ਮਾਸੂਮੀਅਤ ਦਾ ਕਤਲ - ਸਵਰਾਜਬੀਰ

ਇਕ ਅਖ਼ਬਾਰ ਵਿਚ ਖ਼ਬਰ ਇੰਝ ਛਪੀ ਹੈ, ''ਤਿੰਨ ਸਾਲਾਂ ਦਾ ਬੱਚਾ ਆਪਣੇ ਹੱਥ ਦੀ ਪਹਿਲੀ ਉਂਗਲ ਨਾਲ ਆਪਣੇ ਵੱਲ ਨਿਸ਼ਾਨਾ ਸਾਧਦਿਆਂ ਏਦਾਂ ਸਾਂਗ ਲਾਉਂਦਾ ਏ ਜਿਵੇਂ ਉਹਦੇ ਹੱਥ ਵਿਚ ਬੰਦੂਕ ਹੋਵੇ, ਤੇ ਫਿਰ ਇੰਝ ਅਦਾਕਾਰੀ ਕਰਦਾ ਏ ਜਿਵੇਂ ਉਹ ਬੰਦੂਕ ਦਾ ਘੋੜਾ ਦੱਬ ਰਿਹਾ ਹੋਵੇ ਅਤੇ ਫਿਰ (ਮੂੰਹ 'ਚੋਂ) ਗੋਲੀਆਂ ਚਲਾਉਣ ਦੀਆਂ ਆਵਾਜ਼ਾਂ ਕੱਢਦਾ ਏ।''
          ਇਹ ਉਹ ਤਿੰਨ ਸਾਲਾਂ ਦਾ ਬੱਚਾ ਹੈ ਜਿਸ ਦੇ ਦਾਦੇ ਦੀ ਜੰਮੂ-ਕਸ਼ਮੀਰ ਵਿਚ ਸੋਪੋਰ ਵਿਚ ਬੁੱਧਵਾਰ ਸੁਰੱਖਿਆ ਬਲਾਂ ਅਤੇ ਦਹਿਸ਼ਤਪਸੰਦਾਂ ਵਿਚਕਾਰ ਹੋਏ ਮੁਕਾਬਲੇ ਵਿਚ ਕੁਝ ਘੰਟੇ ਪਹਿਲਾਂ ਮੌਤ ਹੋ ਗਈ ਸੀ। ਪੁਲੀਸ ਦਾ ਕਹਿਣਾ ਹੈ ਕਿ ਜਦ ਸੋਪੋਰ ਦੇ ਬਾਹਰਵਾਰ ਦਹਿਸ਼ਤਗਰਦਾਂ ਨੇ ਪੁਲੀਸ ਅਤੇ ਸੁਰੱਖਿਆ ਬਲਾਂ 'ਤੇ ਗੋਲੀ ਚਲਾਉਣੀ ਸ਼ੁਰੂ ਕੀਤੀ ਤਾਂ ਇਸ ਬੱਚੇ ਦਾ ਦਾਦਾ ਬਸ਼ੀਰ ਅਹਿਮਦ ਖ਼ਾਨ ਉਸ ਗੋਲਾਬਾਰੀ ਵਿਚ ਕਰਾਸਫਾਇਰ ਵਿਚ ਦਹਿਸ਼ਤਗਰਦਾਂ ਦੀ ਗੋਲੀ ਨਾਲ ਮਾਰਿਆ ਗਿਆ। ਉਹ ਸਮਾਂ, ਜਦੋਂ ਦਾ ਬੱਚੇ ਦਾ ਉੱਪਰ ਲਿਖਿਆ ਵਰਤਾਰਾ ਬਿਆਨ ਕੀਤਾ ਗਿਆ ਹੈ, ਖ਼ਬਰਾਂ ਅਨੁਸਾਰ ਪੁਲੀਸ ਮੁਕਾਬਲੇ ਤੋਂ ਕੁਝ ਘੰਟੇ ਬਾਅਦ ਦਾ ਹੈ। ਬੱਚਾ ਪੁਲੀਸ ਸਟੇਸ਼ਨ ਵਿਚ ਹੈ, ਉਹ ਗੋਲੀਆਂ ਚਲਾਉਣ ਦੀ ਨਕਲ ਕਰ ਰਿਹਾ ਹੈ, ਇਹ ਉਹ ਵਿਰਾਸਤ ਹੈ ਜੋ ਅਸੀਂ, ਇਸ ਦੇਸ਼ ਦੇ ਵਾਸੀ, ਆਪਣੇ ਬੱਚਿਆਂ ਨੂੰ ਸੌਂਪ ਰਹੇ ਹਾਂ।
