ਚਿੱਠੀ, ਆਪਣੀ ਰੀਨਾ ਦੇ ਨਾਂਅ! - ਡਾ. ਬਲਵੀਰ ਮੰਨਣ

ਮੇਰੀ ਪਿਆਰੀ! ਤੇਰੇ ਸੋਹਣੇ ਚਿਹਰੇ ਦਾ ਤੇਜ, ਇਨ੍ਹਾਂ ਵਿਆਹ ਤੋਂ ਮਗਰੋਂ ਬੀਤੇ ਸਾਲਾਂ ਵਿੱਚ, ਇਸ ਸਾਡੇ ਨਵੇਂ ਬਣੇ ਘਰ ਦੀ ਚਮਕ ਵਿੱਚ ਵਟ ਗਿਆ ਹੈ। ਇਸ ਘਰ ਦੀ ਇਮਾਰਤ ਦੀ ਮਜ਼ਬੂਤੀ ਤੇਰੀ ਦੇਹ ਦੀ ਜੀਵਨ-ਸੱਤਾ ਹੈ। ਇਹ ਇਮਾਰਤ ਮਜ਼ਬੂਤ ਬਣ ਬੈਠੀ ਹੈ ਤੇ ਤੇਰੀ ਰੇਸ਼ਮੀ ਦੇਹ 'ਤੇ ਵੱਟ ਪੈ ਗਏ ਨੇ। ਤੇਰੀ ਦੇਹ ਦੀ ਚੰਚਲਤਾ, ਇਸਦੀ ਲਚਕਤਾ ਇਸ ਘਰ ਦੀ ਜੀਵੰਤਤਾ ਤੋਂ ਕੁਰਬਾਨ ਹੋ ਗਈ ਹੈ। ਤੇਰੇ ਸੋਹਣੇ-ਸੰਘਣੇ ਵਾਲਾਂ ਦਾ ਸ਼ਾਹ ਕਾਲ਼ਾ ਰੰਗ ਇਸ ਘਰ ਦੀਆਂ ਦੀਵਾਰਾਂ ਤੇ ਛੱਤਾਂ 'ਤੇ ਕਈ ਰੰਗਾਂ ਵਿੱਚ ਬਿਖਰ ਕੇ ਪਸਰ ਗਿਆ ਹੈ। ਕਹਿੰਦੇ ਨੇ ਕਿ ਕਾਲ਼ੇ ਰੰਗ ਵਿੱਚ ਸਾਰੇ ਰੰਗ ਸਮੋਏ ਹੋਏ ਹੁੰਦੇ ਨੇ; ਇਹ ਸਾਰੇ ਰੰਗਾਂ ਦਾ ਮਿਸ਼ਰਨ ਹੁੰਦਾ ਹੈ। ਤੇ ਇਹ ਮਿਸ਼ਰਨ -ਤੇਰੀ ਲਗਨ, ਤੇਰੇ ਸਮਰਪਣ ਸਾਹਵੇਂ ਝੁਕਦਾ ਹੋਇਆ ਆਪਣੇ ਉਪ-ਭਾਗਾਂ ਵਿੱਚ ਨਿੱਖੜ ਕੇ ਘਰ ਦੀਆਂ ਕੰਧਾਂ ਅਤੇ ਛੱਤਾਂ 'ਤੇ ਸੋਹਣਾ-ਸੋਹਣਾ ਜਾ ਬਿਸਤਰਿਆ ਹੈ।
ਪਿਆਰੀ! ਤੇਰੇ ਸਫ਼ੈਦ ਹੋ ਰਹੇ ਵਾਲਾਂ ਦੀ ਦਿੱਖ ਬੜੀਆਂ ਬਾਤਾਂ ਪਾਉਂਦੀ ਹੈ। ਹਾਂ, ਇਹ ਬਾਤਾਂ ਤੂੰ ਆਪਣੇ ਮੂੰਹੋਂ ਕਦੇ ਵੀ ਨਹੀਂ ਪਾਈਆਂ ਪਰ ਦਿਲ ਹੁਣ ਮੇਰਾ ਵੀ ਇਨ੍ਹਾਂ ਅਣ-ਪਾਈਆਂ ਬਾਤਾਂ ਨੂੰ ਬੁੱਝਣ ਲੱਗ ਪਿਆ ਹੈ। ਤੇਰੇ ਚਿੱਟੇ ਹੁੰਦੇ ਵਾਲਾਂ ਵਾਂਗ, ਮੈਨੂੰ ਜਾਪਦੈ, ਮੇਰਾ ਦਿਲ ਵੀ ਕੁਝ-ਕੁਝ ਚਿੱਟਾ ਹੋਣ ਲੱਗ ਪਿਐ। ਨਹੀਂ ਤਾਂ ਪਹਿਲਾਂ ਇਹ, ਤੇਰੇ ਵਿਆਹੀ ਆਈ ਦੇ ਸ਼ਾਹ ਕਾਲ਼ੇ ਵਾਲਾਂ ਨਾਲੋਂ ਵੀ, ਬੜਾ ਕਾਲ਼ਾ ਸੀ। ਹੁਣ ਮੈਨੂੰ ਵੀ ਕੁਝ-ਕੁਝ ਤੇਰੇ ਸਮਰਪਣ ਦੀ, ਤੇਰੀ ਸੁੱਚੀ ਲਗਨ ਦੀ ਸਮਝ ਪੈਣ ਲੱਗੀ ਹੈ ਤੇ ਮੇਰੇ ਦਿਲ ਦੀ ਇਹ ਚਿਟੱਤਣ, ਇਸ ਦਿਲ ਵਿੱਚ ਤੇਰਾ ਸੁੱਚਾ ਅਕਸ ਵਸਣ ਤੋਂ ਹੀ ਹੋਈ ਹੈ। ਵਰਨਾ ਐਸਾ ਮੈਂ ਪਹਿਲੇ ਕਦੇ ਨਹੀਂ ਸਾਂ।
