ਭੂਆ - ਨਿਰਮਲ ਸਿੰਘ ਕੰਧਾਲਵੀ

ਸਵੇਰੇ ਛੇ ਵਜੇ ਦਿੱਲੀ ਲਈ ਟਰੇਨ ਫੜਨੀ ਸੀ ਤੇ ਮੈਂ ਆਪਣਾ ਸਾਮਾਨ ਸਾਂਭ ਰਿਹਾ ਸਾਂ ਕਿ ਬਾਹਰ ਦਾ ਗੇਟ ਖੜਕਿਆ।ਗੇਟ ਖੋਲ੍ਹਿਆ ਤਾਂ ਖੜਕੰਨਿਆਂ ਦਾ ਬਲਕਾਰਾ ਖੜ੍ਹਾ ਸੀ ਬਾਹਰ।ਬਚਪਨ ਤੋਂ ਹੀ ਉਸ ਟੱਬਰ ਦੀ ਇਹ ਅੱਲ ਸੁਣਦੇ ਆਏ ਸਾਂ ਪਰ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਇਹ ਅੱਲ ਉਹਨਾਂ ਦੀ ਕਿਵੇਂ ਤੇ ਕਦੋਂ ਪਈ ਸੀ।ਖ਼ੈਰ, ਮੈਂ ਉਸ ਨੂੰ ਅੰਦਰ ਬੁਲਾ ਕੇ ਬੈਠਕ ਵਿਚ ਲੈ ਗਿਆ।ਉਸਨੂੰ ਬਿਠਾ ਕੇ ਮੈਂ ਰਸੋਈ ਵਿਚ ਚਾਹ ਦਾ ਕਹਿਣ ਚਲਾ ਗਿਆ।ਸ਼ਾਮ ਦਾ ਘੁਸ-ਮੁਸਾ ਜਿਹਾ ਸੀ।ਬਲਕਾਰੇ ਨੇ ਬਹੁਤ ਮਸੋਸਿਆ ਜਿਹਾ ਮੂੰਹ ਬਣਾਇਆ ਹੋਇਆ ਸੀ।ਮੇਰੇ ਪੁੱਛਣ 'ਤੇ ਕਹਿਣ ਲੱਗਾ, ''ਕੀ ਦੱਸਾਂ ਵਲੈਤੀਆ, ਸੱਜੀ ਅੱਖ ਜਵਾਬ ਦੇਈ ਜਾਂਦੀ ਐ, ਡਾਕਟਰ ਕਹਿੰਦੈ ਲੈਂਜ ਪੈਣੈ।ਦੋ ਕੁ ਮ੍ਹੀਨੇ ਹੋਏ ਵੱਡਾ ਭਾਈ ਕਨੇਡਾ ਤੋਂ ਆਇਆ ਸੀ।ਮੈਂ ਉਹਨੂੰ ਦੱਸਿਆ ਵੀ ਸੀ ਪਰ ਉਹਨੇ ਨੀ ਬਾਂਹ ਫੜੀ ਮੇਰੀ, ਗੁਰਦੁਆਰੇ ਨੂੰ ਪੰਜਾਹ ਹਜਾਰ ਦੇ ਗਿਐ, ਸਕੇ ਭਰਾ ਨੂੰ ਅੱਖ ਬਣਵਾਉਣ ਲਈ ਦੁਆਨੀ ਨਹੀਂ ਦਿਤੀ।'' ਇੰਨਾ ਕਹਿ ਕੇ ਉਹ ਹੋਰ ਵੀ ਰੁਆਂਸਾ ਜਿਹਾ ਹੋ ਗਿਆ।ਮੈਨੂੰ ਪਤਾ ਸੀ ਕਿ ਹਾਸ਼ੀਏ 'ਤੇ ਧੱਕ ਦਿਤੇ ਗਏ ਛੋਟੇ ਕਿਸਾਨਾਂ ਵਾਂਗ ਬਲਕਾਰਾ ਵੀ ਉਹਨਾਂ 'ਚੋਂ ਇਕ ਸੀ।ਦੁਆਬੇ 'ਚ ਪਹਿਲਾਂ ਹੀ ਜ਼ਮੀਨਾਂ ਥੋੜ੍ਹੀਆਂ ਸਨ ਤੇ ਫਿਰ ਪੀ੍ਹੜੀ ਦਰ ਪੀੜ੍ਹੀ ਵੰਡ ਹੋਣ ਨਾਲ਼ ਜ਼ਮੀਨ ਕਨਾਲ਼ਾਂ, ਮਰਲਿਆਂ ਤੱਕ ਆ ਗਈ ਸੀ।
''ਕਿੰਨੇ ਪੈਸੇ ਲਗਦੇ ਆ ਲੈਂਜ਼ ਪੁਆਉਣ ਦੇ।'' ਮੈਂ ਪੁੱਛਿਆ।
'' ਡਾਕਟਰ ਕਹਿੰਦਾ ਸੀ ਕਿ ਪੰਜ ਕੁ ਹਜਾਰ ਲੱਗ ਜਾਂਦੈ।'' ਉਸ ਨੇ ਮੇਰੇ ਵਲ ਦੇਖੇ ਬਿਨਾਂ ਹੀ ਜਵਾਬ ਦਿਤਾ।
ਮੇਰੀ ਸ਼੍ਰੀਮਤੀ ਨੇ ਮੈਨੂੰ ਇਕ ਲਿਸਟ ਦਿਤੀ ਹੋਈ ਸੀ ਕੁਝ ਚੀਜ਼ਾਂ ਲਿਆਉਣ ਲਈ ਤੇ ਇਹ ਵੀ ਹੁਕਮ ਸੀ ਕਿ ਇਹ ਚੀਜ਼ਾਂ ਮੈਂ ਦਿੱਲੀ ਤੋਂ ਹੀ ਖ਼ਰੀਦਾਂ।ਭਾਵੇਂ ਕਿ ਇਹ ਸਾਮਾਨ ਪੰਜਾਬ ਦੇ ਕਿਸੇ ਸ਼ਹਿਰੋਂ ਵੀ ਮਿਲ ਸਕਦਾ ਸੀ ਪਰ ਹੁਕਮ ਤਾਂ ਫਿਰ ਹੁਕਮ ਹੀ ਹੁੰਦੈ ਨਾ। ਮੈਂ ਦਿੱਲੀਓਂ ਖ਼ਰੀਦਾਰੀ ਕਰਨ ਲਈ ਕੁਝ ਰਕਮ  ਅਲੱਗ ਰੱਖੀ ਹੋਈ ਸੀ।ਪੰਜ ਹਜ਼ਾਰ ਦੀ ਦੱਥੀ ਕੱਢ ਕੇ ਬਲਕਾਰੇ ਨੂੰ ਫੜਾਉਂਦਿਆਂ ਮੈਂ ਉਹਨੂੰ ਹੌਸਲਾ ਦਿਤਾ ਤੇ ਅੱਖ ਦਾ ਇਲਾਜ ਚੰਗੀ ਤਰ੍ਹਾਂ ਕਰਵਾਉਣ ਦੀ ਤਾਕੀਦ ਕੀਤੀ।ਬਲਕਾਰਾ ਮੇਰੇ ਕੋਲੋਂ ਪੈਸੇ ਫੜ ਕੇ ਇਉਂ ਭੱਜਿਆ ਜਿਵੇਂ ਮੈਂ ਉਸ ਕੋਲੋਂ ਵਾਪਸ ਖੋਹ ਲੈਣੇ ਸਨ।ਉਹਨੇ ਤਾਂ ਚਾਹ ਵੀ ਨਾ ਉਡੀਕੀ।ਮੇਰੇ ਰੋਕਦਿਆਂ ਰੋਕਦਿਆਂ ਉਹ ਹਰਨ ਹੋ ਗਿਆ।ਮੈਂ ਘਰ ਵੀ ਕਿਸੇ ਨਾਲ਼ ਇਹਨਾਂ ਪੈਸਿਆਂ ਦੀ ਗੱਲ ਨਾ ਕੀਤੀ ਕਿ ਕਾਹਨੂੰ ਕਿਸੇ ਦਾ ਪਰਦਾ ਫੋਲਣਾ ਹੈ।