      ਇਕ ਹੋਰ ਨਿਊਜ਼ ਪੋਰਟਲ ਅਨੁਸਾਰ ਪੁਲੀਸ ਤੇ ਦਹਿਸ਼ਤਗਰਦਾਂ ਵਿਚ ਹੋਏ ਮੁਕਾਬਲੇ ਦੀਆਂ ਦਿਲ ਹਲੂਣ ਦੇਣ ਵਾਲੀਆਂ ਕੁਝ ਤਸਵੀਰਾਂ ਇਹ ਵਿਖਾਉਂਦੀਆਂ ਨੇ ਕਿ ਕਿਵੇਂ ਬੱਚਾ ਪਹਿਲਾਂ ਸੜਕ 'ਤੇ ਲੰਮੇ ਪਏ (ਮਰ ਚੁੱਕੇ ਜਾਂ ਮਰ ਰਹੇ) ਆਪਣੇ ਦਾਦੇ ਨੂੰ ਹਲੂਣਦਾ ਅਤੇ ਉਸ ਨੂੰ 'ਜਗਾਉਣ' ਦੀ ਕੋਸ਼ਿਸ਼ ਕਰਦਾ ਹੈ। ਇਕ ਹੋਰ ਤਸਵੀਰ ਦੱਸਦੀ ਹੈ ਕਿ ਚੱਟਾਨ ਪਿੱਛੇ ਸ਼ਹਿ ਲਾ ਕੇ ਬੈਠਾ ਸੁਰੱਖਿਆ ਦਲ ਦਾ ਇਕ ਜਵਾਨ ਬੱਚੇ ਨੂੰ ਸੁਰੱਖਿਅਤ ਥਾਂ ਵੱਲ ਆਉਣ ਦਾ ਇਸ਼ਾਰਾ ਕਰ ਰਿਹਾ ਹੈ। ਖ਼ਬਰਾਂ ਅਨੁਸਾਰ ਇਸ ਮੁਕਾਬਲੇ ਵਿਚ ਸੁਰੱਖਿਆ ਦਲ ਦਾ ਇਕ ਜਵਾਨ ਸ਼ਹੀਦ ਹੋਇਆ ਅਤੇ ਤਿੰਨ ਜ਼ਖ਼ਮੀ ਹੋਏ ਤੇ 65 ਸਾਲਾ ਬਸ਼ੀਰ ਅਹਿਮਦ ਖ਼ਾਨ ਮਾਰਿਆ ਗਿਆ। ਮਾਰੇ ਜਾਣ ਤੇ ਸ਼ਹੀਦ ਹੋਣ ਵਿਚਲਾ ਫ਼ਰਕ ਸ਼ਾਇਦ ਸਿਰਫ਼ ਰਿਆਸਤ/ਸਟੇਟ ਨੂੰ ਪਤਾ ਹੁੰਦਾ ਹੈ।
        ਬਾਅਦ ਵਿਚ ਮ੍ਰਿਤਕ ਦੇਹ ਕੋਲ ਬੈਠੇ ਤਿੰਨ ਸਾਲਾਂ ਦੇ ਪੋਤਰੇ ਦੀਆਂ ਆਪਣੇ ਦਾਦੇ ਨੂੰ 'ਉਠਾਉਂਦਿਆਂ/ਜਗਾਉਂਦਿਆਂ' ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ। ਹੁਣ ਅਖ਼ਬਾਰਾਂ, ਟੈਲੀਵਿਜ਼ਨ, ਨਿਊਜ਼ ਪੋਰਟਲ ਅਤੇ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫ਼ਾਰਮਾਂ 'ਤੇ ਬਹਿਸ ਚੱਲ ਰਹੀ ਹੈ ਕਿ ਇਹ ਤਸਵੀਰਾਂ/ਪੋਸਟਾਂ ਸੋਸ਼ਲ ਮੀਡੀਆ 'ਤੇ ਪਾਈਆਂ ਜਾਣੀਆਂ ਚਾਹੀਦੀਆਂ ਸਨ ਜਾਂ ਨਹੀਂ ਕਿਉਂਕਿ ਇਕ ਮਾਸੂਮ ਬੱਚੇ ਨੂੰ ਦਹਿਸ਼ਤਗਰਦਾਂ ਅਤੇ ਸੁਰੱਖਿਆ ਬਲਾਂ ਵਿਚਕਾਰ ਹੋਏ ਮੁਕਾਬਲੇ ਦੀਆਂ ਖ਼ਬਰਾਂ ਵਿਚ ਘਸੀਟਣਾ ਨੈਤਿਕ ਤੇ ਕਾਨੂੰਨੀ ਪੱਖਾਂ ਤੋਂ ਇਤਰਾਜ਼ਯੋਗ ਹੈ। ਸਾਰੇ ਇਹ ਕਹਿ ਰਹੇ ਹਨ ਕਿ ਬੱਚੇ ਨੂੰ ਇਸ ਬਹਿਸ ਵਿਚ ਨਾ ਲਿਆਂਦਾ ਜਾਵੇ ਪਰ ਸਾਰਿਆਂ ਦੇ ਇਸ ਤਰ੍ਹਾਂ ਕਹਿਣ ਕਾਰਨ ਹੀ ਬੱਚਾ ਬਹਿਸ ਵਿਚ ਮੌਜੂਦ ਹੈ ਤੇ ਬਾਹਰ ਹੀ ਨਹੀਂ ਜਾ ਰਿਹਾ। ਜਦ ਦਹਿਸ਼ਤਗਰਦੀ, ਰਿਆਸਤ/ਸਟੇਟ ਦਾ ਦਮਨ, ਭੁੱਖਮਰੀ, ਦਵਾਈਆਂ ਦਾ ਨਾ ਮਿਲਣਾ, ਸਕੂਲ ਜਾਣ ਦੀ ਥਾਂ ਮਜ਼ਦੂਰੀ ਕਰਨ ਲਈ ਮਜਬੂਰ ਹੋਣਾ ਅਤੇ ਹੋਰ ਸਮੱਸਿਆਵਾਂ ਦੁਨੀਆਂ ਵਿਚ ਕਰੋੜਾਂ ਬੱਚਿਆਂ ਨੂੰ ਪ੍ਰਭਾਵਿਤ ਕਰ ਰਹੀਆਂ ਹੋਣ ਤਾਂ ਬੱਚੇ ਬਹਿਸ ਤੋਂ ਬਾਹਰ ਕਿਵੇਂ ਜਾ ਸਕਦੇ ਹਨ?
       ਇਕ ਹੋਰ ਨਿਊਜ਼ ਪੋਰਟਲ ਅਨੁਸਾਰ ਜਦ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਾਂ ਭਾਰਤੀ ਜਨਤਾ ਪਾਰਟੀ ਦੇ ਕੁਝ ਆਗੂਆਂ ਨੇ ਕਿਹਾ ਕਿ ਇਨ੍ਹਾਂ ਤਸਵੀਰਾਂ ਲਈ ਕੋਈ ਪੁਲਿਟਜ਼ਰ ਇਨਾਮ ਨਹੀਂ ਮਿਲੇਗਾ ਕਿਉਂਕਿ ਭਾਜਪਾ ਆਗੂਆਂ ਅਨੁਸਾਰ ਬਸ਼ੀਰ ਅਹਿਮਦ ਖ਼ਾਨ ਦਹਿਸ਼ਤਗਰਦਾਂ ਦੀਆਂ ਗੋਲੀਆਂ ਨਾਲ ਮਾਰਿਆ ਗਿਆ ਸੀ। ਪੁਲਿਟਜ਼ਰ ਇਨਾਮ ਦਾ ਜ਼ਿਕਰ ਇਸ ਲਈ ਕੀਤਾ ਗਿਆ ਕਿਉਂਕਿ ਕੁਝ ਮਹੀਨੇ ਪਹਿਲਾਂ ਕਸ਼ਮੀਰ ਦੇ ਤਿੰਨ ਪੱਤਰਕਾਰਾਂ ਦੀਆਂ, ਲੋਕਾਂ ਵੱਲੋਂ ਸੰਵਿਧਾਨ ਦੀ ਧਾਰਾ 370 ਮਨਸੂਖ਼ ਕੀਤੇ ਜਾਣ ਬਾਅਦ ਹੋਏ ਮੁਜ਼ਾਹਰਿਆਂ ਤੇ ਹੋਰ ਤਸਵੀਰਾਂ ਛਪਣ ਕਾਰਨ ਪੁਲਿਟਜ਼ਰ ਇਨਾਮ ਮਿਲਿਆ ਸੀ। ਇਹ ਘੜੀ ਪੁਲਿਟਜ਼ਰ ਇਨਾਮ ਨੂੰ ਛੱਡ ਕੇ ਉਨ੍ਹਾਂ ਸਿਆਸਤਦਾਨਾਂ ਬਾਰੇ ਸੋਚਣ ਦੀ ਹੈ ਜਿਹੜੇ ਬੱਚੇ ਤੇ ਪਰਿਵਾਰ ਦੇ ਅਸੀਮ ਦੁੱਖ ਦੀ ਘੜੀ ਵਿਚ ਵੀ ਅਜਿਹੇ ਕੋਝੇ ਸਿਆਸੀ ਮਜ਼ਾਕ ਕਰ ਰਹੇ ਹਨ। ਦੂਸਰੇ ਪਾਸੇ ਬਸ਼ੀਰ ਅਹਿਮਦ ਖ਼ਾਨ ਦਾ ਪਰਿਵਾਰ ਦੋਸ਼ ਲਗਾ ਰਿਹਾ ਹੈ ਕਿ ਉਸ ਨੂੰ ਕਾਰ ਵਿਚੋਂ ਬਾਹਰ ਆਉਣ ਲਈ ਕਿਹਾ ਗਿਆ ਤੇ ਫਿਰ ਗੋਲੀ ਮਾਰ ਦਿੱਤੀ ਗਈ।
      ਇਕ ਹੋਰ ਨਿਊਜ਼ ਪੋਰਟਲ ਵਿਚ ਛਪੀ ਖ਼ਬਰ ਅਨੁਸਾਰ ਜਦ ਉਨ੍ਹਾਂ ਦੇ ਪੱਤਰਕਾਰ ਸ੍ਰੀਨਗਰ ਦੇ ਬਾਹਰਵਾਰ ਬਸ਼ੀਰ ਅਹਿਮਦ ਖ਼ਾਨ ਦੇ ਘਰ ਗਏ ਤਾਂ ਬੱਚਾ ਦੱਸਦਾ ਹੈ ਕਿ ''ਪਾਪਾ ਨੂੰ ਗੋਲੀ ਮਾਰੀ ... ਪੁਲੀਸ ਵਾਲੇ ਨੇ।'' ਇਹ ਸ਼ਾਇਦ ਬੱਚੇ ਨੂੰ ਵੇਖੇ ਗਏ ਦ੍ਰਿਸ਼ ਤੋਂ ਯਾਦ ਆਉਂਦਾ ਹੈ ਜਾਂ ਫਿਰ ਆਲੇ-ਦੁਆਲੇ ਜੋ ਕੁਝ ਵੀ ਬੋਲਿਆ ਜਾ ਰਿਹਾ ਹੈ, ਉਹ ਉਸ ਨੂੰ ਦੁਹਰਾ ਰਿਹਾ ਹੈ। ਨਿਸ਼ਚੇ ਹੀ ਮਾਸੂਮੀਅਤ ਦਾ ਕਤਲ ਹੋ ਚੁੱਕਾ ਹੈ।
       ਬੱਚਿਆਂ ਦੇ ਮਨੋਵਿਗਿਆਨ ਦੇ ਮਾਹਿਰ ਯਾਂ ਪਿਆਜ਼ੇ ਅਨੁਸਾਰ 2 ਤੋਂ 7 ਸਾਲ ਉਮਰ ਦੇ ਬੱਚੇ ਸੋਚਦੇ ਹਨ ਕਿ ਮੌਤ ਕੋਈ ਅੰਤਿਮ ਵਰਤਾਰਾ ਨਾ ਹੋ ਕੇ ਅਜਿਹਾ ਵਰਤਾਰਾ ਹੈ ਜਿਸ ਦਾ ਰੁਖ਼ ਪਿਛਾਂਹ ਵੱਲ ਮੋੜਿਆ ਜਾ ਸਕਦਾ ਹੈ। ਬੱਚਾ ਨਹੀਂ ਜਾਣਦਾ ਕਿ ਕੀ ਹੋ ਗਿਆ, ਉਹ ਸੋਚਦਾ ਹੈ ਦਾਦਾ ਜੀ ਸੌਂ ਗਏ ਹਨ ਤੇ ਉਨ੍ਹਾਂ ਨੂੰ ਜਗਾਇਆ ਜਾ ਸਕਦਾ ਹੈ।
