ਖਾਲਿਸਤਾਨ ਦੀ ਮੰਗ ਬਨਾਮ ਸਿਖ-ਜਗਤ? - ਜਸਵੰਤ ਸਿੰਘ 'ਅਜੀਤ'

36 ਵਰ੍ਹੇ ਪਹਿਲਾਂ ਸ੍ਰੀ ਹਰਿਮੰਦਿਰ ਸਾਹਿਬ ਕੰਪਲੈਕਸ ਵਿੱਚ ਵਾਪਰੇ ਨੀਲਾਤਾਰਾ ਸਾਕੇ ਦੌਰਾਨ ਹੋਏ ਸ਼ਹੀਦਾਂ ਨੂੰ ਯਾਦ ਕਰ, ਉਨ੍ਹਾਂ ਪ੍ਰਤੀ ਸ਼ਰਧਾਂਜਲੀ ਭੇਂਟ ਕਰਨ ਲਈ ਹਰ ਸਾਲ ਵਾਂਗ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵਿਸ਼ੇਸ਼ ਸ਼ਹੀਦੀ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਸਮਾਪਤੀ ਤੋਂ ਬਾਅਦ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ, ਆਪਣੇ ਸਕਤ੍ਰੇਤ ਵਿੱਚ ਪਤ੍ਰਕਾਰਾਂ ਨਾਲ ਹੋਈ ਮੁਲਾਕਾਤ ਦੇ ਦੌਰਾਨ, ਕੁਝ ਸਿੱਖ ਜੱਥੇਬੰਦੀਆਂ ਵਲੋਂ ਕੀਤੀ ਜਾ ਰਹੀ ਖਾਲਿਸਤਾਨ ਦੀ ਮੰਗ ਦੇ ਸੰਬੰਧ ਵਿੱਚ ਪੁਛੇ ਗਏ ਇੱਕ ਸੁਆਲ ਦਾ ਜਵਾਬ ਦਿੰਦਿਆਂ ਹੋਇਆਂ ਕਿਹਾ ਕਿ ਜੇ ਭਾਰਤ ਸਰਕਾਰ (ਥਾਲੀ ਵਿੱਚ ਪਰੋਸ ਕੇ) ਖਾਲਿਸਤਾਨ ਸਾਨੂੰ ਦੇਵੇ ਤਾਂ ਅਸੀਂ ਉਸਨੂੰ ਸਵੀਕਾਰ ਕਰ ਲਵਾਂਗੇ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸੰਸਾਰ ਦਾ ਕਿਹੜਾਂ ਸਿੱਖ ਹੈ ਜੋ ਖਾਲਿਸਤਾਨ ਨਹੀਂ ਚਾਹੁੰਦਾ? ਉਨ੍ਹਾਂ ਇਹ ਵੀ ਕਿਹਾ ਕਿ ਸੰਤ ਭਿੰਡਰਾਂਵਾਲੇ ਦੀ ਸੋਚ ਨੂੰ ਜ਼ਿੰਦਾ ਰਖਣਾ ਜ਼ਰੂਰੀ ਹੈ ਅਤੇ ਸਾਡੇ ਕੌਮੀ ਜਰਨੈਲਾਂ ਨੇ ਜਿਨ੍ਹਾਂ 'ਟੀਚਿਆਂ' ਦੀ ਪ੍ਰਾਪਤੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ, ਉਨ੍ਹਾਂ ਦੀ ਪ੍ਰਾਪਤੀ ਲਈ ਸਮੁਚੀ ਸਿੱਖ ਕੌਮ ਨੂੰ ਰਾਜਸੀ ਅਤੇ ਗੁਟਬੰਦੀ ਤੋਂ ਉਪਰ ਉਠ ਸਿਰ-ਜੋੜ ਕੇ ਚਲਣਾ ਹੋਵੇਗਾ (ਤਾਂ ਜੋ ਬਾਦਲਕਿਆਂ ਦੀ ਸਿੱਖਾਂ ਦਾ ਰਾਜਸੀ ਤੇ ਭਾਵਨਾਤਮਕ ਸ਼ੋਸ਼ਣ ਕਰਨ ਦੀ ਰਣਨੀਤੀ ਕਾਮਯਾਬ ਹੁੰਦੀ ਰਹੇ)। ਇਸ ਮੌਕੇ ਤੇ ਮੌਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਗੋਬਿੰਦ ਸਿਂਘ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਵਿਚਾਰਾਂ ਦਾ ਸਮਰਥਨ ਕਰਦਿਆਂ ਦਾਅਵਾ ਕੀਤਾ ਕਿ ਕੋਈ ਵੀ ਸਿੱਖ ਉਨ੍ਹਾਂ ਦੀ ਕਿਹੀ ਗਲ ਨੂੰ ਸਵੀਕਾਰ ਕਰਨ ਤੋਂ ਇਨਕਾਰ ਨਹੀਂ ਕਰ ਸਕਦਾ। ਦਿਲਚਸਪ ਗਲ ਇਹ ਵੀ ਰਹੀ ਕਿ ਜਦੋਂ ਸ. ਗੋਬਿੰਦ ਸਿੰਘ ਪਾਸੋਂ ਵਖਰਿਆਂ ਖਾਲਿਸਤਾਨ ਦੀ ਮੰਗ ਦੇ ਸੰਬੰਧ ਵਿੱਚ ਅਜਿਹਾ ਹੀ ਸਵਾਲ ਪੁਛਿਆ ਗਿਆ ਤਾਂ ਉਹ ਉਸਦਾ ਜਵਾਬ ਟਾਲ ਗਏ। 


ਖਾਲਿਤਾਨ ਦੀ ਮੰਗ ਬਨਾਮ ਆਮ ਸਿੱਖ: ਜਿਥੋਂ ਤਕ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਅਜਿਹਾ ਕਹਿਣ ਕਿ ਜੇ ਭਾਰਤ ਸਰਕਾਰ (ਥਾਲੀ ਵਿੱਚ ਪਰੋਸ ਕੇ) ਖਾਲਿਸਤਾਨ ਸਾਨੂੰ ਦੇਵੇ ਤਾਂ ਅਸੀਂ ਉਸਨੂੰ ਸਵੀਕਾਰ ਕਰ ਲਵਾਂਗੇ। ਇਸ ਦ੍ਰਿਸ਼ਟੀ ਤੋਂ ਤਾਂ ਅਨੁਚਿਤ ਨਹੀਂ ਮੰਨਿਆ ਜਾ ਸਕਦਾ ਕਿ ਉਨ੍ਹਾਂ ਨੇ ਖਾਲਿਸਤਾਨ ਦੀ ਮੰਗ ਨਾਲ ਸੰਬੰਧਤ ਸੁਆਲ ਦੀ ਗੇਂਦ ਭਾਰਤ ਸਰਕਾਰ ਦੇ ਪਾਲੇ ਵਿੱਚ ਸੁਟ, ਖਾਲਿਸਤਾਨ ਦੀ ਮੰਗ ਕਰ ਰਹੀਆਂ ਜੱਥੇਬੰਦੀਆਂ ਦੀਆਂ ਨਜ਼ਰਾਂ ਵਿੱਚ ਆਪਣੇ-ਆਪਨੂੰ 'ਸੁਰਖਰੂ  ਕਰ ਲਿਆ। ਪ੍ਰੰਤੂ ਉਨ੍ਹਾਂ ਨੇ ਇਹ ਕਹਿ ਕਿ ਕਿਹੜਾ ਸਿੱਖ ਹੈ ਜੋ ਖਾਲਿਸਤਾਨ ਨਹੀਂ ਚਾਹੁੰਦਾ?, ਇੱਕ ਨਵਾਂ ਸੁਆਲ ਖੜਾ ਕਰ ਦਿੱਤਾ ਹੈ। ਉਨ੍ਹਾਂ ਦੇ ਇਸ ਕਥਨ ਪੁਰ ਇਹ ਸੁਆਲ ਉਠਾਇਆ ਜਾਣ ਲਗਾ ਹੈ ਕਿ ਕੀ ਸੱਚਮੁਚ ਸਮੁਚਾ ਸਿੱਖ-ਜਗਤ ਅਰਥਾਤ ਹਰ ਸਿੱਖ ਖਾਲਿਸਤਾਨ ਦੀ ਸਥਾਪਨਾ ਦਾ ਸਮਥਰਕ ਹੈ? ਇਸ ਸੰਬੰਧ ਵਿੱਚ ਜਦੋਂ ਪੰਜਾਬ ਦੀ ਰਾਜਨੀਤੀ ਦੇ ਨਾਲ ਜੁੜੇ ਚਲੇ ਆ ਰਹੇ ਰਾਜਸੀ ਮਾਹਿਰਾਂ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਧਾਰਮਕ ਵਖਵਾਦ ਦੀ ਗਲ ਪੂਰੀ ਤਰ੍ਹਾਂ ਖਤਮ ਹੋ ਚੁਕੀ ਹੈ। ਇਸਦਾ ਕਾਰਣ ਉਹ ਇਹ ਮੰਨਦੇ ਹਨ ਕਿ ਬੀਤੇ ਸਮੇਂ ਵਿੱਚ ਵਖਵਾਦ ਦੇ ਨਾਂ 'ਤੇ ਪੰਜਾਬੀਆਂ, ਜਿਨ੍ਹਾਂ ਵਿੱਚ ਸਿੱਖ ਵੀ ਸ਼ਾਮਲ ਹਨ, ਨੇ ਜੋ ਲੰਮਾ ਸੰਤਾਪ ਭੋਗਿਆ ਹੈ, ਉਸ ਸੰਤਾਪ ਦੀਆਂ ਅਨ੍ਹੇਰੀਆਂ ਗਲੀਆਂ ਵਿੱਚ ਉਹ ਫਿਰ ਤੋਂ ਭਟਕਣਾ ਨਹੀਂ ਚਾਹੁੰਦੇ।


ਇੱਕ ਝਾਤ ਵਰਤਮਾਨ ਸਿੱਖ ਸਥਿਤੀ 'ਤੇ : ਜੇ ਸਿੱਖ ਜਗਤ ਦੀ ਵਰਤਮਾਨ ਸਥਿਤੀ ਦੇ ਸਬੰਧ ਵਿੱਚ ਗੰਭੀਰਤਾ ਨਾਲ ਘੋਖਵੀਂ ਵਿਚਾਰ ਕੀਤੀ ਜਾਏ ਤਾਂ ਇਹ ਗਲ ਸਪਸ਼ਟ ਰੂਪ ਵਿੱਚ ਉਭਰ ਕੇ ਸਾਹਮਣੇ ਆ ਜਾਂਦੀ ਹੈ ਕਿ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦੇ ਦਾਅਵੇਦਾਰ ਅਕਾਲੀ ਮੁੱਖੀਆਂ ਦਾ ਆਪੋ ਵਿੱਚ ਮਿਲ ਕੇ ਇਕੱਠਿਆਂ ਰਹਿਣਾ ਤਾਂ ਦੂਰ ਰਿਹਾ, ਉਨ੍ਹਾਂ ਦਾ ਕਿਸੇ ਇੱਕ ਮੁੱਦੇ ਤੇ ਵੀ ਆਪੋ ਵਿੱਚ ਮਿਲ ਬੈਠਣਾ ਸੰਭਵ ਨਹੀਂ ਰਹਿ ਗਿਆ ਹੋਇਆ। ਜਦੋਂ ਕਦੀ ਵੀ ਇਨ੍ਹਾਂ ਅਕਾਲੀ ਮੁੱਖੀਆਂ ਵਿੱਚ ਮਤਭੇਦ ਪੈਦਾ ਹੁੰਦੇ ਹਨ ਤਾਂ ਇੱਕ ਨਵਾਂ ਅਕਾਲੀ ਦਲ ਹੋਂਦ ਵਿੱਚ ਆ ਜਾਂਦਾ ਹੈ। ਬੀਤੇ ਕਾਫੀ ਲੰਮੇਂ ਸਮੇਂ ਤੋਂ ਇਹ ਸਿਲਸਿਲਾ ਲਗਾਤਾਰ ਚਲਦਾ ਆ ਰਿਹਾ ਹੈ। ਅੱਜ ਕਿਤਨੇ ਅਕਾਲੀ ਦਲ ਹੋਂਦ ਵਿੱਚ ਹਨ ਅਤੇ ਕਿਤਨੇ ਅਤੀਤ ਦੇ ਗ਼ਰਭ ਵਿੱਚ ਸਮਾ ਗਏ ਹੋਏ ਹਨ, ਉਨ੍ਹਾਂ ਦੇ ਨਾਂ ਦਸ ਪਾਣਾ ਤਾਂ ਦੂਰ ਰਿਹਾ, ਉਨ੍ਹਾਂ ਦੀ ਗਿਣਤੀ ਕਰ ਪਾਣਾ ਵੀ ਸੰਭਵ ਨਹੀਂ ਰਹਿ ਗਿਆ ਹੋਇਆ।
ਇਹ ਸਥਿਤੀ ਤਾਂ ਰਾਜਸੀ ਖੇਤ੍ਰ ਦੀ ਹੈ। ਜੇ ਵੇਖਿਆ ਜਾਏ ਤਾਂ ਧਾਰਮਕ ਖੇਤ੍ਰ ਵਿੱਚ ਵੀ ਇਸ ਨਾਲੋਂ ਕੋਈ ਵਖਰੀ ਸਥਿਤੀ ਨਹੀਂ। ਛੋਟੀ ਜਿਹੀ ਸਿੰਘ ਸਭਾ, ਜੋ ਆਪਣੇ ਇਲਾਕੇ ਦੇ ਇੱਕ ਛੋਟੇ ਜਿਹੇ ਗੁਰਦੁਆਰੇ ਦਾ ਪ੍ਰਬੰਧ ਸੰਭਾਲਦੀ ਹੈ, ਵਿੱਚ ਜਦੋਂ ਵੀ ਉਸਦੇ ਪ੍ਰਬੰਧਕਾਂ ਵਿੱਚ ਕਿਸੇ ਗਲ ਨੂੰ ਲੈ ਕੇ ਅਨਬਣ ਹੋ ਜਾਂਦੀ ਹੋ ਜਾਂਦੇ ਹਨ, ਤਾਂ ਝਟ ਹੀ ਇਕ ਨਵੀਂ ਸਿੰਘ ਸਭਾ ਜਨਮ ਲੈ ਲੈਂਦੀ ਹੈ। ਫਲਸਰੂਪ ਛੋਟੀਆਂ-ਛੋਟੀਆਂ ਕਾਲੌਨੀਆਂ ਵਿੱਚ ਇਕੋ ਹੀ ਸੜਕ ਤੇ ਸਥਿਤ ਕਈ ਗੁਰਦੁਆਰੇ ਨਜ਼ਰ ਆਉਣ ਲਗਦੇ ਹਨ। ਅਜਿਹੀ ਸਥਿਤੀ ਵਿੱਚ ਸੁਆਲ ਉਠਦਾ ਹੈ ਕਿ ਜੇ ਖਾਲਿਸਤਾਨ, ਜਿਸਦੇ ਸੰਬੰਧ ਵਿੱਚ ਅਜੇ ਤਕ ਨਾਂ ਤਾਂ ਉਸਦੀਆਂ ਸਰਹਦਾਂ ਦਾ ਅਤੇ ਨਾਂ ਹੀ ਉਸਦੇ ਸੰਵਿਧਾਨ ਦਾ ਖੁਲਾਸਾ ਕੀਤਾ ਗਿਆ ਹੈ, ਦੀ ਮੰਗ ਕਰ ਰਿਹਾਂ ਦੀ ਮੰਗ ਪੂਰੀ ਹੋ ਵੀ ਜਾਂਦੀ ਹੈ ਤਾਂ ਕੀ ਇਹ (ਖਾਲਿਸਤਾਨ ਦੀ) ਮੰਗ ਕਰਨ ਵਾਲੇ ਉਸਨੂੰ ਸੰਭਾਲ ਪਾਣਗੇ ਜਾਂ ਫਿਰ ਉਨ੍ਹਾਂ ਵਿੱਚ ਪੈਦਾ ਹੋਣ ਵਾਲੇ ਮਤਭੇਦ ਜਾਂ ਹੋਣ ਵਾਲੀ ਅਨਬਣ ਇੱਕ ਖਾਲਿਸਤਾਨ ਵਿੱਚ ਹੋਰ ਨਵੇਂ ਤੋਂ ਨਵੇਂ ਖਾਲਿਸਤਾਨਾਂ ਦੇ ਜਨਮ ਲੈਣ ਦਾ ਕਾਰਣ ਬਣਦੀ ਚਲੀ ਜਾਇਗੀ?

