ ਸੱਭਿਆ ਤੇ ਵਿਦਵਾਨ ਸਾਂ, ਸਾਰੀ ਦੁਨੀਆਂ ਨੂੰ ਗਿਆਨ ਸਾਡੇ ਦੇਸ਼ ਵਿਚੋਂ ਹੀ ਗਿਆ ਹੈ। ਪਿਛਲੇ ਕਈ ਦਹਾਕਿਆਂ ਤੋਂ ਰਚੇ ਜਾ ਰਹੇ ਇਸ ਸੱਤਾਮਈ ਬਿਰਤਾਂਤ ਅਨੁਸਾਰ ਇਹ ਰਾਸ਼ਟਰ ਪ੍ਰਾਚੀਨ ਸਮਿਆਂ ਤੋਂ ਹਿੰਦੂ ਧਰਮ ਦੇ ਲੋਕਾਂ ਦਾ ਦੇਸ਼ ਹੈ ਜਿਨ੍ਹਾਂ ਨੇ ਧਾਰਮਿਕ ਗ੍ਰੰਥਾਂ, ਜਿਹੜੇ ਅਧਿਆਤਮਕ ਵਿੱਦਿਆ ਦੇ ਅਨਮੋਲ ਖ਼ਜ਼ਾਨੇ ਹਨ, ਦੀ ਰਚਨਾ ਕੀਤੀ, ਇਹ ਅਧਿਆਤਮਕਤਾ ਇਸ ਭੂਗੋਲਿਕ ਖ਼ਿੱਤੇ ਦੇ ਲੋਕਾਂ ਦੇ ਸਮਾਜਿਕ ਜੀਵਨ ਵਿਚ ਰਚੀ-ਮਿਚੀ ਹੋਈ ਹੈ ਅਤੇ ਇਸ ਲਈ ਵੱਖ ਵੱਖ ਜੀਵਨ-ਜਾਚ ਰੱਖਣ ਵਾਲੇ ਲੋਕ ਹਿੰਦੂ ਰਾਸ਼ਟਰ ਦਾ ਹਿੱਸਾ ਹਨ। ਇਸ ਬਿਰਤਾਂਤ ਅਨੁਸਾਰ ਬਹੁਤ ਸਾਰੀਆਂ ਧਾਰਮਿਕ ਲਹਿਰਾਂ ਤੇ ਧਰਮ ਜਿਵੇਂ ਬੁੱਧ ਧਰਮ, ਜੈਨ ਧਰਮ, ਭਾਗਵਤ ਤੇ ਵੈਸ਼ਨਵ ਧਰਮ, ਭਗਤੀ ਲਹਿਰ, ਬ੍ਰਹਮੋ ਸਮਾਜ, ਆਰੀਆ ਸਮਾਜ ਤੇ ਹੋਰ ਕਈ ਪੰਥ ਇਸ ਸਨਾਤਨ ਧਰਮ ਦੇ ਮਹਾਂਸਾਗਰ ਵਿਚੋਂ ਉੱਠੀਆਂ ਲਹਿਰਾਂ ਵਾਂਗ ਹਨ। ਇਹ ਬਿਰਤਾਂਤ ਸਥਾਪਤ ਕਰਦਾ ਹੈ ਕਿ ਇੱਥੇ ਰਹਿਣ ਵਾਲੇ ਲੋਕ ਸ਼ਾਂਤ ਸੁਭਾਅ ਦੇ ਹਨ ਅਤੇ ਬਹੁਤ ਵੱਡੀ ਹੱਦ ਤਕ ਸਮਾਜਿਕ ਅਤੇ ਸੱਭਿਆਚਾਰਕ ਪੱਖਾਂ ਵਿਚ ਸਮਾਨ ਹਨ। ਦੇਸ਼ ਦੀ ਵੱਡੀ ਬਹੁਗਿਣਤੀ ਦੇ ਜ਼ਿਆਦਾ ਲੋਕ ਇਸ ਬਿਰਤਾਂਤ ਨੂੰ ਸਵੀਕਾਰ ਕਰ ਚੁੱਕੇ ਹਨ ਅਤੇ ਇਸ ਬਾਰੇ ਕੋਈ ਸਵਾਲ ਨਹੀਂ ਪੁੱਛੇ ਜਾ ਸਕਦੇ।
