ਖ਼ਤਰਨਾਕ ਦਿਸ਼ਾ ਵੱਲ ਜਾ ਰਿਹੈ 'ਚਿੱਟੇ ਨਸ਼ੇ' ਦੇ ਆਦੀ ਹੋ ਚੁੱਕੇ ਨੌਜਵਾਨਾਂ ਦਾ ਭਵਿੱਖ  - ਮਨਜਿੰਦਰ ਸਿੰਘ ਸਰੌਦ

ਹੁਣ 'ਚਿੱਟੇ' ਦੇ ਨਾਲ ਸ਼ਰਾਬ ਦਾ ਸੇਵਨ ਵੀ ਕਰਨ ਲੱਗੇ ਨੌਜਵਾਨ

ਇੱਕ ਬਜ਼ੁਰਗ ਮਾਂ ਆਪਣੀ ਜ਼ਿੰਦਗੀ ਦੇ ਆਖ਼ਰੀ ਪੜਾਅ ਤੇ ਪਹੁੰਚਕੇ , ਆਪਣੀ ਹੀ ਕੁੱਖ ਦੇ ਜਾਏ ਜੋ ਚਿੱਟੇ ਨਸ਼ੇ ਦੀ ਭੇਟ ਚੜ੍ਹ ਜਹਾਨ ਤੋਂ ਜਾ ਚੁੱਕਿਆ ਉਸ ਦਾ ਪੁੱਤਰ ਸੀ ਦੀ ਲਾਸ਼ ਤੇ ਵੈਣ ਪਾ ਕੇ ਸਮੇਂ ਦੇ ਹਾਕਮਾਂ ਨੂੰ ਕੋਸਦੀ ਹੈ , ਕੀ ਬੀਤੀ ਹੋਉ ਉਸ ਮਾਂ ਤੇ ਜਿਸ ਦਾ 42 ਕੁ ਸਾਲਾਂ ਦਾ ਕੜੀ ਵਰਗਾ ਗੱਭਰੂ ਪੁੱਤ ਚਿੱਟੇ ਦੀ ਦਲਦਲ ਵਿੱਚ ਇਨਾ ਡੂੰਘਾ ਧੱਸ ਗਿਆ ਕਿ ਵਾਪਸ ਨਾ ਪਰਤਿਆ । ਇਹ ਦਰਦ ਕਹਾਣੀ ਮਾਝੇ ਦੇ ਉੱਪਰੋਂ ਹੱਸਦੇ-ਵੱਸਦੇ ਤੇ ਅੰਦਰੋਂ ਖੋਖਲੇ ਹੋ ਚੁੱਕੇ ਇੱਕ ਪਿੰਡ ਦੀ ਹੈ । ਅਗਲਾ ਦਰਦ ਹੈ ਮਾਲਵੇ ਦੀ ਉਸ ਭੈਣ ਦਾ ਜਿਸ ਦਾ ਇੱਕੋ-ਇੱਕ ਆਖਰੀ ਮਾਂ ਜਾਇਆ ਨਸ਼ੇ ਦੇ ਵਹਿੰਦੇ ਦਰਿਆ ਵਿਚ ਰੁੜ ਗਿਆ ਅਤੇ ਹਾਲਾਤ ਇੱਥੋਂ ਤੱਕ ਜਾ ਪਹੁੰਚੇ ਕਿ ਅੱਜ ਪਰਿਵਾਰ ਵਿੱਚ ਸਿਵਾਏ ਔਰਤਾਂ ਤੋਂ ਕੋਈ ਮਰਦ ਬਾਕੀ ਬਚਿਆ ਹੀ ਨਹੀਂ ਕਿਉਂਕਿ ਬਾਕੀ ਬਚਿਆਂ ਨੂੰ ਕਰਜੇ ਦੇ ਅਜਗਰ ਨਾਗ ਨੇ ਆਪਣੇ ਲਪੇਟੇ ਵਿੱਚ ਲੈ ਕੇ ਸਦਾ ਦੀ ਨੀਂਦ ਸੁਆ ਦਿੱਤਾ । ਪੰਜਾਬ ਦੇ ਤਿੰਨਾਂ ਖੇਤਰਾਂ ਮਾਝਾ , ਮਾਲਵਾ ਅਤੇ ਦੁਆਬਾ ਦੇ ਸਿਵਿਆਂ ਅੰਦਰ ਅੱਜ ਚਿੱਟੇ ਨਸ਼ੇ ਦੀ ਗਫ਼ਲਤ ਵਿੱਚ ਰੁੜ੍ਹ ਕੇ ਇਸ ਸੰਸਾਰ ਨੂੰ ਛੱਡ ਕੇ ਜਾਣ ਵਾਲੇ ਨੌਜਵਾਨਾਂ ਦੇ ਮ੍ਰਿਤਕ ਸਰੀਰਾਂ ਨੂੰ ਲੱਗੇ ਲਾਂਬੂ ਇਸ ਗੱਲ ਦੀ ਸ਼ਰੇਆਮ ਦੁਹਾਈ ਪਾਉਂਦੇ ਜਾਪ ਰਹੇ ਹਨ ਕਿ ਜੇਕਰ ਬਚਾ ਸਕਦੇ ਹੋ ਤਾਂ ਬਚਾ ਲਵੋ ਭੰਗ ਦੇ ਭਾਣੇ ਜਾ ਰਹੀ ਪੰਜਾਬ ਦੀ ਜਵਾਨੀ ਨੂੰ ।
                       ਅੱਖਾਂ ਵਿੱਚੋਂ ਆਪ ਮੁਹਾਰੇ ਅੱਥਰੂ ਵਗਣ ਲੱਗਦੇ ਨੇ ਜਦੋਂ ਉਨ੍ਹਾਂ ਨੌਜਵਾਨਾਂ ਦੇ ਦਰਸ਼ਨੀ ਚਿਹਰਿਆਂ ਵੱਲ ਵੇਖਦੇ ਹਾਂ ਜੋ ਸ਼ੁਰੂ ਵਿੱਚ ਚਿੱਟੇ ਨਸ਼ੇ ਦੇ ਪੰਜੇ ਵਿੱਚ ਜਕੜਨ ਤੋਂ ਬਾਅਦ ਛੇਤੀ ਹੀ ਸ਼ਰਾਬ ਦੀ ਲਤ ਦੇ ਆਦੀ ਹੋ ਗਏ । ਜਦ ਉਨ੍ਹਾਂ ਨੂੰ ਚਿੱਟੇ ਦੀ 'ਤੋੜ' ਲੱਗਦੀ ਹੈ ਤਾਂ ਉਹ ਠੇਕੇ ਤੋਂ ਜਾ ਕੇ ਸ਼ਰਾਬ ਦੀ ਪੂਰੀ ਬੋਤਲ ਡਕਾਰਨ ਨੂੰ ਵੀ ਦੇਰ ਨਹੀਂ ਲਾਉਂਦੇ , ਅੱਜ ਵੱਡੀ ਗਿਣਤੀ ਵਿੱਚ ਅਜਿਹੇ ਨੌਜਵਾਨ ਖਤਰਨਾਕ ਦਿਸ਼ਾ ਅਤੇ ਦਸ਼ਾ ਵੱਲ ਕੂਚ ਕਰ ਰਹੇ ਹਨ ਇਨ੍ਹਾਂ ਦੀ ਹਾਲਤ ਕਿਸੇ ਭਿਆਨਕ ਅਣਹੋਣੀ ਦਾ ਸੰਕੇਤ ਦੇ ਰਹੀ ਹੈ ਕਿਉਂਕਿ ਪਹਿਲਾਂ ਇਹ ਆਖਿਆ ਜਾਂਦਾ ਸੀ ਕਿ ਚਿੱਟੇ ਨਸ਼ੇ ਦਾ ਸ਼ਰਾਬ ਨਾਲ ਕੋਈ ਮੇਲ ਨਹੀਂ । ਅੱਜ ਇਸ ਨਸ਼ੇ ਦੀ ਬਦੌਲਤ ਪੰਜਾਬ ਅੰਦਰ ਹਜ਼ਾਰਾਂ ਪਰਿਵਾਰ ਟੁੱਟ ਚੁੱਕੇ ਹਨ ਜਾਂ ਟੁੱਟਣ ਦੀ ਕਗਾਰ ਤੇ ਪਹੁੰਚ ਕੇ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ ।
