ਦਿਮਾਗ਼ ਨੂੰ ਕਾਬੂ ਕਰਨ ਵਾਲੀ ਮਸ਼ੀਨ - ਡਾ. ਹਰਸ਼ਿੰਦਰ ਕੌਰ, ਐਮ. ਡੀ.,

  
ਜੋ ਸਬੂਤ ਹੁਣ ਸਾਡੇ ਕੋਲ ਬਚੇ ਹਨ, ਉਸ ਹਿਸਾਬ ਨਾਲ ਪਹਿਲੀ ਦਿਮਾਗ਼ ਦੀ ਸਰਜਰੀ ਲਗਭਗ 7000 ਸਾਲ ਪਹਿਲਾਂ ਦੱਖਣੀ ਅਮਰੀਕਾ ਵਿਚ ਹੋਈ ਸੀ। ਉਦੋਂ ਦਿਮਾਗ਼ ਤੇ ਪਾਸਿਆਂ ਵੱਲ ਨਿੱਕੀਆਂ ਮੋਰੀਆਂ ਬਣਾ ਦਿੱਤੀਆਂ ਜਾਂਦੀਆਂ ਸਨ। ਇਹ ਸੋਚਿਆ ਜਾਂਦਾ ਸੀ ਕਿ ਪ੍ਰੇਤ ਆਤਮਾਵਾਂ ਸਿਰ ਉੱਤੇ ਕਾਬਜ਼ ਹੋ ਚੁੱਕੀਆਂ ਹਨ। ਜੇ ਮੋਰੀਆਂ ਕਰ ਦਿੱਤੀਆਂ ਜਾਣ ਤਾਂ ਆਤਮਾਵਾਂ ਬਾਹਰ ਨਿਕਲ ਜਾਣਗੀਆਂ।
ਇਸ ਆਧਾਰ ਉੱਤੇ ਬਹੁਤ ਸਾਰੇ ਮਨੋਰੋਗੀਆਂ ਦੇ ਅਪਰੇਸ਼ਨ ਕਰ ਦਿੱਤੇ ਗਏ। ਇਸ ਤੱਥ ਦੇ ਸਬੂਤ ਵਜੋਂ ਲਗਭਗ ਇੱਕ ਫੀਸਦੀ ਪੁਰਾਣੇ ਸਮਿਆਂ ਦੀਆਂ ਦੱਬੀਆਂ ਹੋਈਆਂ ਲੱਭੀਆਂ ਖੋਪੜੀਆਂ ਵਿਚਲੀਆਂ ਕੀਤੀਆਂ ਹੋਈਆਂ ਮੋਰੀਆਂ ਹਨ।
ਇਹ ਮੋਰੀਆਂ ਕਰਨੀਆਂ ਅੱਜ ਵੀ ਜਾਰੀ ਹਨ ਪਰ ਹੁਣ ਪ੍ਰੇਤ ਆਤਮਾਵਾਂ ਕੱਢਣ ਲਈ ਨਹੀਂ ਸਗੋਂ ਦਿਮਾਗ਼ ਅੰਦਰ ਨਿੱਕੀਆਂ ਮਸ਼ੀਨਾਂ ਫਿੱਟ ਕਰਨ ਲਈ ਹਨ। ਇਲੈਕਟ੍ਰਿਕ ਤਰੰਗਾਂ ਕੱਢਣ ਵਾਲੀਆਂ ਇਹ ਮਸ਼ੀਨਾਂ ਦਿਮਾਗ਼ ਦੇ ਉਨ੍ਹਾਂ ਹਿੱਸਿਆਂ ਦੇ ਸੈੱਲਾਂ ਨੂੰ ਚੁਸਤ ਕਰਦੀਆਂ ਹਨ ਜਿਹੜੇ ਸੁਸਤ ਪੈ ਚੁੱਕੇ ਹੋਣ। ਇਸ ਨੂੰ ''ਦਿਮਾਗ਼ ਦੇ ਅੰਦਰੂਨੀ ਹਿੱਸਿਆਂ ਦੀ ਰਵਾਨੀ'' ਕਿਹਾ ਜਾਂਦਾ ਹੈ ਯਾਨੀ ਡੀਪ ਬਰੇਨ ਸਟਿਮੂਲੇਸ਼ਨ (ਡੀ.ਬੀ.ਐੱਸ.)।
