ਕਾਰ-ਵਿਉਹਾਰ ਅਤੇ ਸੇਵਾ - ਗੁਰਸ਼ਰਨ ਸਿੰਘ ਕੁਮਾਰ

ਘਾਲਿ ਖਾਇ ਕਿਛੁ ਹਥਹੁ ਦੇਇ
ਨਾਨਕ ਰਾਹੁ ਪਛਾਣਹਿ ਸੇਇ॥

ਮਨੁੱਖ ਇਸ ਦੁਨੀਆਂ 'ਤੇ ਇਕੱਲਾ ਹੀ ਆਉਂਦਾ ਹੈ ਅਤੇ ਇਕੱਲਾ ਹੀ ਇੱਥੋਂ ਰੁਖ਼ਸਤ ਹੁੰਦਾ ਹੈ। ਪਰ ਉਸਨੇ ਇੱਥੇ ਰਹਿਣਾ ਇਕੱਲੇ ਨਹੀਂ ਕਿਉਂਕਿ ਮਨੁੱਖ ਇਕ ਸਮਾਜਿਕ ਪ੍ਰਾਣੀ ਹੈ ਉਹ ਇਕੱਲਾ ਨਹੀਂ ਰਹਿ ਸਕਦਾ। ਇਸ ਲਈ ਅਸੀਂ ਸਾਰਿਆਂ ਨੇ ਇੱਥੇ ਮਿਲ ਜੁਲ ਕੇ ਪਿਆਰ ਨਾਲ  ਰਹਿਣਾ ਹੈ। ਅਸੀਂ ਇਕ ਦੂਸਰੇ ਨੂੰ ਖ਼ੁਸ਼ੀਆਂ ਵੰਡਣੀਆਂ ਹਨ ਤਾਂ ਕਿ ਸਾਡੀ ਜ਼ਿੰਦਗੀ ਦਾ ਸਫ਼ਰ ਸੁਹਾਣਾ ਹੋ ਸੱਕੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਰਿਸ਼ਤੇ ਕੇਵਲ ਬਰਾਬਰ ਦੇ ਧਰਾਤਲ 'ਤੇ ਹੀ ਸੋਹਣੇ ਨਿਭਦੇ ਹਨ ਪਰ ਅਜਿਹੇ ਰਿਸ਼ਤੇ ਨਿਭਾਉਂਦੇ ਸਮੇਂ ਮਨ ਵਿਚ ਇਕ ਦੂਜੇ ਲਈ ਪਿਆਰ ਅਤੇ ਸਤਿਕਾਰ ਰੱਖਦੇ ਹੋਏ ਤਿਆਗ ਦੀ ਭਾਵਨਾ ਜ਼ਰੂਰ ਮਨ ਵਿਚ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਹੀ ਸਮਾਜਿਕ ਰਿਸ਼ਤਿਆਂ ਦਾ ਨਿੱਘ ਕਾਇਮ ਰਹਿੰਦਾ ਹੈ। ਦੂਜੇ ਨੂੰ ਇੱਜ਼ਤ ਦੇਣ ਨਾਲ ਹੀ ਸਾਨੂੰ ਆਪ ਨੂੰ ਇੱਜ਼ਤ ਮਿਲਦੀ ਹੈ। ਪਿਆਰ ਬਦਲੇ ਹੀ ਪਿਆਰ ਮਿਲਦਾ ਹੈ। ਇਹ ਕਦੀ ਨਹੀਂ ਹੋ ਸੱਕਦਾ ਕਿ ਅਸੀਂ ਦੂਸਰੇ ਨੂੰ ਨਫ਼ਰਤ ਕਰੀਏ ਅਤੇ ਉਹ ਸਾਨੂੰ ਬਦਲੇ ਵਿਚ ਪਿਆਰ ਦੇਵੇ। ਦੁਨੀਆਂ ਖੂਹ ਦੀ ਆਵਾਜ਼ ਹੈ। ਜੈਸੀ ਆਵਾਜ਼ ਅਸੀਂ ਆਪਣੇ ਮੂੰਹ ਵਿਚੋਂ ਕੱਢਾਂਗੇ ਵੈਸੀ ਆਵਾਜ਼ ਹੀ ਪਰਤ ਕੇ ਸਾਡੇ ਕੋਲ ਆਵੇਗੀ। ਇਸੇ ਲਈ ਕਹਿੰਦੇ ਹਨ ਕਿ ਹਰ ਕੰਮ  ਦਾ ਨਤੀਜਾ ਉਸ ਦੇ ਬਰਾਬਰ ਵਾਪਸ ਮਿਲਦਾ ਹੈ (To every action, there is always an equal and opposite reaction)    ਭਾਵ ਜੈਸਾ ਅਸੀਂ ਬੀਜਾਂਗੇ ਵੈਸਾ ਹੀ ਵੱਢਾਂਗੇ। ਜੇ ਕਿਸੇ ਨਾਲ ਬਰਾਬਰ ਦਾ ਹਿਸਾਬ ਨਾ ਰੱਖਿਆ ਜਾਏ ਤਾਂ ਮਨ ਕਟੋਚਦਾ ਰਹਿੰਦਾ ਹੈ। ਜੇ ਕਿਸੇ ਕੋਲੋਂ ਕੁਝ ਲੈਂਦੇ ਹੀ ਜਾਈਏ ਅਤੇ ਇਵਜ਼ਾਨੇ ਵਿਚ ਉਸ ਨੂੰ ਨਾ ਕੁਝ ਮੋੜੀਏ ਅਤੇ ਨਾ ਹੀ ਉਸ ਦਾ ਕੁਝ ਸਵਾਰੀਏ ਤਾਂ ਉਸ ਦਾ ਸਾਡੇ ਸਿਰ ਇਕ ਕਿਸਮ ਦਾ ਕਰਜ਼ਾ ਹੀ ਹੁੰਦਾ ਹੈ। ਕਰਜ਼ਈ ਬੰਦਾ ਕਦੀ ਵੀ ਸਿਰ ਉਠਾ ਕੇ ਅਣਖ ਨਾਲ ਨਹੀਂ ਜੀਅ ਸੱਕਦਾ। ਇਸ ਲਈ ਸਦਾ ਆਪਣੀ ਹੱਦ ਵਿਚ ਹੀ ਰਹਿਣਾ ਚਾਹੀਦਾ ਹੈ। ਆਪਣੀ ਔਕਾਤ ਕਦੀ ਨਹੀਂ ਭੁੱਲਣੀ ਚਾਹੀਦੀ।
