ਪੰਜਾਬ ਦੇ ਅੰਦਰ ਵਸਦਾ ਪੰਜਾਬ ਤੇ ਪੰਜਾਬ ਤੋਂ ਬਾਹਰ ਵੱਸਦਾ ਪੰਜਾਬ - ਗੁਰਮੀਤ ਸਿੰਘ ਪਲਾਹੀ

ਇੱਕ ਪੰਜਾਬ, ਪੰਜਾਬ 'ਚ ਵਸਦਾ ਹੈ। ਇੱਕ ਪੰਜਾਬ, ਪੰਜਾਬੋਂ ਬਾਹਰ ਵਸਦਾ ਹੈ; ਸੱਤ ਸਮੁੰਦਰੋਂ ਪਾਰ। ਉਸ ਪੰਜਾਬ 'ਚ ਵਸਦੇ ਪੰਜਾਬੀਆਂ ਦੇ ਮਨਾਂ 'ਚ ਆਪਣੇ ਪਿੱਛੇ ਛੱਡੇ ਪੰਜਾਬ ਲਈ ਅੰਤਾਂ ਦੀ ਤੜਪ ਹੈ; ਇੱਕ ਇਹੋ ਜਿਹੀ ਤੜਪ, ਜਿਸ ਦਾ ਹੱਦ-ਬੰਨਾ ਹੀ ਕੋਈ ਨਹੀਂ। ਜੇ ਉਹ ਪੰਜਾਬ ਰਤਾ-ਮਾਸਾ ਖੁਸ਼ਹਾਲ ਹੋਇਆ ਹੈ, ਤਾਂ ਉਹ ਇਧਰਲੇ ਪੰਜਾਬ ਦੀ ਖੁਸ਼ਹਾਲੀ ਮੰਗਦਾ ਹੈ। ਜੇ ਉਸ ਪੰਜਾਬ ਦੇ ਪੰਜਾਬੀਆਂ ਦਾ ਰਤਾ ਢਿੱਡ ਭਰਨ ਲੱਗਿਆ ਹੈ, ਤਾਂ ਉਹ ਇਧਰਲੇ ਪੰਜਾਬੀਆਂ ਦਾ ਢਿੱਡ ਭਰਿਆ ਵੀ ਵੇਖਣਾ ਚਾਹੁੰਦਾ ਹੈ, ਉਹਨਾਂ ਉੱਪਰ ਛੱਤ ਵੀ ਵੇਖਣਾ ਚਾਹੁੰਦਾ ਹੈ ਅਤੇ ਨਾਲ ਹੀ ਚਾਹੁੰਦਾ ਹੈ ਉਹ ਸਭ, ਜੋ ਕੁਝ ਉਸ ਨੂੰ ਬਾਹਰਲੇ ਪੰਜਾਬ 'ਚ ਮਿਲਿਆ ਹੈ। ਉਹ ਚਾਹੁੰਦਾ ਹੈ ਇਧਰਲੇ ਪੰਜਾਬ ਨੂੰ ਵੀ ਮਿਲੇ ਪੂਰਨ ਰੁਜ਼ਗਾਰ, ਪੂਰਨ ਮਨੁੱਖੀ ਅਧਿਕਾਰ, ਹੱਸਦਾ-ਵੱਸਦਾ ਭਰਪੂਰ ਜੀਵਨ, ਸਿਰ 'ਤੇ ਛੱਤ, ਚੰਗੀ ਸਿਹਤ, ਚੰਗੀ ਸਿੱਖਿਆ, ਸਵੱਛ ਵਾਤਾਵਰਣ ਅਤੇ ਤਨਾਅ-ਰਹਿਤ ਜ਼ਿੰਦਗੀ।
ਉਹ ਪੰਜਾਬ, ਜਿਹੜਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ 'ਚ ਵਸਦਾ ਹੈ; ਉਹ ਪੰਜਾਬ, ਜਿਹੜਾ ਅਮਰੀਕਾ ਦੇ ਕੈਲੇਫੋਰਨੀਆ 'ਚ ਰਹਿੰਦਾ ਹੈ; ਉਹ ਪੰਜਾਬ, ਜਿਹੜਾ ਬਰਤਾਨੀਆ, ਆਸਟਰੇਲੀਆ 'ਚ ਆਪਣੀ ਹੋਂਦ ਬਣਾਈ ਬੈਠਾ ਹੈ; ਅਤੇ ਉਹ ਪੰਜਾਬ, ਜਿਸ ਨੇ ਵਿਦੇਸ਼ੀ ਧਰਤੀ 'ਤੇ ਰਹਿ ਕੇ ਰਾਜਨੀਤਕ ਤੇ ਸਮਾਜਿਕ ਖੇਤਰ 'ਚ ਮੱਲਾਂ ਮਾਰੀਆਂ ਹਨ, ਬਰਾਬਰ ਦੇ ਮਨੁੱਖੀ ਅਧਿਕਾਰ ਮਾਣੇ ਹਨ, ਚੰਗੀਆਂ ਸਿਹਤ, ਸਿੱਖਿਆ ਸਹੂਲਤਾਂ ਦੇ ਰੰਗ ਵੇਖੇ ਹਨ, ਚੰਗਾ ਵਾਤਾਵਰਣ ਹੰਢਾਇਆ ਹੈ, ਆਪਣੇ ਅਤੇ ਆਪਣੀ ਔਲਾਦ ਲਈ ਉਥੇ ਰਹਿ ਕੇ ਲੱਗਭੱਗ ਬਰਾਬਰ ਦੇ ਹੱਕ ਹੰਢਾਏ ਹਨ; ਆਪਣੀ ਬੋਲੀ, ਆਪਣੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ, ਇੱਕ ਸਦੀ ਤੋਂ ਉੱਪਰ ਵਿਦੇਸ਼ੀ ਧਰਤੀਆਂ 'ਤੇ ਰਹਿ ਕੇ ਯਤਨ ਹੀ ਨਹੀਂ ਕੀਤੇ, ਪ੍ਰਾਪਤੀਆਂ ਵੀ ਕੀਤੀਆਂ ਹਨ, ਜਿਨ੍ਹਾਂ 'ਤੇ ਉਹ ਪੰਜਾਬ ਮਾਣ ਕਰਦਾ ਹੈ, ਪਰ ਸੱਤ ਸਮੁੰਦਰੋਂ ਪਾਰ ਦਾ ਪੰਜਾਬ ਆਪਣੇ ਪਿਆਰੇ ਜੱਦੀ ਪੰਜਾਬ ਬਾਰੇ ਏਨਾ ਚਿੰਤਤ ਕਿਉਂ ਹੈ?
ਓਧਰ ਪੰਜਾਬ ਉਦੋਂ ਤੜਫਦਾ ਹੈ, ਜਦੋਂ ਇਧਰਲੇ ਪੰਜਾਬ ਨੂੰ ਵੱਖੋ-ਵੱਖਰੇ ਖੇਤਰਾਂ 'ਚ ਤਰੱਕੀ ਕੀਤੀ ਨਾ ਵੇਖ ਕੇ ਉਹ ਮੁਰਝਾਇਆ ਵੇਖਦਾ ਹੈ। ਉਹ ਮਾਯੂਸ ਹੁੰਦਾ ਹੈ, ਜਦੋਂ ਹਿੰਦੋਸਤਾਨ ਦਾ ਢਿੱਡ ਭਰਨ ਵਾਲੇ ਕਿਸਾਨ ਨੂੰ ਉਹ ਖ਼ੁਦਕੁਸ਼ੀ ਕੀਤਿਆਂ ਵੇਖਦਾ ਹੈ, ਮਜ਼ਦੂਰਾਂ ਨੂੰ ਖ਼ਾਲੀ ਢਿੱਡ, ਨੌਜਵਾਨਾਂ ਨੂੰ ਬਿਨਾਂ ਰੁਜ਼ਗਾਰ ਨਸ਼ਿਆਂ 'ਚ ਲੱਥ-ਪੱਥ, ਬੱਚੀਆਂ ਦੇ ਔਰਤਾਂ ਦੇ ਪੇਟ 'ਚ ਕਤਲ, ਰਿਸ਼ਤਿਆਂ 'ਚ ਚਿੱਟੇ ਖ਼ੂਨ ਦੇ ਪਸਾਰੇ, ਸੂਬੇ 'ਚ ਫੈਲੀ ਅਰਾਜਕਤਾ, ਤਕੜੇ ਦੇ ਸੱਤੀਂ-ਵੀਹੀਂ ਸੌ ਅਤੇ ਰਾਜਨੀਤਕ ਲੋਕਾਂ ਦੀਆਂ ਚੁਸਤੀਆਂ-ਚਲਾਕੀਆਂ ਦੀਆਂ ਖ਼ਬਰਾਂ ਪੜ੍ਹਦਾ ਹੈ। ਕੀ ਉਸ ਨੂੰ ਇਹ ਹੈਰਾਨੀ ਹੋਣੀ ਸੁਭਾਵਕ ਨਹੀਂ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਉਨ੍ਹਾਂ ਦੀ ਮਾਂ-ਬੋਲੀ ਪੰਜਾਬੀ ਨੂੰ ਤੀਜਾ ਸਥਾਨ ਪ੍ਰਾਪਤ ਹੋਵੇ ਅਤੇ ਇਧਰਲੇ ਪੰਜਾਬ 'ਚ ਮਾਂ-ਬੋਲੀ ਪੰਜਾਬੀ, ਜਿਸ ਦੇ ਆਧਾਰ 'ਤੇ ਅੱਧੀ ਸਦੀ ਪਹਿਲਾਂ ਸੂਬਾ ਬਣਿਆ ਹੋਵੇ, ਗਲੀ-ਗਲੀ ਰੁਲਦੀ ਹੋਵੇ; ਸਕੂਲਾਂ, ਦਫ਼ਤਰਾਂ 'ਚ ਉਸ ਦੀ ਪੁੱਛ ਨਾ ਹੋਵੇ, ਤੇ ਉਥੇ ਹਮਕੋ ਤੁਮਕੋ ਅਤੇ ਗੁੱਡ, ਵੈਰੀ ਗੁੱਡ ਨੂੰ ਉਹਦੇ ਤੋਂ ਉੱਪਰਲਾ ਸਥਾਨ ਮਿਲਿਆ ਹੋਵੇ?
