ਆਤਮ ਹੱਤਿਆ – ਜੀਵਨ ਦੀ ਸੱਭ ਤੋਂ ਵੱਡੀ ਹਾਰ - ਜਗਦੀਸ਼ ਰਾਏ

ਇੱਕ ਖੂਬਸੂਰਤ, ਅਤੇ ਲੋਕਾਂ ਦੇ ਹਰਮਨ ਪਿਆਰੇ ਫਿਲਮ ਇੰਡਸਟਰੀ ਅਤੇ ਟੀ ਵੀ ਚੈਨਲ ਕਲਾਕਾਰ ਸੁਸ਼ਾਂਤ ਸਿੰਘ ਰਾਜਪੂਤ ਜਿਸ ਦੀ ਭਰ ਜਵਾਨੀ ਦੀ 34 ਸਾਲ ਦੀ ਹੀ ਉਮਰ ਸੀ, ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ।ਉੱਚੀਆਂ ਉੱਚੀਆਂ ਕਲਪਨਾਵਾਂ ਅਤੇ ਇੱਛਾਵਾਂ ਰੱਖਣ ਦੀ ਉਮਰ ਵਿੱਚ ਹੀ ਜੀਵਨ ਸਮਾਮਤ ਹੋ ਗਿਆ ਹੈ।ਜੀਵਨ ਦੇ ਲੌਢੇ ਵੇਲੇ ਵਿੱਚ ਪਹੁੰਚ ਚੁੱਕੇ ਉਸ ਦੇ ਪਿਤਾ ਜੀ ਅਤੇ ਭਾਰਤੀ ਸੱਭਿਆਚਾਰ ਅਨੁਸਾਰ ਭਰਾ ਨੂੰ ਸਹਾਰਾ ਮੰਨੀ ਬੈਠੀਆਂ ਤਿੰਨੋ ਭੈਣਾਂ, ਬੇਸਹਾਰਾ ਮਹਿਸੂਸ ਕਰਨ ਦੀ ਅਵਸਥਾ ਵਿੱਚ ਪਹੁੰਚ ਗਏ ਹਨ।ਉਸ ਨੂੰ ਪਿਆਰ ਕਰਨ ਵਾਲੇ ਦਰਸ਼ਕ ਅਤੇ ਆਮ ਲੋਕ ਬਹੁਤ ਦੁੱਖ ਮਹਿਸੂਸ ਕਰ ਰਹੇ ਹਨ।ਪਰ ਕੋਈ ਵਾਪਸੀ ਨਹੀ, ਸੱਭ ਜਾਣਦੇ ਹਨ।
ਇਸ ਮੰਦਭਾਗੀ ਘਟਨਾ ਨੇ ਹੋਰ ਬਹੁਤ ਸਾਰੀਆਂਹੋ ਰਹੀਆਂ ਆਤਮ ਹੱਤਿਆਵਾਂ ਵੱਲ ਧਿਆਨ ਖਿੱਚ ਲਿਆ ਹੈ।ਭਾਵੇਂ ਉਹ ਫਿਲਮ ਇੰਡਸਟਰੀ, ਵੱਡੇ ਵਿਉਪਾਰ, ਉੱਚੇ ਅਹੁਦੇ, ਕਿਸਾਨਾਂ, ਮਜਦੂਰਾਂ ਜਾਂ ਹੋਰ ਆਮ ਲੋਕਾਂ ਨਾਲ ਸੰਬੰਧਤ ਹੋਣ।ਦੁਨੀਆਂ ਭਰ ਵਿੱਚ ਮੌਤ ਦੇ ਕਾਰਣਾਂ ਵਿੱਚੋਂ ਇਹ ਤੀਜਾ ਸੱਭ ਤੋਂ ਵੱਡਾ ਕਾਰਣ ਹੈ।