                       ‎ਸੋਚ ਕੇ ਵੇਖੋ ਕਿਸ ਹਾਲ ਵਿੱਚ ਹੋਣਗੀਆਂ ਉਹ ਮੁਟਿਆਰਾਂ ਜਿਨ੍ਹਾਂ ਨੇ ਅਪਣੇ ਸੋਹਣੇ ਸੁਨੱਖੇ ਜੀਵਨ ਸਾਥੀਆਂ ਦੇ ਨਾਲ ਜ਼ਿੰਦਗੀ ਦੇ ਉਨ੍ਹਾਂ ਹਸੀਨ ਪਲਾਂ ਨੂੰ ਮਾਨਣ ਦੇ ਖੁਆਬ ਮਨਾਂ ਅੰਦਰ ਪਾਲੇ ਹੋਣਗੇ । ਉਸ ਹਰ ਧੀ ਦੇ ਮਨ ਦੀਆਂ ਸੱਧਰਾਂ ਇੱਕ-ਇੱਕ ਕਰਕੇ ਤਿੜਕ ਰਹੀਆਂ ਨੇ ਜਦੋਂ ਉਨ੍ਹਾਂ ਦਾ ਸਿਰ ਦਾ ਸਾਈਂ ਕਿਸੇ ਖੇਤ ਦੀ ਮੋਟਰ ਤੋਂ ਪਰਿਵਾਰ ਨੂੰ ਰਾਤ ਦੇ ਦਸ ਵਜੇ ਅੱਧਮੋਈ ਹਾਲਤ 'ਚ ਲੱਭਦੈ, ਜਿਸ ਦੇ ਮੂੰਹ ਚੋਂ ਝੱਗ ਨਿਕਲ ਰਹੀ ਹੁੰਦੀ ਹੈ । ਮਾਵਾਂ , ਭੈਣਾਂ ਅਤੇ ਪਤਨੀਆਂ ਦੀ ਕਰੁਣਾਮਈ ਹਾਲਤ ਤੋਂ ਬਾਅਦ ਇਸ ਸਾਰੇ ਵਰਤਾਰੇ ਦਾ ਇੱਕ ਖਤਰਨਾਕ ਪਹਿਲੂ ਇਹ ਵੀ ਹੈ ਜਿਸ ਨੂੰ ਸਾਡਾ ਸਮਾਜ ਅਕਸਰ ਅਣਗੌਲਿਆ ਕਰ ਦਿੰਦਾ ਹੈ ਜਾਂ ਜਾਣ ਬੁੱਝ ਕੇ ਇਨ੍ਹਾਂ ਗੱਲਾਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਹੀ ਨਹੀਂ ਕਰਦਾ । ਅੱਜ ਹਾਲਾਤ ਇੱਥੋਂ ਤੱਕ ਭਿਆਨਕ ਹੋ ਚੁੱਕੇ ਨੇ ਕਿ ਚਿੱਟੇ ਦਾ ਸੇਵਨ ਕਰਨ ਵਾਲੇ ਨੌਜਵਾਨਾਂ ਵਿੱਚੋਂ ਬਹੁਤ ਸਾਰੇ ਪਿਓ ਬਣਨ ਦੇ ਕਾਬਲ ਵੀ ਨਹੀਂ ਹਨ , ਰੂਹ ਤੱਕ ਕੰਬ ਜਾਂਦੀ ਹੈ ਇਸ ਪਹਿਲੂ ਨੂੰ ਵਾਚਦਿਆਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਪੂਰੀ ਦੁਨੀਆਂ ਅੰਦਰ ਨਰੋਏ ਜੁੱਸਿਆਂ ਦੇ ਤੌਰ ਤੇ ਜਾਣੇ ਜਾਂਦੇ ਪੰਜਾਬੀ ਕਦੇ ਆਪਣੀ ਵੰਸ਼ ਨੂੰ ਅੱਗੇ ਵਧਾਉਣ ਜੋਗੇ ਵੀ ਨਹੀਂ ਰਹਿਣਗੇ ।
