ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

15 June 2020

ਖਾਲਿਸਤਾਨ ਦਾ ਬਿਆਨ ਜਥੇਦਾਰ ਨੇ ਬਾਦਲਾਂ ਦੇ ਕਹਿਣ ‘ਤੇ ਦਿਤਾ-ਅੰਗਰੇਜ਼ ਸਿੰਘ ਪੰਨੂੰ
ਤੂੰ ਨੀਂ ਬੋਲਦੀ ਰਕਾਨੇ ਤੂੰ ਨੀਂ ਬੋਲਦੀ, ਤੇਰੇ ‘ਚ ਤੇਰਾ ਯਾਰ ਬੋਲਦਾ।

ਸੁਖਬੀਰ ਸਿੰਘ ਬਾਦਲ ਨੇ ਲੌਂਗੋਵਾਲ ਨੂੰ ਕੋਰ ਕਮੇਟੀ ‘ਚ ਲਿਆ-ਇਕ ਖ਼ਬਰ
ਸਰ ਸੁੱਕ ‘ਗੇ ਨਖ਼ਰੋ ਨੀਂ, ਮੈਂ ਕਿੱਥੋਂ ਲਿਆਵਾਂ ਪਾਣੀ।

ਬੀਬੀ ਜਗੀਰ ਕੌਰ ਨੂੰ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬਣਾਇਆ-ਇਕ ਖਬਰ
ਪੈੜ ਜਗੀਰੋ ਦੀ, ਪਿੱਪਲਾਂ ਹੇਠ ਦੀ ਜਾਵੇ।

ਫ਼ਸਲਾਂ ਦੇ ਸਮਰਥਨ ਮੁੱਲ ਤੋਂ ਨਹੀਂ ਸਗੋਂ ਭਾਜਪਾ ਤੋਂ ਦੇਸ਼ ਦੀ ਆਰਥਿਕਤਾ ਨੂੰ ਖ਼ਤਰਾ-ਜਾਖੜ
ਰਾਤ ਹਨੇਰੀ ਮਾਂਏਂ ਨੀਂ ਬੀਂਡੇ ਬੋਲਦੇ, ਮੈਨੂੰ ਭੈਅ ਨੀਂ ਕੱਲੀ ਨੂੰ ਆਵੇ।

ਲੁਟੇਰਿਆਂ ਨੇ 16 ਲੱਖ ਦੀ ਨਗਦੀ ਸਮੇਤ ਏ.ਟੀ.ਐਮ. ਹੀ ਪੁੱਟ ਲਿਆ- ਇਕ ਖਬਰ
ਨਾ ਰਹੇ ਬਾਂਸ, ਨਾ ਵੱਜੇ ਬੰਸਰੀ।

ਫ਼ਸਲਾਂ ਦੇ ਸਮਰਥਨ ਮੁੱਲ ਤੋਂ ਅਰਥਚਾਰੇ ਨੂੰ ਖ਼ਤਰਾ- ਗਡਕਰੀ
ਕਿਉਂ ਬਈ ਸੱਜਣੋਂ ਆ ਗਈ ਨਾ ਬਿੱਲੀ ਥੈਲਿਉਂ ਬਾਹਰ।

ਅੱਡੀਆਂ ਚੁੱਕ ਚੁੱਕ ਕੇ ਪਰਵਾਸੀਆਂ ਨੂੰ ਉਡੀਕਣ ਲੱਗੇ ਪੰਜਾਬੀ ਕਿਸਾਨ-ਇਕ ਖ਼ਬਰ
ਤੁਸੀਂ ਕਰੋ ਅਸਾਡੀ ਕਾਰੀ ਜੀ, ਹੁਣ ਹੋ ਗਈ ਵੇਦਨ ਭਾਰੀ ਜੀ।

ਡੇਰਿਆਂ ਵਿਚ ਵੀ ਸ੍ਰੀ ਅਕਾਲ ਤਖ਼ਤ ਦੀ ਮਰਯਾਦਾ ਲਾਗੂ ਕੀਤੀ ਜਾਵੇਗੀ- ਜਥੇਦਾਰ ਰਘਬੀਰ ਸਿੰਘ
ਆਪੇ ਤੇਰਾ ਰਾਮ ਰੱਖ ਲਊ, ਪਾ ਲੈ ਤੱਤਿਆਂ ਥੰਮ੍ਹਾਂ ਨੂੰ ਜੱਫੀਆਂ।

ਮੁੱਖ ਮੰਤਰੀ ਵਲੋਂ ਵਿਭਾਗਾਂ ਨੂੰ ਖ਼ਰਚੇ ਘਟਾਉਣ ਦੇ ਹੁਕਮ- ਇਕ ਖ਼ਬਰ
ਬਾਂਕਾਂ ਨਾ ਜੁੜੀਆਂ, ਰੰਨ ਅੱਡੀਆਂ ਕੂਚਦੀ ਮਰ ਗਈ।

ਰਾਜਸਥਾਨ ‘ਚ ਭਾਜਪਾ ਵਲੋਂ ਕਾਂਗਰਸੀ ਵਿਧਾਇਕਾਂ ਨੂੰ 25-25 ਕਰੋੜ ਦੀ ਪੇਸ਼ਕਸ਼- ਗਹਿਲੋਤ
ਨੰਗੇ ਮੂੰਹ ਦਾ ਮੁੱਲ ਪੁੱਛਦਾ, ਮੁੰਡਾ ਬਟੂਆ ਹੱਥਾਂ ਵਿਚ ਫੜ ਕੇ।

‘ਆਪ’ ਦੀ ਸਰਕਾਰ ਬਣਨ ‘ਤੇ ਪੰਜਾਬ ‘ਚੋਂ ਮਾਫੀਆ ਰਾਜ ਖਤਮ ਕੀਤਾ ਜਾਵੇਗਾ- ਸੰਧਵਾਂ
ਉੱਤੇ ਪਾ ਦੇ ਫੁੱਲ ਕਲੀਆਂ, ਮੰਜਾ ਬੁਣ ਦੇ ਜੁਗਿੰਦਰਾ ਯਾਰਾ।

ਪਾਕਿਸਤਾਨ ‘ਚ ਜੂਆ ਖੇਡਣ ਦੇ ਦੋਸ਼ ‘ਚ ਇਕ ਗਧਾ ਗ੍ਰਿਫ਼ਤਾਰ-ਇਕ ਖ਼ਬਰ
ਰੱਬਾ ਤੇਰੇ ਰੰਗ ਨਿਆਰੇ, ਜੂਆ ਖੇਲੇ ਕੋਈ ਸਜਾ ਭੁਗਤਣ ਗਧੇ ਵਿਚਾਰੇ।  

ਹੱਥ ਚੁੰਮ ਕੇ ਕਰੋਨਾ ਦਾ ਇਲਾਜ ਕਰਨ ਵਾਲਾ ਬਾਬਾ ਆਪ ਕਰੋਨਾ ਨਾਲ਼ ਮਰਿਆ-ਇਕ ਖ਼ਬਰ
ਮੰਡੀ ਮੂਰਖਾਂ ਦੀ, ਸੁਰਮਾਂ ਵੇਚਣ ਅੰਨ੍ਹੇ।

ਤੀਜੇ ਬਦਲ ਦੀ ਉਸਾਰੀ ਲਈ ਅਕਾਲੀ ਦਲ (ਟਕਸਾਲੀ) ਪੰਥਕ ਧਿਰਾਂ ਨੂੰ ਇਕਜੁਟ ਕਰੇਗਾ- ਇਕ ਖ਼ਬਰ
ਰੁਤ ਯਾਰੀਆਂ ਲਾਉਣ ਦੀ ਆਈ, ਬੇਰੀਆਂ ਦੇ ਬੇਰ ਪਕ ਗਏ।