ਬਹੁਤ ਪ੍ਰੇਸ਼ਾਨ ਹੈ ਉਹ ਇਹ ਸੁਣ ਕੇ, ਜਾਣ ਕੇ, ਵੇਖ ਕੇ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਇਧਰਲੇ ਪੰਜਾਬ ਦੇ 10000 ਤੋਂ ਉੱਪਰ ਜੁਝਾਰੂ ਕਿਸਾਨਾਂ ਨੇ ਕਰਜ਼ੇ ਕਾਰਨ ਖ਼ੁਦਕੁਸ਼ੀ ਨੂੰ ਪ੍ਰਣਾਇਆ ਹੈ ਅਤੇ ਇਹ ਜਾਣ ਕੇ ਤਾਂ ਉਹ ਮੱਥਾ ਫੜ ਕੇ ਹੀ ਬੈਠ ਗਿਆ ਹੈ ਕਿ ਉਹ ਪੰਜਾਬ, ਜਿਸ ਨੇ ਸਾਲ 2013-14 ਲਈ ਇੱਕ ਕਰੋੜ ਟਨ ਸਾਲਾਨਾ ਅਨਾਜ ਉਤਪਾਦਨ ਲਈ 'ਕ੍ਰਿਸ਼ੀ ਕਰਮਨ ਪੁਰਸਕਾਰ' ਪ੍ਰਾਪਤ ਕੀਤਾ ਸੀ, ਉਹ ਜੇਤੂ ਸੂਬਾ ਪੰਜਾਬ 2014-15 ਦੇ ਪੁਰਸਕਾਰਾਂ ਦੀ ਕਿਸੇ ਵੀ ਸੂਚੀ 'ਚ ਆਪਣਾ ਨਾਂਅ ਦਰਜ ਕਰਵਾਉਣ 'ਚ ਨਾਕਾਮ ਰਿਹਾ ਹੈ। ਵੱਖ-ਵੱਖ ਵਰਗਾਂ ਤਹਿਤ ਦਿੱਤੇ ਖੇਤੀਬਾੜੀ ਬਾਰੇ ਪੁਰਸਕਾਰਾਂ ਵਿੱਚੋਂ ਕਿਸੇ ਵੀ ਵਰਗ ਵਿੱਚ ਪੰਜਾਬ ਦਾ ਨਾਂਅ ਸ਼ਾਮਲ ਨਹੀਂ। ਸੂਬੇ ਮੱਧ ਪ੍ਰਦੇਸ਼ ਨੂੰ ਇੱਕ ਕਰੋੜ ਟਨ ਤੋਂ ਵੱਧ ਅਨਾਜ ਪੈਦਾ ਕਰਨ ਲਈ ਕ੍ਰਿਸ਼ੀ ਕਰਮਨ ਪੁਰਸਕਾਰ-ਪਹਿਲਾ ਇਨਾਮ ਤੇ ਉੜੀਸਾ ਨੂੰ 10 ਲੱਖ ਟਨ ਤੋਂ ਇੱਕ ਕਰੋੜ ਟਨ ਦਾ ਉਤਪਾਦਨ ਕਰਨ ਦੇ ਵਰਗ ਤਹਿਤ ਦੂਜਾ ਇਨਾਮ ਮਿਲਿਆ। ਫ਼ਸਲਾਂ ਦੇ ਆਧਾਰ 'ਤੇ ਹਰਿਆਣੇ ਨੂੰ ਸਭ ਤੋਂ ਵੱਧ ਚੌਲਾਂ ਦੇ ਉਤਪਾਦਨ ਲਈ, ਜਦੋਂ ਕਿ ਕਣਕ ਲਈ ਰਾਜਸਥਾਨ, ਦਾਲਾਂ ਲਈ ਛੱਤੀਸਗੜ੍ਹ, ਮੋਟੇ ਅਨਾਜ ਲਈ ਤਾਮਿਲ ਨਾਡੂ ਨੂੰ ਇਨਾਮ ਦਿੱਤੇ ਗਏ। ਪੰਜਾਬ ਦੇ ਖੇਤੀ ਇਨਾਮਾਂ ਨੂੰ ਚਿੱਟੀ ਮੱਖੀ, ਚਿੱਟੇ ਮੱਛਰ ਅਤੇ ਰਾਜਨੀਤਕ ਲੋਕਾਂ ਦੀਆਂ ਕੁਚਾਲਾਂ ਨੇ ਨਿਗਲ ਲਿਆ।