ਵਾਪਸ ਇੰਗਲੈਂਡ ਆ ਕੇ ਇਕ ਦਿਨ ਪਿੰਡ ਫੂਨ ਕੀਤਾ ਤਾਂ ਛੋਟਾ ਭਾਈ ਕਹਿਣ ਲੱਗਾ, ''ਭਾ ਜੀ ਤੁਸੀਂ ਤੇ ਨਹੀਂ ਸਾਨੂੰ ਦੱਸਿਆ ਪਰ ਸਾਨੂੰ ਪਤਾ ਲੱਗ ਗਿਐ ਬਲਕਾਰੇ ਵਾਲ਼ੀ ਗੱਲ ਦਾ।'' ਮੈਂ ਹੈਰਾਨ ਸਾਂ ਕਿ ਮੈਂ ਤਾਂ ਇਸ ਬਾਰੇ ਕਿਸੇ ਨਾਲ਼ ਵੀ ਗੱਲ ਨਹੀਂ ਸੀ ਕੀਤੀ, ਫਿਰ ਸਾਡੇ ਘਰ ਕਿਵੇਂ ਪਤਾ ਲੱਗ ਗਿਆ।ਜ਼ਰੂਰ ਬਲਕਾਰੇ ਨੇ ਆਪ ਹੀ ਕਿਸੇ ਨਾਲ਼ ਗੱਲ ਕੀਤੀ ਹੋਵੇਗੀ।
ਛੋਟਾ ਬੋਲਿਆ, '' ਨਾਲ਼ੇ ਭਾ ਜੀ, ਬਲਕਾਰੇ ਨੇ ਅੱਖ ਕੋਈ ਨਹੀਂ ਬਣਵਾਈ, ਉਹਨੇ ਤਾਂ 'ਭੂਆ' ਦਾ ਬਿੱਲ ਤਾਰਿਐ ਤੁਹਾਡੇ ਪੈਸਿਆਂ ਨਾਲ਼।''
''ਕਿਹੜੀ 'ਭੂਆ' ਓਏ, ਨਾਲ਼ੇ ਉਹਦਾ ਬਿੱਲ, ਬੁਝਾਰਤਾਂ ਨਾ ਪਾ।'' ਮੈਂ ਛੋਟੇ ਨੂੰ ਮਿੱਠੀ ਜਿਹੀ ਡਾਂਟ ਦਿਤੀ।
'' ਭਾ ਜੀ, ਆਪਣੇ ਨਾਲ਼ ਦੇ ਪਿੰਡ 'ਭੂਆ' ਸ਼ਰਾਬ ਦਾ ਤੇ ਹੋਰ ਨਸ਼ਿਆਂ ਦਾ ਧੰਦਾ ਚਲਾਉਂਦੀ ਐ ਬੜੇ ਧੜੱਲੇ ਨਾਲ਼।'' ਉਸ ਨੇ ਦੱਸਿਆ।
'' ਓਏ, ਪਰ ਇਹ ਤਾਂ ਦੱਸ ਇਹ 'ਭੂਆ' ਹੈ ਕੌਣ?'' ਮੈਂ ਖਿਝ ਕੇ ਕਿਹਾ।
'' ਭਾ ਜੀ ਆਪਣੇ ਨਾਲ਼ ਦੇ ਪਿੰਡ ਦੀ 'ਬਾਹਰਲੇ ਘਰ' ਵਾਲ਼ਿਆਂ ਦੀ ਇਕ ਕੁੜੀ ਹੁੰਦੀ ਸੀ ਬਹੁਤ ਲੜਾਕੀ, ਸਕੂਲ 'ਚ ਮੁੰਡਿਆਂ ਨੂੰ ਵੀ ਕੁੱਟ ਸੁੱਟਦੀ ਹੁੰਦੀ ਸੀ।ਦੋ ਮਾਸਟਰ ਵੀ ਕੁੱਟੇ ਸੀ ਏਹਨੇ।ਸਕੂਲ ਵਾਲ਼ਿਆਂ ਨੇ ਨਾਂ ਕੱਟ 'ਤਾ ਸੀ ਉਹਦਾ ਫਿਰ।