ਜੇ ਤੁਸੀਂ ਕਿਸੇ ਕੋਲੋਂ ਕਿਸੇ ਕਿਸਮ ਦੀ ਕੋਈ ਮਦਦ ਵੀ ਲੈਂਦੇ ਹੋ ਤਾਂ ਤੁਹਾਨੂੰ ਉਸ ਦਾ ਮੁੱਲ (ਪੈਸਾ ਨਾ ਸਹੀ) ਕਿਸੇ ਨਾ ਕਿਸੇ ਰੂਪ ਵਿਚ ਚੁਕਾਉਣਾ ਹੀ ਪੈਂਦਾ ਹੈ। ਜ਼ਿੰਦਗੀ ਵਿਚ ਕੁਝ ਪਾਉਣ ਤੋਂ ਪਹਿਲਾਂ ਕੁਝ ਗੁਵਾਉਣਾ ਹੀ ਪੈਂਦਾ ਹੈ। ਅਸੀਂ ਹਮੇਸ਼ਾਂ ਚਾਹੁੰਦੇ ਹਾਂ ਕਿ ਅਸੀਂ ਉਸ ਨਾਲ ਵਰਤੀਏ ਜਿਸ ਵਿਚ ਕੋਈ ਕਮੀ ਨਾ ਹੋਵੇ ਪਰ ਸਾਡੇ ਖ਼ੁਦ ਵਿਚ ਕਈ ਕਮੀਆਂ ਹੋਣਗੀਆਂ ਜਿੰਨਾਂ ਨੂੰ ਦੂਜੇ ਲੋਕ ਬਰਦਾਸ਼ਤ ਕਰਦੇ ਹਨ। ਇਸ ਲਈ ਸਾਨੂੰ ਉਨ੍ਹਾਂ ਦੀਆਂ ਕਮੀਆਂ ਨੂੰ ਵੀ ਬਰਦਾਸ਼ਤ ਕਰਨਾ ਪਵੇਗਾ ਤਾਂ ਹੀ ਰਿਸ਼ਤੇ ਸੋਹਣੇ ਨਿਭਣਗੇ।
 ਜ਼ਿੰਦਗੀ ਵਿਚ ਹਰ ਚੀਜ਼ ਮੁੱਲ ਮਿਲਦੀ ਹੈ। ਇਕ ਹੱਥ ਲੈ ਅਤੇ ਦੂਜੇ ਹੱਥ ਦੇ। ਇੱਥੇ ਪਾਸਕੂ ਬਿਲਕੁਲ ਵੀ ਨਹੀਂ ਚੱਲਦਾ। ਚੰਗੇ ਦਿਨ ਲਿਆਉਣ ਲਈ ਪਹਿਲਾਂ ਮਾੜੇ ਦਿਨਾਂ ਨਾਲ ਲੜ੍ਹਨਾ ਪੈਂਦਾ ਹੈ। ਕਰਮ ਨਾਲ ਹੀ ਕਿਸਮਤ ਬਣਦੀ ਹੈ।ਇਕ ਸਖ਼ਤ ਕਿਰਿਆ ਵਿਚੋਂ  ਗੁਜ਼ਰਨ ਤੋਂ ਬਾਅਦ ਹੀ  ਕਿਸੇ ਚੀਜ਼ ਦਾ ਮੁੱਲ ਪੈਂਦਾ ਹੈ। ਹੀਰਾ ਤਰਾਸ਼ੇ ਜਾਣ ਦੀ ਪਰਕਿਰਿਆ 'ਚੋਂ ਨਿਕਲਣ ਤੋਂ ਬਾਅਦ ਹੀ ਚਮਕਦਾ ਹੈ। ਤਾਂ ਹੀ ਉਹ ਕਿਸੇ ਰਾਜੇ ਦੇ ਮੁਕਟ ਵਿਚ ਮੜ੍ਹਿਆ ਜਾਂਦਾ ਹੈ ਜਾਂ ਕਿਸੇ ਹਸੀਨਾ ਦੇ ਗਲੇ ਦੇ ਹਾਰ ਦਾ ਸ਼ਿੰਗਾਰ ਬਣਦਾ ਹੈ। ਜ਼ਿੰਦਗੀ ਦੋ ਪਾਸੇ ਚੱਲਣ ਵਾਲੀ ਆਵਾਜਾਈ ਹੈ। ਇੱਥੇ ਹਿਸਾਬ ਕਿਤਾਬ ਬਿਲਕੁਲ ਬਰਾਬਰ ਰੱਖਣਾ ਪੈਂਦਾ ਹੈ। ਇਹ ਗੱਲ ਸਾਨੂੰ ਜ਼ਿੰਦਗੀ ਦੀਆਂ ਨਿੱਤ ਵਾਪਰਨ ਵਾਲੀਆਂ ਗੱਲਾਂ ਤੋਂ ਬਿਲਕੁਲ ਸਪਸ਼ਟ ਹੋ ਜਾਂਦੀ ਹੈ। ਮਿਹਨਤ ਤੋਂ ਬਿਨਾਂ ਤਾਂ ਕਿਸੇ ਜੀਵ ਨੂੰ ਭੋਜਨ ਵੀ ਪ੍ਰਾਪਤ ਨਹੀਂ ਹੁੰਦਾ। ਹਰ ਜੀਵ ਨੂੰ ਸਖ਼ਤ ਮਿਹਨਤ ਕਰਨ ਤੋਂ ਬਾਅਦ ਹੀ ਭੋਜਨ ਪ੍ਰਾਪਤ ਹੁੰਦਾ ਹੈ।
