ਮੇਰੇ ਪਿਤਾ ਮੇਰੀ ਦੁਨੀਆਂ - ਪੂਜਾ ਸ਼ਰਮਾ

ਭਾਰਤੀ ਸੰਸਕ੍ਰਿਤੀ ਵਿੱਚ ਮਾਂ ਬਾਪ ਨੂੰ ਰੱਬ ਤੋਂ ਵੀ ਉੱਚਾ ਦਰਜਾ ਦਿੱਤਾ ਗਿਆ ਹੈ। ਸਾਡੇ ਧਾਰਮਿਕ ਗ੍ਰੰਥ ਸਾਡੇ ਜੀਵਨ ਨੂੰ ਨਿਰਦੇਸ਼ਿਤ ਕਰਦੇ ਹੋਏ ਬੱਚਿਆਂ ਵਿੱਚ ਸੰਸਕਾਰਾਂ ਦੇ ਬੀਜ ਬੀਜਦੇ ਹਨ। 'ਪਦਮ ਪੁਰਾਣ' ਵਿੱਚ ਕਿਹਾ ਗਿਆ ਹੈ ਪਿਤਾ ਧਰਮ ਹੈ, ਪਿਤਾ ਸਵਰਗ ਹੈ ਅਤੇ ਪਿਤਾ ਹੀ ਸਭ ਤੋਂ ਵਧੀਆ ਤਪ ਹੈ। ਪਿਤਾ ਦੇ ਖੁਸ਼ ਹੋ ਜਾਣ ਨਾਲ ਸਾਰੇ ਦੇਵਤਾ ਖੁਸ਼ ਹੋ ਜਾਂਦੇ ਹਨ। ਜੇ ਕਰ ਮਾਂ ਸਾਰੇ ਤੀਰਥਾਂ ਵਾਂਗ ਹੈ ਤਾਂ ਪਿਤਾ ਸਾਰੇ ਦੇਵਤਿਆਂ  ਦਾ ਸਰੂਪ ਹੈ। ਇਸ ਲਈ ਸਭ ਨੂੰ ਆਪਣੇ ਮਾਤਾ ਪਿਤਾ ਦਾ ਆਦਰ ਕਰਨਾ ਚਾਹੀਦਾ ਹੈ।
ਭਾਰਤੀ ਇਤਿਹਾਸ ਬਹੁਤ ਸਾਰੀਆਂ ਉਦਾਹਰਣਾਂ  ਨਾਲ ਭਰਿਆ ਹੋਇਆ ਹੈ। ਜਿਸ ਤੋਂ ਸਾਨੂੰ ਬੱਚੇ ਤੇ ਪਿਤਾ ਵਿਚਕਾਰ ਪਵਿੱਤਰ ਰਿਸ਼ਤੇ ਦੀ ਮਹੱਤਤਾ ਦੀ ਝਲਕ ਮਿਲਦੀ ਹੈ। ਕਿਵੇਂ ਮਹਾਰਾਜ ਦਸ਼ਰਥ ਦੁਆਰਾ ਮਾਤਾ ਕੇਕਈ ਨੂੰ ਦਿੱਤੇ ਗਏ ਇਕ ਵਚਨ ਦੀ ਪਾਲਣਾ ਕਰਨ ਲਈ ਸ੍ਰੀ ਰਾਮ ਚੰਦਰ ਨੇ ਪਲ ਭਰ ਵਿਚ 14 ਸਾਲ ਦਾ ਬਣਵਾਸ ਸਵੀਕਾਰ ਕਰ ਲਿਆ ਅਤੇ ਉਸ ਦੀ ਪਾਲਣਾ ਕੀਤੀ। ਸਰਵਨ ਕੁਮਾਰ ਦੀ ਆਪਣੀ ਮਾਤਾ ਅਤੇ ਪਿਤਾ ਪ੍ਰਤੀ ਭਗਤੀ ਤੋਂ ਵੱਡਾ ਉਦਾਹਰਣ ਕੀ ਹੋ ਸਕਦਾ ਹੈ? ਜਿਸ ਨੇ ਆਪਣੇ ਅੰਨ੍ਹੇ ਮਾਂ ਬਾਪ ਨੂੰ ਵਹਿੰਗੀ ਵਿੱਚ ਬਿਠਾ ਕੇ ਚਾਰ ਧਾਮ ਦੀ ਯਾਤਰਾ ਕਰਵਾਉਣ ਦਾ ਪ੍ਰਣ ਲਿਆ ਆਪਣੇ ਆਖਰੀ ਸਾਹ ਤੱਕ ਨਿਭਾਇਆ। ਭਾਰਤੀ ਸੰਸਕ੍ਰਿਤੀ ਵਿਚ ਦਸ਼ਰਥ - ਰਾਮ, ਬ੍ਰਿਸ਼ ਭਾਨ - ਰਾਧਾ, ਭੀਮ-ਘਟੋਤਕਚ, ਅਰਜੁਨ-ਅਭਿਮੰਨਿਊ ਵਰਗੀਆਂ ਉਦਾਹਰਨਾਂ ਮੌਜੂਦ ਹਨ।