                      ‎     ਬੀਤੇ ਦਿਨ ਕੋਰੋਨਾ ਦੀ ਦਸਤਕ ਨੇ ਭਾਵੇਂ ਪੰਜਾਬ ਦੇ ਪਿੰਡਾਂ ਅੰਦਰ ਚਿੱਟੇ ਦੀ ਚੇਨ ਨੂੰ ਤੋੜਨ ਦਾ ਕੰਮ ਜ਼ਰੂਰ ਕੀਤਾ ਸੀ ਪਰ ਜਿਉਂ-ਜਿਉਂ ਸਮਾਂ ਬੀਤਦਾ ਗਿਆ ਤਿਉਂ-ਤਿਉਂ ਨਸ਼ੇ ਦੇ ਸੌਦਾਗਰ ਮੁੜ ਸਰਗਰਮ ਹੋਣ ਲੱਗੇ ਹਨ । ਇਸ ਸਾਰੇ ਘਟਨਾਕ੍ਰਮ ਨੂੰ ਲੈ ਕੇ ਸਰਕਾਰ ਅਤੇ ਪੁਲਿਸ ਤੇ ਸਵਾਲ ਉੱਠਣੇ ਲਾਜ਼ਮੀ ਨੇ ਕਿਉਂਕਿ ਜੇਕਰ ਸਰਕਾਰ ਅਤੇ ਪੁਲਿਸ ਚਾਹੇ ਤਾਂ ਉਹ ਚਿੜੀ ਵੀ ਨਹੀਂ ਫਟਕਣ ਦਿੰਦੀ ਫਿਰ ਇਹ ਨਸ਼ਾ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਦਾ ਕਿਵੇਂ ਹੈ , ਬਹੁਤੇ ਲੋਕਾਂ ਲਈ ਇਹ ਵੀ ਅਜੇ ਤੱਕ ਇਕ ਬੁਝਾਰਤ ਬਣੀ ਹੋਈ ਹੈ । ਇਸ ਮਾੜੀ ਅਲਾਮਤ ਦੇ ਖਿਲਾਫ ਲੰਬੇ ਸਮੇਂ ਤੋਂ ਕੰਮ ਕਰ ਰਹੇ ਪੁਲਿਸ ਅਫ਼ਸਰਾਂ ਦਾ ਆਖਣਾ ਹੈ ਕਿ ਅਦਾਲਤਾਂ ਵਿੱਚ ਇਸ ਨਸ਼ੇ ਨੂੰ ਸਾਬਤ ਕਰਨ ਦਾ ਕੰਮ ਬਹੁਤ ਔਖੈ , ਪੁਲਿਸ ਦੇ ਦਰਜ ਕੀਤੇ ਮਾਮਲੇ ਅਦਾਲਤਾਂ ਵਿੱਚ ਜਾ ਕੇ ਧੜਾਧੜ ਫੇਲ ਹੋ ਜਾਂਦੇ ਹਨ ਅਤੇ ਦੋਸ਼ੀ ਕੁਝ ਦਿਨਾਂ ਬਾਅਦ ਫੇਰ ਬਾਹਰ ਆ ਜਾਂਦਾ ਹੈ । ਜਦਕਿ ਹਕੀਕਤ ਵਿੱਚ ਇਹ ਨਸ਼ਾ ਇੱਕ ਆਮ ਇਨਸਾਨ ਨੂੰ ਕੁਝ ਸਮਾਂ ਸੇਵਨ ਕਰਨ ਤੋਂ ਬਾਅਦ ਕਿਸੇ ਪਾਸੇ ਜੋਗਾ ਨਹੀਂ ਰਹਿਣ ਦਿੰਦਾ , ਇਸ ਸੱਚ ਤੋਂ ਪਰਦਾ ਚੁੱਕਣਾ ਵੀ ਅੱਜ ਸਮੇਂ ਦੀ ਮੰਗ ਹੈ ।