ਗਲ ਸਿੱਖ ਸਿਧਾਂਤਾਂ ਦੀ : ਹਾਲਾਂਕਿ ਗਲ ਕੁਝ ਚੁਭਣ ਵਾਲੀ ਹੈ, ਪਰ ਹੈ ਸੱਚ! ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਜਬਰ-ਜ਼ੁਲਮ ਵਿਰੁਧ ਸੰਘਰਸ਼ ਅਤੇ ਅਨਿਆਇ ਦਾ ਵਿਰੋਧ ਕਰ, ਗ਼ਰੀਬ-ਮਜ਼ਲੂਮ ਦੀ ਰਖਿਆ ਕਰਨ ਦਾ ਜੋ ਸੰਕਲਪ ਦਿੱਤਾ ਹੈ, ਉਹ ਸੱਤਾ ਨਾਲ ਉਸਦੀ ਗੋਟੀ ਨਹੀਂ ਬਿਠਾਣ ਦਿੰਦਾ। ਇਤਿਹਾਸ ਗੁਆਹ ਹੈ ਕਿ ਸਿੱਖਾਂ ਦਾ ਸੱਤਾ ਨਾਲ ਸਦਾ ਹੀ ਟਕਰਾਉ ਹੁੰਦਾ ਚਲਦਾ ਆਇਆ ਹੈ। ਇਥੋਂ ਤਕ ਕਿ ਜਦੋਂ ਉਹ ਆਪ ਸੱਤਾ ਵਿੱਚ ਹੁੰਦੇ ਹਨ ਤਾਂ ਆਪੋ ਵਿੱਚ ਹੀ ਸਿੰਗ ਫਸਾਣੇ ਸ਼ੁਰੂ ਕਰ ਦਿੰਦੇ ਹਨ। ਅਜਿਹੀ ਦਸ਼ਾ ਵਿੱਚ 'ਸਿੱਖ ਹੋਮਲੈਂਡ' ਜਾਂ 'ਖਾਲਿਸਤਾਨ' ਦਾ ਸੰਕਲਪ ਕਿਵੇਂ ਗੁਰੂ ਸਾਹਿਬ ਵਲੋਂ ਸਥਾਪਤ ਆਦਰਸ਼ਾਂ ਪੁਰ ਅਧਾਰਤ ਸੰਕਲਪ ਦੀ ਕਸੌਟੀ ਪੁਰ ਪੂਰਾ ਉਤਰ ਸਕਦਾ ਹੈ?