ਦੁਨੀਆਂ ਭਾਰ ਵਿੱਚ ਹਰ ਸਾਲ ਅੱਠ ਲੱਖ ਦੇ ਆਸ ਪਾਸ ਆਤਮ ਹੱਤਿਆਵਾਂ ਨਾਲ ਮੌਤਾਂ ਹੋ ਰਹੀਆਂ ਹਨ।ਆਤਮ ਹੱਤਿਆ ਕੀ ਹੈ,ਕਿਉਂ ਕੀਤੀ ਜਾਂਦੀ ਹੈ, ਇਸ ਤੌਂ ਪਹਿਲਾਂ ਦੇ ਲੱਛਣ, ਕੀ ਇਸ ਨੂੰ ਰੋਕਿਆ ਜਾ ਸਕਦਾ ਹੈ, ਕਿਸ ਪੱਧਰ ਤੇ ਬਚਾਓ ਦੇ ਢੰਗ ਤਰੀਕੇ ਅਪਣਾਏ ਜਾ ਸਕਦੇ ਹਨ ਬਹੁਤ ਗੰਭੀਰਤਾ ਨਾਲ ਵਿਚਾਰਨ ਦਾ ਵਿਸ਼ਾ ਹੈ।ਆਓ ਸਾਰਿਆਂ ਪੱਖਾਂ ਤੇ ਵਿਚਾਰ ਕਰੀਏ ਅਤੇ ਇਸ ਤਰ੍ਹਾਂ ਸਮਾਜ ਵਿੱਚ ਹੋ ਰਿਹਾ ਅਨਰਥ ਰੋਕਣ ਦਾ ਯਤਨ ਕਰੀਏ।
ਆਤਮ ਹੱਤਿਆ ਅਤੇ ਕਾਰਣ - ਆਪਣੇ ਆਪ ਆਪਣਾ ਜੀਵਨ ਖਤਮ ਕਰ ਲੈਣਾ ਆਤਮ ਹੱਤਿਆ ਕਹਾਉਂਦਾ ਹੈ।ਆਪਣਾ ਜੀਵਨ ਖਤਮ ਕਰਨ ਵਾਰੇ ਸੋਚਣਾ, ਮਰਨ ਲਈ ਕੋਈ ਢੰਗ ਅਪਣਾਉਣਾ ਪਰ ਮਰਨੋਂ ਬਚ ਜਾਣਾ ਆਤਮ ਹੱਤਿਆ ਲਈ ਕੋਸ਼ਿਸ਼ ਕਹਾਉਂਦਾ ਹੈ।ਆਤਮ ਹੱਤਿਆ ਪਿੱਛੇ ਬਹੁਤ ਸਾਰੇ ਕਾਰਣ ਹਨ ਜਿਵੇਂ ਕਿ ਮਾਨਸਿਕ ਵਿਕਾਰ, ਮਨੋਵਿਗਿਆਨਕ ਅਵਸਥਾਵਾਂ, ਪਰਿਵਾਰਕ ਅਤੇ ਸਮਾਜਿਕ ਵਾਤਾਵਰਣ, ਪਿਤਾ ਪੁਰਖੀ ਸਮੱਸਿਆ, ਬੀਤ ਚੁੱਕੀਆਂ ਬੁਰੀਆਂ ਯਾਦਾਂ ਦਾ ਆਉਣਾ, ਲੰਬਾ ਸਮਾਂ ਕੈਦ ਵਿੱਚ ਰਹਿਣਾ, ਬੇਗਾਨਗੀ ਮਹਿਸੂਸ ਹੋਣਾ, ਆਰਥਿਕਤਾ ਦਾ ਕਮਜੋਰ ਹੋਣਾ, ਅਚਨਚੇਤ ਆਰਥਿਕਤਾ ਦਾ ਡਗਮਗਾ ਜਾਣਾ, ਸਰੀਰਕ ਅਤੇ ਮਾਨਸਿਕ ਸੋਸ਼ਣ ਹੋਣਾ, ਪਤੀ ਪਤਨੀ ਜਾਂ ਹੋਰ ਗੁੜ੍ਹੇ ਸੰਬੰਧਾਂ ਵਿੱਚ ਵਿਗਾੜ ਪੈ ਜਾਣਾ, ਵਧ ਚੁੱਕੀ ਨਸ਼ਿਆਂ ਦੀ ਆਦਤ, ਜਿਆਦਾ ਮਹੱਤਵ-ਅਕਾਂਕਸ਼ੀ ਹੋਣਾ, ਲੋੜ ਤੋਂ ਵੱਧ ਇੱਛਾਵਾਂ ਪਾਲ ਲੈਣਾ, ਤਣਾਓ ਦਾ ਪ੍ਰਬੰਧਨ ਕਰਨ ਵਿੱਚ ਅਸਮਰਥ ਹੋਣਾ ਆਦਿ।
ਆਤਮ ਹੱਤਿਆ ਦੇ ਲੱਛਣ- ਕੁੱਝ ਅਜਿਹੇ ਇਸ ਬੀਮਾਰੀ ਤੋਂ ਗ੍ਰਸਤ ਵਿਅਕਤੀ ਹੁੰਦੇ ਹਨ ਜਿਨ੍ਹਾਂ ਨੂੰ ਆਮ ਲੋਕ ਨਹੀਂ ਬਲਕਿ ਮਨੋਚਕਿਤਸਕ ਅਤੇ ਮਨੋਵਿਗਿਆਨਕ ਹੀ ਸਮਝ ਸਕਦੇ ਹਨ। ਪਰ ਬਹੁਤ ਸਾਰੇ ਗ੍ਰਸਤ ਲੋਕਾਂ ਨੂੰ ਪਰਿਵਾਰਕ ਮੈਂਬਰ, ਸਹਿ ਕਰਮੀ, ਆਂਢੀ-ਗੁਆਂਢੀ ਅਤੇ ਆਮ ਸਮਾਜਿਕ ਲੋਕ ਲੱਛਣਾਂ ਤੋਂ ਅਨੁਭਵ ਕਰ ਲੈਂਦੇ ਹਨ।ਕੁੱਝ ਇੱਕ ਲੱਛਣ ਇਸ ਤਰ੍ਹਾਂ ਹਨ, ਜਿਵੇਂ ਕਿ, ਵਿਅਕਤੀ ਦਾ ਲਗਾਤਾਰ ਉਦਾਸ ਰਹਿਣਾ, ਚੁੱਪ ਚਾਪ ਰਹਿਣਾ, ਇਕੱਲੇ ਰਹਿਣਾ ਪਸੰਦ ਕਰਨਾ, ਸੁਭਾਓ ਵਿੱਚ ਚਿੜਚਿੜਾਪਨ ਆ ਜਾਣਾ, ਅਚਨ ਚੇਤ ਸੁਭਾਓ ਦਾ ਬਦਲ ਜਾਣਾ, ਜਿਵੇਂ ਤੁਰੰਤ ਖੁਸ਼, ਉਦਾਸ, ਨਰਾਜ, ਕ੍ਰੋਧਿਤ ਹੋਣਾ, ਨੀਂਦ ਦਾ ਜਿਆਦਾ ਆਉਣਾ, ਘੱਟ ਆਉਣਾ, ਬਹੁਤ ਜਿਆਦਾ ਉਤੇਜਿਤ ਹੋ ਜਾਣਾ, ਨਿਢਾਲ ਹੋ ਜਾਣਾ, ਕਾਮਿਕ ਪ੍ਰਵਿਰਤੀਆਂ ਦਾ ਜਿਆਦਾ ਵਧ ਜਾਣਾ , ਇਨ੍ਹਾਂ ਦਾ ਬਿਲਕੁਲ ਘਟ ਜਾਣਾ, ਲਗਾਤਾਰ ਨਿਰਾਸ਼ ਰਹਿਣਾ, ਬਹੁਤ ਜਿਆਦਾ ਰਿਸਕ ਲੈ ਲੈਣਾ, ਬੇ-ਅਰਾਮੀ ਮਹਿਸੂਸ ਕਰਨਾ, ਕਾਹਲਾਪਨ ਆ ਜਾਣਾ, ਬਹੁਤ ਜਿਆਦਾ ਬੋਲਣਾ, ਲਗਾਤਾਰ ਅਸੁਰੱਖਿਅਤ ਮਹਿਸੂਸ ਕਰਨਾ, ਜਿਆਦਾ ਸ਼ੱਕੀ ਅਤੇ ਵਹਿਮੀ ਬਣ ਜਾਣਾ ਅਤੇ ਛੋਟੀਆਂ ਛੋਟੀਆਂ ਗੱਲਾਂ ਤੇ  ਝਗੜਾਲੂ ਬਣ ਜਾਣਾ ਆਦਿ।