ਸਭ ਤੋਂ ਪਹਿਲਾਂ ਤਿੱਖੀ ਪੀੜ ਨੂੰ ਜਰ ਜਾਣ ਲਈ ਅਜਿਹਾ ਇਲਾਜ 1960 ਵਿਚ ਕੀਤਾ ਗਿਆ ਸੀ। ਹੁਣ ਅਮਰੀਕਾ ਤੇ ਯੂਰਪ ਵਿਚ ਹਿੱਲਦੇ-ਕੰਬਦੇ ਹੱਥਾਂ ਲਈ, ਪਾਰਕਿਨਸਨ ਰੋਗ ਵਿਚਲੀਆਂ ਸਰੀਰ ਦੀਆਂ ਬੇਲੋੜੀਆਂ ਘੁਮਾਊਦਾਰ ਹਰਕਤਾਂ ਰੋਕਣ ਲਈ, ਦੌਰਿਆਂ ਲਈ ਤੇ ਵਾਰ-ਵਾਰ ਕੁੰਡੀਆਂ ਲਾਉਣ ਜਾਂ ਹੱਥ ਧੋਣ ਵਾਲੀ ਬੀਮਾਰੀ (ਓ.ਸੀ.ਐਨ.) ਨੂੰ ਕਾਬੂ ਕਰਨ ਲਈ ਇਹ ਇਲਾਜ ਕੀਤਾ ਜਾਂਦਾ ਹੈ।
ਇਹ ਸਾਰੀਆਂ ਬੀਮਾਰੀਆਂ ਦਰਅਸਲ ਦਿਮਾਗ਼ ਦੇ ਕਿਸੇ ਇੱਕ ਹਿੱਸੇ ਦੀ ਵੱਖਰੀ ਹਿਲਜੁਲ ਕਰ ਕੇ ਹੀ ਹੁੰਦੀਆਂ ਹਨ। ਜੇ ਦਵਾਈ ਅਸਰ ਨਾ ਵਿਖਾ ਰਹੀ ਹੋਵੇ ਤਾਂ ਇਹ ਅਪਰੇਸ਼ਨ ਕਰਨਾ ਪੈ ਜਾਂਦਾ ਹੈ। ਹੁਣ ਇਹੀ ਇਲਾਜ ਲਗਾਤਾਰ ਰਹਿੰਦੀ ਢਹਿੰਦੀ ਕਲਾ, ਐਲਜ਼ੀਮਰ ਬੀਮਾਰੀ ਅਤੇ ਨਸ਼ੇ ਦੀ ਲਤ ਵਾਸਤੇ ਵੀ ਕੀਤਾ ਜਾਣ ਲੱਗ ਪਿਆ ਹੈ।
ਜਿਵੇਂ ਪਾਰਕਿਨਸਨ ਰੋਗ ਵਿਚ ਕੁੱਝ ਹਿੱਸਿਆਂ ਵਿਚ ਹੱਦੋਂ ਵੱਧ ਇਕਦਮ ਹਿਲਜੁਲ ਨਾਲ ਨੁਕਸ ਦਿਸਦਾ ਹੈ, ਤਾਂ ਇਸ ਅਪਰੇਸ਼ਨ ਨਾਲ ਉਸ ਹਿੱਸੇ ਨੂੰ ਕਾਬੂ ਵਿਚ ਕਰਨ ਦਾ ਸੁਣੇਹਾ ਲਾ ਦਿੱਤਾ ਜਾਂਦਾ ਹੈ। ਇੰਜ ਹੀ ਢਹਿੰਦੀ ਕਲਾ ਵਾਲੇ ਹਿੱਸੇ ਨੂੰ ਸ਼ਾਂਤ ਕਰ ਕੇ ਮੂਡ ਸਹੀ ਕੀਤਾ ਜਾ ਸਕਦਾ ਹੈ। ਐਲਜ਼ੀਮਰ ਬੀਮਾਰੀ ਵਿਚ ਸੁਸਤ ਹੋਏ ਹਿੱਸਿਆਂ ਨੂੰ ਵੀ ਚੁਸਤ ਕੀਤਾ ਜਾ ਸਕਦਾ ਹੈ।
