ਵਿਸ਼ਵਵਿਆਪੀ ਮਹਾਂਮਾਰੀ ਪ੍ਰਤੀ ਸਾਂਝ ਅਤੇ ਨੈਤਿਕਤਾ - ਡਾ. ਜਸਵਿੰਦਰ ਸਿੰਘ

ਗੁਰਬਾਣੀ ਸਾਨੂੰ ਕੋਵਿਡ-19 ਵਰਗੀਆਂ ਬਿਮਾਰੀਆਂ ਬਾਰੇ ਬਹੁਤ ਕੁਝ ਸਿਖਾਉਂਦੀ ਹੈ।ਜਦੋਂ ਸਿਹਤ ਸਹੂਲਤਾਂ ਇੰਨੀਆਂ ਵਿਕਸਤ ਨਹੀਂ ਹੁੰਦੀਆਂ ਸਨ,ਤਾਂ ਮਨੁੱਖ ਸਾਂਝ, ਸੁੱਖ-ਸਾਂਦ ਅਤੇ ਦਿਲਾਸੇ ਲੱਭਣ ਲਈ ਧਰਮ ਦੇ ਬੰਦਿਆਂ ਦੀ ਸੇਧ ਅਤੇ ਸਿੱਖਿਆਵਾਂ 'ਤੇ ਨਿਰਭਰ ਕਰਦਾ ਸੀ। ਸਿੱਖ ਧਰਮ ਦੇ ਇਤਿਹਾਸ ਵਿੱਚ ਬਿਮਾਰੀਆਂ ਅਤੇ ਲੋੜਵੰਦਾਂ ਲਈ ਨਿਰਸਵਾਰਥ ਸੇਵਾ ਕਰਨ ਦੀਆਂ ਬਹੁਤ ਸਾਰੀਆਂ ਸਾਂਝ ਅਤੇ ਨੈਤਿਕਤਾ ਨਾਲ ਸੰਬੰਧਿਤ ਉਦਾਹਰਣਾਂ ਮਿਲਦੀਆਂ ਹਨ। ਜਦੋਂ ਗੁਰੂ ਜੀ, 18 ਸਾਲਾਂ ਦੀ ਯਾਤਰਾ ਤੋਂ ਬਾਅਦ, ਕਰਤਾਰਪੁਰ ਵਿੱਚ ਆ ਕੇ ਵਸ ਗਏ, ਉਹਨਾਂ ਨੇ ਆਪਣੇ ਸਿੱਖਾਂ ਨੂੰ ਇੱਕ ਨਿਯਮਤ ਹੁਕਮ ਦੀ ਪਾਲਣਾ ਕਰਨ ਲਈ ਕਿਹਾ: ਸਵੇਰੇ ਉਠੋ, ਇਸ਼ਨਾਨ ਕਰੋ ਅਤੇ ਪ੍ਰਾਰਥਨਾ ਕਰੋ, ਇੱਕਠੇ ਬੈਠ ਕੇ ਖਾਣਾ ਖਾਓ ਅਤੇ ਫਿਰ ਖੇਤਾਂ ਵਿੱਚ ਕੰਮ ਕਰਨ ਲਈ ਜਾਓ। ਦੂਸਰੇ ਗੁਰੂ ਸਾਹਿਬਾਨਾਂ ਨੇ ਵੀ ਇਸ ਉਪਦੇਸ਼ ਦੀ ਪਾਲਣਾ ਕੀਤੀ। ਉਨ੍ਹਾਂ ਨੇ ਵੱਧ ਰਹੇ ਭਾਈਚਾਰੇ ਨੂੰ ਸਹਿਤਯਾਬ ਰੱਖਣ ਲਈ ਨਵੇਂ ਉਪਾਅ ਵੀ ਪੇਸ਼ ਕੀਤੇ।ਇਸ ਤੋਂ ਇਲਾਵਾ ਨੂਰ ਦੀ ਸਰਾਏ ਦੀ ਕਹਾਣੀ ਵੀ ਸਾਨੂੰ ਮਿਲਦੀ ਹੈ। ਇਕ ਵਾਰ ਆਪਣੀ ਯਾਤਰਾ ਦੌਰਾਨ ਗੁਰੂ ਜੀ ਅਤੇ ਉਨ੍ਹਾਂ ਦੇ ਸਾਥੀ ਭਾਈ ਮਰਦਾਨਾ ਜੀ ਰਾਤ ਪੈਣ ਕਾਰਨ ਪਨਾਹ ਦੀ ਭਾਲ ਕਰ ਰਹੇ ਸਨ। ਉਹਨਾਂ ਨੂੰ ਇਕ ਜਗ੍ਹਾ ਮਿਲੀ ਜਿਸ ਵਿੱਚ ਕੋੜ੍ਹੀ ਰਹਿੰਦੇ  ਸਨ।ਗੁਰੂ ਜੀ ਕੇਵਲ ਕੋੜ੍ਹੀਆਂ ਦੇ ਘਰ ਵਿੱਚ ਦਾਖਲ ਹੀ ਨਹੀਂ ਹੋਏ ਬਲਕਿ ਉਹਨਾਂ ਦੇ ਜ਼ਖ਼ਮਾਂ ਨੂੰ ਪੱਟੀ ਵੀ ਕੀਤੀ। ਗੁਰੂ ਅੰਗਦ ਦੇਵ ਜੀ ਨੇ, ਸਰੀਰ ਦੀ ਤੰਦਰੁਸਤੀ ਲਈ ਮੱਲ-ਅਖਾੜਿਆਂ ਦੀ ਰਚਨਾ ਕੀਤੀ। ਗੁਰੂ ਅਮਰਦਾਸ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਸਾਹਿਬ ਦੀ ਖੁਦਾਈ ਕਰਕੇ ਪੀਣ ਵਾਲੇ ਸਾਫ ਪਾਣੀ ਦੀ ਸੁਵਿਧਾ ਦਿੱਤੀ। ਗੁਰੂ ਹਰਿ ਰਾਏ ਜੀ ਨੇ ਕੀਰਤਪੁਰ ਸਾਹਿਬ ਵਿਖੇ ਜੜ੍ਹੀਆਂ-ਬੂਟੀਆਂ ਉਗਾਉਣ ਦੀ ਸ਼ੁਰੂਆਤ ਕੀਤੀ। ਜਿਨ੍ਹਾਂ ਜੜ੍ਹੀਆਂ-ਬੂਟੀਆਂ ਦੀ ਸਹਾਇਤਾ ਨਾਲ ਮੁਗਲ ਰਾਜਕੁਮਾਰ ਦਾਰਾ ਸ਼ਿਕੋਹ ਠੀਕ ਹੋ ਗਿਆ। ਗੁਰੂ ਹਰਿਕ੍ਰਿਸ਼ਨ ਜੀ, ਜਦੋਂ ਦਿੱਲੀ ਆਏ, ਤਾਂ ਉਨਾਂ ਨੇ ਚਾਂਦਨੀ ਚੌਂਕ ਦੇ ਕੋਲ ਚੇਚਕ ਤੋਂ ਪੀੜਤ ਲੋਕਾਂ ਨੂੰ ਦੇਖਿਆ ਅਤੇ ਉਨ੍ਹਾਂ ਨੂੰ ਇਸ ਰੋਗ ਤੋਂ ਰਾਜੀ ਵੀ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਬਿਮਾਰ ਅਤੇ ਲੋੜਵੰਦਾਂ ਨੂੰ ਸਹਾਇਤਾ ਦੇਣਾ ਜਾਰੀ ਰੱਖਿਆ ਗਿਆ, ਗੁਰੂ ਜੀ ਦੇ ਸਮੇਂ ਉਨ੍ਹਾਂ ਦੇ ਇੱਕ ਸਿੱਖ ਨੂੰ ਭਾਈ ਕਨ੍ਹਈਆ ਕਿਹਾ ਜਾਂਦਾ ਸੀ। ਉਹ ਜੰਗ ਦੇ ਮੈਦਾਨ ਵਿੱਚ ਜ਼ਖਮੀ ਹੋਏ ਸਿੱਖਾਂ ਅਤੇ ਮੁਗ਼ਲਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਕਰਦਾ ਸੀ। ਜਦੋਂ ਇਸ ਮਾਮਲੇ ਦੀ ਜਾਣਕਾਰੀ ਗੁਰੂ ਜੀ ਨੂੰ ਦਿੱਤੀ ਗਈ ਤਾਂ ਭਾਈ ਕਨ੍ਹਈਆ ਨੂੰ ਸਮਝਾਉਣ ਲਈ ਕਿਹਾ ਗਿਆ। ਉਨ੍ਹਾਂ ਦਾ ਸਰਲ ਜਵਾਬ ਇਹ ਸੀ ਕਿ ਉਸ ਨੇ ਗੁਰੂ ਜੀ ਨੂੰ ਹਰ ਮਨੁੱਖ ਵਿੱਚ ਵੇਖਿਆ ਸੀ।
ਜੋ ਦੀਸੈ ਸੋ ਤੇਰਾ ਰੂਪੁ॥ ਗੁਣ ਨਿਧਾਨ ਗੋਵਿੰਦ ਅਨੂਪ॥