ਆਤਮ- ਹੱਤਿਆ ਦੇ ਢੰਗ – ਅਗਰ ਸਮੇਂ ਸਿਰ ਇਲਾਜ ਨਾ ਹੋ ਸਕੇ ਤਾਂ ਬੀਮਾਰੀ ਗ੍ਰਸਤ ਵਿਅਕਤੀ ਆਤਮ-ਹੱਤਿਆ ਦੀ ਕੋਸ਼ਿਸ਼ ਜਾਂ ਆਤਮ ਹੱਤਿਆ ਕਰ ਲੈਂਦਾ ਹੈ।ਇਸ ਲਈ ੳੇਸ ਵਲੋਂ ਆਮ ਤੌਰ ਕੁੱਝ ਆਮ ਢੰਗ ਅਪਣਾਏ ਜਾਂਦੇ ਹਨ, ਜਿਵੇਂ ਕਿ, ਪੱਖੇ, ਛੱਤ ਜਾਂ ਉੱਚੀ ਥਾਂ ਤੋਂ ਗਲ ਵਿੱਚ ਰੱਸੀ, ਪਗੜੀ ਜਾਂ ਚੁੰਨੀ ਆਦਿ ਪਾ ਕੇ ਲਟਕ ਜਾਣਾ, ਕੀੜੇਮਾਰ ਦਵਾਈਆਂ ਪੀਜਾਣਾ, ਕਿਸੇ ਬਿਮਾਰੀ ਦੀ ਦਵਾਈ ਦੀ ਜਿਆਦਾ ਮਾਤਰਾ ਲੈ ਲੈਣਾ, ਆਪਣੇ ਆਪ ਨੂੰ ਅੱਗ ਲਾ ਲੈਣੀ, ਆਪਣੇ ਆਪ ਤੇ ਕਿਸੇ ਹਥਿਆਰ ਨਾਲ ਆਤਮ ਘਾਤੀ ਹਮਲਾ ਕਰ ਲੈਣਾ, ਰੇਲ ਗੱਡੀ ਜਾਂ ਕਿਸੇ ਤੇਜ ਚੱਲ ਰਹੇ ਵਾਹਨ ਅੱਗੇ ਆਪਣੇ ਆਪ ਨੂੰ ਸੁੱਟ ਲੈਣਾ ਆਦਿ।
ਆਤਮ- ਹੱਤਿਆ ਤੋਂ ਬਚਾਓ : ਮਾਨਸਿਕ ਰੋਗ ਜਾਂ ਮਨੋਵਿਗਿਆਨਕ ਸਮੱਸਿਆ ਤੋਂ ਗ੍ਰਸਤ ਵਿਅਕਤੀ ਆਪਣੇ ਆਪ ਵਿੱਚ ਇਕੱਲਾ ਨਹੀਂ ਹੁੰਦਾ ਬਲਕਿ ਉਹ ਕਿਸੇ ਪਰਿਵਾਰ ਦਾ ਮੈਂਬਰ ਅਤੇ ਸਮਾਜਿਕ ਪ੍ਰਾਣੀ ਹੁੰਦਾ ਹੈ।ਆਤਮ- ਹੱਤਿਆ ਲਈ ਜਿੱਥੇ ਉਸ ਦੇ ਨਿੱਜੀ ਕਾਰਣ ਹੋ ਸਕਦੇ ਹਨ ਉੱਥੇ ਉਸ ਦਾ ਪਰਿਵਾਰ ਅਤੇ ਕਿਤੇ ਨਾ ਕਿਤੇ ਸਮਾਜ ਦਾ ਕੋਈ ਵਿਅਕਤੀ ਜਾਂ ਅੰਗ ਵੀ ਹੋ ਸਕਦਾ ਹੈ।