ਪੰਛੀ ਬੜੀ ਮੁਸ਼ਕਲ ਨਾਲ ਤਿਨਕਾ ਤਿਨਕਾ ਚੁਣ ਕੇ ਇਕ ਸ਼ਿਲਪਕਾਰ ਦੀ ਤਰ੍ਹਾਂ ਆਪਣਾ ਆਲ੍ਹਣਾ ਬਣਾਉਂਦੇ ਹਨ ਤਾਂ ਹੀ ਉਨ੍ਹਾਂ ਨੂੰ ਦੂਜੇ ਤਕੜੇ ਪੰਛੀਆਂ ਅਤੇ ਹਨੇਰੀ ਤੁਫ਼ਾਨ ਤੋਂ ਬਚਣ ਲਈ ਇਕ ਸੁਰੱਖਿਅਤ ਘਰ ਮਿਲਦਾ ਹੈ। ਜਿੱਥੇ ਉਹ ਆਂਡੇ ਦਿੰਦੇ ਹਨ ਅਤੇ ਆਪਣੇ ਬੱਚਿਆਂ ਨੂੰ ਪਾਲਦੇ ਹਨ। ਇਕ ਕਿਸਾਨ ਵੀ ਫਸਲ ਉਗਾਉਣ ਲਈ ਸਖ਼ਤ ਮਿਹਨਤ ਕਰਦਾ ਹੈ। ਉਹ ਪਹਿਲਾਂ ਜ਼ਮੀਨ ਵਿਚ ਹੱਲ ਵਾਹੁੰਦਾ ਹੈ, ਫਿਰ ਬੀਜ ਬੀਜਦਾ ਹੈ, ਫਿਰ ਪਾਣੀ ਅਤੇ ਖਾਦ ਪਾਉਂਦਾ ਹੈ। ਫਿਰ ਲੰਮੇ ਸਮੇਂ ਲਈ ਆਪਣੀ ਫਸਲ ਦੀ ਰਾਖੀ ਕਰਦਾ ਹੈ ਤਾਂ ਜਾਕੇ ਉਸ ਨੂੰ ਆਪਣੀ ਮਿਹਨਤ ਦਾ ਮੁੱਲ ਮਿਲਦਾ ਹੈ। ਇਸੇ ਤਰ੍ਹਾਂ ਇਕ ਮਜ਼ਦੂਰ ਨੂੰ ਸਾਰੀ ਦਿਹਾੜੀ ਮੁਸ਼ੱਕਤ ਕਰਨ ਤੋਂ ਬਾਅਦ ਹੀ ਦਿਹਾੜੀ ਮਿਲਦੀ ਹੈ। ਤਾਂ ਹੀ ਉਸ ਦਾ ਚੁਲ੍ਹਾ ਬਲਦਾ ਹੈ ਅਤੇ ਟੱਬਰ ਪਲਦਾ ਹੈ। ਕਿਸੇ ਮੁਲਾਜ਼ਮ ਨੂੰ ਸਾਰਾ ਮਹੀਨਾ ਕੰਮ ਕਰਨ ਤੋਂ ਬਾਅਦ ਹੀ ਤਨਖਾਹ ਮਿਲਦੀ ਹੈ। ਇਕ ਦੁਕਾਨਦਾਰ ਵੀ ਪਹਿਲਾਂ ਆਪਣੇ ਪੱਲਿਉਂ ਪੂੰਜੀ ਲਾਉਂਦਾ ਹੈ। ਮਾਲ ਖ਼ਰੀਦਦਾ ਹੈ ਫਿਰ ਦੁਕਾਨ ਦਾ ਕਿਰਾਇਆ, ਢੋਆ ਢੁਆਈ ਦਾ ਖ਼ਰਚਾ, ਨੌਕਰਾਂ ਦੀ ਤਨਖਾਹ, ਆਪਣੀ ਮਿਹਨਤ ਅਤੇ ਸਰਕਾਰੀ ਟੈਕਸਾਂ ਦੇ ਭੁਗਤਾਨ ਤੋਂ ਬਾਅਦ ਹੀ ਉਸ ਨੂੰ ਲਾਭ ਪ੍ਰਾਪਤ ਹੁੰਦਾ ਹੈ ਅਤੇ ਉਸ ਦੀ ਗੱਡੀ ਅੱਗੇ ਤੁਰਦੀ ਹੈ।
ਉਪਰਲੀਆਂ ਉਦਾਹਰਣਾ ਤੋਂ ਸਪਸ਼ਟ ਹੈ ਕਿ ਜ਼ਿੰਦਗੀ ਵਿਚ ਕੁਝ ਪਾਉਣ ਤੋਂ ਪਹਿਲਾਂ ਸਾਨੂੰ ਕਿਸੇ ਨਾ ਕਿਸੇ ਰੂਪ ਵਿਚ ਕੁਝ ਗੁਵਾਉਣਾ ਵੀ ਪੈਂਦਾ ਹੈ। ਕੁਝ ਕੁਰਬਾਨੀ ਵੀ ਕਰਨੀ ਪੈਂਦੀ ਹੈ। ਜ਼ਿੰਦਗੀ ਵਿਚ ਨਾਮ ਕਮਾਉਣ ਤੋਂ ਪਹਿਲਾਂ ਵੀ ਬਹੁਤ ਸਖ਼ਤ ਘਾਲਣਾ ਘਾਲਨੀ ਪੈਂਦੀ ਹੈ। ਮਨੁੱਖ ਨੂੰ ਮਿਹਨਤ ਤੋਂ ਬਾਅਦ ਹੀ ਸਫ਼ਲਤਾ ਮਿਲਦੀ ਹੈ। ਅੱਜ ਕੱਲ ਵਿਦਿਆ ਤੋਂ ਬਿਨਾ ਬੰਦਾ ਅਧੂਰਾ ਹੀ ਹੈ। ਕੋਈ ਵਿਦਿਆਰਥੀ ਸਾਰਾ ਸਾਲ ਸਖ਼ਤ ਮਿਹਨਤ ਤੋਂ ਬਾਅਦ ਹੀ ਇਮਤਿਹਾਨ ਵਿਚੋਂ ਪਾਸ ਹੁੰਦਾ ਹੈ। ਕੋਈ ਖਿਡਾਰੀ ਲੰਮੇ ਅਭਿਆਸ ਤੋਂ ਬਾਅਦ ਹੀ ਹੀਰੋ ਬਣ ਕੇ ਉਭਰਦਾ ਹੈ।