       ਜੇ ਇਹ ਬਿਰਤਾਂਤ ਪੂਰੀ ਤਰ੍ਹਾਂ ਨਾਲ ਸੱਚਾ ਹੁੰਦਾ ਤਾਂ ਇਸ ਦੇਸ਼ ਦੇ ਲੋਕਾਂ ਦੀ ਜ਼ਿੰਦਗੀ ਕਾਫ਼ੀ ਸੁਖਾਵੀਂ ਹੋ ਸਕਦੀ ਸੀ। ਇਸ ਬਿਰਤਾਂਤ ਵਿਚੋਂ ਸਾਡੇ ਸਮਾਜਿਕ ਜੀਵਨ ਦੇ ਸਭ ਤੋਂ ਕੌੜੇ ਸੱਚ, ਜਿਸ ਨੂੰ ਜਾਤੀਵਾਦ ਕਿਹਾ ਜਾਂਦਾ ਹੈ, ਨੂੰ ਮਨਫ਼ੀ ਕਰ ਦਿੱਤਾ ਗਿਆ ਹੈ। ਇਸ ਵਿਚੋਂ ਬੁੱਧ ਧਰਮ, ਚਾਰਵਾਕ ਪਰੰਪਰਾ, ਲਿੰਗਾਇਤ ਪੰਥ, ਸਿੱਖ ਧਰਮ ਅਤੇ ਭਗਤੀ ਲਹਿਰ ਦੇ ਮਹਾਨ ਸੰਤਾਂ ૶ ਭਗਤ ਕਬੀਰ, ਭਗਤ ਰਵਿਦਾਸ, ਭਗਤ ਨਾਮਦੇਵ ਅਤੇ ਹੋਰਨਾਂ ਕ੍ਰਾਂਤੀਕਾਰੀ ਭਗਤਾਂ ਅਤੇ ਲਹਿਰਾਂ ਨੂੰ ਵੀ ਮਨਫ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਨ੍ਹਾਂ ਧਰਮਾਂ ਅਤੇ ਪੰਥਾਂ ਨੇ ਜਾਤੀਵਾਦ ਵਿਰੁੱਧ ਆਵਾਜ਼ ਬੁਲੰਦ ਕੀਤੀ ਜਿਹੜੀ ਰਾਸ਼ਟਰ ਦਾ ਨਵਾਂ ਚਿਹਰਾ ਪੇਸ਼ ਕਰਨ ਵਾਲੇ ਲੋਕਾਂ ਨੂੰ ਜ਼ਿਆਦਾ ਪਸੰਦ ਨਹੀਂ। ਇਸ ਮਹਾਂ-ਬਿਰਤਾਂਤ ਦੇ ਸਿਰਜਕ ਇਨ੍ਹਾਂ ਗੁਰੂਆਂ, ਰਹਿਬਰਾਂ ਅਤੇ ਭਗਤਾਂ ਦਾ ਸ਼ਾਬਦਿਕ ਤੌਰ 'ਤੇ ਸਨਮਾਨ ਤਾਂ ਜ਼ਰੂਰ ਕਰਦੇ ਹਨ, ਪਰ ਉਨ੍ਹਾਂ ਦੀ ਸਿੱਖਿਆ ਤੋਂ ਬਹੁਤ ਦੂਰ ਹਨ। ਡਾਕਟਰ ਬੀ.ਆਰ. ਅੰਬੇਦਕਰ ਨੇ ਲਿਖਿਆ ਸੀ ਕਿ ਹਿੰਦੋਸਤਾਨੀ ਬਰੇ-ਸਗੀਰ (ਉਪ-ਮਹਾਂਦੀਪ) ਦੇ ਵੱਖ ਵੱਖ ਸਮਾਜਾਂ ਵਿਚ ਜੇ ਕੋਈ ਸਾਂਝ ਹੈ ਤਾਂ ਉਹ ਜਾਤੀਵਾਦ ਦੀ ਹੋਂਦ ਹੈ ਜਿਸ ਕਾਰਨ ਕਰੋੜਾਂ ਲੋਕਾਂ ਨੂੰ 