ਅੱਜ ਦੇ ਦਿਨ ਤੇ ਨਿਰਣਾ ਕਰਨ ਦੀ ਲੋੜ - ਬਘੇਲ ਸਿੰਘ ਧਾਲੀਵਾਲ

ਚੋਣ ਪ੍ਰਣਾਲੀ ਨੇ ਐਸ ਜੀ ਪੀ ਸੀ ਚ ਜਾਤੀ ਵੰਡ ਨੂੰ ਉਭਾਰ ਕੇ ਸਿੱਖਾਂ ਦੀ ਤਾਕਤ ਨੂੰ ਵੰਡਿਆ

ਅੱਜ ਦਾ ਦਿਨ ਸਿੱਖਾਂ ਲਈ ਬਹੁਤ ਮਹੱਤਵਪੂਰਨ ਹੈ,ਅੱਜ ਦੇ ਦਿਨ ਦਾ ਇਤਿਹਾਸ ਗੁਰਦੁਆਰਾ ਪ੍ਰਬੰਧ ਵਿੱਚ ਸੁਧਾਰਾਂ ਦੀ ਲਹਿਰ ਨਾਲ ਜੁੜਦਾ ਹੈ।ਸਿੱਖਾਂ ਨੇ ਬਹੁਤ ਕੁਰਬਾਨੀਆਂ ਨਾਲ ਪਵਿੱਤਰ ਗੁਰਦੁਆਰੇ ਮਹੰਤਾਂ ਤੋ ਅਜਾਦ ਕਰਵਾਏ ਸਨ।ਖਾਲਸਾ ਰਾਜ ਹੇਠਲੇ ਖਿੱਤੇ ਤੇ ਪੂਰਨ ਕਬਜਾ ਕਰ ਲੈਣ ਤੋ ਬਾਅਦ  ਅੰਗਰੇਜ ਹਕੂਮਤ ਨੇ ਸਿੱਖਾਂ ਦੇ ਇਤਿਹਾਸਿਕ ਗੁਰਦੁਆਰਿਆਂ ਤੇ ਵੀ ਅਸਿੱਧੇ ਰੂਪ ਵਿੱਚ ਕਬਜਾ ਕਰ ਲਿਆ।ਉਹਨਾਂ ਨੇ ਸਿੱਖਾ ਨੂੰ ਅਪਣੇ ਗੁਰੂ ਪ੍ਰਤੀ ਸ਼ਰਧਾ ਅਤੇ ਸਿੱਖੀ ਸਿਧਾਂਤਾਂ ਤੋ ਦੂਰ ਕਰਨ ਦੇ ਇਰਾਦੇ ਨਾਲ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਸਮੇਤ ਸਮੁੱਚੇ ਗੁਰਦੁਆਰਿਆਂ ਵਿੱਚ ਮਹੰਤਾਂ ਨੂੰ ਕਾਬਜ ਕਰਵਾ ਦਿੱਤਾ ਅਤੇ ਉਹਨਾਂ ਨੂੰ ਗੁਰਦੁਆਰਿਆਂ ਅੰਦਰ ਹਰ ਤਰਾਂ ਦੀਆਂ ਮਨਮਾਨੀਆਂ ਕਰਨ ਦੀ ਖੁੱਲ੍ਹ ਹੀ ਨਹੀ ਸੀ ਦਿੱਤੀ,ਬਲਕਿ ਉਹਨਾਂ ਨੂੰ ਹਰ ਤਰਾਂ ਦੀ ਸਹਾਇਤਾ ਵੀ ਦਿੱਤੀ ਗਈ,ਤਾਂ ਕਿ ਉਹ ਬੇਝਿਜਕ ਹੋਕੇ ਗੁਰਦੁਆਰਿਆਂ ਦੀ ਮਰਯਾਦਾ ਦਾ ਘਾਣ ਕਰ ਸਕਣ।ਇਹੋ ਕਾਰਨ ਸੀ ਕਿ ਸਿੱਖਾ ਵੱਲੋਂ ਜਦੋ ਗੁਰਦਆਏ ਅਜਾਦ ਕਰਵਾਉਣ ਲਈ ਮੋਰਚੇ ਲਾਏ ਗਏ ਤਾਂ ਅਥਾਹ ਕੁਰਬਾਨੀਆਂ ਦੇਣੀਆਂ ਪਈਆਂ ਸਨ।ਮੁੱਕਦੀ ਗੱਲ ਸਿੱਖਾਂ ਨੇ ਬਹੁਤ ਭਾਰੀ ਕੁਰਬਾਨੀਆਂ ਦੇ ਨਾਲ ਮਹੰਤਾਂ ਤੋ ਗੁਰਦਆਰੇ ਅਜਾਦ ਕਰਵਾਏ ਤੇ ਪਰਬੰਧ ਅਪਣੇ ਹੱਥ ਲਿਆ ਸੀ।ਇਸ ਤਰਾਂ ਦੀਆਂ ਸਮੱਸਿਆਂ ਨੂੰ ਜੜ ਤੋ ਹੀ ਖਤਮ ਕਰਨ ਦੀ ਇੱਛਾ ਨਾਲ ਅਤੇ ਗੁਰਦੁਆਰਾ ਪ੍ਰਬੰਧ ਨੂੰ ਸੁਚਾਰੂ ਰੂਪ ਚ ਚਲਾਉਣ ਲਈ ਉਸ ਮੌਕੇ ਦੇ ਸਿੱਖ ਆਗੂਆਂ ਨੇ ਅਜਿਹੀ ਸੰਸਥਾ ਬਨਾਉਣ ਦੀ ਤਜਵੀਜ ਸੋਚੀ,ਜਿਹੜੀ  ਸਿਆਸਤ ਤੋ ਦੂਰ ਰਹਿ ਕੇ ਨਿਰੋਲ ਧਾਰਮਿਕ ਤੌਰ ਤੇ ਵਿਚਰਣ ਵਾਲੀ ਅਜਾਦ ਸੰਸਥਾ ਹੋਵੇ ਅਤੇ ਗੁਰਦੁਆਰਿਆਂ ਦੀ ਪਵਿੱਤਰਤਾ ਅਤੇ ਸਿੱਖੀ ਸਿਧਾਂਤਾਂ ਦੀ ਰਾਖੀ ਲਈ ਬਚਨਵੱਧ ਹੋਵੇ।ਸੋ ਸਿੱਖਾਂ ਨੇ ਬੜੀ ਸੋਚ ਵਿਚਾਰ ਤੋ ਬਾਅਦ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ,ਪ੍ਰੰਤੂ ਸਿੱਖ ਇੱਥੇ ਵੀ ਮੁਢਲੇ ਦਿਨਾਂ ਵਿੱਚ ਹੀ ਚਲਾਕ ਫਰੰਗੀ ਹਾਕਮਾਂ ਤੋ ਫਿਰ ਮਾਤ ਖਾ ਗਏ। ਉਹਨਾਂ ਨੇ ਗੁਰਦੁਆਰਾ ਪਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਰਕਾਰ ਵੱਲੋਂ ਬਣਾਏ ਗਏ ਗੁਰਦੁਆਰਾ ਐਕਟ ਅਧੀਨ ਚੋਣ ਪ੍ਰਕਿਰਿਆ ਦੁਆਰਾ ਕਮੇਟੀ ਚੁਨਣ ਦਾ ਫੈਸਲਾ ਮਨਜੂਰ ਕਰ ਲਿਆ।ਇਸ ਢੰਗ ਨਾਲ ਹੋਈਆਂ ਚੋਣਾਂ ਨਾਲ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦਿਆਂ ਹੀ ਕੇਂਦਰ ਸਰਕਾਰ ਦੇ ਅਧੀਨ ਹੋ ਗਈ। 1925 ਨੂੰ ਬਣੇ ਗੁਰਦੁਆਰਾ ਐਕਟ ਅਧੀਨ ਸਿੱਖਾਂ ਦੀ ਇਸ ਸਿਰਮੌਰ ਸੰਸਥਾ ਲਈ 18 ਜੂਨ 1926 ਦੇ ਦਿਨ ਪਹਿਲੀਆਂ ਚੋਣਾਂ ਹੋਈਆਂ ਸਨ।ਅੱਜ ਉਹ ਦਿਨ ਹੈ ਜਦੋ ਸਿੱਖਾਂ ਨੇ ਬਹੁਤ ਭਾਰੀ ਕੁਰਬਾਨੀਆਂ ਤੋ ਬਾਅਦ ਗੁਰਦੁਆਰਾ ਪਰਬੰਧ ਮਹੰਤਾਂ ਤੋ ਅਜਾਦ ਕਰਵਾ ਲੈਣ ਤੋ ਬਾਅਦ ਮੁੜ ਭੋਲੇ ਭਾਅ ਹੀ ਮੁੜ ਕੇਂਦਰੀ ਹਕੂਮਤ ਦੀ ਅਧੀਨਗੀ ਕਬੂਲ ਕਰ ਲਈ ਸੀ,ਜਿਸ ਦੇ ਦੁਰ ਪ੍ਰਭਾਵਾਂ ਬਾਰੇ ਸਾਇਦ ਉਸ ਮੌਕੇ ਦੇ ਸਿੱਖ ਆਗੂਆਂ ਨੇ ਸੰਜੀਦਗੀ ਨਾਲ ਨਹੀ ਸੋਚਿਆ ਹੋਵੇਗਾ,ਸਾਇਦ ਉਹਨਾਂ ਦੇ ਦਿਲੋ ਦਿਮਾਗ ਵਿੱਚ ਅਪਣੇ ਖੁੱਸੇ ਰਾਜ ਪ੍ਰਬੰਧ ਦੀ ਕੋਈ ਥੋਹੜੀ ਬਹੁਤੀ ਚਿਣਗ ਬਰਕਰਾਰ ਹੋਵੇਗੀ,ਜਿਸ ਕਰਕੇ ਉਹਨਾਂ ਸੋਚ ਲਿਆ ਹੋਵੇਗਾ ਕਿ ਆਉਣ ਵਾਲਾ ਸਮਾ ਤਾਂ ਖਾਲਸੇ ਦਾ ਅਪਣਾ ਹੀ ਹੋਣਾ ਹੈ,ਇਸ ਲਈ ਉਹਨਾਂ ਨੇ ਇਸ ਚੋਣ ਪ੍ਰਕਿਰਿਆ ਨੂੰ ਕਬੂਲ ਕਰ ਲਿਆ ਤੇ ਬੜੇ ਜੋਸ਼ੋ ਖਰੋਸ ਨਾਲ ਇਸ ਚੋਣ ਪ੍ਰਕਿਰਿਆ ਰਾਹੀ ਇਸ ਪ੍ਰਬੰਧਕੀ ਵਿਵੱਸਥਾ ਨੂੰ ਲਾਗੂ ਕੀਤਾ। 94 ਸਾਲ ਬਾਅਦ ਮੁੜ ਅੱਜ ਦੇ ਦਿਨ ਦੀ ਮਹੱਤਤਾ ਦਰਸਾਉਣ ਦਾ ਭਾਵ ਇਹ ਹੈ ਕਿ  ਅੱਜ ਗੁਰਦੁਆਰਾ ਪਰਬੰਧ ਮੁਕੰਮਲ ਰੂਪ ਵਿੱਚ ਗੁਲਾਮ ਹੋ ਚੁੱਕਾ ਹੈ।ਸਿੱਖੀ ਸਿਧਾਂਤ ਰੋਲੇ ਜਾ ਰਹੇ ਹਨ।ਮਰਯਾਦਾ ਦਾ ਘਾਣ ਹੋ ਰਿਹਾ ਹੈ। ਬ੍ਰਾਂਹਮਣੀ ਕਰਮਕਾਂਡ ਸਿੱਖੀ ਤੇ ਭਾਰੂ ਪਏ ਹੋਏ ਹਨ।ਸਭ ਤੋ ਵੱਡਾ ਨੁਕਸਾਨ ਇਸ ਚੋਣ ਪਣਨਾਲੀ ਨੇ ਜਨਰਲ ਤੇ ਰਿਜਰਵ ਮਦ ਵਾਲੀ ਚਲਾਕੀ ਨਾਲ ਇਹ ਕੀਤਾ ਕਿ ਗੁਰੂ ਗੋਬਿੰਦ ਸਿੰਘ ਵੱਲੋਂ ਜਾਤ ਪਾਤ ਤੋੜ ਕੇ ਸਾਜੇ ਨਿਆਰੇ ਪੰਥ ਖਾਲਸੇ ਨੂੰ ਮੁੜ ਜਾਤਾਂ ਪਾਤਾਂ ਵਿੱਚ ਵੰਡ ਕੇ ਜਿੱਥੇ ਸਿੱਖਾਂ ਦੀ ਬੇਮਿਸ਼ਾਲ ਤਾਕਤ ਨੂੰ ਕਮਜੋਰ ਕੀਤਾ ਹੈ,ਓਥੇ ਸਿੱਖਾਂ ਨੂੰ ਗੁਰੂ ਸਾਹਿਬ ਦੇ 1699 ਦੇ ਕਰਾਂਤੀਕਾਰੀ ਸੰਕਲਪ ਤੋ ਬੇਮੁੱਖ ਵੀ ਕੀਤਾ ਹੈ।