ਕਿਸੇ ਅੰਦਰ ਜੋ ਗੁਣ ਹੈ ਉਸ ਨੂੰ ਵੀ ਬਾਹਰ ਕੱਢ ਕੇ ਨਿਖਾਰਨ ਲਈ ਸਖ਼ਤ ਮਿਹਨਤ ਅਤੇ ਅਭਿਆਸ ਦੀ ਲੋੜ ਹੈ। ਬੁੱਤ ਤਰਾਸ਼, ਚਿੱਤਰਕਾਰ ਅਤੇ ਸਾਹਿਤਕਾਰ ਵੀ ਜਦ ਲਗਾਤਾਰ ਆਪਣੀ ਕਲਾ ਵਿਚ ਖੂਭੇ ਰਹਿੰਦੇ ਹਨ ਤਾਂ ਹੀ ਉਹ ਆਪਣਾ ਸ਼ਾਹਕਾਰ ਬਣਾ ਪਾਉਂਦੇ ਹਨ। ਸਾਇੰਸਦਾਨ ਸਾਰੀ ਉਮਰ ਤਜਰਬੇ ਕਰਦੇ ਰਹਿੰਦੇ ਹਨ । ਉਨ੍ਹਾਂ ਨੂੰ ਦਿਨ ਰਾਤ ਦੀ ਜਾਂ ਖਾਣ ਪੀਣ ਦੀ ਸੁੱਧ ਬੁੱਧ ਨਹੀਂ ਰਹਿੰਦੀ ਤਾਂ ਹੀ ਕਿਧਰੇ ਉਹ ਕੋਈ ਨਵੀਂ ਕਾਢ ਕੱਢ ਪਾਉਂਦੇ ਹਨ ਅਤੇ ਦੁਨੀਆਂ ਵਿਚ ਉਨ੍ਹਾਂ ਦਾ ਨਾਮ ਹੁੰਦਾ ਹੈ। ਇਕ ਦਾਣਾ ਵੀ ਪਹਿਲਾਂ ਮਿੱਟੀ ਵਿਚ ਫ਼ਨਾਹ ਹੁੰਦਾ ਹੈ ਤਾਂ ਹੀ ਉਹ ਇਕ ਨਵੇਂ ਪੌਧੇ ਦੇ ਰੂਪ ਵਿਚ ਨਵਾਂ ਜਨਮ ਲੈਂਦਾ ਹੈ ਅਤੇ ਉਸ ਨੂੰ ਫੁੱਲ ਪੈਂਦੇ ਹਨ। ਜ਼ਾਹਿਰ ਹੈ ਕਿ ਜ਼ਿੰਦਗੀ ਵਿਚ ਕੁਝ ਲੈਣ ਤੋਂ ਪਹਿਲਾਂ ਕੁਝ ਦੇਣਾ ਵੀ ਪੈਂਦਾ ਹੈ। ਕੁਝ ਹਾਸਿਲ ਕਰਨ ਤੋਂ ਪਹਿਲਾਂ ਕੁਝ ਗੁਵਾਉਣਾ ਵੀ ਪੈਂਦਾ ਹੈ।
ਆਪਣੇ ਬੱਚਿਆਂ ਨੂੰ ਅਮੀਰ ਹੋਣਾ ਨਾ ਸਿਖਾਓ। ਉਨ੍ਹਾਂ ਨੂੰ ਖ਼ੁਸ਼ ਰਹਿਣਾ ਸਿਖਾਓ ਤਾਂ ਕਿ ਜਦ ਉਹ ਵੱਡੇ ਹੋਣ ਤਾਂ ਉਨ੍ਹਾਂ ਨੂੰ ਕਿਸੇ ਵਸਤੂ ਦੇ ਉਪਯੋਗ ਦਾ ਪਤਾ ਲੱਗੇ ਨਾ ਕਿ ਉਸ ਦੀ ਕੀਮਤ ਦਾ। ਸਫ਼ਲ ਲੋਕ ਆਪਣੇ ਕਿੱਤੇ ਦੇ ਸਭ ਤੋਂ ਵੱਡੇ ਮਾਹਿਰ ਹੁੰਦੇ ਹਨ। ਆਪਣੇ ਬੱਚਿਆਂ ਨੂੰ ਬੈਂਕਰ, ਵਕੀਲ, ਸਾਇੰਸਦਾਨ ਅਤੇ ਆਰਟਿਸਟ ਬਣਾਓ। ਉਨ੍ਹਾਂ ਨੂੰ ਚੰਗੀ ਸੋਚ ਸ਼ਕਤੀ ਦਾ ਮਾਲਕ ਬਣਨ ਦਿਓ। ਇਸ ਤਰ੍ਹਾਂ ਉਨ੍ਹਾਂ ਨੂੰ ਮਿਹਨਤ ਕਰਨ ਦੀ ਆਦਤ ਪਏਗੀ।
ਜਦ ਮਨੁੱਖ ਪੱਥਰ ਯੁੱਗ ਤੋਂ ਕੁਝ ਉਨਤੀ ਕਰ ਕੇ ਖੇਤੀ ਬਾੜੀ ਦੇ ਲੜ ਲੱਗਾ ਤਾਂ ਉਸ ਨੂੰ ਆਪਸ ਵਿਚ ਵਸਤੂ ਦੇ ਵਟਾਂਦਰੇ ਦੀ ਜ਼ਰੂਰਤ ਪਈ। ਜਿਹੜੀ ਵਸਤੂ ਉਸ ਕੋਲ ਫ਼ਾਲਤੂ ਹੁੰਦੀ ਸੀ ਉਹ ਦੂਜੇ ਨੂੰ ਦੇ ਕੇ ਆਪਣੀ ਜ਼ਰੂਰਤ ਦੀ ਵਸਤੂ ਉਸ ਕੋਲੋਂ ਲੈ ਲੈਂਦਾ ਸੀ। ਇਸ ਵਿਚ ਵੀ ਕਾਫ਼ੀ ਕਠਿਨਾਈ ਆਉਂਦੀ ਸੀ। ਬਹੁਤੀ ਵਾਰੀ ਦੂਜੇ ਕੋਲ ਉਹ ਵਸਤੂ ਨਹੀਂ ਹੁੰਦੀ ਸੀ ਜੋ ਉਸ ਨੂੰ ਚਾਹੀਦੀ ਹੁੰਦੀ ਸੀ। ਦੂਜੇ ਕੋਲ ਉਹ ਵਸਤੂ ਹੁੰਦੀ ਸੀ ਜਿਸ ਦੀ ਪਹਿਲੇ ਬੰਦੇ ਨੂੰ ਕੋਈ ਜ਼ਰੂਰਤ ਹੀ ਨਹੀਂ ਸੀ ਹੁੰਦੀ॥ ਇਸ ਲਈ ਲੈਣ ਦੇਣ ਵਿਚ ਕਾਫ਼ੀ ਕਠਿਨਾਈ ਹੁੰਦੀ ਸੀ। ਜ਼ਰੂਰਤ ਅਵਿਸ਼ਕਾਰ ਦੀ ਜਨਨੀ ਹੈ। ਪ੍ਰਸ਼ਾਸਨ ਦੀ ਹੋਂਦ ਦੇ ਨਾਲ ਨਾਲ ਹੀ ਸਿੱਕਿਆਂ ਦਾ ਚਲਨ ਹੋਂਦ ਵਿਚ ਆਇਆ। ਇਸ ਨੇ ਲੈਣ ਦੇਣ ਦੇ ਕੰਮ ਨੂੰ ਸੌਖਾ ਕਰ ਦਿੱਤਾ। ਇਸ ਤੋਂ ਬਾਅਦ ਕਾਗਜ਼ ਦੀ ਕਰੰਸੀ ਹੋਂਦ ਵਿਚ ਆਈ। ਹੋਲੀ ਹੋਲੀ ਇਸ ਲੈਣ ਦੇਣ ਲਈ ਦੁਕਾਨਾਂ ਖੁਲ੍ਹ ਗਈਆਂ ਅਤੇ ਵਪਾਰ ਨੇ ਇਕ ਵੱਖਰਾ ਅਤੇ ਨਵੇਕਲਾ ਰੂਪ ਧਾਰਨ ਕਰ ਲਿਆ। ਇਸ ਸਭ ਪਿੱਛੇ ਵੀ ਇਕ ਹੱਥ ਲੈ ਅਤੇ ਦੂਜੇ ਹੱਥ ਦੇ ਦਾ ਸਿਧਾਂਤ ਹੀ ਕੰਮ ਕਰਦਾ ਹੈ।
ਕਈ ਲੋਕ ਚਲਾਕੀਆਂ ਅਤੇ ਹੇਰਾਫੇਰੀਆਂ ਨਾਲ ਦੂਸਰੇ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਨ। ਬਿਨਾ ਹੁਨਰ ਤੋਂ ਮਿਲੀ ਸਫ਼ਲਤਾ ਅਤੇ ਪੁੱਠੇ ਤਰੀਕਿਆਂ ਨਾਲ ਕਮਾਇਆ ਧਨ ਜ਼ਿਆਦਾ ਦੇਰ ਸਾਥ ਨਹੀਂ ਦਿੰਦਾ। ਇਹ ਦੁਨੀਆਂ ਨਾਲ ਅਤੇ ਆਪਣੇ ਨਾਲ ਇਕ ਛਲਾਵਾ ਹੀ ਹੁੰਦਾ ਹੈ। ਜੋ ਜਲਦੀ ਹੀ ਉੜਨ ਛੂਹ ਹੋ ਜਾਂਦਾ ਹੈ। ਕਹਿੰਦੇ ਹਨ ਚੋਰ ਨੂੰ ਐਸ਼ ਕਰਦੇ ਨਾ ਦੇਖੋ, ਚੋਰ ਨੂੰ ਕੁੱਟ ਪੈਂਦੇ ਦੇਖੋ। ਫੜੇ ਜਾਣ ਤੇ ਚੋਰ ਅਤੇ ਬੇਈਮਾਨ ਦਾ ਉਸ ਦੇ ਘਰ ਵਾਲੇ ਵੀ ਸਾਥ ਨਹੀਂ ਦਿੰਦੇ। ਚਲਾਕੀਆਂ ਨਾਲ ਜ਼ਿੰਦਗੀ ਜ਼ਿਆਦਾ ਦੇਰ ਨਹੀਂ ਜੀਵੀ ਜਾ ਸੱਕਦੀ।ਇਸੇ ਲਈ ਕਹਿੰਦੇ ਹਨ ਕਿ ਕਾਠ ਦੀ ਹਾਂਡੀ ਇਕੋ ਵਾਰੀ ਹੀ ਚੜ੍ਹਦੀ ਹੈ। ਕਾਮਯਾਬ ਹੋਣ ਲਈ ਮਨੁੱਖ ਅੰਦਰ ਕੋਈ ਗੁਣ ਹੋਣਾ ਜ਼ਰੂਰੀ ਹੈ। ਮਨੁੱਖ ਦੇ ਅੰਦਰਲਾ ਹੁਨਰ ਖ਼ਰਾ ਸੋਨਾ ਹੁੰਦਾ ਹੈ। ਉਸ ਦੀ ਹਰ ਥਾਂ ਕਦਰ ਪੈਂਦੀ ਹੈ। ਤੁਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਚਲੇ ਜਾਓ, ਤੁਹਾਡੇ ਅੰਦਰਲਾ ਹੁਨਰ ਤੁਹਾਨੂੰ ਕਦੀ ਧੋਖਾ ਨਹੀਂ ਦੇਵੇਗਾ।
ਜੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਜ਼ਿੰਦਗੀ ਵਿਚ ਕੁਝ ਘੱਟ ਮਿਲਿਆ ਹੈ ਜਾਂ ਤੁਹਾਨੂੰ ਕੁਝ ਹੋਰ ਜ਼ਿਆਦਾ ਮਿਲਨਾ ਚਾਹੀਦਾ ਹੈ ਤਾਂ ਮਿਹਨਤ ਕਰੋ। ਆਪਣੇ ਅੰਦਰ ਹੋਰ ਪ੍ਰਾਪਤੀ ਲਈ ਗੁਣ ਪੈਦਾ ਕਰੋ। ਤੁਸੀਂ ਅੱਗੇ ਵਧੋਗੇ। ਮਿਹਨਤ ਕਰਨ ਵਾਲੇ ਦੀ ਕਦੀ ਹਾਰ ਨਹੀਂ ਹੁੰਦੀ। ਕਿਸੇ ਸ਼ਾਇਰ ਨੇ ਠੀਕ ਹੀ ਕਿਹਾ ਹੈ ਕਿ 'ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ, ਕਹੀਂ ਜ਼ਿਮੀ ਤੋ ਕਹੀਂ ਆਸਮਾਂ ਨਹੀਂ ਮਿਲਤਾ।' ਇਹ ਪ੍ਰਮਾਤਮਾ ਜਾਣਦਾ ਹੈ ਕਿ ਤੁਹਾਡੇ ਲਈ ਕੀ ਠੀਕ ਹੈ। ਜ਼ਿੰਦਗੀ ਵਿਚ ਜੋ ਮਿਲਿਆ ਹੈ ਉਸ ਲਈ ਪ੍ਰਮਾਤਮਾ ਦਾ ਸ਼ੁਕਰ ਕਰੋ ਕਿਉਂਕਿ ਲਾਲਚੀ ਬੰਦੇ ਨੂੰ ਕੇਵਲ ਨਿਰਾਸ਼ਾ ਹੀ ਹੱਥ ਲੱਗਦੀ ਹੈ। ਤੁਸੀਂ ਜਿਹੋ ਜਹੀ ਜ਼ਿੰਦਗੀ ਬਸਰ ਕਰ ਰਹੇ ਹੋ ਕਈ ਲੋਕ ਐਸੀ ਜ਼ਿੰਦਗੀ ਨੂੰ ਤਰਸ ਰਹੇ ਹੋਣਗੇ। ਇੱਥੇ ਆ ਕੇ ਸਬਰ ਕਰੋ। ਸਬਰ ਇਕ ਐਸੀ ਸਵਾਰੀ ਹੈ ਜੋ ਕਦੀ ਆਪਣੇ ਸਵਾਰ ਨੂੰ ਕਿਸੇ ਦੇ ਪੈਰਾਂ ਵਿਚ ਜਾਂ ਕਿਸੇ ਦੀਆਂ ਨਜ਼ਰਾਂ ਵਿਚ ਡਿੱਗਣ ਨਹੀਂ ਦਿੰਦੀ। ਸਬਰ ਵਾਲੇ ਬੰਦੇ ਸਧਾਰਨ ਬਿਸਤਰੇ 'ਤੇ ਵੀ ਸੋਹਣੀ ਨੀਂਦ ਲੈਂਦੇ ਹਨ ਅਤੇ ਮਾਮੂਲੀ ਸਾਈਕਲ ਦੀ ਸਵਾਰੀ ਦਾ ਵੀ ਆਨੰਦ ਮਾਣ ਲੈਂਦੇ ਹਨ, ਜਦ ਕਿ ਬੇਸਬਰਿਆਂ ਨੂੰ ਮਖ਼ਮਲ ਦੇ ਗਦੇਲਿਆਂ 'ਤੇ ਵੀ ਨੀਂਦ ਨਹੀਂ ਆਉਂਦੀ ਅਤੇ  ਕਾਰਾਂ ਵਿਚ ਬੈਠ ਕੇ ਵੀ ਉਨ੍ਹਾਂ ਨੂੰ ਆਨੰਦ ਨਹੀਂ ਮਿਲਦਾ।
ਉਪਰੋਕਤ ਸਾਰੀ ਵੀਚਾਰ 'ਤੋਂ ਇਹ ਭਲੀ ਭਾਂਤ ਸਪਸ਼ਟ ਹੋ ਜਾਂਦਾ ਹੈ ਕਿ ਸਾਡੀ ਜ਼ਿੰਦਗੀ ਦਾ ਸਾਰਾ ਵਰਤੋਂ ਵਿਉਹਾਰ ਇਕ ਵਪਾਰ ਦੀ ਤਰ੍ਹਾਂ ਹੀ ਚੱਲਦਾ ਹੈ ਭਾਵ ਇਕ ਹੱਥ ਦੇ ਅਤੇ ਦੂਜੇ ਹੱਥ ਲੈ। ਪਰ ਇਨਸਾਨੀ ਤੋਰ ਤੇ ਸਾਡਾ ਇਕ ਵਰਤਾਰਾ ਇਸ ਸਾਰੇ ਵਪਾਰ ਤੋਂ ਉੱਪਰ ਹੈ। ਉਹ ਵਪਾਰ ਖ਼ਰਾ ਸੋਨਾ ਹੈ। ਜੋ ਅਮੁਲ ਹੈ। ਜਿਸ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਇਸ ਨੂੰ ਸੱਚਾ ਸੌਦਾ ਵੀ ਕਿਹਾ ਜਾ ਸਕਦਾ ਹੈ। ਜੋ ਸਾਨੂੰ ਸ੍ਰੀ  ਗੁਰੂ ਨਾਨਕ ਦੇਵ ਜੀ ਨੇ ਸਿਖਾਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਅੱਜ ਤੋਂ ਕਰੀਬ 550 ਸਾਲ ਪਹਿਲਾਂ, ਭੁੱਖੇ ਸਾਧੂਆਂ ਨੂੰ ਆਪਣੇ ਪਿਤਾ ਜੀ ਦੇ ਦਿੱਤੇ ਹੋਏ 20 ਰੁਪਏ ਨਾਲ ਭੋਜਨ ਕਰਾ ਕੇ, ਸਾਨੂੰ ਅਜਿਹਾ ਸੱਚਾ ਸੌਦਾ ਕਰਨਾ ਸਿਖਾ ਗਏ ਸਨ। ਇਹ ਹੈ ਮਨੁੱਖੀ ਸੇਵਾ। ਇਹ ਸੇਵਾ ਪੂਰੀ ਤਰ੍ਹਾਂ ਸਮਰਣ ਦੀ ਭਾਵਨਾ ਨਾਲ ਕੀਤੀ ਜਾਂਦੀ ਹੈ। ਇੱਥੇ ਇਹ ਨਹੀਂ ਸੋਚਿਆ ਜਾਂਦਾ ਕਿ ਇਸ ਸੇਵਾ ਨਾਲ ਮੇਰਾ ਨਾਮ ਹੋਵੇਗਾ ਜਾਂ ਮੈਨੰ ਕੋਈ ਫ਼ਲ ਜਾਂ ਸਵਰਗ ਮਿਲੇਗਾ। ਇਹ ਹੀ ਸੇਵਾ ਸਭ ਤੋਂ ਸਫ਼ਲ ਹੈ।
ਜੇ ਅਸੀਂ ਕਿਸੇ ਮਜ਼ਬੂਰ, ਲਾਚਾਰ ਜਾਂ ਕਿਸੇ ਗ਼ਰੀਬ ਦੀ ਮਦਦ, ਸੇਵਾ ਸਮਝ ਕੇ ਕਰਦੇ ਹਾਂ ਅਤੇ ਬਦਲੇ ਵਿਚ ਦੂਸਰੇ ਤੋਂ ਕਿਸੇ ਵਾਪਸੀ ਦੀ ਉਮੀਦ ਨਹੀਂ ਕਰਦੇ ਤਾਂ ਅਜਿਹੀ ਸੇਵਾ ਸਫ਼ਲ ਹੁੰਦੀ ਹੈ। ਅਸੀਂ ਉਸ ਦੇ ਮੁੱਲ ਦੀ ਵਾਪਸੀ ਦੀ ਭਾਵਨਾ ਨਹੀਂ ਰੱਖਦੇ।ਇੱਥੇ ਜੇ ਕੋਈ ਦੂਸਰੇ ਦੀ ਸੇਵਾ ਆਪਣਾ ਸਮਾਂ ਦੇ ਕੇ ਕਰਦਾ ਹੈ ਉਸ ਕਰਜ਼ੇ ਨੂੰ ਕਦੀ ਵੀ ਨਹੀਂ ਮੋੜਿਆ ਜਾ ਸੱਕਦਾ। ਸੇਵਾ ਆਪਣੀ ਮਰਜ਼ੀ ਨਾਲ ਵਿਸ਼ਾਲ ਹਿਰਦੇ ਨਾਲ ਇਨਸਾਨੀਅਤ ਨੂੰ ਮੁੱਖ ਰੱਖ ਕੇ ਹੀ ਕੀਤੀ ਜਾਂਦੀ ਹੈ। ਇਸ ਲਈ ਇਹ ਲੈਣ ਦੇਣ ਦੀਆਂ ਸਾਰੀਆਂ ਉਦਾਹਰਨਾ ਨਾਲੋਂ ਅਲੱਗ ਹੈ। ਸੇਵਾ ਦਾ ਕੋਈ ਮੁੱਲ ਨਹੀਂ। ਦੂਸਰੇ ਦੀ ਸੇਵਾ ਕਰ ਕੇ ਸਾਡੀ ਸਿਹਤ ਵੀ ਠੀਕ ਰਹਿੰਦੀ ਹੈ ਅਤੇ ਸਾਨੂੰ ਖ਼ੁਸ਼ੀ ਵੀ ਮਿਲਦੀ ਹੈ। ਦੁਨੀਆਂ ਵਿਚ ਕੇਵਲ ਇਹ ਹੀ ਇਕ ਪਾਸੇ ਚੱਲਣ ਵਾਲੀ ਆਵਾਜਾਈ ਹੈ। ਇੱਥੇ ਕਦੀ ਇਹ ਨਹੀਂ ਸੋਚਿਆ ਜਾਂਦਾ ਕਿ ਇਸ ਨਾਲ ਮੇਰਾ ਕੀ ਰਿਸ਼ਤਾ ਹੈ ਜਾਂ ਇਸ ਨੇ ਮੇਰਾ ਕੀ ਸਵਾਰਨਾ ਹੈ। ਇੱਥੇ ਇਹੋ ਜਿਹਾ ਕੋਈ ਹਿਸਾਬ ਨਹੀਂ ਰੱਖਿਆ ਜਾਂਦਾ। ਇਹ ਇਕ ਰੱਬੀ ਗੁਣ ਹੈ। ਇੱਥੇ ਕੇਵਲ ਦਇਆ ਭਾਵ ਸਾਹਮਣੇ ਰੱਖਿਆ ਜਾਂਦਾ ਹੈ ਜੋ ਇਨਸਾਨੀਅਤ ਦਾ ਸਭ 'ਤੋਂ ਵੱਡਾ ਗੁਣ ਹੈ। ਇਸ ਦੁਨੀਆਂ 'ਤੋਂ ਰੁਖ਼ਸਤ ਹੋਣ ਲੱਗਿਆਂ ਬੰਦਾ ਇਥੋਂ ਕੁਝ ਵੀ ਨਾਲ ਲੈ ਕੇ ਨਹੀਂ ਜਾ ਸੱਕਦਾ। ਕੇਵਲ ਉਸ ਦੇ ਚੰਗੇ ਕਰਮ ਹੀ ਨਾਲ ਜਾਂਦੇ ਹਨ। ਇਸ ਲਈ ਗੁਰੁ ਨਾਨਕ ਦੇਵ ਜੀ ਆਪਣੀ ਬਾਣੀ ਵਿਚ ਲਿਖਦੇ ਹਨ:
ਘਾਲਿ ਖਾਇ ਕਿਛੁ ਹਥਹੁ ਦੇਇ
ਨਾਨਕ ਰਾਹੁ ਪਛਾਣਹਿ ਸੇਇ॥