ਮਨੁੱਖੀ ਦਿਮਾਗ਼ ਨੂੰ ਕਾਬੂ ਕਰ ਕੇ ਹੁਕਮ ਸੁਣਾਉਣ ਵਾਲੇ ਇਸ ਅਪਰੇਸ਼ਨ ਨੂੰ ਸਫ਼ਲ ਢੰਗ ਨਾਲ ਲਗਭਗ ਇੱਕ ਲੱਖ ਤੋਂ ਵੱਧ ਮਰੀਜ਼ਾਂ ਵਿਚ ਕੀਤਾ ਜਾ ਚੁੱਕਿਆ ਹੈ। ਜ਼ਿਆਦਾਤਰ ਮਰੀਜ਼ ਪਾਰਕਿਨਸਨ ਬੀਮਾਰੀ ਤੋਂ ਪੀੜਤ ਸਨ।
ਹੁਣ ਤਾਂ ਜਾਗਦੇ ਹੋਏ ਮਰੀਜ਼ ਵਿਚ ਵੀ ਅਪਰੇਸ਼ਨ ਵਾਲੇ ਹਿੱਸੇ ਵਾਲੀ ਥਾਂ ਨੂੰ ਹਲਕਾ ਸੁੰਨ ਕਰ ਕੇ ਇਹ ਮਸ਼ੀਨ ਸਿਰ ਅੰਦਰ ਫਿੱਟ ਕਰ ਦਿੱਤੀ ਜਾਂਦੀ ਹੈ। ਇਸ ਦਾ ਫ਼ਾਇਦਾ ਇਹ ਹੁੰਦਾ ਹੈ ਕਿ ਮਸ਼ੀਨ ਫਿੱਟ ਕਰਦਿਆਂ ਇਨਸਾਨੀ ਦਿਮਾਗ਼ ਵਿਚਲੀਆਂ ਤਰੰਗਾਂ, ਵੱਖੋ-ਵੱਖ ਹਿੱਸਿਆਂ ਦੇ ਕੰਮ ਕਾਰ ਦੇ ਢੰਗ, ਇਨਸਾਨੀ ਸੋਚ ਵਿਚਲੇ ਉਤਾਰ ਚੜਾਓ, ਬੌਧਿਕ ਵਿਚਾਰਧਾਰਾ ਸਮੇਤ ਸਰੀਰ ਦੇ ਵੱਖੋ-ਵੱਖ ਅੰਗਾਂ ਦੀ ਹਿਲਜੁਲ, ਪੀੜ ਦਾ ਇਹਸਾਸ, ਫ਼ੈਸਲਾ ਲੈਣ ਦਾ ਢੰਗ, ਆਦਿ ਸਭ ਕੁੱਝ ਬਾਰੇ ਸਮਝਣਾ ਸੌਖਾ ਹੋ ਗਿਆ ਹੈ।
ਅਜਿਹਾ ਕਰਦਿਆਂ ਹਰ ਬੀਮਾਰੀ ਨਾਲ ਢਹਿੰਦੀ ਕਲਾ ਜਾਂ ਮਨੋਦਸ਼ਾ ਵਿਚ ਤਬਦੀਲੀ ਬਾਰੇ ਸਮਝਣਾ ਸੌਖਾ ਹੋ ਗਿਆ ਹੈ।
ਦਿਮਾਗ਼ ਵਿਚਲੇ ਉਹ ਹਿੱਸੇ ਜਿਨ੍ਹਾਂ ਬਾਰੇ ਹਾਲੇ ਤਕ ਸਮਝਿਆ ਨਹੀਂ ਜਾ ਸਕਿਆ ਸੀ ਕਿ ਕਿਵੇਂ ਕੋਈ ਜਣਾ ਉਸੇ ਹਾਲ ਵਿਚ ਪੀੜ ਮਹਿਸੂਸ ਨਹੀਂ ਕਰਦਾ ਤੇ ਕਿਵੇਂ ਕੋਈ ਰੋ ਰੋ ਬੇਹਾਲ ਹੋ ਜਾਂਦਾ ਹੈ; ਇੰਜ ਹੀ ਵਧੀ ਹੋਈ ਬੀਮਾਰੀ ਨੂੰ ਵੀ ਮਨੋਬਲ ਨਾਲ ਕਿਵੇਂ ਘਟਾਇਆ ਜਾ ਸਕਦਾ ਹੈ, ਬਾਰੇ ਵੀ ਸਮਝ ਆਉਣ ਲੱਗ ਪਈ ਹੈ।
