ਦਿਲਾਂ 'ਚ ਵੱਸਦੇ ਪਿੰਡ - ਸਵਰਾਜਬੀਰ

ਆਧੁਨਿਕ ਭਾਰਤੀ ਚਿੰਤਨ ਵਿਚ ਪਿੰਡ ਨੂੰ ਕਈ ਤਰੀਕਿਆਂ ਨਾਲ ਚਿਤਵਿਆ ਤੇ ਪਰਿਭਾਸ਼ਿਤ ਕੀਤਾ ਗਿਆ ਹੈ। ਇਕ ਪਾਸੇ ਮਹਾਤਮਾ ਗਾਂਧੀ ਦੀ ਇਹ ਧਾਰਨਾ ਹੈ ਕਿ ਭਾਰਤ ਆਪਣੇ ਪਿੰਡਾਂ ਵਿਚ ਵਸਦਾ ਹੈ ਅਤੇ ਉਸ ਨੇ ਪਿੰਡਾਂ ਨੂੰ ਆਦਰਸ਼ਕ ਗਣਰਾਜਾਂ ਵਜੋਂ ਚਿਤਵਣ ਦੀ ਕੋਸ਼ਿਸ਼ ਕੀਤੀ। ਉਸ ਦੇ ਆਲੋਚਕਾਂ ਦਾ ਕਹਿਣਾ ਸੀ/ਹੈ ਕਿ ਪਿੰਡ ਜਾਤੀਵਾਦੀ ਅਤੇ ਧਾਰਮਿਕ ਮੁਤਅੱਸਬ, ਦਮਨ, ਗ਼ਰੀਬੀ, ਪਛੜੇਪਣ ਅਤੇ ਹੋਰ ਪਿਛਾਂਹਖਿੱਚੂ ਵਿਚਾਰਾਂ ਦੀਆਂ ਅਜਿਹੀਆਂ ਘੁੰਮਣਘੇਰੀਆਂ ਹਨ ਜਿਨ੍ਹਾਂ ਵਿਚ ਫਸੇ ਘੱਟ ਸਾਧਨਾਂ ਵਾਲੇ ਲੋਕਾਂ, ਦਲਿਤਾਂ ਅਤੇ ਦਮਿਤਾਂ 'ਤੇ ਲਗਾਤਾਰ ਜ਼ੁਲਮ ਹੁੰਦਾ ਹੈ। ਜਿੱਥੇ ਮਹਾਤਮਾ ਗਾਂਧੀ ਨੂੰ ਪਿੰਡਾਂ ਦੀਆਂ ਪੰਚਾਇਤਾਂ ਅਤੇ ਉਨ੍ਹਾਂ ਦੀ ਪਿੰਡ ਦੀ ਹੋਂਦ ਨੂੰ ਸੰਜੋਅ ਕੇ ਰੱਖਣ ਅਤੇ ਨਿਆਂ ਕਰਨ ਦੀ ਯੋਗਤਾ ਵਿਚ ਡੂੰਘਾ ਵਿਸ਼ਵਾਸ ਸੀ, ਉੱਥੇ ਉਸ ਦੇ ਆਲੋਚਕ ਪਿੰਡਾਂ ਵਿਚਲੇ ਸਮਾਜਿਕ ਵਖਰੇਵਿਆਂ 'ਤੇ ਜ਼ੋਰ ਦਿੰਦਿਆਂ ਇਹ ਦਲੀਲ ਦਿੰਦੇ ਹਨ ਕਿ ਪੰਚਾਇਤਾਂ ਅਤੇ ਹੋਰ ਸਥਾਨਕ ਸੰਸਥਾਵਾਂ ਗ਼ਾਲਬ ਹਿੱਤਾਂ ਵਾਲੇ ਲੋਕਾਂ ਦੇ ਹੱਥਾਂ ਵਿਚ ਜ਼ੋਰ-ਜਬਰ ਕਰਨ ਦੇ ਸੰਦ ਬਣ ਜਾਂਦੀਆਂ ਹਨ। ਕੁਝ ਮਾਹਿਰ ਇਹ ਦਲੀਲ ਦਿੰਦੇ ਰਹੇ ਹਨ ਕਿ ਪਿੰਡਾਂ ਦਾ ਉਜਾੜਾ ਹੋਣਾ ਨਿਸ਼ਚਿਤ ਹੈ। ਦੋਹਾਂ ਪੱਖਾਂ ਦੀਆਂ ਦਲੀਲਾਂ ਵਿਚ ਕਈ ਤਰ੍ਹਾਂ ਦੀਆਂ ਸੱਚਾਈਆਂ ਹਨ ਪਰ ਇਸ ਸਭ ਕੁਝ ਦੇ ਬਾਵਜੂਦ ਭਾਰਤ ਦਾ ਵੱਡਾ ਹਿੱਸਾ ਅਜੇ ਵੀ ਪਿੰਡਾਂ ਵਿਚ ਵਸਦਾ ਹੈ। 