ਪਿੰਡ 'ਚ ਹਰ ਕਿਸੇ ਨਾਲ਼ ਆਢਾ ਲਾਈ ਰੱਖਦੀ ਸੀ।ਘਰ ਦਿਆਂ ਨੇ ਦੁਖੀ ਹੋ ਕੇ ਫਿਰ ਏਹਦਾ ਵਿਆਹ ਕਰ 'ਤਾ ਤੇ ਇਹ ਸਹੁਰਿਆਂ ਦੀ ਕੁੱਟ-ਮਾਰ ਕਰ ਕੇ ਵਾਪਸ ਆ ਗਈ ਤੇ ਇਹਨੇ ਪਿੰਡ 'ਚ ਹੀ ਸ਼ਰਾਬ ਦਾ ਧੰਦਾ ਸ਼ੁਰੂ ਕਰ ਲਿਆ।ਸ਼ਰਾਬੀ ਸ਼ਾਮ ਨੂੰ ਆਉਂਦੇ ਐ, ਕੋਈ ਵੀਹਾਂ ਦੀ, ਕੋਈ ਤੀਹਾਂ ਦੀ ਪੀਂਦੈ।ਥੋਕ ਪਰਚੂਨ ਦੋਹਾਂ 'ਚ ਹੀ ਵਪਾਰ ਚਲਦੈ ਇਹਦਾ।ਉਧਾਰ ਖਾਤਾ ਵੀ ਚਲਦੈ।ਪਿੰਡ ਦੀ ਕੁੜੀ ਹੋਣ ਕਰ ਕੇ ਹੁਣ ਲੋਕਾਂ ਨੇ ਇਹਦਾ ਨਾਂ ਈ 'ਭੂਆ' ਰੱਖ ਦਿੱਤੈ, ਹੁਣ ਸਭ ਇਹਨੂੰ 'ਭੂਆ' ਕਰ ਕੇ ਈ ਜਾਣਦੇ ਐ।'' ਛੋਟੇ ਨੇ 'ਭੂਆ' ਦੀ ਜਨਮ-ਕੁੰਡਲੀ ਖੋਲ੍ਹੀ।
''ਪਰ ਛੋਟੇ, ਪੁਲਸ ਨੀ ਫੜਦੀ ਏਹਨੂੰ?'' ਮੈਂ ਪੁੱਛਿਆ।
'' ਭਾ ਜੀ, ਤੁਸੀਂ ਵੀ ਭੋਲ਼ੀਆਂ ਗੱਲਾਂ ਕਰਦੇ ਓ, ਪੁਲਸ ਦੇ ਅਸ਼ੀਰਵਾਦ ਨਾਲ ਈ ਤਾਂ 'ਭੂਆ' ਦਾ ਧੰਦਾ ਚਲਦੈ, ਹੁਣ ਤਾਂ ਜੇ 'ਭੂਆ' ਬੰਦ ਵੀ ਕਰਨਾ ਚਾਹੇ ਤਾਂ ਵੀ ਨਹੀਂ ਕਰ ਸਕਦੀ।''
''ਕਿਉਂ।'' ਮੈਂ ਪੁੱਛਿਆ।
''ਜਿਹਨਾਂ ਦੇ 'ਮਹੀਨਿਆਂ'  'ਤੇ ਲੱਤ ਵੱਜਣੀ ਐ ਉਹ ਬੰਦ ਕਰਨ ਦਿੰਦੇ ਐ ਹੁਣ!'' ਛੋਟਾ ਟੈਲੀਫੂਨ 'ਤੇ ਹੱਸਿਆ।
''ਪਰ ਬਲਕਾਰੇ ਦੀ ਅੱਖ ਦਾ ਕੀ ਬਣਿਆ?'' ਮੈਂ ਪੁੱਛਿਆ।
'' ਹੁਣ ਉਹ ਕਿਸੇ ਹੋਰ ਐੱਨ. ਆਰ. ਆਈ. ਨੂੰ ਉਡੀਕਦਾ।'' ਛੋਟਾ ਗੁੱਝੀ ਟਕੋਰ ਮਾਰ ਗਿਆ।