ਉਸ ਦੇ ਨਿਰਸਵਾਰਥ ਕਾਰਜ ਤੋਂ ਪ੍ਰਭਾਵਿਤ ਹੋ ਕੇ, ਗੁਰੂ ਜੀ ਨੇ ਉਸ ਨੂੰ ਮੱਲ੍ਹਮ ਪੱਟੀ ਵੀ ਦਿੱਤੀ ਤਾਂ ਜੋ ਉਹ ਜ਼ਖਮੀਆਂ ਨੂੰ ਵੀ ਮੁੱਢਲੀ ਸਹਾਇਤਾ ਪ੍ਰਦਾਨ ਕਰ ਸਕੇ। ਉਨ੍ਹਾਂ ਦੀ ਇਹ ਸਾਂਝ ਅਤੇ ਨੈਤਿਕਤਾ ਭਰੀ ਵਿਰਾਸਤ ਅੱਜ ਵੀ ਜਾਰੀ ਹੈ। ਭਗਤ ਪੂਰਨ ਸਿੰਘ ਜੀ ਨੇ ਬੇਸਹਾਰਾ ਲੋਕਾਂ ਦੀ ਸੇਵਾ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਿੰਗਲਵਾੜੇ ਦੀ ਸਥਾਪਨਾ ਕੀਤੀ ਜੋ ਅੱਜ ਵੀ ਸੇਵਾਵਾਂ ਲਈ ਕਾਰਜ਼ਸ਼ੀਲ ਹੈ ।
ਗੁਰਬਾਣੀ ਵਿਚ ਮਾਨਵਵਾਦੀ ਦ੍ਰਿਸ਼ਟੀਕੋਣ ਨੂੰ ਪੇਸ਼ ਕਰਦਿਆਂ ਦੱਸਿਆ ਗਿਆ ਹੈ ਕਿ ਮਨੁੱਖ ਮਨੁੱਖ ਨਾਲ ਵਿਤਕਰਾ ਨਾ ਕਰੇ, ਸਾਂਝ ਅਤੇ ਨੈਤਿਕਤਾ ਨੂੰ ਮੁੱਖ ਰੱਖਦਿਆਂ ਇਕ ਦੂਸਰੇ ਦੀ ਮਦਦ ਕਰਕੇ ਉਸਦੇ ਕੰਮ ਆਉਣਾ ਹੀ ਮਾਨਵਤਾ ਹੈ। ਇਸ ਲਈ ਜ਼ਰੂਰੀ ਹੈ ਕਿ ਮਨੁੱਖ ਸਾਰੇ ਸੰਸਾਰ ਨੂੰ ਇਕ ਪਰਿਵਾਰ ਸਮਝਦਾ ਹੋਇਆ ਏਕਤਾ, ਸਾਂਝੀਵਾਲਤਾ ਤੇ ਸਮਾਨਤਾ ਨੂੰ ਆਪਣੇ ਜੀਵਨ ਦਾ ਆਧਾਰ ਬਣਾਏ। ਗੁਰਬਾਣੀ ਵਿਚ ਸਭਨਾਂ ਮਨੁੱਖਾਂ ਵਿਚ ਇਕ ਅਕਾਲ ਪੁਰਖ ਦੀ ਜਗਦੀ ਜੋਤ ਨੂੰ ਦੱਸਿਆ ਗਿਆ ਹੈ:                                             
            ਏਕੈ ਏਕੈ ਏਕ ਤੂਹੀ ਏਕੈ ਏਕੈ ਤੂ ਰਾਇਆ॥      
    ਸਿੱਖ ਗੁਰੂਆਂ ਨੇ ਵਿਸ਼ਵਾਸ ਦੁਆਇਆ ਅਤੇ ਸਿਖਾਇਆ ਕਿ ਅਸੀਂ ਸਾਰੇ ਇਕ ਪਰਮਾਤਮਾ ਦੇ ਬੱਚੇ ਹਾਂ। ਜਿਨ੍ਹਾਂ ਕੋਲ ਖਾਣ ਲਈ ਕਾਫ਼ੀ ਭੋਜਨ ਹੈ ਉਹਨਾਂ ਨੂੰ ਲੋੜਵੰਦਾਂ ਨਾਲ ਸਾਂਝਾ ਕਰਨਾ ਚਾਹੀਦਾ ਹੈ। ਆਪਣੇ ਆਪ ਅੱਗੇ ਆ ਕੇ ਸੇਵਾ ਕਰਨਾ ਸਿੱਖ ਕੌਮ ਦਾ ਮੰਤਵ ਹੈ।
ਕਹਤੁ ਕਬੀਰੁ ਸੁਨਹੁ ਰੇ ਸੰਤਹੁ ਧਰਮੁ ਦਇਆ ਕਰਿ ਬਾੜੀ ॥