ਇਸ ਮਸ਼ੀਨ ਰਾਹੀਂ ਡਿੱਗਿਆ ਹੋਇਆ ਮਨੋਬਲ ਵਧਾ ਕੇ ਵੇਖਿਆ ਜਾ ਚੁੱਕਿਆ ਹੈ ਤੇ ਸਰੀਰਕ ਹਿਲਜੁਲ ਨੂੰ ਵੀ ਕਾਬੂ ਵਿਚ ਕਰ ਕੇ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ।
ਹੁਣ ਤੱਕ ਵੱਖੋ-ਵੱਖਰੇ 700 ਖੋਜ ਪੱਤਰ ਸਿਰਫ਼ ਇਸ ਅਪਰੇਸ਼ਨ ਬਾਰੇ ਲਿਖੇ ਜਾ ਚੁੱਕੇ ਹਨ।
ਟੋਰਾਂਟੋ ਦੇ ਵੈਸਟਰਨ ਹਸਪਤਾਲ ਵਿਖੇ ਸੰਨ 1990 ਵਿਚ ਰੋਨਾਲਡ ਟਾਸਕਰ ਨੇ ਪਾਸਾ ਮਾਰੇ ਜਾਣ, ਰੀੜ੍ਹ ਦੀ ਹੱਡੀ ਦੀ ਸੱਟ ਵਾਲੇ ਮਰੀਜ਼ਾਂ ਅਤੇ ਬਾਂਹ ਜਾਂ ਲੱਤ ਵੱਢੀ ਜਾਣ ਵਾਲਿਆਂ ਦੇ ਦਿਮਾਗ਼ ਵਿਚ ਇਹ ਮਸ਼ੀਨ ਫਿੱਟ ਕਰ ਕੇ ਉਨ੍ਹਾਂ ਦੇ ਪੀੜ ਦੇ ਇਹਸਾਸ ਨੂੰ ਘਟਾਇਆ ਤਾਂ ਮਰੀਜ਼ਾਂ ਵਿਚ ਬਹੁਤ ਜ਼ਿਆਦਾ ਫਰਕ ਦਿਸਿਆ। ਅਜਿਹਾ ਕਰਨ ਲਈ ਮਸ਼ੀਨ ਰਾਹੀਂ ਲਗਾਤਾਰ ਬਿਜਲਈ ਤਰੰਗਾਂ ਸੁੱਟਣੀਆਂ ਪੈਂਦੀਆਂ ਹਨ ਜੋ 20 ਤੋਂ 200 ਵਾਰ ਪ੍ਰਤੀ ਸਕਿੰਟ ਨਿਕਲਦੀਆਂ ਹਨ। ਟਾਸਕਰ ਦੇ ਅੱਧੇ ਤੋਂ ਵੱਧ ਮਰੀਜ਼ਾਂ ਨੂੰ ਪੀੜ ਵਿਚ ਆਰਾਮ ਮਹਿਸੂਸ ਹੋਇਆ। ਪਰ ਅੱਜਕਲ ਅਜਿਹੀ ਪੀੜ ਲਈ ਇਸ ਅਪਰੇਸ਼ਨ ਦੀ ਥਾਂ ਨਸ਼ੇ ਦੇ ਟੀਕੇ ਜਾਂ ਮਨੋਵਿਗਿਆਨਿਕ ਢੰਗ ਵਾਸਤੇ ਜਾਣ ਲੱਗ ਪਏ ਹਨ।
ਮੌਜੂਦਾ ਸਮੇਂ ਵਿਚ ਇਸ ਅਪਰੇਸ਼ਨ ਨੂੰ ਜਾਰੀ ਰੱਖਣ ਬਾਰੇ ਫਿਰ ਤੋਂ ਸੋਚ ਵਿਚਾਰ ਹੋਣ ਲੱਗ ਪਈ ਹੈ।
ਪਾਰਕਿਨਸਨ ਰੋਗ ਵਿਚ ਬਹੁਤ ਵਧੀਆ ਨਤੀਜੇ ਦਿਸਣ ਬਾਅਦ ਹੁਣ ਇਹ ਸਮਝ ਆ ਚੁੱਕੀ ਹੈ ਕਿ ਦਿਮਾਗ਼ ਦੇ ਕਿਹੜੇ ਹਿੱਸੇ ਵਿੱਚੋਂ ਸਰੀਰ ਦੇ ਕੰਬਣ ਵਾਲੀਆਂ ਤਰੰਗਾਂ ਨਿਕਲਦੀਆਂ ਹਨ। ਇਹ ਬਿਜਲਈ ਤਰੰਗਾਂ ਲਗਭਗ 25 ਹਜ਼ਾਰ ਨਿਊਰੋਨ ਸੈੱਲਾਂ ਵਿੱਚੋਂ ਇੱਕੋ ਸਮੇਂ ਨਿਕਲਦੀਆਂ ਹਨ। ਪੱਠਿਆਂ ਦਾ ਆਕੜਨਾ, ਤੁਰਨ ਵਿਚ ਤਕਲੀਫ਼ ਤੇ ਪੱਠਿਆਂ ਦੀ ਬੇਤਰਤੀਬੀ ਹਿਲਜੁਲ ਨੂੰ ਕਾਬੂ ਕਰਨ ਲਈ ਏਨੇ ਸਾਰੇ ਨਿਊਰੌਨ ਸੈੱਲਾਂ ਨੂੰ ਅਪਰੇਸ਼ਨ ਰਾਹੀਂ ਸਿਰ ਅੰਦਰ ਪਾਈ ਮਸ਼ੀਨ ਕਾਬੂ ਵਿਚ ਕਰ ਲੈਂਦੀ ਹੈ ਤੇ ਮਰੀਜ਼ ਲਗਭਗ ਠੀਕ ਹੋ ਜਾਂਦਾ ਹੈ।
ਡਿਸਟੋਨੀਆ ਦੇ ਮਰੀਜ਼ ਬੱਚਿਆਂ ਦਾ ਸਰੀਰ ਵੀ ਅਜੀਬ ਤਰੀਕੇ ਘੁੰਮ ਕੇ ਟੇਢਾ ਹੋ ਜਾਂਦਾ ਹੈ ਜਿਸ ਸਦਕਾ ਨਾ ਤਾਂ ਉਹ ਤੁਰ ਫਿਰ ਸਕਦੇ ਹਨ, ਨਾ ਆਪਣੀ ਤਕਲੀਫ਼ ਸਾਂਝੀ ਕਰ ਸਕਦੇ ਹਨ ਤੇ ਉਨ੍ਹਾਂ ਦੀ ਮੌਤ ਵੀ ਛੇਤੀ ਹੋ ਜਾਂਦੀ ਹੈ। ਇਨ੍ਹਾਂ ਬੱਚਿਆਂ ਵਿਚ ਵੀ ਇਸ ਮਸ਼ੀਨ ਸਦਕਾ ਦਿਮਾਗ਼ ਦੇ ਗਲੋਬਸ ਪੈਲੀਡਸ ਹਿੱਸੇ ਨੂੰ ਸ਼ਾਂਤ ਕਰ ਕੇ ਕੁੱਝ ਹਫ਼ਤਿਆਂ ਅੰਦਰ ਹੀ ਬੱਚੇ ਨੂੰ ਲਗਭਗ ਨਾਰਮਲ ਕੀਤਾ ਜਾ ਸਕਦਾ ਹੈ।
ਅਨੇਕ ਮਨੋਰੋਗ ਜਿਵੇਂ ਟੂਰੇਟ ਸਿੰਡਰੋਮ, ਓ.ਸੀ.ਡੀ., ਢਹਿੰਦੀ ਕਲਾ, ਖਾਣ ਪੀਣ ਵਿਚ ਦਿੱਕਤਾਂ, ਐਨੋਰੈਕਸੀਆ ਨਰਵੋਜ਼ਾ, ਨਸ਼ੇ ਦੀ ਲਤ, ਆਦਿ ਵਿਚ ਇਸ ਅਪਰੇਸ਼ਨ ਦਾ ਕਮਾਲ ਦਾ ਅਸਰ ਵੇਖਣ ਨੂੰ ਮਿਲਿਆ ਹੈ।