ਪ੍ਰੇਸ਼ਾਨ ਹੈ ਇਧਰਲਾ-ਉਧਰਲਾ ਪੰਜਾਬ ਤੇ ਪੰਜਾਬੀ ਕਿ ਆਪਣੇ ਪੈਰੀਂ ਆਪ ਕੁਹਾੜਾ ਮਾਰ ਕੇ ਰਾਜਨੀਤਕਾਂ ਨੇ ਪੰਜਾਬ ਦਾ ਪਾਣੀ ਗੁਆ ਲਿਆ। ਧਰਤੀ ਹੇਠਲਾ ਪਾਣੀ ਗੁਆਇਆ, ਨਹਿਰੀ ਸਿੰਜਾਈ ਦੇ ਸਾਧਨ ਤਬਾਹ ਕਰ ਲਏ। ਅੱਡੀਆਂ ਚੁੱਕ ਕੇ ਫਾਹਾ ਲੈਣ ਵਾਂਗ ਇਥੋਂ ਦੇ  ਨੇਤਾਵਾਂ ਨੇ ਕਿਸਾਨਾਂ ਨੂੰ ਮਹਿੰਗੀ ਖੇਤੀ ਕਰਨ ਲਈ ਮਜਬੂਰ ਕਰ ਦਿੱਤਾ। ਕੀ ਸਾਡੇ ਰਾਜਨੀਤਕ ਉੱਪਰਲੇ ਹਾਕਮਾਂ ਦੀਆਂ ਕੋਝੀਆਂ ਚਾਲਾਂ ਪ੍ਰਤੀ ਜਾਣੂ ਨਹੀਂ ਸਨ ਉਦੋਂ, ਜਦੋਂ ਰਿਪੇਰੀਅਨ ਕਨੂੰਨ ਨੂੰ ਛਿੱਕੇ ਟੰਗ ਕੇ ਪੰਜਾਬ ਦੇ ਪਾਣੀ ਖੋਹੇ ਜਾ ਰਹੇ ਸਨ? ਜੇਕਰ ਸਾਡਾ ਗੁਆਂਢੀ ਮੁਲਕ ਪਾਕਿਸਤਾਨ ਆਪਣੇ ਪਾਣੀਆਂ ਦੀ ਰੱਖਿਆ ਹਿੰਦੋਸਤਾਨੀ ਸਰਕਾਰ ਤੋਂ ਕਰਵਾ ਗਿਆ ਤਾਂ ਸਾਡੇ ਪੰਜਾਬੀ ਨੇਤਾ ਕਿੱਥੇ ਸੁੱਤੇ ਪਏ ਸਨ, ਜਿਹੜੇ ਪਾਣੀਆਂ ਨੂੰ ਬਚਾਉਣ ਲਈ ਹੋਰ ਕੁਝ ਨਹੀਂ ਕਰ ਸਕੇ, ਸਿਵਾਏ ਪਿਛਲੇ ਤਿੰਨ ਦਹਾਕਿਆਂ ਤੋਂ ਪਾਣੀਆਂ 'ਤੇ ਰਾਜਨੀਤੀ ਕਰਨ ਦੇ? ਕੀ ਉਹ ਜਾਣਦੇ ਹਨ ਅਤੇ ਸਿੱਖ ਸਕਦੇ ਹਨ ਕਿ ਪਾਕਿਸਤਾਨ, ਜਿਸ ਦੇ ਵਿੱਚ ਆਪਣਾ ਇੱਕ ਹੋਰ ਪੰਜਾਬ ਵੀ ਵਸਦਾ ਹੈ, ਕੋਲ ਦੁਨੀਆ ਦਾ ਸਭ ਤੋਂ ਵੱਡਾ ਨਦੀ ਜਲ ਸਪਲਾਈ ਸਿਸਟਮ ਹੈ?  