ਸਿੱਖ ਗੁਰੂਆਂ ਅਤੇ ਉਨ੍ਹਾਂ ਦੇ ਪੈਰੋਕਾਰਾਂ ਦੁਆਰਾ ਬਿਪਤਾਵਾਂ ਦੌਰਾਨ ਰਾਹਤ ਅਤੇ ਸਹਾਇਤਾ ਦੀਆਂ ਉਪਰੋਕਤ ਉਦਾਹਰਣਾਂ ਦਇਆ ਦੀ ਮਹੱਤਤਾ, ਸਾਂਝ ਅਤੇ ਨੈਤਿਕਤਾ ਆਦਿ ਤੱਤਾਂ ਨੂੰ ਦਰਸਾਉਂਦੀਆਂ ਹਨ
ਆਪੁ ਛੋਡਿ ਸਭ ਹੋਇ ਰੇਣਾ ਜਿਸੁ ਦੇਇ ਪ੍ਰਭੁ ਨਿਰੰਕਾਰੁ ॥
ਭਾਈ ਕਨ੍ਹੱਈਆ ਜੀ ਦੀ ਸੇਵਾ ਭਾਵਨਾ ਤੋਂ ਪ੍ਰੇਰਤ ਹੋ ਕੇ ਅੱਜ ਖ਼ਾਲਸਾ ਏਡ ਵਰਗੀਆਂ ਸਿੱਖ ਸੰਸਥਾਵਾਂ ਨੇ ਜੰਗ ਦੇ ਖੇਤਰਾਂ ਜਿਵੇਂ ਸੀਰੀਆ ਦੇ ਨਾਲ-ਨਾਲ ਭੂਚਾਲ ਅਤੇ ਤੂਫਾਨ ਵਰਗੀਆਂ ਕੁਦਰਤੀ ਆਫ਼ਤਾਂ ਨਾਲ ਪ੍ਰਭਾਵਿਤ ਇਲਾਕਿਆਂ ਵਿਚ ਮਨੁੱਖਤਾਵਾਦੀ ਸਹਾਇਤਾ ਦਿੱਤੀ ਹੈ।ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਾਰ ਸੇਵਾ, ਸ੍ਰੀ ਖਡੂਰ ਸਹਿਬ ਦੇ ਮੁਖੀ ਬਾਬਾ ਸੇਵਾ ਸਿੰਘ ਜੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਲੋੜਵੰਦਾਂ ਨੂੰ ਰਿਹਾਇਸ਼ ਲਈ ਅਤੇ ਖਾਣ-ਪੀਣ ਲਈ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਗਈਆਂ।ਪੰਜਾਬ ਸਰਕਾਰ ਵੱਲੋਂ ਕੋਵਿਡ-19 ਕਰੋਨਾ ਵਾਇਰਸ ਦੇ ਖਾਤਮੇ ਲਈ 'ਫਤਹਿ ਮਿਸ਼ਨ' ਮੁਹਿੰਮ ਦੀ ਆਰੰਭਿਤਾ ਕੀਤੀ ਗਈ। ਇਸ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਲਈ ਪਦਮ ਸ੍ਰੀ ઠਬਾਬਾ ਸੇਵਾ ਸਿੰਘ ਜੀ ਵੱਲੋਂ ਇਲਾਕੇ ਦੇ ਅੱਠ ਪਿੰਡਾਂ ਨੂੰ ਚੁਣਿਆ ਗਿਆ। ਅੱਠ ਪਿੰਡਾਂ ਵਿੱਚੋਂ ਖਡੂਰ ਸਾਹਿਬ, ਮੁਗਲਾਣੀ, ਵੜਿੰਗ ਸੂਬਾ ਸਿੰਘ, ਦੁਲਚੀਪੁਰ, ਘਸੀਟਪੁਰ, ਮੰਡਾਲਾ, ਸੰਘਰ ਕਲਾਂ, ਸੰਘਰਕੋਟ ਵਿੱਚ ਜਾ ਕੇ ਪਿੰਡ ਦੇ ਹਰ ਘਰ ਵਾਸੀ ਤੱਕ ਪਹੁੰਚ ਬਣਾਈ ਗਈ।