ਸਭ ਤੋਂ ਵੱਧ ਕਮਾਲ ਤਾਂ ਉਦੋਂ ਵੇਖੀ ਗਈ ਜਦੋਂ ਐਲਜ਼ੀਮਰ ਦੇ ਰੋਗੀਆਂ ਵਿਚ ਦਿਮਾਗ਼ ਦੇ ਹਿੱਸੇ ਦੇ ਖੁਰ ਜਾਣ ਸਦਕਾ ਖ਼ਤਮ ਹੋਈ ਯਾਦਾਸ਼ਤ ਦੇ ਵਿਚ ਇਹ ਮਸ਼ੀਨ ਫਿੱਟ ਕੀਤੀ ਗਈ।
ਮਸ਼ੀਨ ਨਾਲ ਸੁੱਕੇ ਹੋਏ ਹਿੱਸੇ ਵਿਚ ਲਗਾਤਾਰ ਤਰੰਗਾਂ ਭੇਜਣ ਨਾਲ ਹੌਲੀ-ਹੌਲੀ ਉਸ ਵਿਚ ਹਿਲਜੁਲ ਹੋ ਕੇ ਟੁੱਟੇ ਸੈੱਲਾਂ ਵਿਚ ਦੁਬਾਰਾ ਭੰਨ ਤੋੜ ਤੇ ਜੋੜ ਬਣਨੇ ਸ਼ੁਰੂ ਹੋ ਗਏ। ਇਹ ਬਹੁਤ ਜ਼ਿਆਦਾ ਉਤਸਾਹਜਨਕ ਖੋਜ ਸੀ।
ਇਸ ਖੋਜ ਨਾਲ ਨਵਾਂ ਰਾਹ ਖੁੱਲ ਗਿਆ ਕਿ ਅਨੇਕ ਕਿਸਮ ਦੀਆਂ ਦਿਮਾਗ਼ੀ ਸੱਟਾਂ, ਦਿਮਾਗ਼ ਦੇ ਕਿਸੇ ਹਿੱਸੇ ਦੇ ਸੁੰਗੜ ਜਾਣ ਦੇ ਨਾਲ-ਨਾਲ ਡੀਜੈਨੇਰੇਟਿਵ ਰੋਗਾਂ ਦਾ ਵੀ ਪੂਰਾ ਇਲਾਜ ਕੀਤਾ ਜਾ ਸਕੇਗਾ।
ਐਲਜ਼ੀਮਰ ਮਰੀਜ਼ਾਂ ਦੇ ਐਮ.ਆਰ.ਆਈ. ਸਕੈਨ ਵਿਚ ਜਿਨ੍ਹਾਂ ਹਿੱਸਿਆਂ ਵਿਚ ਘੱਟ ਲਹੂ ਜਾਂਦਾ ਸੀ ਤੇ ਘੱਟ ਕੰਮ ਕਰ ਰਹੇ ਸਨ, ਉਨ੍ਹਾਂ ਹਿੱਸਿਆਂ ਵਿਚ ਗਲੂਕੋਜ਼ ਵੀ ਘੱਟ ਮਾਤਰਾ ਵਿਚ ਲੱਭਿਆ ਸੀ। ਮਸ਼ੀਨ ਲਾਉਣ ਤੋਂ ਇੱਕ ਮਹੀਨੇ ਬਾਅਦ ਉਨ੍ਹਾਂ ਹਿੱਸਿਆਂ ਵਿਚ ਗਲੂਕੋਜ਼ ਵੱਧ ਦਿਸਿਆ ਤੇ ਉਨ੍ਹਾਂ ਹਿੱਸਿਆਂ ਵਿਚ ਲਹੂ ਵੀ ਵੱਧ ਜਾਣ ਲੱਗ ਪਿਆ ਸੀ।
ਇਸ ਖੋਜ ਤੋਂ ਬਾਅਦ ਐਮਰੀ ਯੂਨੀਵਰਸਿਟੀ ਦੀ ਹੈਲਨ ਮੇਅਬਰਗ ਨੇ ਮਨੁੱਖੀ ਮੂਡ ਨੂੰ ਤਬਦੀਲ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਜਿਹੜਾ ਦਵਾਈਆਂ ਤੇ ਸਾਈਕੋਥੈਰੇਪੀ ਨਾਲ ਠੀਕ ਨਹੀਂ ਕੀਤਾ ਜਾ ਸਕਿਆ ਸੀ।