'ਅਛੂਤ' ਕਹਿ ਕੇ ਉਨ੍ਹਾਂ ਨੂੰ ਨਾ ਸਿਰਫ਼ ਗਿਆਨ ਤੋਂ ਵਾਂਝੇ ਕੀਤਾ ਗਿਆ ਸਗੋਂ ਉਨ੍ਹਾਂ ਦਾ ਵੱਡੇ ਪੱਧਰ 'ਤੇ ਸਮਾਜਿਕ, ਆਰਥਿਕ ਤੇ ਸਰੀਰਿਕ ਦਮਨ ਵੀ ਕੀਤਾ ਗਿਆ। ਇਸ ਤਰ੍ਹਾਂ ਜਾਤੀਵਾਦ ਰਾਸ਼ਟਰ ਦਾ ਇਕ ਹੋਰ ਚਿਹਰਾ ਹੈ ਜਿਸ ਨੂੰ ਹਾਕਮ ਜਮਾਤਾਂ ਨਾਲ ਸਬੰਧਿਤ ਰਾਸ਼ਟਰਵਾਦੀ ਦਿਖਾਉਣਾ ਨਹੀਂ ਚਾਹੁੰਦੇ।
      ਇਸ ਵਿਚ ਕੋਈ ਸ਼ੱਕ ਨਹੀਂ ਕਿ ਪੁਰਾਤਨ ਭਾਰਤ ਵਿਚ ਹਿਸਾਬ, ਅਲਜਬਰਾ, ਜੁਮੈਟਰੀ, ਤਾਰਾ ਵਿਗਿਆਨ, ਸਿਹਤ ਵਿਗਿਆਨ ਅਤੇ ਹੋਰ ਖੇਤਰਾਂ ਵਿਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਗਈਆਂ। ਭਾਰਤ ਦੇ ਹਿਸਾਬਦਾਨਾਂ ਨੇ ਸਿਫ਼ਰ ਤੇ ਦਸ਼ਮਲਵ ਦੀ ਵਰਤੋਂ ਕਰਨ ਦੇ ਨਾਲ ਨਾਲ ਹਿਸਾਬ ਅਤੇ ਅਲਜਬਰੇ ਦੇ ਖੇਤਰ ਵਿਚ ਵਡਮੁੱਲੀਆਂ ਖੋਜਾਂ ਕੀਤੀਆਂ। ਭਾਰਤ ਦਾ ਇਹ ਗਿਆਨ ਪਹਿਲਾਂ ਅਰਬ ਦੇਸ਼ਾਂ ਵਿਚ ਗਿਆ ਜਿੱਥੇ ਇਸ ਨੂੰ ਇਲਮ-ਏ-ਹਿੰਦਸਾ (ਹਿੰਦ ਤੋਂ ਆਇਆ ਹੋਇਆ ਗਿਆਨ) ਕਿਹਾ ਗਿਆ ਅਤੇ ਬਾਅਦ ਵਿਚ ਯੂਰੋਪ ਵਿਚ ਗਿਆ। ਆਪਣੇ ਵਡੇਰਿਆਂ ਦੀਆਂ ਪ੍ਰਾਪਤੀਆਂ 'ਤੇ ਮਾਣ ਕਰਨ ਦਾ ਹੱਕ ਹਰ ਕਿਸੇ ਨੂੰ ਹੈ, ਪਰ ਨਾਲ ਨਾਲ ਇਹ ਪ੍ਰਸ਼ਨ ਵੀ ਪੁੱਛਿਆ ਜਾਣਾ ਚਾਹੀਦਾ ਹੈ ਕਿ ਗਿਆਨ-ਵਿਗਿਆਨ ਵਿਚ ਹੋ ਰਹੀ ਇਹ ਪ੍ਰਗਤੀ ਰੁਕ ਕਿਉਂ ਗਈ। ਮਸ਼ਹੂਰ ਵਿਗਿਆਨੀ ਅਤੇ ਸਿਆਸਤਦਾਨ ਡਾਕਟਰ ਪੀ.