ਅਜਿਹੀ ਸਥਿਤੀ ਵਿੱਚ ਵੀ ਕੁਝ ਸਿੱਖ ਆਗੂਆਂ ਨੇ, ਖਾਲਿਸਤਾਨ ਦੇ ਇਸ ਸੰਕਲਪ ਰਾਹੀਂ ਸਿੱਖ ਨੌਜਵਾਨਾਂ ਨੂੰ ਗੁਮਰਾਹ ਕੀਤਾ ਅਤੇ ਇਸ ਵਿੱਚ ਮੱਧ-ਮਾਰਗੀ ਕਹਿੰਦੇ ਕਹਾਉਂਦੇ ਸਿੱਖ ਆਗੂਆਂ ਨੇ ਵੀ ਮਹੱਤਵਪੂਰਣ ਭੂਮਿਕਾ ਅਦਾ ਕੀਤੀ। ਉਨ੍ਹਾਂ ਨਿਜ ਸੁਆਰਥ ਅਧੀਨ ਸੱਤਾ-ਲਾਲਸਾ ਦੇ ਸ਼ਿਕਾਰ ਹੋ, ਸਿੱਖ ਧਰਮ ਦੀਆਂ ਉਨ੍ਹਾਂ ਮਾਨਤਾਵਾਂ, ਸਿਧਾਤਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਨੂੰ ਵੀ ਦਾਅ ਪੁਰ ਲਾ ਦਿਤਾ ਜਾਂ ਜਾਣ-ਬੁਝ ਕੇ ਉਨ੍ਹਾਂ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਸਥਾਪਤ ਕੀਤਾ ਸੀ। ਸਿੱਖ ਨੌਜਵਾਨਾਂ ਦੇ ਦਿਲ ਵਿੱਚ 'ਸਿੱਖ ਹੋਮਲੈਂਡ' ਜਾਂ 'ਖਾਲਿਸਤਾਨ' ਦਾ ਸੰਕਲਪ ਪੈਦਾ ਕਰ, ਉਨ੍ਹਾਂ ਨੂੰ ਅਜਿਹੇ ਰਸਤੇ ਪਾ ਦਿਤਾ, ਜੋ ਉਨ੍ਹਾਂ ਨੂੰ ਨਾ ਕੇਵਲ ਸਿੱਖੀ ਸਿਧਾਤਾਂ ਤੋਂ ਕੋਹਾਂ ਦੂਰ ਭਟਕਾ ਕੇ ਲੈ ਗਿਆ, ਸਗੋਂ ਉਨ੍ਹਾਂ ਨੂੰ ਭਾਰਤੀ ਸਮਾਜ ਤੋਂ ਵੀ ਅਲਗ-ਥਲਗ ਕਰਦਾ ਚਲਿਆ ਗਿਆ।

...ਅਤੇ ਅੰਤ ਵਿੱਚ:  ਸ਼ਾਇਦ ਇਸੇ ਸਥਿਤੀ ਦਾ ਹੀ ਨਤੀਜਾ ਹੈ ਕਿ ਇਸ ਰਸਤੇ ਪੁਰ ਕਦਮ ਵੱਧਾ ਭਟਕ ਜਾਣ ਵਾਲੇ ਅਨੇਕਾਂ ਸਿੱਖ ਨੌਜਵਾਨ ਬੀਤੇ ਕਈ ਵਰ੍ਹਿਆਂ ਤੋਂ ਜਿਹਲਾਂ ਵਿੱਚ ਬੰਦ ਹਨ ਅਤੇ ਕਈ ਜਲਾਵਤਨ ਹੋ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਅਤੇ ਘਰ ਵਾਪਸੀ ਲਈ ਤਰਸ ਰਹੇ ਹਂ। ਜੋ ਉਨ੍ਹਾਂ ਨੂੰ ਘਰ ਮੁੜਨ ਦੀ ਪ੍ਰੇਰਨਾ ਕਰਨਾ ਚਾਹੁੰਦੇ ਹਨ, ਉਨ੍ਹਾਂ ਦੀ ਸੋਚ ਦੇ ਪਿਛੇ ਸ਼ਾਇਦ ਰਾਜਸੀ ਸੁਆਰਥ ਕੰਮ ਕਰ ਰਿਹਾ ਹੁੰਦਾ ਹੈ, ਜਿਸ ਕਾਰਣ ਉਹ ਨਾ ਉਨ੍ਹਾਂ ਵਲੋਂ ਉਠਾਈਆਂ ਜਾਣ ਵਾਲੀਆਂ ਸ਼ੰਕਾਵਾਂ ਨੂੰ ਦੂਰ ਕਰ ਪਾਂਦੇ ਹਨ ਅਤੇ ਨਾ ਹੀ ਉਨ੍ਹਾਂ ਦੇ ਸੁਆਲਾਂ ਦੇ ਜਵਾਬ ਦੇ ਉਨ੍ਹਾਂ ਨੂੰ ਸੰਤੁਸ਼ਟ ਕਰ ਪਾਣ ਵਿੱਚ ਸਫਲ ਹੁੰਦੇ ਹਨ।


Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085