ਇਸ ਵਾਸਤੇ ਦਿਮਾਗ਼ ਦੇ ''ਬਰੈਡਮੈਨ ਹਿੱਸੇ 25'' ਜੋ ਉਦਾਸੀ ਦਾ ਸੈਂਟਰ ਹੈ ਵਿਚ ਡੀ.ਬੀ.ਐਸ. ਮਸ਼ੀਨ ਫਿੱਟ ਕੀਤੀ ਗਈ। ਕੁੱਝ ਮਹੀਨਿਆਂ ਬਾਅਦ ਉਦਾਸੀ ਦੇ ਸੈਂਟਰ ਵਿਚਲੀ ਹਲਚਲ ਬਹੁਤ ਘੱਟ ਹੋ ਗਈ ਤੇ ਬੰਦੇ ਦਾ ਮੂਡ ਬਹੁਤ ਵਧੀਆ ਹੋ ਗਿਆ।
ਫਿਰ 200 ਮਰੀਜ਼ਾਂ ਉੱਤੇ ਇਹੀ ਅਜ਼ਮਾਇਆ ਗਿਆ ਤਾਂ ਉਨ੍ਹਾਂ ਵਿਚ ਕਈ ਸਾਲ ਉਦਾਸੀ ਉੱਕਾ ਹੀ ਨੇੜੇ ਨਹੀਂ ਫਟਕੀ। ਹੁਣ ਇਹ ਮਸ਼ੀਨ ਪੂਰੀ ਉਮਰ ਵਾਸਤੇ ਵੀ ਸੁਰੱਖਿਅਤ ਮੰਨੀ ਜਾਣ ਲੱਗ ਪਈ ਹੈ।
ਕੁੱਝ ਕਿਸਮਾਂ ਦੀਆਂ ਰਸੌਲੀਆਂ ਵਿਚ ਵੀ ਇਹ ਮਸ਼ੀਨ ਅਜ਼ਮਾਈ ਜਾ ਚੁੱਕੀ ਹੈ ਜਿੱਥੇ ਅਪਰੇਸ਼ਨ ਦੇ ਮਾੜੇ ਅਸਰਾਂ ਤੋਂ ਮਰੀਜ਼ ਬਚ ਗਿਆ।
ਫੈਸਲਾ ਨਾ ਲੈ ਸਕਣ ਵਾਲੀ ਬੀਮਾਰੀ, ਯਾਦਾਸ਼ਤ ਦੀ ਕਮਜ਼ੋਰੀ, ਨਵੀਆਂ ਚੀਜ਼ਾਂ ਸਿੱਖਣ ਵਿਚ ਦਿੱਕਤ ਅਤੇ ਓ.ਸੀ.ਡੀ. ਦੇ ਮਰੀਜ਼ਾਂ ਵਿਚ ਵੀ 40 ਤੋਂ 60 ਫੀਸਦੀ ਫ਼ਾਇਦਾ ਦਿਸਿਆ।
ਟੂਰੈਟ ਸਿੰਡਰੋਮ ਮਰੀਜ਼ਾਂ ਵਿਚ ਵੀ 70 ਫੀਸਦੀ ਫ਼ਾਇਦਾ ਹੋ ਗਿਆ। ਭੁੱਖ ਨਾ ਲੱਗਣ ਦੀ ਬੀਮਾਰੀ, ਬਾਈਪੋਲਰ ਬੀਮਾਰੀ ਦੇ ਮਰੀਜ਼ਾਂ ਵਿੱਚੋਂ ਵੀ 60 ਫੀਸਦੀ ਠੀਕ ਹੋ ਗਏ।
ਹਕਲਾਉਣ ਦੀ ਬੀਮਾਰੀ ਵਿਚ ਵੀ ਜ਼ਬਾਨ ਦੇ ਸੈਂਟਰ ਉੱਤੇ ਡੀ.ਬੀ.ਐਸ. ਮਸ਼ੀਨ ਦਾ ਵਧੀਆ ਅਸਰ ਦਿਸਿਆ। ਇਸ ਸੰਬੰਧੀ ਟੋਰਾਂਟੋ ਯੂਨੀਵਰਸਿਟੀ ਦੇ ਨਿਊਰੋਸਰਜਰੀ ਵਿਭਾਗ ਦੇ ਐਂਦਰੇ ਲੋਜ਼ਾਨੋ ਲਗਾਤਾਰ ਖੋਜ ਜਾਰੀ ਰੱਖ ਰਹੇ ਹਨ ਤੇ ਕਈ ਖੋਜਾਂ ਦੁਨੀਆਂ ਦੇ ਚੋਟੀ ਦੇ ਲੈਂਸੱਟ ਰਿਸਾਲੇ ਵਿਚ ਛੱਪ ਵੀ ਚੁੱਕੀਆਂ ਹਨ।