ਕਿਸੇ ਤੋਂ ਸੇਵਾ ਕਰਾਉਨ ਨਾਲੋਂ ਦੀਨ ਦੁਖੀ ਦੀ ਸੇਵਾ ਕਰਨ ਵਿਚ ਜ਼ਿਆਦਾ ਅਨੰਦ ਆਉਂਦਾ ਹੈ। ਸੇਵਾ ਕਰਨ ਨਾਲ ਬੰਦੇ ਦਾ ਹੰਕਾਰ ਘਟਦਾ ਹੈ ਅਤੇ ਮਨ ਵਿਚ ਨਿਮਰਤਾ ਆਉਂਦੀ ਹੈ। ਕਿਸੇ ਕੋਲੋਂ ਕੁਝ ਮੰਗਣ ਨਾਲੋਂ ਦੂਸਰੇ ਨੂੰ ਕੁਝ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ। ਮੰਗਣ ਨਾਲ ਬੰਦੇ ਨੂੰ ਨੀਵਾਂ ਹੋਣਾ ਪੈਂਦਾ ਹੈ। ਕਿਸੇ ਨੂੰ ਕੁਝ ਦੇਣ ਨਾਲ ਹਿਰਦਾ ਵਿਸ਼ਾਲ ਹੁੰਦਾ ਹੈ ਅਤੇ ਮਨ ਵਿਚ ਇਨਸਾਨੀਅਤ ਜਾਗਦੀ ਹੈ। ਇਸ ਲਈ ਸਦਾ ਪ੍ਰਮਾਤਮਾ ਅੱਗੇ ਅਰਦਾਸ ਕਰੋ ਕਿ ਤੁਹਾਡੇ ਹੱਥ ਕਿਸੇ ਕੋਲੋਂ ਕੁਝ ਮੰਗਣ ਲਈ ਅੱਡੇ ਨਾ ਹੋਣ, ਸਗੋਂ ਦੂਸਰੇ ਨੂੰ ਕੁਝ ਦੇਣ ਲਈ ਸਦਾ ਝੁਕੇ ਹੋਣੇ ਚਾਹੀਦੇ ਹਨ।

ਦੁਨੀਆਂ ਵਿਚ ਹਰ ਮਨੁੱਖ ਆਪਣੇ ਸੁੱਖ ਪਿੱਛੇ ਹੀ ਭੱਜਾ ਫਿਰਦਾ ਹੈ। ਉਸ ਨੂੰ ਆਪਣਾ ਛੋਟਾ ਜਿਹਾ ਦੁੱਖ ਵੀ ਬਹੁਤ ਵੱਡਾ ਜਾਪਦਾ ਹੈ। ਕਿਸੇ ਨੂੰ ਦੂਸਰੇ ਦੇ ਦੁੱਖ ਦੀ ਕੋਈ ਪਰਵਾਹ ਨਹੀਂ ਹੁੰਦੀ। ਜੇ ਤੁਸੀਂ ਕੋਮਲ ਦਿਲ ਰੱਖਦੇ ਹੋ ਤਾਂ ਸਮੁੰਦਰ ਜਿਹਾ ਵਿਸ਼ਾਲ ਹਿਰਦਾ ਰੱਖੋ, ਨਦੀਆਂ ਆਪੇ ਮਿਲਨ ਆ ਜਾਣਗੀਆਂ। ਤੁਸੀਂ ਕਿਸੇ ਦੀ ਮਦਦ ਤਾਂ ਹੀ ਕਰਦੇ ਹੋ ਜੇ ਤੁਹਾਡੇ ਅੰਦਰ ਇਕ ਨਾਜ਼ੁਕ ਦਿਲ ਧੜਕ ਰਿਹਾ ਹੈ। ਤੁਸੀਂ ਕਿਸੇ ਨੂੰ ਲਾਚਾਰ ਅਤੇ ਦੁਖੀ ਨਹੀਂ ਦੇਖ ਸਕਦੇ। ਇਸ ਲਈ ਉਸ ਦੀ ਸਹਾਇਤਾ ਲਈ ਆਪਣਾ ਧਨ ਅਤੇ ਸੁੱਖ ਕੁਰਬਾਨ ਕਰਨ ਲਈ ਤਿਆਰ ਹੋ ਜਾਂਦੇ ਹੋ। ਦੋਸਤੋ ਧਰਤੀ ਧਰਮ ਦੇ ਸਹਾਰੇ ਹੀ ਖੜੀ ਹੈ। ਆਓ ਅਸੀਂ ਵੀ ਅਣਖ ਨਾਲ ਜਿਉਣਾ ਸਿੱਖੀਏ। ਕਿਸੇ ਦਾ ਅਹਿਸਾਨ ਜਾਂ ਕਰਜ਼ਾ ਸਿਰ 'ਤੇ ਨਾ ਰੱਖੀਏ। ਕਿਸੇ ਦੀ ਦਇਆ ਦੇ ਪਾਤਰ ਨਾ ਬਣੀਏ ਸਗੋਂ ਕਿਸੇ ਦੁਖੀ ਅਤੇ ਲਾਚਾਰ 'ਤੇ ਦਇਆ ਕਰ ਕੇ ਇਨਸਾਨੀਅਤ ਦੇ ਨਾਤੇ ਉਸ ਦੀ ਮਦਦ ਕਰੀਏ। ਦੁਨੀਆਂ ਵਿਚ ਅਮਰ ਕੋਈ ਨਹੀਂ। ਇਕ ਦਿਨ ਇਥੋਂ ਸਭ ਨੇ ਰੁਖ਼ਸਤ ਹੋਣਾ ਹੀ ਹੈ। ਇੱਥੇ ਜੋ ਧਨ ਜੋੜਿਆ ਹੈ ਉਹ ਨਾਲ ਨਹੀਂ ਜਾਣਾ। ਨਾਲ ਕੇਵਲ ਚਗੇ ਕੰਮ ਹੀ ਜਾਣੇ ਹਨ।                                                  
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-8360842861
email:gursharan1183@yahoo.in