ਮਾਂ ਦੀ ਤਰ੍ਹਾਂ ਪਿਤਾ ਦਾ ਬੱਚੇ ਦੇ ਜੀਵਨ ਵਿਚ ਵਿਸ਼ੇਸ਼ ਮਹੱਤਵ ਹੁੰਦਾ ਹੈ। ਮਾਂ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਪਿਤਾ ਉਸ ਦਾ ਪਾਲਣ-ਪੋਸ਼ਣ ਕਰਦਾ ਹੈ। ਜਿਨ੍ਹਾਂ ਬੱਚਿਆਂ ਦਾ ਰਿਸ਼ਤਾ ਆਪਣੇ ਪਿਤਾ ਨਾਲ ਵਧੀਆ ਹੁੰਦਾ ਹੈ ਉਹ ਬੱਚੇ ਬੋਧਿਕ, ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਰੂਪ ਵਿਚ ਜ਼ਿਆਦਾ ਮਜ਼ਬੂਤ ਹੁੰਦੇ ਹਨ। ਇਕ ਪਿਤਾ ਬੱਚੇ ਲਈ ਬੋਹੜ ਦੇ ਦਰਖਤ ਵਾਂਗ ਹੁੰਦਾ ਹੈ ਜਿਸ ਦੀ ਛਾਂ ਹੇਠ ਉਸ ਦਾ ਜੀਵਨ ਸੁਰੱਖਿਅਤ ਰਹਿੰਦਾ ਹੈ। ਪਿਤਾ ਆਪਣਾ ਸਾਰਾ ਜੀਵਨ ਆਪਣੇ ਪਰਿਵਾਰ ਦੀ ਬਿਹਤਰੀ ਅਤੇ ਤਰੱਕੀ ਲਈ ਸਮਰਪਿਤ ਕਰ ਦਿੰਦਾ ਹੈ। ਭਾਵੇਂ ਉਸ ਦੁਆਰਾ ਲਾਗੂ ਕੀਤਾ ਅਨੁਸ਼ਾਸਨ ਬੱਚਿਆਂ ਨੂੰ ਕਈ ਵਾਰ ਪਸੰਦ ਨਹੀਂ ਆਉਂਦਾ ਅਤੇ ਬੱਚੇ ਸੋਚਦੇ ਹਨ ਕਿ ਪਿਤਾ ਉਹਨਾਂ ਨੂੰ ਪਿਆਰ ਨਹੀਂ ਕਰਦੇ ਪਰ ਪਿਤਾ ਦੀ ਸਖਤੀ ਵਿਚ ਆਪਣੇ ਬੱਚਿਆਂ ਲਈ ਛੁਪਿਆ ਹੋਇਆ ਬੇਅੰਤ ਪਿਆਰ ਅਤੇ ਚਿੰਤਾ ਹੁੰਦੀ ਹੈ। ਪਿਤਾ ਤੋਂ ਹੀ ਇੱਕ ਬੱਚਾ ਪਰਿਵਾਰ ਪ੍ਰਤੀ ਜ਼ਿੰਮੇਦਾਰੀ ਨੂੰ ਨਿਭਾਉਣਾ ਸਿੱਖਦਾ ਹੈ। ਇੱਕ ਧੀ ਲਈ ਉਸ ਦਾ ਪਿਤਾ ਸੁਪਰਮੈਨ ਜਾਂ ਰੋਲ ਮਾਡਲ ਵਾਂਗ ਹੁੰਦਾ ਹੈ । ਵੱਡੀ ਹੋ ਕੇ ਉਹ ਆਪਣੇ ਜੀਵਨ ਸਾਥੀ ਵਿੱਚ ਵੀ ਆਪਣੇ ਪਿਤਾ ਦਾ ਅਕਸ ਲੱਭਦੀ ਹੈ।

ਅੱਜ ਦੀ ਨੌਜਵਾਨ ਪੀੜ੍ਹੀ ਪੁਰਾਤਨ ਭਾਰਤ ਦੀ ਸੰਸਕ੍ਰਿਤੀ ਤੋਂ ਦੂਰ ਹੁੰਦੀ ਜਾ ਰਹੀ ਹੈ। ਅੱਜ ਬੱਚਿਆਂ ਵਿਚ ਆਪਣੇ ਮਾਂ-ਬਾਪ ਪ੍ਰਤੀ ਉਹ ਸਤਿਕਾਰ ਅਤੇ ਪਿਆਰ ਨਹੀਂ ਰਿਹਾ ਜੋ ਕਿ ਪਹਿਲਾਂ ਹੁੰਦਾ ਸੀ। ਅੱਜ ਦਾ ਲੜਕਾ ਆਪਣੇ ਮਾਂ ਬਾਪ ਵਿੱਚ ਰਹਿਣਾ ਪਸੰਦ ਨਹੀਂ ਕਰਦਾ। ਮਾਤਾ ਪਿਤਾ ਦੀ ਸੇਵਾ ਕਰਨੀ ਤਾਂ ਬਹੁਤ ਦੂਰ ਦੀ ਗੱਲ ਹੈ। ਉਹ ਵਿਆਹ ਤੋਂ ਬਾਅਦ ਆਪਣੀ ਪਤਨੀ ਨਾਲ ਮਾਂ-ਬਾਪ ਤੋਂ ਵੱਖ ਹੋ ਜਾਂਦਾ ਹੈ। ਜੇਕਰ ਕਿਤੇ ਮਾਂ ਬਾਪ ਘਰ ਵਿੱਚ ਹੀ ਰਹਿੰਦੇ ਹੋਣ ਤਾਂ ਬੁੱਢੇ ਮਾਂ ਬਾਪ ਨਾਲ ਅਪਮਾਨ ਭਰਿਆ ਵਿਵਹਾਰ ਕੀਤਾ ਜਾਂਦਾ ਹੈ। ਵੱਡੇ ਸ਼ਹਿਰਾਂ ਵਿਚ ਤਾਂ ਬਿਰਧ ਆਸ਼ਰਮਾਂ ਦੀ ਗਿਣਤੀ ਵਧ ਰਹੀ ਹੈ ਕਿਉਂਕਿ ਬੱਚੇ ਆਪਣੇ ਮਾਂ ਬਾਪ ਨੂੰ ਆਪਣੇ ਘਰ ਵਿੱਚ ਰੱਖਣਾ ਬੋਝ ਮੰਨਦੇ ਹਨ।

ਇਸ ਨਕਾਰਾਤਮਕ ਮਾਨਸਿਕਤਾ ਨੂੰ ਦੂਰ ਕਰਨ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਦੇ ਵਡਮੁੱਲੇ ਯੋਗਦਾਨ ਦੀ ਯਾਦ ਦਿਵਾਉਂਦੇ ਰਹਿਣ ਲਈ ਹਰ ਸਾਲ ਮਾਂ ਦਿਵਸ ਅਤੇ ਪਿਤਾ ਦਿਵਸ ਮਨਾਏ ਜਾਂਦੇ ਹਨ। ਸਭ ਤੋਂ ਪਹਿਲਾਂ ਪੱਛਮੀ ਵਰਜ਼ੀਨੀਆ ਵਿਚ ਪਿਤਾ ਦਿਵਸ 19 ਜੂਨ 1910 ਨੂੰ ਮਨਾਇਆ ਗਿਆ ਸੀ। ਅਮਰੀਕਾ ਵਿਚ ਇਸ ਦੀ ਸ਼ੁਰੂਆਤ ਸੰਨ 1916 ਵਿੱਚ ਕੀਤੀ ਗਈ। ਉਸ ਸਮੇਂ ਦੇ ਰਾਸ਼ਟਰਪਤੀ ਵੁਡਰੋ ਵਿਲਸਨ ਨੇ ਫਾਦਰਸ ਡੇ ਮਨਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। ਸੰਨ 1924 ਵਿਚ ਰਾਸ਼ਟਰਪਤੀ ਕੈਲਵਿਨ ਕੁਲਿਜ ਨੇ ਇਸ ਨੂੰ ਰਾਸ਼ਟਰੀ ਆਯੋਜਨ ਘੋਸ਼ਿਤ ਕੀਤਾ। ਸਾਲ 1966 ਵਿੱਚ ਰਾਸ਼ਟਰਪਤੀ ਲਿੰਕਨ ਜਾੱਨਸਨ ਨੇ ਪਹਿਲੀ ਵਾਰ ਹਰ ਸਾਲ ਜੂਨ ਦੇ ਤੀਸਰੇ ਐਤਵਾਰ ਨੂੰ ਪਿਤਾ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ। ਵਿਸ਼ਵ ਵਿਚ ਵੱਖ-ਵੱਖ ਦੇਸ਼ ਵੱਖ-ਵੱਖ ਮਿਤੀਆਂ ਨੂੰ ਇਹ ਦਿਨ ਮਨਾਉਂਦੇ ਹਨ। ਕਨਾਡਾ, ਅਮਰੀਕਾ, ਭਾਰਤ, ਇੰਗਲੈਂਡ, ਫਰਾਂਸ,  ਪਾਕਿਸਤਾਨ, ਗਰੀਸ ਅਤੇ ਦੱਖਣੀ ਅਫਰੀਕਾ ਵਿੱਚ ਹਰ ਸਾਲ ਜੂਨ ਦੇ ਤੀਸਰੇ ਐਤਵਾਰ ਨੂੰ ਪਿਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਜਦ ਕਿ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚ ਸਿਤੰਬਰ ਦੇ ਪਹਿਲੇ ਐਤਵਾਰ ਅਤੇ ਥਾਈਲੈਂਡ ਵਿੱਚ 5 ਦਸੰਬਰ ਨੂੰ ਮਨਾਇਆ ਜਾਂਦਾ ਹੈ।

ਇਸ ਦਿਨ ਦਾ ਮਹੱਤਵ ਸਿਰਫ ਆਪਣੇ ਪਿਤਾ ਨੂੰ ਇਸ ਦਿਨ ਕਾਰਡ, ਫੁੱਲ, ਕੱਪੜੇ ਜਾਂ ਤੋਹਫੇ ਭੇਂਟ ਕਰਨਾ ਨਹੀਂ ਬਲਕਿ ਇਸ ਗੱਲ ਦਾ ਅਹਿਸਾਸ ਕਰਨਾ ਹੈ ਕਿ ਪਿਤਾ ਨੇ ਸਾਡੀ ਜ਼ਿੰਦਗੀ ਬਣਾਉਣ ਲਈ ਸਾਰੀ ਉਮਰ ਤਿਆਗ ਅਤੇ ਸਮਰਪਣ ਨਾਲ ਗੁਜ਼ਾਰੀ ਹੈ। ਬੱਚਿਆਂ ਦੀ ਹਰ ਇੱਛਾ ਨੂੰ ਪੂਰਾ ਕਰਨ ਲਈ ਉਸ ਨੇ ਆਪਣੀਆਂ ਇੱਛਾਵਾਂ ਨੂੰ ਹਰ ਵਾਰ ਮਾਰਿਆ ਹੈ। ਜੇਕਰ ਅਸੀਂ ਸਾਰੇ ਆਪਣੇ ਪਿਤਾ ਦਾ ਸਤਿਕਾਰ ਕਰੀਏ ਅਤੇ ਉਨ੍ਹਾਂ ਦੇ ਤਿਆਗ ਨੂੰ ਹਮੇਸ਼ਾ ਯਾਦ ਰਖੀਏ ਤਾਂ ਇਸ ਤੋਂ ਵੱਡਾ ਤੋਹਫਾ ਆਪਣੇ ਪਿਤਾ ਲਈ ਪਿਤਾ ਦਿਵਸ ਤੇ ਨਹੀਂ ਹੋ ਸਕਦਾ।

ਪੂਜਾ ਸ਼ਰਮਾ
ਅੰਗਰੇਜ਼ੀ ਲੈਕਚਰਾਰ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂ ਸ਼ਹਿਰ
ਸ਼ਹੀਦ ਭਗਤ ਸਿੰਘ ਨਗਰ
9914459033