ਹੁਣ ਸਪਸ਼ਟ ਹੋ ਚੁੱਕਿਆ ਹੈ ਕਿ ਆਉਣ ਵਾਲੇ ਸਮੇਂ ਵਿਚ ਮਨੁੱਖੀ ਮਨ ਨੂੰ ਕਾਬੂ ਵਿਚ ਕੀਤਾ ਜਾ ਸਕਦਾ ਹੈ ਤੇ ਅਨੇਕ ਲਾਇਲਾਜ ਰੋਗਾਂ ਨੂੰ ਠੀਕ ਵੀ ਕੀਤਾ ਜਾ ਸਕਦਾ ਹੈ।
ਸਿਰਫ਼ ਇੱਕ ਨੁਕਤਾ ਜਿਸ ਬਾਰੇ ਕਈ ਸੀਨੀਅਰ ਖੋਜੀਆਂ ਨੇ ਚਿੰਤਾ ਜਤਾਈ ਹੈ, ਉਹ ਇਹ ਹੈ ਕਿ ਜੇ ਦਿਮਾਗ਼ ਦ ਅੰਦਰ ਪਾਈ ਮਸ਼ੀਨ ਦੀਆਂ ਮਹੀਨ ਤਰੰਗਾਂ ਏਨੀ ਜ਼ਬਰਦਸਤ ਤਬਦੀਲੀ ਲਿਆ ਸਕਦੀਆਂ ਹਨ ਤਾਂ ਇਸ ਤੋਂ ਹਜ਼ਾਰ ਗੁਣਾਂ ਤੇਜ਼ ਤਰੰਗਾਂ, ਜੋ ਕੰਨ ਦੇ ਬਾਹਰੋਂ ਦਿਮਾਗ਼ ਨਾਲ ਲੱਗ ਕੇ, ਸਾਰਾ ਦਿਨ ਅੰਦਰ ਪਹੁੰਚ ਕੇ ਘੰਟਿਆਂ ਬੱਧੀ ਅਸਰ ਛੱਡਦੀਆਂ ਹੋਣ ਅਤੇ ਨਿੱਕੇ ਬੱਚਿਆਂ ਦੇ ਬਣਦੇ ਦਿਮਾਗ਼ ਦੇ ਹਿੱਸਿਆਂ ਵਿਚ ਵੀ ਲੰਮੇ ਸਮੇਂ ਤੱਕ ਬਣਤਰ ਤੇ ਹਰਕਤ ਵਿਚ ਅਸਰ ਪਾ ਰਹੀਆਂ ਹੋਣ ਤਾਂ ਕੀ ਬਣੇਗਾ?
ਇਹ ਤਰੰਗਾਂ ਹਨ ਮੋਬਾਈਲ ਫ਼ੋਨ ਦੀਆਂ। ਹੁਣ ਤੱਕ ਦੀਆਂ ਖੋਜਾਂ ਸਪਸ਼ਟ ਕਰ ਚੁੱਕੀਆਂ ਹਨ ਕਿ ਬੱਚਿਆਂ ਵਿਚ ਵੱਧਦਾ ਮਨੋਰੋਗ ''ਓਟਿਜ਼ਮ'' ਮੋਬਾਈਲ ਫ਼ੋਨ ਦੀ ਹੀ ਦੇਣ ਹੈ। ਬਾਕੀ ਫੈਸਲਾ ਪਾਠਕਾਂ ਉੱਤੇ!

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
         ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783