ਜਦ ਕਿਸੇ ਵਿਅਕਤੀ ਵਿੱਚ ਆਤਮ-ਹੱਤਿਆ ਦੇ ਲੱਛਣ ਦਿਖਾਈ ਦੇਣ ਤਾਂ ਉਸ ਦੇ ਪਰਿਵਾਰ, ਸਹਿਕਰਮੀਆਂ, ਆਂਢ-ਗੁਆਂਢ ਅਤੇ ਸਮਾਜ ਦਾ ਜਿਹੜਾ ਵੀ ਅੰਗ ਅਜਿਹਾ ਅਨੁਭਵ ਕਰੇ, ਉਸ ਨੂੰ ਗ੍ਰਸਤ ਵਿਅਕਤੀ ਨਾਲ ਬੇਰੁਖੀ ਵਾਲਾ ਅਤੇ ਬਦਲਾ ਲਊ ਵਤੀਰਾ ਨਾ ਰੱਖਦੇ ਹੋਏ, ਪਿਆਰ ਅਤੇ ਹਮਦਰਦੀ ਅਤੇ ਸਹਿਯੋਗ ਦੇਣ ਦੀ ਜਰੂਰਤ ਹੁੰਦੀ ਹੈ।ਆਪ ਕ੍ਰੋਧਿਤ ਹੋਣ ਦੀ ਥਾਂ ਸਹਿਨਸ਼ੀਲਤਾ ਅਤੇ ਸ਼ਾਂਤ ਰਹਿਣ ਦੀ ਲੋੜ ਹੁੰਦੀ ਹੈ।ਅਗਰ ਅਜਿਹਾ ਕਰਨ ਦੇ ਬਾਵਜੂਦ ਵੀ ਕੋਈ ਸੁਧਾਰ ਨਜਰ ਨਾ ਆਵੇ ਤਾਂ ਤੁਰੰਤ ਮਨੋਚਕਿਤਸਕ ਜਾਂ ਮਨੋਵਿਗਿਆਨਕ ਦੀ ਸਲਾਹ ਲੈ ਲੈਣੀ ਚਾਹੀਦੀ ਹੈ।ਜੋ ਕਿ ਉਸ ਦੀ ਜਾਂ ਲੋੜ ਪੈਣ ਤੇ ਉਸ ਦੇ ਪਰਿਵਾਰ ਦੀ ਕਾਉਂਸਲਿੰਗ ਕਰਕੇ ਇਲਾਜ ਕਰ ਸਕਦੇ ਹਨ। ਅਗਰ ਜਰੂਰਤ ਹੋਵੇ ਤਾਂ ਮਾਹਿਰ ਡਾਕਟਰ ਦਵਾਈਆਂ ਨਾਲ ਵੀ ਵਿਅਕਤੀ ਨੂੰ ਤੰਦਰੁਸਤ ਕਰ ਸਕਦੇ ਹਨ।ਪਰਿਵਾਰ, ਮਿੱਤਰ ਦੋਸਤ, ਸਹਿਕਰਮੀ ਜਾਂ ਸਮਾਜ ਵਲੋਂ ਕਿਸੇ ਵੀ ਕੀਮਤ ਤੇ ਅਣਗਹਿਲੀ ਨਾ ਕਰਕੇ ਕੋਈ ਕੀਮਤੀ ਜਾਨ ਬਚਾਈ ਜਾ ਸਕਦੀ ਹੈ।
ਵਿਸ਼ੇਸ਼ ਜਿੰਮੇਵਾਰੀ: ਇਲਾਜ ਦੇ ਨਾਲ ਨਾਲ ਵਿਅਕਤੀ ਵਲੋਂ ਜਾਂ ਸੰਬੰਧਤਾਂ ਵਲੋਂ ਉਸ ਦੀ ਜੀਵਨ ਸ਼ੈਲੀ ਬਦਲਣ ਦੀ ਜਰੂਰਤ ਹੁੰਦੀ ਹੈ ਜਿਵੇਂ ਕਿ, ਸਵੇਰੇ ਜਲਦੀ ਉੱਠਣਾ, ਸੈਰ ਕਰਨਾ, ਸਾਦਾ ਤੇ ਸਾਤਵਿਕ ਭੋਜਨ ਖਾਣਾ, ਟੀ ਵੀ ਦੇ ਮਨੋਰੰਜਕ ਪ੍ਰੋਗਰਾਮ ਦੇਖਣਾ, ਯੋਗਾ ਕਰਨਾ, ਕੰਮ ਕਰਨ  ਦੇ ਢੰਗ ਤਰੀਕੇ ਬਦਲਨਾ, ਜਲਦੀ ਸੌਣਾ  ਅਤੇ ਜਲਦੀ ਜਾਗਣਾ, ਸਕਾਰਾਤਮਕ ਪੁਸਤਕਾਂ ਪੜ੍ਹਨਾ ਆਦਿ। ਹਰ ਇੱਕ ਵਿਅਕਤੀ ਲਈ ਇਹ ਜਰੂਰੀ ਬਣਦਾ ਹੈ ਕਿ ਉਹ ਲੋੜ ਤੋਂ ਵੱਧ ਮਹੱਤਵ-ਅਕਾਂਕਸ਼ੀ ਨਾ ਬਣੇ। ਆਪਣੀ ਪਹੁੰਚ ਤੋਂ ਬਾਹਰ ਵੱਡੇ ਵੱਡੇ ਸੁਪਨੇ ਨਾ ਦੇਖੇ ਅਤ ਆਪਣੇ ਆਪ ਨੂੰ ਤਣਾਓ ਪ੍ਰਬੰਧਨ ਕਰਨ ਦੇ ਯੋਗ ਬਣਾਵੇ।ਸੱਭ ਤੋਂ ਵਧੀਆ ਗੱਲ, ਮੈਡੀਟੇਸ਼ਨ ਕਰਨੀ ਚਾਹੀਦੀ ਹੈ, ਜਿਸ ਨਾਲ ਮਨੋਬਲ ਉੱਚਾ ਹੋ ਸਕਦਾ ਹੈ।ਪਰਿਵਾਰ, ਮਿੱਤਰ ਦੋਸਤ ਅਤੇ ਸਹਿਕਰਮੀਆਂ ਵਲੋਂ ਸਹਿਯੋਗ, ਪਿਆਰ ਅਤੇ ਹਮਦਰਦੀ ਰੱਖਣੀ ਬਹੁਤ ਜਰੂਰੀ ਹੈ।ਲੋਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਦਾ ਧਿਆਨ ਰੱਖਣਾ ਸਰਕਾਰ ਦੀ ਬਹੁਤ ਵੱਡੀ ਜਿੰਮੇਦਾਰੀ ਬਣਦੀ ਹੈ।ਦੁਨੀਆ ਦੇ ਬਹੁਤ ਸਾਰੇ ਪਿਛੜੇ ਦੇਸ਼ਾਂ ਵਿੱਚ ਮਾਨਸਿਕ ਬਿਮਾਰ ਹੋਣਾ ਇੱਕ ਕਲੰਕ ਜਾਂ ਬਦਨਾਮੀ ਦਾ ਕਾਰਣ ਸਮਝਿਆ ਜਾਂਦਾ ਹੈ।ਇਸ ਧਾਰਣਾ ਵਿੱਚੋਂ ਬਾਹਰ ਨਿਕਲ ਕੇ ਇਸ ਦਾ ਬਾਕੀ ਬਿਮਾਰਰੀਆਂ ਵਾਂਗ ਇਲੳਜ ਕਰਵਾਉਣਾ ਜਰੂਰੀ ਬਣਦਾ ਹੈ।