ਤੇਲ  ਦੀ ਬੋਤਲ - ਅਮਰ ਮੀਨੀਆਂ (ਗਲਾਸਗੋ)

ਇਕ ਦਿਨ ਮੇਰਾ ਦੋਸਤ ਬੂਟਾ ਤੂਰ ਮੇਰੇ ਕੋਲ ਆ ਗਿਆ। ਚਾਹ ਪਾਣੀ ਪੀਤਾ ਤੇ ਘੰਟਾ ਕੁ ਗੱਲਾਂ ਮਾਰਦੇ ਰਹੇ। ਗੱਲ ਕਰ ਰਿਹਾ ਸੀ ਕਿ ਅੱਜ-ਕੱਲ੍ਹ ਦੇ ਬੱਚਿਆਂ ਵਿੱਚ ਰਿਸ਼ਤਿਆਂ ਦਾ ਮੋਹ ਉਹ ਨਹੀਂ ਰਿਹਾ ਜੋ ਸਾਡੇ ਵੇਲੇ ਹੁੰਦਾ ਸੀ। ਮੋਬਾਇਲਾਂ ਵਿੱਚ ਰੁੱਝੇ ਹੋਏ ਬੱਚੇ ਮਾਂ-ਬਾਪ ਨਾਲ ਤਾਂ ਕੀ ਆਪਸ ਵਿੱਚ ਵੀ ਕੋਈ ਗੱਲਬਾਤ ਨਹੀਂ ਕਰਦੇ। ਕਈ ਘਰਾਂ ਵਿੱਚ ਤਾਂ ਇਹ ਹਾਲਾਤ ਹੁੰਦੇ ਹਨ ਕਿ ਪਿਉ ਲੈਪਟਾਪ ਖੋਲ੍ਹੀ ਬੈਠਾ, ਬੱਚੇ ਗੇਮਾਂ ਵਿੱਚ ਮਸ਼ਰੂਫ ਤੇ ਮਾਂ ਦਾ ਟੀ ਵੀ ਸੀਰੀਅਲ ਲਾਇਆ ਹੁੰਦਾ। ਇਕੋ ਸੋਫੇ ਤੇ ਬੈਠਾ ਸਾਰਾ ਟੱਬਰ ਇਕ ਦੂਜੇ ਤੋਂ ਕੋਹਾਂ ਦੂਰ ਹੁੰਦਾ। ਬੂਟਾ ਤੂਰ ਦੱਸ ਰਿਹਾ ਸੀ ਕਿ, "ਮੈਂ ਹਮੇਸ਼ਾ ਆਪਣੇ ਨਾਨਕਿਆਂ, ਭੂਆ, ਮਾਸੀਆਂ ਤੇ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਰਾਬਤੇ ਵਿੱਚ ਰਹਿੰਦਾ ਹਾਂ। ਹਰੇਕ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰੀਦੀ ਹੈ। ਅੱਜ ਦੇ ਬੱਚਿਆਂ ਵਿੱਚ ਉਹ ਉਤਸ਼ਾਹ ਖ਼ਤਮ ਹੁੰਦਾ ਜਾ ਰਿਹਾ।" ਮੈਂ ਵੀ ਦੱਸਿਆ ਕਿ, "ਸਾਡੇ ਦਾਦੇ ਦੇ ਦੋ ਵਿਆਹ ਸਨ ਤੇ ਅਸੀਂ ਅੱਜ ਤੱਕ ਬਾਪੂ ਦੇ ਦੋਨੋਂ ਨਾਨਕੇ ਪਰਵਾਰਾਂ ਨਾਲ ਵਰਤਦੇ ਆ ਰਹੇ ਹਾਂ। ਬਾਕੀ ਸ਼ਕੀਰੀਆਂ ਨਾਲ ਵੀ ਸੋਹਣਾ ਤਿਉ ਤਲਕ ਆ।