ਸੀ. ਰੇਅ ਨੇ ਲਿਖਿਆ ਹੈ, ''ਭਾਰਤ ਵਿਚ ਵਿਗਿਆਨਕ ਸੋਚ ਨੂੰ ਖ਼ੋਰਾ ਲੱਗਣ ਦਾ ਵੱਡਾ ਕਾਰਨ ਜਾਤੀਵਾਦੀ ਸਮਾਜ ਸੀ ਜਿਸ ਨੇ ਹੱਥੀਂ ਕੰਮ ਕਰਨ ਵਾਲੇ ਕਾਮਿਆਂ, ਕਾਰੀਗਰਾਂ ਅਤੇ ਤਕਨੀਕੀ ਗਿਆਨ ਰੱਖਣ ਵਾਲਿਆਂ ਦੇ ਸਮਾਜਿਕ ਪੱਧਰ ਨੂੰ ਬਹੁਤ ਨੀਵੇਂ ਦਰਜੇ 'ਤੇ ਪਹੁੰਚਾ ਦਿੱਤਾ।'' ਡਾਕਟਰ ਰੇਅ ਅਨੁਸਾਰ ਇਹ ਵਰਤਾਰਾ ਉਦੋਂ ਵਾਪਰਿਆ ਜਦੋਂ ਬੁੱਧ ਧਰਮ ਦਾ ਪਤਨ ਹੋਣ ਦੇ ਨਾਲ ਨਾਲ ਉਸ ਧਰਮ ਨੂੰ ਦੇਸ਼-ਬਦਰ ਕਰਕੇ ਸਨਾਤਨੀ ਧਾਰਮਿਕ ਰਸਮਾਂ ਨਿਭਾਉਣ ਵਾਲੇ ਵਰਗ ਨੇ ਸਮਾਜ ਵਿਚ ਪ੍ਰਮੁੱਖ ਸਥਾਨ ਪ੍ਰਾਪਤ ਕਰ ਲਿਆ।
     ਰਾਸ਼ਟਰ ਦਾ ਇਕ ਨਹੀਂ, ਸੈਂਕੜੇ-ਹਜ਼ਾਰਾਂ-ਲੱਖਾਂ ਚਿਹਰੇ ਹੁੰਦੇ ਹਨ। ਇਕ ਚਿਹਰੇ ਨੂੰ ਭਾਰਤ ਮਾਤਾ ਦੀ ਤਸਵੀਰ ਰਾਹੀਂ ਪੇਸ਼ ਕੀਤਾ ਜਾਂਦਾ ਹੈ, ਇਕ ਨੂੰ ਤਿਰੰਗੇ ਨੂੰ ਸਲਾਮ ਕਰਦੇ ਹੋਏ ਫ਼ੌਜੀ ਦੀ ਤਸਵੀਰ ਰਾਹੀਂ, ਇਕ ਨੂੰ ਹਲ ਵਾਹੁੰਦੇ ਕਿਸਾਨ ਦੀ ਤਸਵੀਰ ਨਾਲ, ਇਕ ਨੂੰ ਮੁਸਕਰਾਉਂਦਿਆਂ ਚਿਹਰਿਆਂ ਨਾਲ। ਇਹ ਪੇਸ਼ਕਾਰੀ, ਜਿਸ ਦੇ ਸਿਆਸੀ ਤੇ ਵਿਚਾਰਧਾਰਕ ਅਰਥ ਬਹੁ-ਪਰਤੀ ਹੁੰਦੇ ਹਨ, ਰਾਸ਼ਟਰ ਦਾ ਅਸਲੀ ਚਿਹਰਾ/ਚਿਹਰੇ ਲੁਕੋ ਲੈਂਦੀ ਹੈ। ਜਿਵੇਂ ਉੱਪਰ ਕਿਹਾ ਗਿਆ ਹੈ, ਇਕ ਚਿਹਰਾ ਰਸਭਿੰਨੀ ਮਹਾਨਤਾ ਦਾ ਹੈ ਅਤੇ ਦੂਸਰਾ ਕੋਝੇ ਜਾਤੀਵਾਦ ਦਾ। ਕੋਵਿਡ-19 ਦੇ ਸੰਕਟ ਦੌਰਾਨ ਸੈਂਕੜੇ-ਹਜ਼ਾਰਾਂ ਹੋਰ ਚਿਹਰੇ ਰਾਸ਼ਟਰ ਦੇ ਚਿਹਰੇ ਨੂੰ ਵੱਖਰੀ ਤਰ੍ਹਾਂ ਪਰਿਭਾਸ਼ਿਤ ਕਰ ਰਹੇ ਹਨ।
      ਇਸ ਵੇਲ਼ੇ ਪਰਵਾਸੀ ਮਜ਼ਦੂਰ ਰਾਸ਼ਟਰ ਦਾ ਚਿਹਰਾ ਬਣੇ ਹੋਏ ਹਨ, ਸੈਂਕੜੇ ਮੀਲ ਪੈਦਲ ਚੱਲਦੇ ਹੋਏ, ਧੁੱਪ ਨਾਲ ਲੂਸੇ ਤੇ ਭੁੱਖ ਨਾਲ ਵਲੂੰਧਰੇ ਸਰੀਰ, ਪਾਣੀ ਦੇ ਘੁੱਟ ਨੂੰ ਤਰਸਦੀਆਂ ਮਾਵਾਂ ਤੇ ਉਨ੍ਹਾਂ ਦੇ ਬੱਚੇ, ਟਰੱਕਾਂ ਵਿਚ ਤੂੜੇ ਹੋਏ, ਰੇਲਗੱਡੀ ਹੇਠ ਦਰੜੇ ਗਏ ਤੇ ਹਾਦਸਿਆਂ ਵਿਚ ਮਾਰੇ ਜਾ ਰਹੇ। ਉਨ੍ਹਾਂ ਦੇ ਨਾਲ ਹੀ ਰਾਸ਼ਟਰਵਾਦੀ ਆਗੂਆਂ ਦੇ ਚਿਹਰੇ ਨੂੰ ਵੀ ਰਾਸ਼ਟਰ ਦਾ ਚਿਹਰਾ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਹਿੰਦੇ ਹਨ ਕਿ ਉਹ ਸਭ ਕੁਝ ਜਾਣਦੇ ਤੇ ਸਭ ਕੁਝ ਠੀਕ ਕਰ ਰਹੇ ਹਨ।
    ਕੁਝ ਚਿਰ ਪਹਿਲਾਂ ਰਾਸ਼ਟਰ ਦਾ ਚਿਹਰਾ ਕੁਝ ਵੱਖਰਾ ਸੀ; ਹਜੂਮੀ ਹਿੰਸਾ ਵਿਚ ਮਾਰੇ ਜਾ ਰਹੇ ਦੇਸ਼ ਦੀ ਵੱਡੀ ਘੱਟਗਿਣਤੀ ਦੇ ਲੋਕਾਂ ਦਾ ਚਿਹਰਾ ਜਿਨ੍ਹਾਂ ਨੂੰ ਹਜੂਮਾਂ ਨੇ ਇਸ ਲਈ ਨਿਸ਼ਾਨਾ ਬਣਾਇਆ ਕਿ ਉਨ੍ਹਾਂ ਦਾ ਧਰਮ ਵੱਖਰਾ ਸੀ, ਜਾਂ ਉਹ ਮਾਸ ਖਾਂਦੇ ਹਨ ਜਿਹੜਾ ਦੇਸ਼ ਦੀ ਬਹੁਗਿਣਤੀ ਫ਼ਿਰਕੇ ਦੇ ਲੋਕਾਂ ਨੂੰ ਪਸੰਦ ਨਹੀਂ। ਉਨ੍ਹਾਂ ਤੋਂ ਤਰ੍ਹਾਂ ਤਰ੍ਹਾਂ ਦੇ ਧਾਰਮਿਕ ਨਾਅਰੇ ਲਗਵਾਏ ਗਏ, ਕੁੱਟ-ਮਾਰ ਕਰਕੇ ਉਨ੍ਹਾਂ ਦੀ ਹੱਤਿਆ ਕੀਤੀ ਗਈ ਅਤੇ ਹੱਤਿਆਰਿਆਂ ਦਾ ਜਨਤਕ ਸਨਮਾਨ ਕੀਤਾ ਗਿਆ। ਅਸਾਮ ਵਿਚ ਵਰ੍ਹਿਆਂ ਤੋਂ ਵਸਦੇ 19 ਲੱਖ ਤੋਂ ਵੱਧ ਲੋਕ ਬੇਵਤਨੇ ਕਰਾਰ ਦਿੱਤੇ ਗਏ ਜਿਨ੍ਹਾਂ ਵਿਚੋਂ ਸੈਂਕੜਿਆਂ ਨੂੰ ਡਿਟੈਨਸ਼ਨ ਸੈਂਟਰਾਂ ਵਿਚ ਨਜ਼ਰਬੰਦ ਕੀਤਾ ਗਿਆ ਹੈ। ਆਪਣੇ ਵਤਨ ਵਿਚ ਬੇਵਤਨੇ ਹੋਏ ਲੋਕਾਂ ਦਾ ਚਿਹਰਾ ਇਸ ਵਤਨ ਦਾ ਇਕ ਹੋਰ ਚਿਹਰਾ ਹੈ।
     ਹਾਕਮ ਜਮਾਤ ਚਾਹੁੰਦੀ ਹੈ ਅਸੀਂ ਇਹ ਚਿਹਰੇ ਨਾ ਵੇਖੀਏ। ਸੰਯੁਕਤ ਰਾਸ਼ਟਰ ਦੀਆਂ ਵੱਖ ਵੱਖ ਸੰਸਥਾਵਾਂ ਦੇ ਅੰਕੜਿਆਂ ਅਨੁਸਾਰ ਸਾਡੇ ਦੇਸ਼ ਵਿਚ 4.5 ਕਰੋੜ ਤੋਂ ਜ਼ਿਆਦਾ ਬੱਚਿਆਂ ਦੇ ਸਰੀਰ ਪੂਰੀ ਖੁਰਾਕ ਨਾ ਮਿਲਣ ਕਾਰਨ ਅਰਧ-ਵਿਕਸਿਤ (Stunted) ਹਨ, ਉਨ੍ਹਾਂ ਨੇ ਕਦੇ ਵੀ ਪੂਰੀ ਤਰ੍ਹਾਂ ਸਿਹਤਮੰਦ ਮਰਦ ਅਤੇ ਔਰਤਾਂ ਨਹੀਂ ਬਣਨਾ, ਜ਼ਰਾ ਉਨ੍ਹਾਂ ਬੱਚਿਆਂ ਦੀਆਂ ਤਸਵੀਰਾਂ ਦੇਖਣਾ : ਲਿੱਸੇ ਸਰੀਰ, ਫੁੱਲੇ ਢਿੱਡ, ਸੁੰਗੜੀਆਂ ਪਤਲੀਆਂ ਲੱਤਾਂ, ਉਨ੍ਹਾਂ ਦੀ ਤਾਦਾਦ ਦੇਸ਼ ਦੇ ਕੁੱਲ ਬੱਚਿਆਂ ਦਾ 38.4 ਫ਼ੀਸਦੀ ਹੈ। ਇਸੇ ਤਰ੍ਹਾਂ 19 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਾਨਾ ਭਰ-ਪੇਟ ਖਾਣਾ ਨਹੀਂ ਮਿਲਦਾ। ਸਾਰੀ ਦੁਨੀਆਂ ਵਿਚ ਭੁੱਖਮਰੀ ਜਾਂ ਅਰਧ-ਭੁੱਖਮਰੀ ਵਧ ਰਹੀ ਹੈ, ਇਸ ਦੇ ਸ਼ਿਕਾਰ 23.4 ਫ਼ੀਸਦੀ ਲੋਕ ਹਿੰਦੋਸਤਾਨ ਵਿਚ ਰਹਿੰਦੇ ਹਨ, ਇਸ ਦੇਸ਼ ਦੀਆਂ 51 ਫ਼ੀਸਦੀ ਔਰਤਾਂ (ਜਿਹੜੀਆਂ ਬੱਚੇ ਜਣਨ ਦੀ ਉਮਰ ਦੀਆਂ ਹਨ) ਦੇ ਲਹੂ ਵਿਚ ਲੋਹੇ ਦੇ ਤੱਤਾਂ ਦੀ ਘਾਟ ਹੈ, ਉਹ ਅਨੀਮੀਆ ਦਾ ਸ਼ਿਕਾਰ ਹਨ। ਇਕ ਹੋਰ ਸਰਵੇਖਣ ਅਨੁਸਾਰ ਦੇਸ਼ ਦੇ ਕਿਰਤੀਆਂ 'ਚੋਂ 85 ਫ਼ੀਸਦੀ 10,000 ਰੁਪਏ ਪ੍ਰਤੀ ਮਹੀਨਾ ਤੋਂ ਘੱਟ ਉਜਰਤ 'ਤੇ ਕੰਮ ਕਰਦੇ ਹਨ, 50 ਫ਼ੀਸਦੀ 5,000 ਰੁਪਏ ਪ੍ਰਤੀ ਮਹੀਨਾ ਤੋਂ ਵੀ ਘੱਟ ਕਮਾਉਂਦੇ ਹਨ। ਇਸ ਦੇਸ਼ ਦੇ 6.4 ਕਰੋੜ ਲੋਕ 1,08,000 ਸਲੱਮਜ਼ ਵਿਚ ਰਹਿੰਦੇ ਹਨ ਭਾਵ ਸ਼ਹਿਰੀ ਵਸੋਂ ਦਾ 17.4 ਫ਼ੀਸਦੀ ਹਿੱਸਾ ਗੰਦੀਆਂ-ਭੀੜੀਆਂ ਬਸਤੀਆਂ ਵਿਚ ਅਣਮਨੁੱਖੀ ਹਾਲਾਤ ਵਿਚ ਰਹਿੰਦਾ ਹੈ ਜਿੱਥੇ 'ਸਵੱਛ ਭਾਰਤ' ਦੇ ਹੱਥ ਪਹੁੰਚਣੇ ਨਾਮੁਮਕਿਨ ਹਨ। ਇਹ ਮਹਿਜ਼ ਅੰਕੜੇ ਨਹੀਂ ਹਨ, ਇਸ ਰਾਸ਼ਟਰ ਦੇ ਚਿਹਰੇ ਹਨ। ਹਾਕਮ ਇਨ੍ਹਾਂ ਨੂੰ ਜਾਣਦੇ ਵੀ ਹਨ। ਇਸੇ ਲਈ ਜਦ ਦੁਨੀਆਂ ਦੇ ਸਭ ਤੋਂ ਅਮੀਰ ਮੁਲਕ ਦਾ ਸਦਰ ਹਿੰਦੋਸਤਾਨ ਵਿਚ ਆਉਂਦਾ ਹੈ ਤਾਂ ਰਾਸ਼ਟਰ ਦੇ ਇਸ ਚਿਹਰੇ ਨੂੰ ਛੁਪਾਉਣ ਲਈ ਇਕ ਦੀਵਾਰ ਬਣਾਈ ਜਾਂਦੀ ਹੈ। ਕਸ਼ਮੀਰ, ਛੱਤੀਸਗੜ੍ਹ ਤੇ ਕਈ ਹੋਰ ਸੂਬਿਆਂ ਵਿਚ ਰਾਸ਼ਟਰ ਦੇ ਚਿਹਰੇ ਹੋਰ ਵੱਖਰੇ ਹਨ।
      ਕੁਝ ਚਿਹਰੇ ਹਾਕਮ ਜਮਾਤਾਂ ਵਿਰੁੱਧ ਸੜਕਾਂ 'ਤੇ ਉਤਰਦੇ ਹਨ, ਕਸ਼ਮੀਰ ਤੋਂ ਕੰਨਿਆਕੁਮਾਰੀ ਤਕ ਵੱਖ ਵੱਖ ਥਾਵਾਂ 'ਤੇ ਸ਼ਾਹੀਨ ਬਾਗ਼ ਜਿਹੇ ਵਿਰੋਧਾਂ ਦੀ ਆਵਾਜ਼ ਬੁਲੰਦ ਹੁੰਦੀ ਹੈ। ਉਹ ਚਿਹਰੇ ਹਾਕਮਾਂ ਨੂੰ ਪਸੰਦ ਨਹੀਂ ਆਉਂਦੇ, ਉਨ੍ਹਾਂ ਨੂੰ ਦੇਸ਼-ਧਰੋਹੀ, ਸ਼ਹਿਰੀ ਨਕਸਲੀ, 'ਟੁਕੜੇ ਟੁਕੜੇ ਗੈਂਗ' ਆਦਿ ਕਿਹਾ ਜਾਂਦਾ ਹੈ ਤੇ ਉਨ੍ਹਾਂ ਵਿਰੁੱਧ 'ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ ... ਕੋ' ਦੇ ਨਾਅਰੇ ਲਗਾਏ ਜਾਂਦੇ ਹਨ। ਰਾਸ਼ਟਰ ਦੀ ਆਤਮਾ ਸੰਘਰਸ਼ ਕਰਦੇ ਇਨ੍ਹਾਂ ਚਿਹਰਿਆਂ ਵਿਚ ਸਾਕਾਰ ਹੁੰਦੀ ਹੈ, ਪਰ ਹਾਕਮ ਉਨ੍ਹਾਂ ਨੂੰ ਰਾਸ਼ਟਰ ਦਾ ਚਿਹਰਾ ਮੰਨਣ ਲਈ ਤਿਆਰ ਨਹੀਂ।
      ਦੇਸ਼ ਦੇ ਕਿਰਤੀਆਂ, ਦਲਿਤਾਂ ਅਤੇ ਦਮਿਤਾਂ ਸਾਹਮਣੇ ਵੱਡੀਆਂ ਚੁਣੌਤੀਆਂ ਹਨ। ਉਨ੍ਹਾਂ ਨੂੰ ਰਾਸ਼ਟਰ ਦਾ ਚਿਹਰਾ ਬਣਨ ਲਈ ਸੰਘਰਸ਼ ਕਰਨਾ ਪੈਣਾ ਹੈ। ਕਿਸੇ ਨੂੰ ਪਸੰਦ ਆਏ, ਨਾ ਆਏ, ਅਸਲ ਵਿਚ ਰਾਸ਼ਟਰ ਦਾ ਚਿਹਰਾ ਉਹੀ ਹਨ। ਇਤਾਲਵੀ ਚਿੰਤਕ ਅਨਤੋਨੀਓ ਗ੍ਰਾਮਸ਼ੀ ਨੇ ਕਿਹਾ ਸੀ ਕਿ ਕਿਰਤੀ ਜਮਾਤ ਅਸਲੀ ਅਰਥਾਂ ਵਿਚ ਇਨਕਲਾਬੀ ਉਦੋਂ ਬਣਦੀ ਹੈ ਜਦੋਂ ਸਾਰੇ ਸਮਾਜ ਨੂੰ ਇਹ ਮਹਿਸੂਸ ਹੋਵੇ ਕਿ ਇਹ ਜਮਾਤ ਸਮੂਹਿਕ ਸਮਾਜਿਕ ਹਿੱਤਾਂ ਦੀ ਪ੍ਰਤੀਨਿਧਤਾ ਕਰਦੀ ਹੈ। ਕਿਰਤ ਤੇ ਕਿਰਤ ਲਈ ਪੂਰੀ ਉਜਰਤ ਮਿਲਣ ਦਾ ਜਲੌਅ ਉਦੋਂ ਹੀ ਲੱਗ ਸਕਦਾ ਹੈ ਜਦ ਦੇਸ਼ ਦੇ ਕਿਰਤੀ ਦੇਸ਼ ਦੀ ਪ੍ਰਤੀਨਿਧ ਜਮਾਤ ਭਾਵ ਰਾਸ਼ਟਰ ਦਾ ਚਿਹਰਾ ਬਣ ਜਾਣ। ਇਹ ਪੈਂਡਾ ਬਹੁਤ ਲੰਮਾ ਅਤੇ ਔਕੜਾਂ ਭਰਿਆ ਹੋਇਆ ਹੈ।