ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

29 June 2020

ਕੀ ਅਸੀਂ ਚੀਨ ਤੋਂ ਮੰਗਵਾਈਆਂ ਜਾਣ ਵਾਲੀਆਂ ਗਣੇਸ਼ ਦੀਆਂ ਮੂਰਤੀਆਂ ਵੀ ਆਪ ਨਹੀਂ ਬਣਾ ਸਕਦੇ?-ਨਿਰਮਲਾ ਸੀਤਾਰਮਨ
ਵਪਾਰੀ ਮੰਗਵਾਉਣਗੇ, ਮੋਟਾ ਮਾਲ ਕਮਾਉਣਗੇ, ਪਾਰਟੀ ਫੰਡ ਦੇਣਗੇ। ਬੀਬੀ ਜੀ, ਏਨੀ ਗੱਲ ਵੀ ਨਹੀਂ ਸਮਝਦੇ ਤੁਸੀਂ।

ਸਰਕਾਰ ਧਰਮ, ਜਾਤ, ਨਸਲ, ਲਿੰਗ ਜਾਂ ਭਾਸ਼ਾ ਦੇ ਆਧਾਰ ‘ਤੇ ਕਿਸੇ ਨਾਲ਼ ਵਿਤਕਰਾ ਨਹੀਂ ਕਰਦੀ- ਮੋਦੀ
ਸਹੁੰ ਰੱਬ ਦੀ ਝੂਠ ਨਾ ਬੋਲਾਂ, ਬੱਕਰੀ ਨੂੰ ਊਠ ਜੰਮਿਆਂ।

ਮਿੱਤਲ ਦਾ ਬਿਆਨ ਅਕਾਲੀ-ਭਾਜਪਾ ਗੱਠਜੋੜ ‘ਚ ਲਿਆਵੇਗਾ ਤੂਫਾਨ- ਇਕ ਖ਼ਬਰ
ਅੱਡੀ ਮਾਰ ਕੇ ਨੱਚੀ ਜਦ ਬੰਤੋ, ਵਿਹੜੇ ‘ਚ ਭੂਚਾਲ਼ ਆ ਗਿਆ।

ਰਾਹੁਲ ਗਾਂਧੀ ਨੂੰ ਹੁਣ ਪਾਰਟੀ ਦੀ ਜ਼ਿੰਮੇਵਾਰੀ ਲੈ ਲੈਣੀ ਚਾਹੀਦੀ ਹੈ- ਸਚਿਨ ਪਾਇਲਟ
ਪਾਣੀ ਵਾਰ ਬੰਨੇ ਦੀਏਂ ਮਾਏਂ, ਬੰਨਾ ਤੇਰਾ ਬਾਹਰ ਖੜ੍ਹਾ।

ਭਾਰਤ ਦੇ ਸਮਰਥਨ ‘ਚ ਆਇਆ ਅਮਰੀਕਾ- ਇਕ ਖ਼ਬਰ
ਲੱਸੀ ਲੈਣ ਦੇ ਬਹਾਨੇ ਆਉਂਦੇ, ਛੜਿਆਂ ਦੀ ਨੀਤ ਬੁਰੀ।

ਹੁਣ ਨਿਜੀ ਖੇਤਰ ਵਾਲ਼ੇ ਵੀ ਰਾਕੇਟਾਂ ਦਾ ਨਿਰਮਾਣ ਕਰ ਸਕਣਗੇ- ਰਾਕੇਟ ਇੰਜਨੀਅਰ ਸਿਵਨ
ਯਾਨੀ ਕਿ ਹੁਣ ਕਾਰਪੋਰੇਟ ਘਰਾਣਿਆਂ ਨੂੰ ਰਾਕੇਟ ਬਣਾਉਣ ਦੇ ਸਰਕਾਰੀ ਠੇਕੇ ਮਿਲਿਆ ਕਰਨਗੇ।