ਮੌਜੂਦਾ ਗੁਰਦੁਅਰਾ ਪ੍ਰਬੰਧ ਚਲਾ ਰਹੇ ਲੋਕ ਕੇਂਦਰੀ ਤਾਕਤਾਂ ਦੀ ਕਠਪੁਤਲੀ ਬਣ ਕੇ ਸਿੱਖੀ ਦੀਆਂ ਜੜਾਂ ਚ ਤੇਲ ਦੇਣ ਦੀ ਕੋਈ ਕਸਰ ਬਾਕੀ ਨਹੀ ਛੱਡ ਰਹੇ।1925 ਦੇ ਗੁਰਦੁਆਰਾ ਐਕਟ ਅਧੀਨ ਬਣੀ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਸਿੱਧੇ ਤੌਰ ਤੇ ਕੇਂਦਰੀ ਹਕੂਮਤ ਦੇ ਅਧੀਨ ਚੱਲ ਰਹੀ ਹੈ।ਇਹ ਵੀ ਕੇਂਦਰ ਦੀ ਮਰਜੀ ਹੈ ਕਿ ਉਹਨਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣੀਆਂ ਹਨ ਜਾਂ ਨਹੀ,ਜੇਕਰ ਕਰਵਾਉਣੀਆਂ ਹਨ ਤਾਂ ਕਦੋਂ ਕਰਵਾਉਣੀਆਂ ਹਨ।ਇਸ ਬਾਰੇ ਸਿੱਖ ਕੋਈ ਫੈਸਲਾ ਨਹੀ ਲੈ ਸਕਦੇ।ਸਿੱਖ ਅਪਣੀ ਮਰਜੀ ਇਸ ਪਰਬੰਧ ਵਿੱਚ ਫੇਰ ਬਦਲ ਨਹੀ ਕਰ ਸਕਦੇ, ਇਹ ਵੀ ਕੇਂਦਰ ਦੀ ਮਰਜੀ ਹੈ ਕਿ ਉਹ ਸਰਕਾਰੀ ਮਸ਼ਿਨਰੀ ਦੇ ਪ੍ਰਭਾਵ ਰਾਹੀ ਅਪਣੀ ਮਨ ਮਰਜੀ ਵਾਲੀ ਕਮੇਟੀ ਚੁਨਣ,ਕਿਉਕਿ ਹੁਣ ਤੱਕ ਉਹ ਸਿੱਖਾਂ ਦੇ ਗੁਰਦੁਆਰਾ ਪ੍ਰਬੰਧ ਨੂੰ ਅਪਣੀ ਮਰਜੀ ਅਨੁਸਾਰ ਹੀ ਚਲਾਉਂਦੇ ਆ ਰਹੇ ਹਨ,ਜਿਸ ਨੂੰ ਸਿੱਖ ਚਾਹ ਕੇ ਵੀ ਬਦਲ ਨਹੀ ਸਕੇ।ਸਿੱਖ ਰਹਿਤ ਮਰਯਾਦਾ ਦੀ ਅਣਦੇਖੀ ਅਤੇ ਨਿਰੋਲ ਸਿੱਖੀ ਸਿਧਾਂਤਾਂ ਚ ਹਿੰਦੂ ਕਰਮਕਾਂਡਾਂ ਦਾ ਰਲਗੱਡ ਹੋਣਾ ਇਸ ਚੋਣ ਪ੍ਰਕਿਰਿਆ ਕਰਕੇ ਸੰਭਵ ਹੋ ਸਕਿਆ ਹੈ। ਇਸ ਕਨੂੰਨ ਤਹਿਤ ਕੇਂਦਰ ਅਪਣੀ ਮਰਜੀ ਦੀ ਚੋਣ ਕਰਵਾ ਕੇ ਉਹਨਾਂ ਲੋਕਾਂ ਨੂੰ ਗੁਰਦੁਆਰਾ ਪ੍ਰਬੰਧ ਤੇ ਕਾਬਜ ਕਰਵਾਉਦਾ ਹੈ,ਜਿਹੜੇ ਪਹਿਲਾਂ ਹੀ ਕੇਂਦਰੀ ਤਾਕਤਾਂ ਦੀਆਂ ਸ਼ਰਤਾਂ ਮੰਨ ਕੇ ਇਸ ਚੋਣ ਮੈਦਾਨ ਵਿੱਚ ਆਉਂਦੇ ਹਨ।