ਇੰਡਸ ਬੇਸਿਨ ਦਾ ਇਹ ਪੂਰਾ ਸਿਸਟਮ ਹਿੰਦੋਸਤਾਨ ਤੋਂ ਜਾਣ ਵਾਲੇ ਪਾਣੀ ਉੱਪਰ ਨਿਰਭਰ ਹੈ। ਜੇਹਲਮ ਉੱਤੇ ਮੰਗਲ ਡੈਮ ਅਤੇ ਸਿੰਧੂ ਨਦੀ ਉੱਤੇ ਤਰਬੇਲਾ ਡੈਮ ਬਣਾ ਕੇ ਪਾਕਿਸਤਾਨ ਨੇ 1960 ਤੋਂ 1971 ਦੇ ਦਰਮਿਆਨ ਆਪਣੇ ਖੇਤਰ ਵਿੱਚ ਸਿੰਧੂ ਦੀਆਂ ਸਹਾਇਕ ਨਦੀਆਂ ਨੂੰ ਨਾ ਸਿਰਫ਼ 12 ਇੰਟਰ ਰਿਵਰ ਲਿੰਕ ਨਹਿਰਾਂ ਨਾਲ ਜੋੜਿਆ, ਬਲਕਿ 45 ਹੋਰ ਨਹਿਰਾਂ ਵੀ ਬਣਾਈਆਂ। ਨਤੀਜੇ ਵਜੋਂ ਅੱਜ ਪਾਕਿਸਤਾਨ ਦੀ ਦੋ ਕਰੋੜ ਬਾਰਾਂ ਲੱਖ ਹੈਕਟੇਅਰ ਧਰਤੀ ਇਸ ਪਾਣੀ ਨਾਲ ਸਿੰਜੀ ਜਾਂਦੀ ਹੈ। ਸਿੰਧੂ ਅਤੇ ਇਸ ਦੀਆਂ ਨਦੀਆਂ ਜੇਹਲਮ, ਚਨਾਬ, ਰਾਵੀ, ਬਿਆਸ ਅਤੇ ਸਤਲੁਜ ਦੇ ਪਾਣੀ ਦਾ ਬਟਵਾਰਾ ਹਿੰਦੋਸਤਾਨ ਅਤੇ ਪਾਕਿਸਤਾਨ ਦੇ ਵਿੱਚ ਵਿਸ਼ਵ ਬੈਂਕ ਨੂੰ ਸਾਲਸ ਮੰਨ ਕੇ 19 ਸਤੰਬਰ 1960 ਨੂੰ ਹੋਇਆ। ਇਸ ਸਮਝੌਤੇ ਤਹਿਤ ਸਿੰਧੂ, ਜੇਹਲਮ ਅਤੇ ਚਨਾਬ ਦੇ ਪਾਣੀ ਉੱਤੇ ਪਾਕਿਸਤਾਨ ਦਾ ਹੱਕ ਮੰਨਿਆ ਗਿਆ ਅਤੇ ਰਾਵੀ, ਬਿਆਸ ਅਤੇ ਸਤਲੁਜ ਦਾ ਸਾਰਾ ਪਾਣੀ ਹਿੰਦੋਸਤਾਨ ਨੂੰ ਮਿਲਿਆ। ਇਹ ਸ਼ਰਤ ਵੀ ਰੱਖੀ ਗਈ ਕਿ 31 ਮਾਰਚ 1970 ਤੱਕ ਭਾਰਤ ਆਪਣੇ ਹਿੱਸੇ ਦੀਆਂ ਤਿੰਨਾਂ ਨਦੀਆਂ ਦਾ ਪਾਣੀ ਪਾਕਿਸਤਾਨ ਜਾਣੋਂ ਨਹੀਂ ਰੋਕੇਗਾ। ਇਸ ਸਮੇਂ ਦੌਰਾਨ ਪਾਕਿਸਤਾਨ ਨੇ ਨਹਿਰਾਂ ਦਾ ਅਜਿਹਾ ਜਾਲ ਵਿਛਾਇਆ ਕਿ ਉਸ ਨੇ ਆਪਣੇ ਕਿਸਾਨਾਂ ਅਤੇ ਲੋਕਾਂ ਦੀ ਪਾਣੀ ਦੀ ਸਮੱਸਿਆ ਹੱਲ ਕਰ ਲਈ।
ਅਣਵੰਡੇ ਪੰਜਾਬ ਨੂੰ 1947 ਤੋਂ ਪਹਿਲਾਂ ਲੱਗਭੱਗ 170 ਐੱਮ ਏ ਐੱਫ਼ ਪਾਣੀ ਦਰਿਆਵਾਂ ਤੋਂ ਉਪਲੱਬਧ ਸੀ, ਜਿਸ ਵਿੱਚ ਕੇਵਲ 38.3 ਐੱਮ ਏ ਐੱਫ਼ ਭਾਰਤੀ ਪੰਜਾਬ ਦੇ ਹਿੱਸੇ ਆਇਆ, ਬਾਕੀ ਪਾਕਿਸਤਾਨ ਲੈ ਗਿਆ। ਹਿੰਦੋਸਤਾਨ ਦੇ ਹਿੱਸੇ ਆਏ ਇਸ ਪਾਣੀ ਉੱਤੇ ਹੱਕ ਪੰਜਾਬ ਦਾ ਸੀ। ਔਖਿਆਈ ਮੰਨਦਾ ਹੈ ਇਸ ਗੱਲੋਂ ਬਾਹਰ ਵੱਸਦਾ ਪੰਜਾਬ, ਕਿ ਜਿਸ ਪਾਣੀ ਉੱਤੇ ਹੱਕ ਪੰਜਾਬ ਦਾ ਸੀ, ਪੰਜਾਬੀਆਂ ਦਾ ਸੀ, ਉਹ ਉਸ ਕੋਲੋਂ ਆਖ਼ਿਰ ਖੋਹਿਆ ਕਿਉਂ ਜਾ ਰਿਹਾ ਹੈ?
ਬਹੁਤ ਸ਼ਰਮਿੰਦਾ ਹੁੰਦਾ ਹੈ ਦੁਨੀਆ ਦੇ ਸਾਹਮਣੇ ਸੱਤ ਸਮੁੰਦਰੋਂ ਪਾਰ ਵਾਲਾ ਪੰਜਾਬ ਉਦੋਂ, ਜਦੋਂ ਉਹ ਪੰਜਾਬ 'ਚ ਮਨੁੱਖੀ ਅਧਿਕਾਰਾਂ ਦਾ ਘਾਣ ਸ਼ਰੇਆਮ ਹੁੰਦਿਆਂ ਵੇਖਦਾ ਹੈ, ਪਾਣੀਆਂ ਦੇ ਮਾਮਲੇ 'ਚ ਪੰਜਾਬੀਆਂ ਦੇ ਹੱਕਾਂ ਦਾ ਘਾਣ, ਮਾਂ-ਬੋਲੀ ਨੂੰ ਦੁਪਰਿਆਰੀ ਬਣਾ ਕੇ ਇਸ ਦਾ ਘਾਣ, ਸਿਹਤ-ਸਿੱਖਿਆ ਸਹੂਲਤਾਂ ਦਾ ਘਾਣ। ਉਸ ਪੰਜਾਬ ਨੂੰ ਉਦੋਂ ਵਾਹਵਾ ਮਾਯੂਸੀ ਹੁੰਦੀ ਹੈ, ਜਦੋਂ ਉਹ ਇਹ ਜਾਣ ਚੁੱਕਾ ਹੈ ਕਿ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੇ ਸਟੈਂਡਰਡ ਨੂੰ ਉਸ ਦਾ ਪੰਜਾਬ ਪੂਰਿਆਂ ਨਹੀਂ ਕਰਦਾ। ਪੰਜਾਬ ਤਾਂ ਸ਼ਾਇਦ ਇਹ ਵੀ ਨਹੀਂ ਜਾਣਦਾ ਕਿ ਅੰਤਰ-ਰਾਸ਼ਟਰੀ ਕਨੂੰਨ ਅਨੁਸਾਰ ਉਸ ਦੇ ਵਾਸੀਆਂ ਨੂੰ 61 ਮਨੁੱਖੀ ਅਧਿਕਾਰ ਮਿਲੇ ਹੋਏ ਹਨ, ਵਿਚਾਰ ਅਤੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ, ਇੱਕਜੁੱਟ ਹੋਣ ਦੀ ਆਜ਼ਾਦੀ, ਧਾਰਮਿਕ ਆਜ਼ਾਦੀ, ਨਸਲੀ ਭੇਦ-ਭਾਵ ਤੋਂ ਛੁਟਕਾਰਾ, ਪੁਲਸੀਆ ਹਿੰਸਾ ਤੋਂ ਆਜ਼ਾਦੀ ਸਮੇਤ। ਤੜਫ ਉੱਠਦਾ ਹੈ ਉਹ ਕਿ ਕਿਉਂ ਖੋਹਿਆ ਜਾ ਰਿਹਾ ਹੈ ਉਸ ਤੋਂ ਸੁਤੰਤਰਤਾ ਨਾਲ ਜਿਉਣ ਦਾ ਅਧਿਕਾਰ, ਜਿਸ ਅਧੀਨ ਉਸ ਨੂੰ ਬਰਾਬਰ ਦੀ ਸਿੱਖਿਆ, ਸਿਹਤ ਸਹੂਲਤ ਲੈਣ ਦਾ ਅਧਿਕਾਰ ਹੈ?  