ਨਿਸ਼ਾਨ ਏ ਸਿੱਖੀ ਵਿੱਚ ਧਾਰਿਮਕ ਵਿਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਅਤੇ ਪ੍ਰੋ. ਵਿਕਰਮਜੀਤ ਸਿੰਘ,ਪ੍ਰੋ. ਜੁਗਰਾਜ ਸਿੰਘ  ਆਦਿ ਨੇ ਪਿੰਡ ਵਾਸੀਆਂ ਨੂੰ ਪ੍ਰੇਰਿਆ ਕਿ ਸਾਨੂੰ ਮਹਾਂਮਾਰੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਾਵਧਾਨੀਆਂ ਨੂੰ ਵਰਤਣਾ ਚਾਹੀਦਾ ਹੈ। ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੇ ਨਾਲ ਹੀ ਅਸੀਂ ਆਪਣੇ ਪਰਿਵਾਰ, ਭਾਈਚਾਰੇ, ਨਗਰ ਅਤੇ ਦੇਸ਼ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਇਸ ਲਈ ਮਾਸਕ ਪਹਿਨਣ, ਵਾਰ ਵਾਰ ਹੱਥਾਂ ਨੂੰ ਸਾਬਣ ਆਦਿ ਨਾਲ ਧੌਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਜਾਗਰੁਕਤਾ ਦਾ ਪਾਸਾਰ ਕੀਤਾ ਜਾਵੇ। ਇਸੇ ਕਰਕੇ ਗੁਰਬਾਣੀ ਸਾਡੇ ਅੰਦਰ ਸਾਝੀਵਾਲਤਾ, ਸਦਾਚਾਰਕ, ਕਦਰਾਂ-ਕੀਮਤਾਂ ਅਤੇ ਨੈਤਿਕਤਾ ਦੇ ਗੁਣ ਪੈਦਾ ਕਰਦੀ ਹੈ।ਇਸ ਵੇਲੇ, ਸਾਡੀ ਵਿਸ਼ਵ-ਵਿਆਪੀ ਆਬਾਦੀ ਦੇ ਥੋੜ੍ਹੇ ਜਿਹੇ ਆਕਾਰ ਦੇ ਬਾਵਜੂਦ, ਵਿਸ਼ਵ ਭਰ ਦੇ ਸਿੱਖ ਗੁਰਦੁਆਰਿਆਂ ਅਤੇ ਸੰਸਥਾਵਾਂ ਨੇ ਹਜ਼ਾਰਾਂ ਲੋੜਵੰਦਾਂ ਨੂੰ ਭੋਜਨ ਪ੍ਰਦਾਨ ਕੀਤਾ ਅਤੇ ਕਰ ਰਹੇ ਹਨ। ਕੋਵਿਡ-19 ਦੇ ਔਖੇ ਸਮੇਂ ਵਿੱਚ ਵਿਸ਼ਵ ਦੀਆਂ ਸਮੁੱਚੀਆਂ ਸਿੱਖ ਸੰਸਥਾਵਾਂ ਦੇਸ਼ ਦੇ ਲੋੜਵੰਦਾਂ ਦੀ ਸਹਾਇਤਾ ਅਤੇ ਸੇਵਾ ਵਿਚ ਯੋਗਦਾਨ ਪਾਉਣ ਉਪਰੰਤ, ਸਾਂਝ ਅਤੇ ਨੈਤਿਕਤਾ ਦੀ ਖੁਸ਼ਬੂ ਵੰਡਣ ਵਿਚ ਮੋਹਰੀ ਰਹੀਆਂ ਹਨ।
ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ॥

ਡਾ. ਜਸਵਿੰਦਰ ਸਿੰਘ
ਮੋਬਾਇਲ ਨੰ. +65 98951996