ਉਹ ਪ੍ਰਿਯ! ਇਸ ਘਰ ਵਿਚਲੀ ਹਰਕਤ; ਬੱਚਿਆਂ ਦਾ ਹੱਸਣਾ, ਉਨ੍ਹਾਂ ਦਾ ਖੇਡਣਾ ਸਿਰਫ਼ ਤੇਰੀ ਹੋਂਦ ਦਾ ਮੁਥਾਜ ਹੈ। ਵਰਨਾ ਜਦੋਂ ਤੂੰ ਕਦੇ ਘਰ ਨਾ ਹੋਵੇਂ ਤਾਂ ਇਹ ਘਰ, ਜਿਵੇਂ ਘਰ ਨਹੀਂ ਹੁੰਦਾ। ਕੋਈ ਰੁਮਕਣ ਨਹੀਂ, ਬੱਚਿਆਂ ਦਾ ਕੋਈ ਹਾਸਾ ਨਹੀਂ। ਬੱਚਿਆਂ ਵਾਂਗ ਹੀ ਘਰ ਦਾ ਕਨੋਾ-ਕਨੋਾ ਚੁੱਪ। ਹਾਂ, ਮੇਰੇ ਆਖਿਆਂ ਜੇ ਬੱਚੇ ਖੇਡਣ ਲੱਗ ਵੀ ਪੈਣ ਤਾਂ ਉਨ੍ਹਾਂ ਦੀ ਖੇਡ ਵਿੱਚ ਉਹ ਖ਼ੁਸ਼ੀ, ਉਹ ਚਾਅ ਨਹੀਂ ਹੁੰਦਾ ૶ਜੋ ਤੇਰੇ, ਘਰ ਵਿੱਚ ਹੁੰਦਿਆਂ -ਉਨ੍ਹਾਂ ਦੇ ਖੇਡਣ ਵਿੱਚ ਹੁੰਦਾ ਹੈ। ਉਨ੍ਹਾਂ ਦੇ ਚਾਅ, ਉਨ੍ਹਾਂ ਦੀ ਖ਼ੁਸ਼ੀ, ਉਨ੍ਹਾਂ ਦੀ ਖੇਡ ਦਾ ਕਾਰਨ ਸਿਰਫ਼ ਤੂੰ ਹੈਂ। ਮੈਂ ਤਾਂ ਆਪਣੇ-ਆਪ ਨੂੰ ਅਕਸਰ ਘਰ ਦਾ ਵਾਧੂ ਜਿਹਾ ਸੰਚਾਲਕ ਮੰਨਦਾ ਹਾਂ; ਅਸਲ ਚਾਲਕ ਤੂੰ ਹੈਂ। ਮੇਰੇ ਨਾ ਹੁੰਦਿਆਂ ਸ਼ਾਇਦ ਇਹ ਘਰ ਹੋਰ ਚੰਗਾ ਚੱਲੇ, ਕਿਉਂਜੋ ਟੀਕਾ-ਟਿੱਪਣੀ ਨਾ ਰਹੇ, ਵਾਧੂ ਦੀ ਦਖ਼ਲ-ਅੰਦਾਜ਼ੀ ਨਾ ਰਹੇ; ਮੈਨੂੰ ਇੰਞ ਜਾਪਦਾ ਹੈ। ਪਰ ਮੈਂ ਇਹ ਵੀ ਜਾਣਦਾ ਹਾਂ ਕਿ, ਕਿਤੇ ਨਾ ਕਿਤੇ, ਤੇਰੀ ਖ਼ੁਸ਼ੀ ਵੀ ਮੇਰੇ ਨਾਲ ਜੁੜੀ ਹੋਈ ਹੈ। ਸੋ, ਮੈਂ ਆਪਣੀ ਹੋਂਦ ਪ੍ਰਤਿ ਸੰਤੁਸ਼ਟ ਹਾਂ।
ਸੋਚਦਾ ਹਾਂ, ਸੁਆਣੀ ਤੋਂ ਬਿਨਾ ਘਰ ਨਿਰਜਿੰਦ ਹੋ ਜਾਂਦੇ ਹਨ ਤੇ ਸੁਆਣੀ ਦੇ ਹੁੰਦਿਆਂ ਵੀਰਾਨੇ ਘਰਾਂ ਵਿੱਚ ਵੀ ਬਹਾਰਾਂ ਆਣ ਆਲ੍ਹਣੇ ਪਾਂਦੀਆਂ ਹਨ। ਵਿਆਹ ਮੌਕੇ ਮੇਰੇ ਕੋਲ ਬਸ ਇੱਕ ਕਮਰਾ ਸੀ ਪਰ ਤੇਰੀ ਲਗਨ, ਤੇਰੀ ਮਿਹਨਤ, ਤੇਰੇ ਤਿਆਗ ਨੇ ਅੱਜ ਸਭ ਮੇਰੀ ਝੋਲੀ ਪਾ ਦਿੱਤਾ ਹੈ। ਪਰ ਮੈਨੂੰ ਪਤਾ ਹੈ, ਮੇਰੀ ਇਸ ਭਰੀ ਹੋਈ ਝੋਲੀ ਵਿਚਲਾ ਸਭ ਤੋਂ ਕੀਮਤੀ ਲਾਲ 'ਤੂੰ' ਹੈਂ।

(ਡਾ. ਬਲਵੀਰ ਮੰਨਣ)
ਮੋਬ. 94173-45485