                      ‎     ਨਸ਼ੇ ਨਾਲ ਸਰੀਰ ਤੋਂ ਇਲਾਵਾਂ ਮਰ ਰਹੀ 'ਇਨਸਨੀ ਰੂਹ' ਦੇ ਪੱਖ ਤੋਂ ਪਰੇ ਹੋ ਕੇ ਜੇਕਰ ਥੋੜ੍ਹਾ ਜਿਹਾ ਧਿਆਨ ਆਰਥਿਕ ਪੱਖ ਤੇ ਵੀ ਮਾਰੀਏ ਤਾਂ ਕਹਾਣੀ ਇੱਥੇ ਵੀ ਲੂੰ ਕੰਡੇ ਖਡ਼੍ਹੇ ਕਰਨ ਵਾਲੀ ਹੈ ਕਿ ਕਿੰਝ ਇੱਕ ਬਦਨਸੀਬ ਨੌਜਵਾਨ ਆਪਣੇ ਘਰ ਦਾ ਸਾਮਾਨ ਵੇਚਣ ਤੋਂ ਲੈ ਕੇ ਮੋਬਾਈਲ ਫੋਨਾਂ ਤੱਕ ਨੂੰ ਗਹਿਣੇ ਰੱਖ ਕੇ ਨਸ਼ੇ ਦੀ ਪੂਰਤੀ ਕਰਦਾ ਹੈ ਜਿਸ ਦੀ ਘੱਟ ਤੋਂ ਘੱਟ ਕੀਮਤ 2 ਹਜ਼ਾਰ ਤੋਂ ਲੈ ਕੇ 5 ਹਜ਼ਾਰ ਰੁਪਏ ਤੱਕ ਪ੍ਰਤੀ ਦਿਨ ਹੈ । ਇਹ ਵੀ ਘੱਟ ਦੁਖਦਾਈ ਨਹੀਂ ਹੈ ਕਿ ਕਈ ਤਾਂ ਨਸ਼ੇ ਦੀ ਤੋੜ ਦੇ ਮਾਰੇ ਆਪਣੀਆਂ ਪਤਨੀਆਂ ਅਤੇ ਬੱਚਿਆਂ ਤੱਕ ਨੂੰ ਨਾਲ ਲੈ ਕੇ ਨਸ਼ਾ ਵੇਚਣ ਵਾਲਿਆਂ ਕੋਲ ਪਹੁੰਚਦੇ ਹਨ ਫਿਰ ਜੋ ਉੱਥੇ ਹੁੰਦੈ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ । ਇਹ ਦਰਦ ਕਹਾਣੀ ਇੱਕ ਪਿੰਡ ਜਾਂ ਇਲਾਕੇ ਦੀ ਨਹੀਂ ਹੁਣ ਇਹ ਪੰਜ ਦਰਿਆਵਾਂ ਦੀ ਧਰਤੀ ਦੇ ਹਰ ਉਸ ਹਿੱਸੇ ਦੀ ਦਾਸਤਾਨ ਬਣਦੀ ਜਾ ਰਹੀ ਹੈ ਜਿਸ ਦੇ ਜ਼ਰੇ-ਜ਼ਰੇ ਵਿੱਚੋਂ ਕਦੇ ਸ਼ਹੀਦਾਂ ਦੇ ਖੂਨ ਦੀ ਮਹਿਕ ਉਠਦੀ ਸੀ । ਚੰਗਾ ਹੋਵੇ ਸਰਕਾਰ , ਸਮਾਜ ਸੇਵੀ ਜਥੇਬੰਦੀਆਂ ਅਤੇ ਅਸੀਂ ਬਰਬਾਦ ਹੋ ਰਹੀ  ਪੰਜਾਬ ਦੀ ਜੁਆਨੀ ਲਈ ਕੋਈ ਉਚਿੱਤ ਕਦਮ ਚੁੱਕੀੲੇ ਤਾਂ ਕਿ ਅਸੀਂ ਮੁੜ ਤੋਂ ਉਸ ਰੰਗਲੇ ਪੰਜਾਬ ਦੇ ਦਰਸ਼ਨ ਕਰ ਸਕੀਏ ਜਿਸ ਨੂੰ ਅਸੀਂ ਅਕਸਰ ਇਤਿਹਾਸ ਵਿੱਚ ਪੜ੍ਹਦੇ ਅਤੇ ਸੁਣਦੇ ਹਾਂ ।

ਮਨਜਿੰਦਰ ਸਿੰਘ ਸਰੌਦ
ਮਾਲੇਰਕੋਟਲਾ
‎94634-63136