ਕੌਮ ਦੀ ਤਬਾਹੀ ਲਈ ਸਿੱਖ ਕੌਮ ਅੱਜ ਇਹਦੇ ਲੀਡਰਾਂ ਤੋਂ ਜਵਾਬ ਮੰਗਦੀ ਹੈ- ਸਾਬਕਾ ਸਕੱਤਰ ਹਰਚਰਨ ਸਿੰਘ
ਜੇਠ ਬੋਲੀਆਂ ਮਾਰੇ ਹੁਣ ਤੂੰ ਕਿਧਰ ਗਿਆ।

ਬਠਿੰਡਾ ਥਰਮਲ ਪਲਾਂਟ ਦੇ ਕੂਲਿੰਗ ਟਾਵਰ ਨਹੀਂ ਢਾਏ ਜਾਣਗੇ- ਸਰਕਾਰੀ ਬੁਲਾਰਾ
ਬੇਰੋਜ਼ਗਾਰ ਮੁਲਾਜ਼ਮਾਂ ਨੂੰ ਟਾਵਰਾਂ ‘ਤੇ ਚੜ੍ਹ ਕੇ ਮੁਜ਼ਾਹਰੇ ਕਰਨ ਦੀ ਸਹੂਲਤ ਦਿਤੀ ਜਾਵੇਗੀ।

ਨਿਪਾਲ ਹੁਣ ਭਾਰਤ ਨਾਲ ਸਭਿਆਚਾਰਕ ਸਾਂਝ ਤੋੜਨ ਲਈ ਤਤਪਰ- ਇਕ ਖ਼ਬਰ
ਤੇਰੀ ਮੇਰੀ ਨਹੀਂ ਨਿਭਣੀ, ਮੈਂ ਪਤਲੀ ਤੂੰ ਭਾਰਾ।

ਸੰਕਟ ਸਮੇਂ ਵੀ ਲੋਕਾਂ ਦੀਆਂ ਜੇਬਾਂ ਕੱਟਣ ਲੱਗੀ ਹੋਈ ਹੈ ਭਾਜਪਾ ਸਰਕਾਰ- ਪ੍ਰਿਅੰਕਾ ਗਾਂਧੀ
ਸਰਕਾਰ ਜਾਣਦੀ ਐ ਕਿ ਟੋਏ ‘ਚ ਡਿਗਿਆ ਢੱਠਾ ਖੱਸੀ ਕਰਨਾ ਸੌਖਾ ਹੁੰਦੈ।

ਆਯੁਰਵੈਦਿਕ ਅਤੇ ਹੋਮਿਉਪੈਥਿਕ ਕੰਪਨੀਅਆਂ ਦੇ ਕੋਵਿਡ-19 ਦੇ ਇਲਾਜ ਦੇ 50 ਇਸ਼ਤਿਹਾਰ ਗੁੰਮਰਾਹਕੁੰਨ-ਇਕ ਖ਼ਬਰ
ਪਿੰਡ ਪਏ ਨਹੀਂ, ਉਚੱਕੇ ਮੂਹਰੇ।

ਰੂਸ ਵਲੋਂ ਭਾਰਤ ਅਤੇ ਚੀਨ ਵਿਚਾਲੇ ਵਿਚੋਲਗੀ ਤੋਂ ਇਨਕਾਰ- ਇਕ ਖ਼ਬਰ
ਛੜਿਆਂ ਦੇ ਗਈ ਅੱਗ ਨੂੰ, ਉਹਨਾਂ ਚੱਪਣੀ ਭੁਆਂ ਕੇ ਮਾਰੀ।

ਬੇਅਦਬੀ ਕਾਂਡ ‘ਚ ਪੁਲਿਸ ਨਾਲ ਲਿਹਾਜ਼ਦਾਰੀਆਂ ਮਹਿੰਗੀਆਂ ਪਈਆਂ ਪੰਕਜ ਬਾਂਸਲ ਨੂੰ- ਇਕ ਖਬਰ
ਇਨ ਸੇ ਫਕਤ ਦੂਰ ਕੀ ਸਾਹਬ ਸਲਾਮਤ ਅੱਛੀ, ਨਾ ਇਨ ਕੀ ਦੋਸਤੀ ਅੱਛੀ ਨਾ ਇਨ ਕੀ ਦੁਸ਼ਮਨੀ ਅੱਛੀ।