ਸਕੂਲੋਂ ਛੁੱਟੀਆਂ ਵੇਲੇ ਨਾਨਕੇ ਛੁੱਟੀਆਂ ਮਨਾਉਂਣੀਆ ਕਿਸੇ ਪੈਰਿਸ ਲੰਡਨ ਤੋਂ ਘੱਟ ਨਹੀਂ ਸੀ ਹੁੰਦਾ। ਪਰ ਅੱਜ ਦੇ ਜੁਆਕਾਂ ਵਿੱਚ ਨਾਨਕੇ ਜਾਣ ਦਾ ਰਿਵਾਜ਼ ਵੀ ਬਹੁਤ ਘਟ ਗਿਆ ਹੈ।"ਬੂਟਾ ਤੂਰ ਤਾਂ ਆਪਣੇ ਕੰਮ ਤੇ ਤੁਰ ਗਿਆ ਪਰ ਮੈਂ ਬੈਠਾ ਬੈਠਾ ਨਾਨਕੇ ਪਿੰਡ ਪਹੁੰਚ ਗਿਆ।
      ਪ੍ਰਦੇਸ਼ ਦੇ ਦਸ ਕੁ ਸਾਲ ਦੇ ਦਸੌਂਟੇ ਤੋਂ ਬਾਅਦ ਪਿੰਡ ਜਾਕੇ ਘਰ ਦਾ ਮੂੰਹ ਵੇਖਿਆ ਤਾਂ ਦੂਜੇ ਦਿਨ ਹੀ ਨਾਨਕਿਆਂ ਦੇ ਰਾਹ ਬਜਾਜ ਚੇਤਕ ਸਕੂਟਰ ਪਾ ਦਿੱਤਾ। ਘਰ ਵਿੱਚ ਮਾਮੇ ਦੇ ਦੋ ਪੋਤਰੇ ਬੰਟੇ ਖੇਡ ਰਹੇ ਸਨ। ਓਪਰੇ ਬੰਦੇ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਉਹ ਆਪਣੀ ਖੇਡ ਵਿੱਚ ਰੁੱਝ ਗਏ, ਮੈਂ ਸੁੰਨੇ ਘਰ ਵਿੱਚ ਮੰਜੇ ਤੇ ਬੈਠਾ ਆਪਣੇ ਬਚਪਨ ਦੀਆਂ ਯਾਦਾਂ ਨੂੰ ਟਟੋਲ ਰਿਹਾ ਸੀ। ਨਾਲੇ ਬੱਚਿਆਂ ਨੂੰ ਕੀ ਪਤਾ ਕਿ ਕਿਸੇ ਵੇਲੇ ਇਹ ਓਪਰਾ ਜਿਆ ਬੰਦਾ ਵੀ ਇਸੇ ਵਿਹੜੇ ਵਿੱਚ ਹੀ ਪਿੱਲ ਚੋਟ ਤੇ ਗੁੱਲੀ ਡੰਡਾ ਖੇਡਦਾ ਹੁੰਦਾ ਸੀ, ਜਦੋਂ ਤੁਹਾਡੀ ਉਮਰ ਦਾ ਹੁੰਦਾ ਸੀ।' ਘਰ ਦੇ ਬਾਕੀ ਜੀਆਂ ਦੀ ਗੈਰਹਾਜ਼ਰੀ ਬਾਰੇ ਇੰਨਾਂ ਕੁ ਹੀ ਪਤਾ ਲੱਗਾ ਕਿ ਕੋਈ ਬਜ਼ੁਰਗ ਪੂਰਾ ਹੋ ਗਿਆ ਹੈ ਤੇ ਉਸ ਦੇ ਸਸਕਾਰ ਤੇ ਗਏ ਹੋਏ ਹਨ। ਅੱਧੇ ਕੁ ਘੰਟੇ ਬਾਅਦ ਮਾਮਾ ਤੇ ਮਾਮੀ ਘਰ ਆ ਗਏ ਤੇ ਘੁੱਟ ਘੁੱਟ ਜੱਫੀਆਂ ਨਾਲ ਰੂਹ ਤਰੋ ਤਾਜ਼ਾ ਹੋ ਗਈ। ਮਾਮਾ ਕਹਿੰਦਾ, "ਚਾਚਾ ਬਚਿੰਤਾ ਪੂਰਾ ਹੋ ਗਿਆ ਸੀ ਉਹਨੂੰ ਦਾਗ ਦੇ ਕੇ ਆਏ ਆਂ। ਤੂੰ ਬੈਠ ਮੈਂ ਪਿੰਡੇ ਪਾਣੀ ਪਾ ਕੇ ਆਇਆ।" ਪਤਾ ਨਹੀਂ ਵਹਿਮ ਹੈ ਜਾਂ ਕੋਈ ਵਿਗਿਆਨਕ ਪੱਖ ਕਿਸੇ ਨੂੰ ਫੂਕਣ ਤੋਂ ਬਾਅਦ ਪਤਾ ਨਹੀਂ ਨਹਾਉਂਣਾਂ ਕਿਉਂ ਜਰੂਰੀ ਹੁੰਦਾ? ਮਾਮਾ ਨ੍ਹਾ ਕੇ ਆਇਆ ਤਾਂ ਪੁੱਛਿਆ ਕਿ ਕਿਹੜਾ ਬਚਿੰਤਾ ਸੀ? "ਲੈ ਹੁਣ ਤੂੰ ਭੁੱਲ ਗਿਆ ਬਚਿੰਤੇ ਨੂੰ, ਉਹੀ ਜੀਹਨੂੰ ਤੁਸੀਂ "ਤੇਲ ਦੀ ਬੋਤਲ" ਕਹਿ ਕੇ ਛੇੜਦੇ ਹੁੰਦੇ ਸੀ।ਇਕ ਦਮ ਮੇਰੇ ਚੇਤਿਆਂ ਵਿੱਚ ਅੱਧਖੜ ਉਮਰ ਦਾ ਬਚਿੰਤਾ ਨਾਨਾ ਆ ਗਿਆ। ਉਹ ਸਾਈਕਲ ਤੇ, ਪੈਦਲ ਜਾਂ ਗੱਡੇ ਤੇ ਜਿੱਥੋਂ ਵੀ ਲੰਘਦਾ ਤਾਂ ਜੁਆਕ ਉਸ ਨੂੰ " ਤੇਲ ਦੀ ਬੋਤਲ" ਕਹਿੰਦੇ ਤੇ ਉਹ ਉਥੇ ਹੀ ਖੜ੍ਹ ਕੇ ਥੋਡੀ ਮਾਂ ਦੀ - - ਥੋਡੀ ਭੈਣ ਦੀ???? ਗਾਲ਼ਾਂ ਦੀ ਝੜੀ ਲਾ ਦਿੰਦਾ। ਨਾਨਕੇ ਭ੍ਰਮਣ ਦੌਰਾਨ ਮੈਂ ਵੀ ਉਸਨੂੰ ਛੇੜਨ ਵਾਲੇ ਗਰੁੱਪ ਵਿੱਚ ਰਲ ਜਾਂਦਾ। ਇਕ ਦਿਨ ਉਸਨੂੰ ਪਤਾ ਲੱਗਾ ਕਿ ਰਤਨ ਸਿੰਘ ਦਾ ਦੋਹਤਾ ਵੀ ਮੈਨੂੰ ਛੇੜਨ ਵਾਲਿਆਂ ਦੇ ਨਾਲ ਹੁੰਦਾ। ਦੂਜੇ ਦਿਨ ਉਹ ਘਰੇ ਉਲਾਂਭਾ ਦੇਣ ਆ ਗਿਆ, ਮੇਰੇ ਨਾਨੇ ਨੂੰ ਕਹਿੰਦਾ, "ਦੇਖ ਬੀ ਵੱਡੇ ਬਾਈ ਤੈਨੂੰ ਤਾਂ ਪਤਾ ਈ ਆ ਕਿ ਪਿੰਡ ਦੀ ਲਗੌੜ ਮੈਨੂੰ ਪੁੱਠੇ ਸਿੱਧੇ ਨਾਂ ਲੈ ਕੇ ਤੰਗ ਕਰਦੀ ਆ ਤੇ ਮੈਥੋਂ ਫਿਰ ਸੁਣਦੇ ਆ ਸ਼ਲੋਕ ਉਹ ਵੀ ਤੱਤੇ ਤੱਤੇ। ਉਹਨਾਂ ਨਾਲ ਆਪਣਾ ਦੋਹਤਮਾਨ ਵੀ ਰਲ ਜਾਂਦਾ। ਮੇਰੀਆਂ ਗਾਲ਼ਾਂ ਦਾ ਪ੍ਰਸ਼ਾਦ ਵੰਡੇ ਵਿੱਚ ਇਹਨੂੰ ਵੀ ਮਿਲਦਾ ਹੋਣਾ। ਇਹ ਠੀਕ ਨਹੀਂ ਇਹਨੂੰ ਸਮਝਾਓ ਬਾਕੀਆਂ ਨੂੰ ਤਾਂ ਮੈਂ ਸੱਜਰਾ ਪਰਹੁਣਾ ਬਣ ਕੇ ਟੱਕਰਦਾ ਹੀ ਰਹਿੰਨਾਂ। ਇਹ ਉਹਨਾਂ ਨਾਲ ਰਲ ਕੇ ਮੈਨੂੰ ਪਾਪਾਂ ਦਾ ਭਾਗੀ ਨਾ ਬਣਾਵੇ। ਨਾਨੇ ਨੇ ਉਹਦੇ ਸਾਹਮਣੇ ਹੀ ਮੇਰੇ ਦੋ ਤਿੰਨ ਜੁੱਤੀਆਂ ਜੜ ਦਿੱਤੀਆਂ। ਉਸ ਤੋਂ ਬਾਅਦ ਮੈਂ ਛੇੜਛਾੜ ਵਾਲੀ ਢਾਣੀ ਤੋਂ ਦੂਰ ਹੀ ਰਿਹਾ। ਸਮਾਂ ਬੀਤਿਆ ਵੱਡੇ ਹੋਏ, ਕਬੀਲਦਾਰੀਆਂ ਪੈ ਗਈਆਂ, ਰੋਜ਼ੀ-ਰੋਟੀ ਦੀ ਭਾਲ ਵਿੱਚ ਪ੍ਰਦੇਸੀ ਹੋ ਗਏ ਤੇ ਬਚਿੰਤੇ ਵਰਗਿਆਂ ਦੇ ਅਕਸ ਵੀ ਧੁੰਦਲੇ ਹੋ ਗਏ।
                                    ਪਰ ਅੱਜ ਉਸਦੀ ਮੌਤ ਵਾਲੇ ਦਿਨ ਫਿਰ ਸਭ ਕੁਝ ਯਾਦ ਆ ਗਿਆ। ਬਚਿੰਤੇ ਦੀ ਮੌਤ ਤੇ ਉਸਦੇ ਪਰਿਵਾਰ ਵਾਰੇ ਚੱਲਦੀਆਂ ਗੱਲਾਂ ਵਿੱਚ ਮੈਂ ਮਾਮੇ ਨੂੰ ਪੁੱਛਿਆ ਕਿ ਇਹਨੂੰ ਤੇਲ ਦੀ ਬੋਤਲ ਕਹਿ ਕੇ ਕਿਉੰ ਛੇੜਿਆ ਜਾਂਦਾ ਸੀ? ਮਾਮਾ ਕਹਿੰਦਾ, "ਅੱਸੀ ਤੋਂ ਉੱਤੇ ਦਾ ਹੋ ਕੇ ਮਰਿਆ, ਪਰ ਤੇਲ ਦੀ ਬੋਤਲ ਵਾਲੀ ਛੇੜ ਨੇ ਇਸ ਦਾ ਮਰਦੇ ਦਮ ਤੱਕ ਖਹਿੜਾ ਨੀ ਛੱਡਿਆ। ਇਸ ਨੂੰ ਛੇੜਨ ਵਾਲਿਆਂ ਦੀ ਲਾਈਨ ਕਦੇ ਵੀ ਨਹੀਂ ਟੁੱਟੀ, ਜਿਵੇਂ ਜਿਵੇਂ ਤੇਰੇ ਵਰਗੇ ਸਿਆਣੇ ਹੋ ਕੇ ਇਸਨੂੰ ਛੇੜਨੋ ਹਟ ਜਾਂਦੇ ਸੀ ਉਵੇਂ ਉਵੇਂ ਨਵਾਂ ਪੂਰ ਉਠ ਕੇ ਇਸਤੋਂ ਸ਼ਾਂਦਾ ਲੈਣ ਲੱਗ ਪੈਂਦਾ ਸੀ। ਬਹੁਤ ਵਾਰ ਇਹ ਸ਼ਰਾਬ ਦੇ ਠੇਕੇ ਅੱਗਿਓਂ ਲੰਘਦਾ ਸ਼ਰਾਬੀਆਂ ਨਾਲ ਸਿੰਗ ਫਸਾ ਲੈਂਦਾ ਸੀ। ਉਹ ਤਾਂ ਠੇਕੇ ਵਾਲੇ ਤੋਂ ਬੋਤਲ ਮੰਗਦੇ ਪਰ ਇਹ ਸਮਝਦਾ ਕਿਤੇ ਮੈਨੂੰ ਛੇੜਦੇ ਆ। ਪਰ ਪਤਾ ਕਿਸੇ ਨੂੰ ਵੀ ਨਹੀਂ ਹੋਣਾ ਕਿ ਇਸ ਮਗਰ ਇਹ ਛੇੜ ਕਿਵੇਂ ਪਈ? ਅਸਲ ਵਿੱਚ ਇਹਦੇ ਜੁਆਨੀ ਪਹਿਰੇ ਦੀ ਗੱਲ ਆ, ਚਾਚੇ ਦੇ ਸਹੁਰੇ ਆ ਕਾਉਂਕੇ ਕਲਾਂ ਪਿੰਡ, ਨਹਿਰ ਤੋਂ ਪਰਲੇ ਬੰਨ੍ਹੇ। ਇਹਦੇ ਸਾਲੇ ਦਾ ਵਿਆਹ ਆ ਗਿਆ।ਉੱਧਰ ਬਰਾਤ ਤਿਆਰ ਤੇ ਪ੍ਰਾਹੁਣੇ ਦੀ ਉਡੀਕ ਹੋ ਰਹੀ ਸੀ।ਇਧਰ ਪਤਾ ਲੱਗਾ ਕਿ ਬਚਿੰਤ ਸਿੰਉਂ ਤਾਂ ਠਾਣੇ ਫੜਿਆ ਹੋਇਆ। ਦੋ ਪਿੰਡਾਂ ਦੀ ਪੰਚਾਇਤ ਗਈ ਤੇ ਪ੍ਰਾਹੁਣੇ ਨੂੰ ਠਾਣੇ ਵਿੱਚੋਂ ਹੀ ਮੂੰਹ ਹੱਥ ਧੁਆ ਕੇ ਬਰਾਤੇ ਚਾੜ੍ਹਿਆ। ਹੋਇਆ ਇਉਂ ਕਿ ਇਹਨੇ ਘਰਵਾਲੀ ਤੇ ਜੁਆਕਾਂ ਨੂੰ ਤਾਂ ਸਵੇਰੇ ਨੌਂ ਵਾਲੀ ਬੱਸ ਚੜਾ ਦਿੱਤਾ ਤੇ ਆਪ ਘਰੇ ਆਕੇ ਦਾਰੂ ਕੱਢਣ ਲੱਗ ਪਿਆ।