ਸੋ ਅੱਜ ਦੇ ਦਿਨ ਇਹ ਸੋਚਣਾ ਬਣਦਾ ਹੈ ਸਾਢੇ ਨੌ ਦਹਾਕਿਆਂ ਵਿੱਚ ਇਸ ਚੋਣ ਪ੍ਰਕਿਰਿਆ ਨੇ ਸਿੱਖਾਂ ਦਾ ਕੀ ਸੰਵਾਰਿਆ ਹੈ। ਮਰਯਾਦਾ ਦਾ ਕੀ ਹਾਲ ਕੀਤਾ ਹੈ ਅਤੇ ਸਿੱਖੀ ਸਿਧਾਂਤ ਕਿਸ ਤਰਾਂ ਨਾਗਪੁਰ ਦੀ ਇੱਛਾ ਅਨੁਸਾਰ ਤੋੜੇ ਮਰੋੜੇ ਗਏ ਹਨ।ਸੋ ਅੱਜ ਲੋੜ ਹੈ ਇੱਕ ਹੋਰ ਗੁਰਦੁਆਰਾ ਸੁਧਾਰ ਲਹਿਰ ਅਰੰਭਣ ਦੀ,ਜਿਹੜੀ ਲੋਕਾਂ ਨੂੰ ਇਸ ਅਣਦਿਸਦੀ ਗੁਲਾਮੀ ਤੋ ਜਾਣੂ ਕਰਵਾ ਸਕੇ ।ਇਸ ਚੋਣ ਪ੍ਰਕਿਰਿਆ ਤੋ ਜੇਕਰ ਖਹਿੜਾ ਨਹੀ ਛੁਡਵਾਇਆ ਜਾ ਸਕਦਾ ਤਾਂ ਘੱਟੋ ਘੱਟ ਐਨੀ ਕੁ ਚੇਤਨਾ ਸਿੱਖ ਮਨਾਂ ਚ ਜਰੂਰ ਹੋਣੀ ਚਾਹੀਦੀ ਹੈ ਕਿ ਉਹ ਜਦੋ ਵੀ ਹੁਣ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਵੇ, ਤਾਂ ਉਹਨਾਂ ਲੋਕਾਂ ਨੂੰ ਇਸ ਪਵਿੱਤਰ ਕਾਰਜ ਵਾਸਤੇ ਚੁਣ ਕੇ ਭੇਜਣ ਜਿਹੜੇ ਸੱਚਮੁੱਚ ਗੁਰੂ ਦੇ ਸਿੱਖ ਹੋਣ ਅਤੇ ਗੁਰੂ ਦੇ ਭੇਅ ਵਿੱਚ ਰਹਿਣ ਵਾਲੇ ਨਿਰਭੈਅ ਖਾਲਸੇ ਹੋਣ, ਨਿੱਜੀ ਲੋਭ ਲਾਲਸਾ ਦੀ ਬਿਮਾਰੀ ਤੋਂ ਤੰਦਰੁਸਤ ਹੋਣ,ਤਾ ਹੀ ਗੁਰਦੁਆਰਾ ਪਰਬੰਧ ਨੂੰ ਸਹੀ ਤੇ ਸੁਚਾਰੂ ਰੂਪ ਨਾਲ ਚਲਾਇਆ। ਜਾ ਸਕੇਗਾ।ਜੇਕਰ ਸਿੱਖ ਅਜਿਹਾ ਕਰਨ ਵਿੱਚ ਕਾਮਜਾਬ ਹੋ ਜਾਂਦੇ ਹਨ,ਤਾਂ ਸਮਝਿਆ ਜਾਵੇਗਾ ਕਿ ਸਿੱਖਾਂ ਨੇ ਇੱਕ ਹੋਰ ਸੁਧਾਰ ਲਹਿਰ ਤੇ ਫਤਿਹ ਪਾ ਲਈ ਹੈ,ਜਿਸ ਦੀ ਮੌਜੂਦਾ ਸਮੇ ਵਿੱਚ ਬੇਹੱਦ ਜਰੂਰੀ ਲੋੜ ਹੈ।

ਬਘੇਲ ਸਿੰਘ ਧਾਲੀਵਾਲ
99142-58142