ਜੂਨ ਚੁਰਾਸੀ - ਅਮਰਜੀਤ ਸਿੰਘ ਸਿੱਧੂ

ਸਦਾ ਸੁਲਘਦਾ ਹੀ ਰਹੂ,

ਜੋ ਲਾਂਬੂ ਜਾਲਮਾਂ ਨੇ ਲਾਇਆ।

ਸਾਥੋਂ ਉਨੀਂ ਸੌਅ ਚੁਰਾਸੀ,

ਜੂਨ ਜਾਣਾ ਨਹੀਂ ਭੁਲਾਇਆ।

 

ਕਹਿਰ ਜਾਲਮਾਂ ਕਮਾਇਆ,

ਸੱਭ ਹੱਦਾਂ ਬੰਨੇ ਟੱਪੇ।

ਸਾਰੇ ਲੋਕ ਸੀ ਪੰਜਾਬੀ,

ਫੌਜ ਘਰਾਂ ਵਿਚ ਡੱਕੇ।

ਜੋ ਵੀ ਘਰੋਂ ਬਾਹਰ ਆਊ,

ਹੁਕਮ ਗੋਲੀ ਦਾ ਸੁਣਾਇਆ।

ਸਾਥੋਂ ਉਨੀਂ ਸੌਅ ਚੁਰਾਸੀ,

ਜੂਨ ਜਾਣਾ ਨਹੀਂ ਭੂਲਾਇਆ।ਅਠੱਤੀ ਗੁਰੂਘਰਾਂ ਤਾਈਂ,

ਫੌਜ ਘੇਰਾ ਲਿਆ ਘੱਤ।

ਭੁੱਲ ਖੁਦਾ ਦਾ ਸੀ ਖੌਫ,

ਚੱਕ ਜਾਲਮਾਂ ਲਈ ਅੱਤ।

ਪਹਿਲਾਂ ਕਦੇ ਨੀ ਹੋਇਆ,

ਇਹਨਾਂ ਕਰ ਜੋ ਵਖਾਇਆ।

ਸਾਥੋਂ ਉਨੀਂ ਸੌਅ ਚੂਰਾਸੀ,

ਜੂਨ ਜਾਣਾ ਨਹੀਂ ਭੁਲਾਇਆ।ਸ਼ਹੀਦੀ ਪੁਰਬ ਮਨਾਉਣ, 

ਲੋਕ ਗੁਰੂਘਰਾਂ ਵਿਚ ਆਏ।

ਕੁਝ ਫੜ ਜੇਲ੍ਹੀਂ ਤਾੜੇ,

ਬਹੁਤੇ ਮਾਰ ਸੀ ਮੁਕਾਏ।

ਜਿਥੇ ਪੜੀ ਦੀ ਸੀ ਬਾਣੀ,

ਤਾਂਡਵ ਨਾਚ ਸੀ ਨਚਾਇਆ।

ਸਾਥੋਂ ਉਨੀਂ ਸੌਅ ਚੁਰਾਸੀ,

ਜੂਨ ਜਾਣਾ ਨਹੀਂ ਭੁਲਾਇਆ।ਬੱਚੇ ਬੁੱਢੇ ਨੌਜਵਾਨ,

ਅਤੇ ਬੀਬੀਆਂ ਨੂੰ ਮਾਰ।

ਇਨਾਂ ਅਣਖ ਸਾਡੀ ਚਾਹੀ,

ਕਰ ਦੇਣੀ ਤਾਰ ਤਾਰ।

ਚੀਰ ਦਿਲ ਇਨਾਂ ਸਾਡੇ,

ਲੂਣ ਜਖਮਾਂ ਤੇ ਪਾਇਆ।

ਸਾਥੋਂ ਉਨੀ ਸੌਅ ਚੁਰਾਸੀ,

ਜੂਨ ਜਾਣਾ ਨਹੀਂ ਭੁਲਾਇਆ।ਜਿੰਨ੍ਹਾਂ ਨੂੰ ਬਚਾਉਣ ਲਈ,

ਅਸੀਂ ਸੀਸ ਸੀ ਲਗਾਏ।

ਉਨ੍ਹਾਂ ਚੱਕ ਕੇ ਮਸੂਮ,

ਮਾਰ ਕੰਧਾ ਚ ਮੁਕਾਏ।

ਟੈਕਾਂ ਤੋਪਾਂ ਦੇ ਸੀ ਨਾਲ,

ਅਕਾਲ ਤੱਖਤ ਨੂੰ ਢਾਇਆ।

ਸਾਥੋਂ ਉਨੀ ਸੌਅ ਚੁਰਾਸੀ,

ਜੂਨ ਜਾਣਾ ਨਹੀਂ ਭੁਲਾਇਆ।ਉਨ੍ਹਾਂ ਆਪਣੇ ਸੀ ਵੱਲੋਂ,

ਸਿੱਧੂ ਛੱਡੀ ਨਹੀਂ ਕਸਰ,

ਕਹਿ ਕੇ ਸਿੱਖ ਅੱਤਵਾਦੀ,

ਕੀਤਾ ਜੱਗ ਚ ਨਸ਼ਰ।

ਉਹ ਹੈ ਕਿਹੜਾ ਹੱਥਕੰਡਾ,

ਜੋ ਨਾ ਇਹਨਾਂ ਅਪਣਾਇਆ।

ਸਾਥੋਂ ਉਨੀ ਸੌਅ ਚੁਰਾਸੀ,

ਜੂਨ ਜਾਣਾ ਨਹੀਂ ਭੁਲਾਇਆ।