ਪੰਜ ਸੱਤ ਬੋਤਲਾਂ ਨਿੱਕਲੀਆਂ ਤੇ ਇਕ ਪਹਿਲੇ ਤੋੜ ਵਾਲੀ ਬੋਤਲ ਪਾਸੇ ਰੱਖ ਕੇ ਬਾਕੀ ਭਾਂਡੇ ਟੀਂਡੇ ਤੇ ਸ਼ਰਾਬ ਸਾਂਭ ਦਿੱਤੀ। ਲਾਹਣ ਛੱਪੜ ਵਿੱਚ ਡੋਲ੍ਹ ਕੇ ਸ਼ਾਮ ਤੱਕ ਵਿਆਹ ਜਾਣ ਦੀਆਂ ਤਿਆਰੀਆਂ ਕਰ ਲਈਆਂ। ਲੜ ਛੱਡਵੀਂ ਪੱਗ ਤੇ ਕੁੜਤਾ ਚਾਦਰਾ ਲਾਕੇ ਸਾਈਕਲ ਤੇ ਚੱਲ ਪਿਆ ਤੇ ਤੋਤਿਆਂ ਵਾਲੇ ਝੋਲੇ ਵਿੱਚ ਪਹਿਲੇ ਤੋੜ ਵਾਲੀ ਬੋਤਲ ਪਾਕੇ ਹੈੰਡਲ ਨਾਲ ਟੰਗ ਲਈ। ਮਾੜੀ ਕਿਸਮਤ ਨੂੰ ਨਹਿਰ ਦੇ ਪੁਲ ਤੇ ਪੁਲਸ ਵਾਲੇ ਖੜ੍ਹੇ। ਉਹ ਤਾਂ ਕਿਸੇ ਹੋਰ ਮਾਰ ਤੇ ਖੜ੍ਹੇ ਸਨ ਪਰ ਪੁਲਸ ਵੇਖ ਕੇ ਬਚਿੰਤੇ ਦਾ ਸਾਈਕਲ ਡਿੱਕ ਡੋਲੇ ਖਾਣ ਐ ਪਿਆ। ਰਹਿੰਦੀ ਖੁੰਹਦੀ ਕਸਰ ਉਦੋਂ ਨਿਕਲ ਗਈ ਜਦੋਂ ਥਿੜਕਦੀ ਜ਼ੁਬਾਨ ਨਾਲ ਕਹਿੰਦਾ, "ਸਾ ਸੀ ਕਾਲ ਸਦਾਅ ਜੀ।(ਸਤਿ ਸ੍ਰੀ ਅਕਾਲ ਸਰਦਾਰ ਜੀ)। "ਪੁਲਸ ਵਾਲਿਆਂ ਦੀ ਇੱਲ ਵਰਗੀ ਅੱਖ, ਉਹਨਾਂ ਨੇ ਉੱਥੇ ਹੀ ਰੋਕ ਲਿਆ ਠਾਣੇਦਾਰ ਕਹਿੰਦਾ, "ਹਾਂ ਬਈ ਕਿਧਰ ਨੂੰ?" ਸ਼ਾਲੇ ਦਾ ਵਿਆਹ ਏ ਸਦਾਅ ਜੀ ਕਾਉਕਿਆਂ ਨੂੰ ਜਾਨਾਂ। "" ਠੀਕ ਐ ਠੀਕ ਐ, ਆਹ ਝੋਲੇ ਚ ਕੀ ਪਾਈ ਫਿਰਦੈਂ? ਸਦਾਅ ਜੀ ਸਦਾਅ ਜੀ ਇਹਦੇ ਚ ਤਾਂ ਮਿੱਟੀ ਦੇ ਤੇਲ ਦੀ ਬੋਤਲ ਆ। "ਜਦੋਂ ਹੀ ਠਾਣੇਦਾਰ ਨੇ ਢੱਕਣ ਖੋਲ੍ਹਿਆ ਤਾਂ ਤਿੱਖੀ ਹਵਾੜ ਮਗਜ ਨੂੰ ਚੜ੍ਹ ਗਈ। ਉਹਨੇ ਨਾਲ ਹੀ ਵੱਟ ਥੱਪੜ ਮਾਰਿਆ ਕਹਿੰਦਾ," ਸਾਲਿਆ ਵਿਆਹ ਚੱਲਿਆਂ ਕਿ ਸਹੁਰਿਆਂ ਨੂੰ ਫੂਕਣ???? ਮਿੱਟੀ ਦਾ ਤੇਲ ਹੂੰ??
                
ਅਮਰ ਮੀਨੀਆਂ (ਗਲਾਸਗੋ)
00447868370984