2011 ਦੀ ਮਰਦਮਸ਼ੁਮਾਰੀ ਅਨੁਸਾਰ ਦੇਸ਼ ਦੀ ਲਗਭਗ 70 ਫ਼ੀਸਦੀ ਵਸੋਂ ਦਿਹਾਤੀ ਖੇਤਰ ਵਿਚ ਰਹਿ ਰਹੀ ਹੈ। ਇਸ ਸੱਚਾਈ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਿਰਤੀ ਰੁਜ਼ਗਾਰ ਦੀ ਘਾਟ ਕਾਰਨ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ, ਮਹਾਂਨਗਰਾਂ ਅਤੇ ਵੱਡੇ ਕਸਬਿਆਂ ਵਿਚ ਆ ਵੱਸਦੇ ਰਹੇ ਹਨ।
        ਪਿੰਡਾਂ ਤੋਂ ਸ਼ਹਿਰਾਂ ਦੇ ਪਰਵਾਸ ਦੇ ਮੁੱਖ ਕਾਰਨ ਆਰਥਿਕ ਸਨ ਪਰ ਨਾਲ ਨਾਲ ਇਹ ਵੀ ਦਲੀਲ ਦਿੱਤੀ ਜਾਂਦੀ ਰਹੀ ਹੈ ਕਿ ਦਲਿਤ ਤੇ ਦਮਿਤ ਪਿੰਡ ਦੇ ਜਾਤੀਵਾਦੀ ਅਤੇ ਦਮਨਕਾਰੀ ਪੱਖਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਜੇ ਇਸ ਦਲੀਲ ਨੂੰ ਪੂਰੀ ਤਰ੍ਹਾਂ ਨਾਲ ਮੰਨ ਲਿਆ ਜਾਏ ਤਾਂ ਕਰੋਨਾਵਾਇਰਸ ਦੀ ਮਹਾਮਾਰੀ ਦੌਰਾਨ ਭਾਰਤ ਦੇ ਮਹਾਂਨਗਰਾਂ ਅਤੇ ਸ਼ਹਿਰਾਂ ਵਿਚੋਂ ਲੱਖਾਂ ਪਰਵਾਸੀ ਮਜ਼ਦੂਰਾਂ ਦੇ ਵਾਪਸ ਆਪਣੇ ਪਿੰਡਾਂ ਨੂੰ ਤੁਰ ਪੈਣ ਦੇ ਸਵਾਲ ਦਾ ਜਵਾਬ ਦੇਣਾ ਮੁਸ਼ਕਲ ਹੋ ਜਾਂਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਦੇ ਪਿੰਡ ਗ਼ਰੀਬੀ, ਅਗਿਆਨ ਅਤੇ ਆਰਥਿਕ ਤੇ ਸਮਾਜਿਕ ਪਛੜੇਵਿਆਂ ਦਾ ਸ਼ਿਕਾਰ ਹਨ ਅਤੇ ਗ਼ਾਲਬ ਜਾਤਾਂ ਤੇ ਜਮਾਤਾਂ ਦੇ ਲੋਕ ਸਦੀਆਂ ਤੋਂ ਦਲਿਤਾਂ ਅਤੇ ਦਮਿਤਾਂ ਦੇ ਨਾਲ ਵਿਤਕਰਾ ਤੇ ਉਨ੍ਹਾਂ ਉੱਤੇ ਜ਼ੋਰ-ਜਬਰ ਕਰਦੇ ਆਏ ਹਨ। ਸਵਾਲ ਇਹ ਹੈ ਕਿ ਇਸ ਦੇ ਬਾਵਜੂਦ ਪਿੰਡਾਂ ਵਿਚ ਅਜਿਹਾ ਕੀ ਹੈ ਕਿ ਅੱਜ ਲੱਖਾਂ ਲੋਕ ਵਾਪਸ ਸ਼ਹਿਰਾਂ ਤੋਂ ਪਿੰਡ ਜਾਣ ਲਈ ਅਕਹਿ ਤੇ ਅਸਹਿ ਕਸ਼ਟ ਉਠਾ ਰਹੇ ਹਨ, ਸੈਂਕੜੇ ਮੀਲ ਤਪਦੀਆਂ ਸੜਕਾਂ 'ਤੇ ਪੈਦਲ ਤੁਰਦੇ ਹੋਏ ਭੁੱਖਣ-ਭਾਣੇ ਮਰਦ ਤੇ ਔਰਤਾਂ ਆਪਣੇ ਬੱਚਿਆਂ ਨੂੰ ਕੁੱਛੜ ਚੁੱਕੀ ਹਰ ਹੀਲੇ ਆਪਣੇ ਪਿੰਡ ਪਹੁੰਚਣ ਲਈ ਤਤਪਰ ਹਨ। ਇੰਝ ਪ੍ਰਤੀਤ ਹੁੰਦਾ ਹੈ ਕਿ ਪਿੰਡ ਸਾਡੇ ਗਿਆਨ ਤੇ ਚਿੰਤਨ ਦੁਆਰਾ ਬਣਾਈਆਂ ਹੋਈਆਂ ਧਾਰਨਾਵਾਂ ਤੋਂ ਅਗਾਂਹ ਦੀ ਅਜਿਹੀ ਇਕਾਈ ਹਨ ਜਿਸ ਨੂੰ ਸਮਝਣ ਵਿਚ ਅਸੀਂ ਨਾਕਾਮ ਰਹੇ ਹਾਂ।
        ਕੁਝ ਲੋਕ ਇਹ ਦਲੀਲ ਦਿੰਦੇ ਹਨ ਕਿ ਜਾਤੀ ਅਤੇ ਜਮਾਤੀ ਵਖਰੇਵਿਆਂ ਦੇ ਬਾਵਜੂਦ ਪਿੰਡਾਂ ਵਿਚਲੀ ਭਾਈਚਾਰਕ ਸਾਂਝ ਲੋਕਾਂ ਨੂੰ ਆਪਸ ਵਿਚ ਜੋੜੀ ਰੱਖਦੀ ਹੈ ਪਰ ਸਾਰੀ ਗੱਲ ਭਾਈਚਾਰਕ ਸਾਂਝ ਦੀਆਂ ਦਲੀਲਾਂ ਦੇ ਕਲਾਵੇ ਵਿਚ ਵੀ ਨਹੀਂ ਆਉਂਦੀ। ਸ਼ਾਇਦ ਪਿੰਡ ਨੂੰ ਸਮਾਜਿਕ ਬਣਤਰਾਂ ਤੇ ਆਰਥਿਕ ਰਿਸ਼ਤਿਆਂ ਤੋਂ ਅਗਾਂਹ ਜਾ ਕੇ ਸਮਝਣ ਦੀ ਜ਼ਰੂਰਤ ਹੈ। ਪਿੰਡ ਕੋਈ ਇਕਹਿਰੀ ਇਕਾਈ ਨਹੀਂ, ਹਰ ਪਿੰਡ ਵਿਚ ਸੈਂਕੜੇ ਘਰ ਹੁੰਦੇ ਹਨ ਜਿੱਥੇ ਸਦੀਆਂ ਤੋਂ ਪਰਿਵਾਰ ਵੱਸਦੇ ਹਨ, ਬੱਚੇ ਉਨ੍ਹਾਂ ਘਰਾਂ ਵਿਚ ਜਨਮ ਲੈਂਦੇ, ਵਿਹੜਿਆਂ ਵਿਚ ਖੇਡਦੇ ਤੇ ਪਿੰਡ ਦੇ ਖੇਤਾਂ-ਖਲ੍ਹਿਆਣਾਂ ਵਿਚ ਵਿਚਰਦੇ ਤੇ ਜਵਾਨ ਹੁੰਦੇ ਹਨ। ਕਈ ਸਕੂਲਾਂ ਵਿਚ ਪੜ੍ਹਾਈ ਕਰਦੇ ਹਨ ਤੇ ਕਈਆਂ ਨੂੰ ਸਕੂਲ ਛੱਡਣੇ ਪੈਂਦੇ ਹਨ। ਜਿੱਥੇ ਪਿੰਡ ਵਿਚ ਰਹਿੰਦਿਆਂ ਜਵਾਨ ਹੋ ਰਹੇ ਮੁੰਡੇ-ਕੁੜੀਆਂ ਨੂੰ ਕਈ ਤਰ੍ਹਾਂ ਦੇ ਦੁੱਖਾਂ-ਦੁਸ਼ਵਾਰੀਆਂ, ਤਲਖ਼ੀਆਂ, ਮਜਬੂਰੀਆਂ ਅਤੇ ਬੰਦਿਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਸ ਦੇ ਨਾਲ ਨਾਲ ਉਨ੍ਹਾਂ ਨੂੰ ਉੱਥੇ ਆਪਣਿਆਂ ਦਾ ਨਿੱਘ ਤੇ ਅਪਣੱਤ ਵੀ ਮਿਲਦੀ ਹੈ। ਉੱਥੇ ਮੰਦਰਾਂ ਦੀਆਂ ਟੱਲੀਆਂ ਦੀ ਆਵਾਜ਼ ਆਉਂਦੀ ਹੈ, ਅਜ਼ਾਨ ਹੁੰਦੀ ਹੈ, ਗੁਰਦੁਆਰਿਆਂ ਵਿਚ ਹੁੰਦਾ ਕੀਰਤਨ ਸੁਣਾਈ ਦਿੰਦਾ ਹੈ, ਵੱਖ ਵੱਖ ਤਰ੍ਹਾਂ ਦੇ ਤਿਉਹਾਰ ਮਨਾਏ ਜਾਂਦੇ ਹਨ, ਫ਼ਿਜ਼ਾ ਵਿਚ ਲੋਕ-ਗੀਤ ਗੂੰਜਦੇ ਹਨ ਅਤੇ ਲੋਕ-ਨ੍ਰਿਤ ਅਚੇਤ ਹੀ ਲੋਕਾਂ ਦੇ ਸਰੀਰਾਂ ਤੇ ਮਨਾਂ ਵਿਚ ਆਪਣੀ ਥਾਂ ਬਣਾ ਲੈਂਦੇ ਹਨ। ਜਵਾਨ ਹੋ ਰਹੇ ਬੱਚਿਆਂ ਨੂੰ ਪੁਰਾਣੀ ਪੀੜ੍ਹੀ ਵਿਚੋਂ ਚੰਗੇ-ਮਾੜੇ ਵਿਸ਼ਵਾਸ, ਰੀਤੀ-ਰਿਵਾਜ, ਸੰਸਕਾਰ ਤੇ ਕਈ ਹੋਰ ਵਿਚਾਰ ਮਿਲਦੇ ਹਨ। ਇਸ ਤਰ੍ਹਾਂ ਪਿੰਡ ਸਿਰਫ਼ ਰਹਿਣ ਵਾਲੀ ਥਾਂ ਨਾ ਰਹਿ ਕੇ ਜਵਾਨ ਹੋ ਰਹੇ ਮੁੰਡਿਆਂ-ਕੁੜੀਆਂ ਦੇ ਮਨਾਂ ਵਿਚ ਅਜਿਹਾ ਸੰਸਾਰ ਸਿਰਜਦਾ ਹੈ ਜੋ ਆਪਣੇ ਆਪ ਵਿਚ ਵਿਲੱਖਣ ਹੁੰਦਾ ਹੈ। ਇਸ ਸੰਸਾਰ ਵਿਚ ਪਿੰਡਾਂ ਵਿਚਲੀ ਕੁੜੱਤਣ ਤੇ ਗ਼ਲਾਜ਼ਤ ਦੇ ਨਾਲ ਨਾਲ ਕਈ ਕੁਝ ਅਜਿਹਾ ਹੁੰਦਾ ਹੈ ਜੋ ਉਨ੍ਹਾਂ ਮੁੰਡੇ-ਕੁੜੀਆਂ ਦੇ ਮਨਾਂ ਵਿਚ ਨਿੱਘੇ ਆਲ੍ਹਣੇ ਬਣਾ ਲੈਂਦਾ ਹੈ।
       ਕਈ ਵਰ੍ਹੇ ਪਹਿਲਾਂ ਅਸ਼ੀਸ਼ ਨੰਦੀ ਨੇ ਭਾਰਤੀ ਸਾਹਿਤ ਤੇ ਫ਼ਿਲਮਾਂ ਵਿਚ ਪਿੰਡ ਨੂੰ ਚਿਤਵਣ ਤੇ ਚਿਤਰਣ ਦੀ ਕਹਾਣੀ ਆਪਣੀ ਕਿਤਾਬ `In Imbiguous Journey of the City` ਵਿਚ ਦੱਸੀ। ਅਸ਼ੀਸ਼ ਨੰਦੀ ਦੱਸਦਾ ਹੈ ਕਿ ਕਿਵੇਂ ਬਹੁਤ ਸਾਰੇ ਲੋਕਾਂ ਦਾ ਪਿੰਡਾਂ ਤੋਂ ਸ਼ੁਰੂ ਹੁੰਦਾ ਸਫ਼ਰ ਬਿਖੜੇ ਰਾਹਾਂ 'ਤੇ ਗੁਜ਼ਰਦਾ ਹੋਇਆ ਸ਼ਹਿਰਾਂ ਤਕ ਪਹੁੰਚਦਾ ਹੈ। ਉਹ ਸੱਤਿਆਜੀਤ ਰੇਅ ਦੀ ਫਿਲਮ 'ਪੋਥੇਰ ਪਾਂਚਾਲੀ', ਪੀ ਸੀ ਬਰੂਆ ਦੀ 'ਦੇਵਦਾਸ' ਅਤੇ ਆਰ.ਕੇ. ਨਾਰਾਇਣ ਦੀ ਕਿਤਾਬ 'ਮਾਲਗੁਡੀ ਡੇਅਜ਼' ਦਾ ਖ਼ਾਸ ਤੌਰ 'ਤੇ ਜ਼ਿਕਰ ਕਰਦਾ ਹੈ। ਰਾਜ ਕਪੂਰ ਦੀਆਂ ਫ਼ਿਲਮਾਂ 'ਜਾਗਤੇ ਰਹੋ', 'ਆਵਾਰਾ' ਅਤੇ 'ਸ੍ਰੀ 420' ਦਾ ਜ਼ਿਕਰ ਕਰਦਿਆਂ ਅਸ਼ੀਸ਼ ਨੰਦੀ ਵਿਖਾਉਂਦਾ ਹੈ ਕਿ ਕਿਵੇਂ ਇਨ੍ਹਾਂ ਫ਼ਿਲਮਾਂ ਦਾ ਨਾਇਕ ਮੁੰਬਈ ਵਰਗੇ ਮਹਾਂਨਗਰ ਵਿਚੋਂ 'ਪਿੰਡ' ਤਲਾਸ਼ਦਾ ਹੈ। ਰਾਜ ਕਪੂਰ ਨੇ ਇਨ੍ਹਾਂ ਫ਼ਿਲਮਾਂ ਵਿਚ ਫੁੱਟਪਾਥਾਂ 'ਤੇ ਵਸਦੇ ਹੋਏ 'ਪਿੰਡ' ਦਿਖਾਏ ਜਿੱਥੇ ਗ਼ਰੀਬੀ ਦੇ ਬਾਵਜੂਦ ਮੁਹੱਬਤ ਤੇ ਆਪਸੀ ਭਾਈਚਾਰਾ ਹੈ, ਯਾਰ-ਦੋਸਤ ਹਨ, ਮਾਵਾਂ ਵਰਗੀਆਂ ਔਰਤਾਂ ਹਨ, ਇਕੱਠੇ ਰਲ-ਬਹਿਣ ਅਤੇ ਖ਼ੁਸ਼ੀਆਂ ਤੇ ਗ਼ਮੀਆਂ ਨੂੰ ਸਾਂਝਾ ਕਰਨ ਦਾ ਸੱਭਿਆਚਾਰ ਹੈ। ਫ਼ਿਲਮਾਂ ਦੇ ਪਾਤਰ ਇਨ੍ਹਾਂ 'ਪਿੰਡਾਂ' ਵਿਚ ਰਹਿ ਕੇ ਸ਼ਹਿਰ ਦੀ ਜ਼ਹਿਰੀਲੀ ਜ਼ਿੰਦਗੀ ਨਾਲ ਲੜਨ ਦੀ ਤਾਕਤ ਇਕੱਠੀ ਕਰਦੇ ਹਨ। ਇਸ ਤਰ੍ਹਾਂ ਰੁਜ਼ਗਾਰ ਦੀ ਤਲਾਸ਼ ਵਿਚ ਸ਼ਹਿਰ ਵਿਚ ਆ ਵੱਸਣ ਵਾਲੇ ਲੋਕਾਂ ਦੇ ਦਿਲਾਂ ਵਿਚ ਉਨ੍ਹਾਂ ਦਾ ਪਿੰਡ ਹਮੇਸ਼ਾ ਵੱਸਦਾ ਰਹਿੰਦਾ ਹੈ। ਅਜਿਹੇ ਲੋਕਾਂ ਦੇ ਜ਼ਿਹਨ 'ਚੋਂ ਪਿੰਡ ਦੇ ਤਸੱਵਰ ਨੂੰ ਗਾਇਬ ਹੋਣ ਲਈ ਕਿੰਨਾ ਸਮਾਂ ਅਤੇ ਪੀੜ੍ਹੀਆਂ ਲੱਗ ਸਕਦੀਆਂ ਹਨ, ਇਹ ਜਿੱਥੇ ਸਮਾਜ ਵਿਗਿਆਨ ਦੀ ਖੋਜ ਦਾ ਵਿਸ਼ਾ ਹੈ, ਉੱਥੇ ਨਿੱਜੀ ਮਾਮਲਾ ਵੀ ਹੈ।
       ਜੇ ਪਿੰਡ ਜਾਤੀਵਾਦ ਅਤੇ ਸਮਾਜਿਕ ਦਮਨ 'ਤੇ ਉਸਰੀਆਂ ਸਮਾਜਿਕ ਬਣਤਰਾਂ ਹਨ ਤਾਂ ਉਨ੍ਹਾਂ ਦੇ ਮੁਕਾਬਲੇ ਸ਼ਹਿਰ ਕੋਈ ਸਵਰਗ ਨਹੀਂ। ਸ਼ਹਿਰ ਦੇ ਆਮ ਵਸਨੀਕ ਨੂੰ ਆਰਥਿਕ ਦਮਨ ਅਤੇ ਬੇਗ਼ਾਨਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡੋਂ ਸ਼ਹਿਰ ਪਹੁੰਚਿਆ ਬੰਦਾ ਜਿੱਥੇ ਕੁਝ ਹੱਦ ਤਕ ਸਮਾਜਿਕ ਬੰਧਨਾਂ ਤੋਂ ਆਜ਼ਾਦ ਹੁੰਦਾ ਹੈ, ਉੱਥੇ ਉਹ ਨਵੇਂ ਤਰ੍ਹਾਂ ਦੇ ਆਰਥਿਕ ਬੰਧਨਾਂ ਦਾ ਗ਼ੁਲਾਮ ਬਣ ਜਾਂਦਾ ਹੈ। ਸ਼ਹਿਰਾਂ ਵਿਚ ਜਾਤੀਵਾਦ ਦੀ ਸਮੱਸਿਆ ਗਾਇਬ ਤਾਂ ਨਹੀਂ ਹੁੰਦੀ, ਕੁਝ ਘਟ ਜ਼ਰੂਰ ਜਾਂਦੀ ਹੈ ਪਰ ਇਸ ਦੇ ਨਾਲ ਨਾਲ ਕਿਰਤੀਆਂ ਨੂੰ ਇਕ ਵੱਖਰੀ ਤਰ੍ਹਾਂ ਦੀ ਸਮਾਜਿਕ ਬੇਗ਼ਾਨਗੀ ਸਹਿਣੀ ਪੈਂਦੀ ਹੈ। ਨਾ ਤਾਂ ਉਨ੍ਹਾਂ ਨੂੰ ਰਹਿਣ ਲਈ ਚੰਗੇ ਘਰ ਮਿਲਦੇ ਹਨ ਅਤੇ ਨਾ ਹੀ ਕੋਈ ਭਾਈਚਾਰਕ ਸਾਂਝ।
         ਕੁਝ ਚਿੰਤਕ ਕਿਰਤੀਆਂ ਦੇ ਪਿੰਡਾਂ ਨੂੰ ਛੱਡ ਕੇ ਆਉਣ ਅਤੇ ਸ਼ਹਿਰਾਂ ਵਿਚ ਵੱਸਣ ਨੂੰ ਵਿਕਾਸ ਅਤੇ ਤਰੱਕੀ ਨਾਲ ਜੋੜ ਕੇ ਵੇਖਦੇ ਰਹੇ ਹਨ। ਇਹ ਕਹਿਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਰਹੀ ਹੈ ਕਿ ਪਿੰਡ ਛੱਡ ਕੇ ਆਏ ਲੋਕ ਸ਼ਹਿਰਾਂ ਵਿਚ ਆ ਕੇ ਮੁਕਾਬਲਤਨ ਸੁਖਾਵੇਂ ਮਾਹੌਲ ਵਿਚ ਰਹਿੰਦੇ ਹਨ। ਕਰੋਨਾਵਾਇਰਸ ਦੇ ਸੰਕਟ ਨੇ ਇਹ ਦਰਸਾਇਆ ਹੈ ਕਿ ਇਹ ਧਾਰਨਾ ਪੂਰੀ ਤਰ੍ਹਾਂ ਸਹੀ ਨਹੀਂ ਹੈ। ਪਰਵਾਸੀ ਮਜ਼ਦੂਰਾਂ ਦਾ ਸ਼ਹਿਰ ਛੱਡ ਕੇ ਪਿੰਡਾਂ ਨੂੰ ਜਾਣ ਦਾ ਫ਼ੈਸਲਾ ਦਰਸਾਉਂਦਾ ਹੈ ਕਿ ਸ਼ਹਿਰਾਂ ਦੀ ਤਾਸੀਰ ਤੇ ਖਮੀਰ ਕਿੰਨੇ ਜ਼ਾਲਮਾਨਾ ਤੇ ਵਿਹੁ ਭਰੇ ਹਨ। ਪਰਵਾਸੀ ਮਜ਼ਦੂਰਾਂ ਨੇ ਸ਼ਹਿਰਾਂ ਨੂੰ ਆਪਣੀ ਕਿਰਤ ਦਾ ਸਰਮਾਇਆ, ਆਪਣੇ ਦਿਨ ਤੇ ਰਾਤਾਂ, ਸਰੀਰ ਤੇ ਆਤਮਾਵਾਂ ਸਭ ਕੁਝ ਸੌਂਪਿਆ ਪਰ ਸ਼ਹਿਰਾਂ ਨੇ ਉਨ੍ਹਾਂ ਨੂੰ ਨਹੀਂ ਅਪਣਾਇਆ। ਸ਼ਹਿਰ ਉਨ੍ਹਾਂ ਲਈ ਬੇਗ਼ਾਨੇ ਰਹੇ। ਕਿਰਤੀਆਂ ਨੇ ਨਿੱਤ ਹੁੰਦੀ ਲੁੱਟ-ਖਸੁੱਟ ਨੂੰ ਜ਼ਿੰਦਗੀ ਦਾ ਤੌਰ-ਤਰੀਕਾ ਸਮਝ ਲਿਆ ਤੇ ਸ਼ਹਿਰਾਂ ਨਾਲ ਪਿਆਰ ਕਰਨ ਦਾ ਯਤਨ ਕੀਤਾ ਪਰ ਸ਼ਹਿਰਾਂ ਵਿਚ ਮਨੁੱਖਾਂ ਨਾਲ ਪਿਆਰ ਕਰਨ ਦਾ ਸੱਭਿਆਚਾਰ ਮੌਜੂਦ ਨਹੀਂ ਹੈ। ਇਹ ਦੁਖਾਂਤ ਗਵਾਹੀ ਦਿੰਦਾ ਹੈ ਕਿ ਸ਼ਹਿਰ ਪਿੰਡਾਂ ਤੋਂ ਜ਼ਿਆਦਾ ਖੋਖਲੇ ਅਤੇ ਰੂਹ-ਹੀਣੇ ਹਨ।
        ਇਨ੍ਹਾਂ ਕਾਰਨਾਂ ਕਰਕੇ ਕਈ ਵਰ੍ਹੇ ਪਹਿਲਾਂ ਪਿੰਡ ਛੱਡ ਕੇ ਆਉਣ ਵਾਲੇ ਪਰਵਾਸੀ ਮਜ਼ਦੂਰ ਆਪਣੇ ਦਿਲਾਂ ਵਿਚ ਵੱਸਦੇ ਪਿੰਡਾਂ ਤੋਂ ਹੀ ਆਤਮਕ ਬਲ ਤੇ ਰੂਹਾਨੀ ਖੁਰਾਕ ਹਾਸਲ ਕਰਦੇ ਰਹੇ ਹਨ। ਜਦ ਹੁਣ ਉਹ ਪਿੰਡਾਂ ਨੂੰ ਵਾਪਸ ਜਾ ਰਹੇ ਹਨ ਤਾਂ ਉਹ ਜਾਣਦੇ ਹਨ ਕਿ ਪਿੰਡਾਂ ਵਿਚ ਗ਼ਰੀਬੀ ਤੇ ਬੇਰੁਜ਼ਗਾਰੀ ਕਿਤੇ ਜ਼ਿਆਦਾ ਹੈ। ਉਹ ਉਸ ਬੇਰੁਜ਼ਗਾਰੀ ਅਤੇ ਭੁੱਖਮਰੀ ਦਾ ਸਾਹਮਣਾ ਕਰਨ ਲਈ ਤਿਆਰ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਭੁੱਖਮਾਰੀ ਤੇ ਬੇਰੁਜ਼ਗਾਰੀ ਦੇ ਬਾਵਜੂਦ ਉਨ੍ਹਾਂ ਨੂੰ ਉੱਥੇ ਨਿੱਘ, ਅਪਣੱਤ ਅਤੇ ਭਾਈਚਾਰਕ ਸਾਂਝ ਮਿਲੇਗੀ। ਗੋਰਕੀ ਨੇ ਲਿਖਿਆ ਸੀ, ''ਬੰਦਾ ਪਿਆਰ ਦਾ ਭੁੱਖਾ ਹੁੰਦਾ ਹੈ, ਤੇ ਭੁੱਖੇ ਬੰਦੇ ਨੂੰ ਜੇ ਅੱਧਪੱਕੀ ਰੋਟੀ ਵੀ ਮਿਲੇ ਤਾਂ ਉਸ ਨੂੰ ਉਹ ਵੀ ਸਵਾਦ ਲੱਗਦੀ ਹੈ।'' ਪ੍ਰੇਮ ਅਤੇ ਅਪਣੱਤ ਨੂੰ ਭਾਲਦੇ ਹੋਏ ਪਰਵਾਸੀ ਮਜ਼ਦੂਰ ਅਜਿਹੀਆਂ ਅੱਧਪੱਕੀਆਂ ਰੋਟੀਆਂ ਦੀ ਤਲਾਸ਼ ਵਿਚ ਵਾਪਸ ਪਿੰਡਾਂ ਨੂੰ ਤੁਰ ਪਏ ਹਨ; ਉਹ ਪਿੰਡਾਂ ਦਾ ਦਿਲ ਹਨ ਅਤੇ ਪਿੰਡ ਉਨ੍ਹਾਂ ਦੇ ਦਿਲਾਂ ਵਿਚ ਵੱਸਦੇ ਹਨ।