ਬਿਹਬਲ ਹੋ ਉੱਠਦਾ ਹੈ ਉਹ ਕਿ ਕਿੱਥੇ ਹੈ ਘੁੰਮਣ-ਫਿਰਨ, ਡਰ ਤੋਂ ਰਹਿਤ ਜੀਵਨ ਦੀ ਆਜ਼ਾਦੀ, ਜਦੋਂ ਕਿ ਸਮੇਤ ਔਰਤਾਂ ਕੋਈ ਵੀ ਆਪਣੇ ਆਪ ਨੂੰ ਮਹਿਫੂਜ਼ ਨਹੀਂ ਸਮਝਦਾ? ਹੈਰਾਨ ਹੁੰਦਾ ਹੈ ਕਿ ਕਿੱਥੇ ਹੈ ਲੁੱਟ-ਰਹਿਤ ਮਜ਼ਦੂਰੀ ਦਾ ਉਹਨਾਂ ਦਾ ਅਧਿਕਾਰ, ਜਦੋਂ ਕਿ ਔਰਤਾਂ ਨੂੰ ਮਰਦ ਬਰਾਬਰ ਮਜ਼ਦੂਰੀ ਨਹੀਂ ਅਤੇ ਬੱਚੇ ਮਜ਼ਦੂਰੀ ਕਰਨ ਲਈ ਮਜਬੂਰ ਹਨ? ਕਿੱਥੇ ਹੈ ਧਾਰਮਿਕ ਆਜ਼ਾਦੀ, ਜਦੋਂ 'ਭਾਰਤ ਮਾਤਾ ਦੀ ਜੈ' ਦਾ ਨਾਹਰਾ ਨਾ ਲਾਉਣ ਵਾਲੇ ਸ਼ੱਕ ਦੇ ਘੇਰੇ 'ਚ ਆ ਜਾਂਦੇ ਹਨ? ਕਿੱਥੇ ਹੈ ਬਰਾਬਰ ਦੀਆਂ ਕਨੂੰਨੀ ਸੇਵਾਵਾਂ ਦਾ ਹੱਕ, ਸ਼ੁੱਧ ਵਾਤਾਵਰਣ ਤੇ ਸਾਫ਼ ਪਾਣੀ ਪੀਣ ਦਾ ਹੱਕ, ਜਦੋਂ ਕਿ ਉਸ ਦਾ ਰਹਿਣ-ਸਹਿਣ ਅਸਲੋਂ ਬਦਤਰ ਹੈ ਅਤੇ ਆਲਾ-ਦੁਆਲਾ ਗੰਦਗੀ ਭਰਪੂਰ? ਪੰਜਾਬੋਂ ਬਾਹਰਲਾ ਪੰਜਾਬ ਜਾਣਦਾ ਹੈ ਕਿ ਕੋਈ ਵੀ ਦੇਸ਼ ਇਹ ਸਾਰੇ ਮਨੁੱਖੀ ਅਧਿਕਾਰ ਆਪਣੇ ਨਾਗਰਿਕਾਂ ਨੂੰ ਨਹੀਂ ਦੇ ਸਕਦਾ, ਪਰ ਇਥੇ ਤਾਂ ਸੱਭੋ ਕੁਝ ਉਲਟਾ-ਪੁਲਟਾ ਹੈ।
ਪੰਜਾਬ, ਜਿਹੜਾ ਕਦੇ ਸਿੱਖਿਆ 'ਚ ਮੋਹਰੀ ਸੀ, ਗਿਆਨ ਦਾ ਭੰਡਾਰ ਸੀ, ਜਿਹੜਾ ਖੇਤੀ 'ਚ ਧੁਰੰਤਰ ਸੀ, ਜਿਸ ਦਾ ਜੀਅ-ਜੀਅ ਉਤਸ਼ਾਹ, ਹੁਲਾਸ ਨਾਲ ਭਰਿਆ ਆਪਣੇ ਰੰਗਲੇ ਪੰਜਾਬ ਦੇ ਸੋਹਲੇ ਗਾਉਂਦਾ ਨਹੀਂ ਸੀ ਥੱਕਦਾ; ਜਿਸ ਦਾ ਨੇਤਾ ਰਾਜਾ ਨਹੀਂ, ਸੇਵਕ ਸੀ; ਜਿਸ ਦੇ ਕਣ-ਕਣ 'ਚ ਕੁਰਬਾਨੀ ਦਾ ਜਜ਼ਬਾ ਸੀ; ਜਿਹੜਾ ਸੱਚ, ਹੱਕ ਦਾ ਪਹਿਰੇਦਾਰ ਸੀ,- ਉਸ ਪੰਜਾਬ ਦੇ ਵਿਹੜਿਆਂ 'ਚ ਅੱਜ ਖ਼ੁਦਕੁਸ਼ੀ ਦੇ ਕੀਰਨੇ ਹਨ, ਨਸ਼ਿਆਂ ਦੇ ਵਹਿਣ 'ਚ ਰੁੜ੍ਹੇ ਨੌਜਵਾਨਾਂ ਦੇ ਮਾਪਿਆਂ ਦੇ ਵੈਣ ਹਨ, ਚੰਗੇ ਖੁਸ਼ ਰਹਿਣੇ ਪੰਜਾਬੀਆਂ ਦੇ ਜੁੱਸਿਆਂ ਦੀ ਥਾਂ ਆਪਣੀ ਔਲਾਦ ਅਤੇ ਭਵਿੱਖ ਲਈ ਚਿੰਤਾ ਦੀਆਂ ਲਕੀਰਾਂ ਹਨ ਅਤੇ ਦੋ-ਟੁੱਕ ਰੋਟੀ ਕਮਾਉਣ ਦੇ ਆਹਰ 'ਚ ਜੁੱਟੇ ਚਿੰਤਾ ਗ੍ਰਸਤ ਸਰੀਰ ਹਨ।
ਪੰਜਾਬ ਦੇ ਪੁਰਾਣੇ ਦਿਨਾਂ ਨੂੰ ਯਾਦ ਕਰ ਕੇ ਬਾਹਰਲਾ ਪੰਜਾਬ ਇਹੋ ਜਿਹੀ ਸਥਿਤੀ ਤੋਂ ਨਿਰਾਸ਼ ਤਾਂ ਹੈ, ਪਰ ਆਪਣੇ ਅਮਲਾਂ ਨਾਲ, ਆਪਣੀਆਂ ਤਕੜੀਆਂ ਆਵਾਜ਼ਾਂ ਨਾਲ ਇਸ ਦੇ ਹਾਕਮਾਂ ਨੂੰ ਝੰਜੋੜ-ਝੰਜੋੜ ਕੇ ਆਖ ਰਿਹਾ ਪ੍ਰਤੀਤ ਹੁੰਦਾ ਹੈ : ਪੰਜਾਬ ਕਦੇ ਹਾਰਿਆ ਨਹੀਂ, ਪੰਜਾਬ ਕਦੇ ਥੱਕਿਆ ਨਹੀਂ, ਪੰਜਾਬ ਕਦੇ ਨਿਰਾਸ਼ ਨਹੀਂ ਹੋਇਆ, ਪੰਜਾਬ ਤਾਂ ਰਾਹ ਦਿਖਾਵਾ ਹੈ, ਤੇ ਰਹੇਗਾ ਵੀ, ਪਰ ਰਾਜਨੀਤਕੋ ਰਤਾ ਕੁ ਆਪਣੀ ਪੀੜ੍ਹੀ ਹੇਠ ਸੋਟਾ ਤਾਂ ਮਾਰੋ ਤੇ ਵੇਖੋ ਕਿ ਕਰ ਕੀ ਰਹੇ ਹੋ ਤੁਸੀਂ, ਪਾਣੀਆਂ ਦੇ ਮੁੱਦੇ 'ਤੇ ਵੋਟਾਂ ਦੀ ਰਾਜਨੀਤੀ ਕਰ ਕੇ, ਆਪਣੇ ਆਪ ਉਠਾਏ-ਉਲਝਾਏ ਮਸਲਿਆਂ ਨੂੰ ਮੁੜ ਆਪੇ ਹੱਲ ਕਰਨ ਦਾ ਸਵਾਂਗ ਰਚ ਕੇ। ਇਸ ਕਿਸਮ ਦੀ ਰਾਜਨੀਤੀ ਨੂੰ ਸਿੱਧਾ-ਸਾਦਾ ਪੰਜਾਬੀ ਕਦੇ ਪ੍ਰਵਾਨ ਨਹੀਂ ਕਰੇਗਾ। ਇਹ ਆਪ ਜੀ ਦੀ ਨਜ਼ਰ ਗੋਚਰੇ ਹੈ, ਨੇਤਾ ਜੀ!

29 March 2016