ਚਾਹੇ ਹਰ ਦੇਸ਼ ਦੀਆਂ ਸਰਕਾਰਾਂ ਯਤਨਸ਼ੀਲ ਵੀ ਹਨ ਫਿਰ ਵੀ ਸੁਝਾਓ ਹੈ ਕਿ ਸਰਕਾਰਾਂ ਨੂੰ ਵਿਸ਼ੇਸ਼ ਤੌਰ ਤੇ ਸਿਹਤ ਵਿਭਾਗ ਰਾਹੀਂ  ਇਸ ਬੀਮਾਰੀ ਨਾਲ ਗ੍ਰਸਤ ਵਿਅਕਤੀਆਂ ਦੀ ਪੂਰੀ ਪੂਰੀ ਜਾਣਕਾਰੀ ਰੱਖਦਿਆਂ ਹੋਇਆਂ ਇਨਾਂ ਵਿਅਕਤੀਆਂ ਦੀ ਮਾਨਸਿਕ ਸਿਹਤ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੀ ਜਰੂਰਤ ਹੈ।ਹਰ ਹਸਪਤਾਲ ਵਿੱਚ ਮਾਹਿਰ ਡਾਕਟਰਾਂ ਦੀ ਨਿਯੁਕਤੀ ਕਰਨੀ ਬਣਦੀ ਹੈ।ਅਗਰ ਹਰ ਪੱਧਰ ਤ,ੇ ਵਿਸ਼ੇਸ਼ ਤੌਰ ਤੇ ਸਰਕਾਰ ਪੱਧਰ ਤੇ ਇਸ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਸਮਾਜਿਕ, ਆਰਥਿਕ ਅਤੇ ਵਿਗਿਆਨਕ ਖੇਤਰ ਵਿੱਚ ਕੀਤੀ ਤਰੱਕੀ ਬੇ-ਅਰਥ ਹੋ ਜਾਵੇਗੀ।ਜਿਸ ਗਤੀ ਨਾਲ ਇਹ ਸਮੱਸਿਆ ਵਧਦੀ ਜਾ ਰਹੀ ਹੈ, ਅਗਰ ਨਾ ਰੋਕੀ ਗਈ ਤਾਂ ਇਹ ਮੌਤ ਦੇ ਤੀਜੇ ਕਾਰਣ ਦੀ ਥਾਂ ਪਹਿਲਾ ਸਥਾਨ ਲੈ ਲਵੇਗੀ। ਆਓ ਆਪਣੇ ਆਪ ਚੋਂ ਬਾਹਰ ਨਿਕਲ ਕੇ ਆਪਣਿਆਂ ਵਾਰੇ ਵੀ ਸੋਚੀਏ, ਨਫਰਤ ਈਰਖਾ ਛੱਡ ਕੇ ਲੋੜਵੰਦਾਂ ਨਾਲ ਪਿਆਰ ਹਮਦਰਦੀ ਅਤੇ ਸਹਿਯੋਗ ਵਾਲਾ ਵਰਤਾਓ ਕਰਕੇ ਆਪਣਾ ਫਰਜ਼ ਨਿਭਾਈਏ ।
ਮਿਤੀ: 15 ਜੂਨ, 2020
Jagdish Rai

5-Green Avenue , Ward No: 7
Garhshankar (Hoshiarpur)
Mobile No: 9855722733