        ਇਹ ਸਵਾਲ ਪੁੱਛੇ ਜਾ ਰਹੇ ਹਨ ਕਿ ਕਿਸ ਨੇ ਬੱਚੇ ਦੀਆਂ ਤਸਵੀਰਾਂ ਖਿੱਚ ਕੇ ਸੋਸ਼ਲ ਮੀਡੀਆ ਉੱਤੇ ਪਾਈਆਂ। 'ਅਮਨੈਸਟੀ ਇੰਡੀਆ' ਨੇ ਦੋਸ਼ ਲਾਇਆ ਹੈ ਕਿ ਉਹ ਬੱਚਾ, ਜਿਸ ਨੇ ਅਪਰਾਧ ਹੁੰਦਾ ਦੇਖਿਆ ਹੋਵੇ, ਦੀ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਪਾਉਣਾ ਜੂਵੈਨਾਈਲ ਜਸਟਿਸ (Care and Protection of Children) ਐਕਟ ਦੀ ਧਾਰਾ 74 ਦੀ ਉਲੰਘਣਾ ਹੈ। ਜੰਮੂ-ਕਸ਼ਮੀਰ ਦੇ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਪ੍ਰੈਸ ਨਾਲ ਮੁਲਾਕਾਤ ਕਰਦਿਆਂ ਮੰਨਿਆ ਕਿ ਹੋ ਸਕਦਾ ਹੈ ਕਿ ਪੁਲੀਸ ਕਰਮਚਾਰੀਆਂ ਵਿਚੋਂ ਕਿਸੇ ਨੇ ਬੱਚੇ ਦੀ ਤਸਵੀਰ ਲੈ ਲਈ ਹੋਵੇ ਅਤੇ ਉਹ ਅੱਗੇ ਤੋਂ ਇਹ ਯਕੀਨੀ ਬਣਾਉਣਗੇ ਕਿ ਦਹਿਸ਼ਤਗਰਦਾਂ ਵਿਰੁੱਧ ਕਾਰਵਾਈ ਕਰਨ ਜਾ ਰਹੇ ਪੁਲੀਸ ਕਰਮੀਆਂ ਕੋਲ ਮੋਬਾਈਲ ਨਾ ਹੋਣ।
        ਦਹਿਸ਼ਤਗਰਦੀ ਅਤੇ ਜੰਗਾਂ ਦੇ ਦੌਰਾਂ ਦੌਰਾਨ ਬੱਚੇ ਹਿੰਸਾ ਦਾ ਸ਼ਿਕਾਰ ਹੁੰਦੇ ਹਨ ਅਤੇ ਮਾਰੇ ਜਾਂਦੇ ਹਨ ਪਰ ਵੱਡਾ ਸਵਾਲ ਇਹ ਹੈ ਕਿ ਉਹ ਬੱਚੇ, ਜਿਹੜੇ ਅਜਿਹੇ ਮਾਹੌਲ ਵਿਚ ਪਣਪਦੇ ਅਤੇ ਜਵਾਨ ਹੁੰਦੇ ਹਨ, ਉਨ੍ਹਾਂ ਦੀ ਮਾਨਸਿਕਤਾ ਕਿਸ ਤਰ੍ਹਾਂ ਦੀ ਬਣਦੀ ਹੈ। ਉਹ ਮਨੋਵਿਗਿਆਨੀ, ਜਿਨ੍ਹਾਂ ਨੇ ਲਗਾਤਾਰ ਹੁੰਦੀ ਹਿੰਸਾ, ਜ਼ੁਲਮ, ਨਸਲਕੁਸ਼ੀਆਂ, ਤਬਾਹੀਆਂ ਆਦਿ ਦੀ ਬੱਚਿਆਂ ਦੀ ਮਾਨਸਿਕਤਾ 'ਤੇ ਪੈਂਦੇ ਅਸਰਾਂ ਬਾਰੇ ਖੋਜ ਕੀਤੀ ਹੈ, ਵੱਖ ਵੱਖ ਸਿੱਟਿਆਂ 'ਤੇ ਪਹੁੰਚੇ ਹਨ। ਰਵਾਂਡਾ ਵਿਚ ਹੋਈ ਨਸਲਕੁਸ਼ੀ ਬਾਰੇ ਕੀਤੇ ਖੋਜ ਕਾਰਜ ਦਿਖਾਉਂਦੇ ਹਨ ਕਿ ਕਿਵੇਂ ਉਸ ਹਿੰਸਾ ਨੇ ਬੱਚਿਆਂ ਨੂੰ ਸੰਤੁਲਿਤ ਮਨੁੱਖ ਬਣਨ ਹੀ ਨਹੀਂ ਦਿੱਤਾ, ਕਿਤੇ ਬੱਚੇ ਵੱਡੇ ਹੋ ਕੇ ਮਾਪਿਆਂ ਨੂੰ ਛੱਡ ਗਏ ਅਤੇ ਕਿਤੇ ਮਾਪਿਆਂ ਨੇ ਬੱਚਿਆਂ ਨੂੰ ਖ਼ੁਦ ਗਲੀਆਂ ਵਿਚ ਧੱਕੇ ਖਾਣ ਲਈ ਛੱਡ ਦਿੱਤਾ। ਹਿੰਸਾ ਜਵਾਨਾਂ ਤੇ ਬਜ਼ੁਰਗਾਂ ਦੀ ਮਾਨਸਿਕਤਾ ਵਿਚ ਵਿਗਾੜ ਪੈਦਾ ਕਰਦੀ ਹੈ ਪਰ ਬੱਚਿਆਂ ਨੂੰ ਤਾਂ ਇਹ ਸਿੱਧਾ ਅਮਨੁੱਖਤਾ ਵੱਲ ਧੱਕਦੀ ਹੈ।
        1995 ਵਿਚ ਗਰਾਸਾ ਮਿਸ਼ੇਲ ਵੱਲੋਂ ਸੰਯੁਕਤ ਰਾਸ਼ਟਰ ਲਈ ਤਿਆਰ ਕੀਤੀ ਗਈ ਬੱਚਿਆਂ ਬਾਰੇ ਰਿਪੋਰਟ ਵਿਚ ਦੱਸਿਆ ਗਿਆ ਕਿ ਲਗਭਗ 25 ਕਰੋੜ ਬੱਚੇ ਉਨ੍ਹਾਂ ਦੇਸ਼ਾਂ ਅਤੇ ਇਲਾਕਿਆਂ ਵਿਚ ਰਹਿੰਦੇ ਹਨ ਜਿੱਥੇ ਵੱਡੇ ਪੱਧਰ 'ਤੇ ਹਥਿਆਰਬੰਦ ਹਿੰਸਾ ਹੋ ਰਹੀ ਹੈ ਅਤੇ ਸੰਯੁਕਤ ਰਾਸ਼ਟਰ ਦਾ ਫ਼ਰਜ਼ ਬਣਦਾ ਹੈ ਕਿ ਉਹ ਇਸ ਅਸੁਰੱਖਿਆ ਅਤੇ ਹਿੰਸਾ ਬਾਰੇ ਠੋਸ ਕਾਰਵਾਈ ਕਰੇ। ਇਸ ਤੋਂ ਬਾਅਦ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ ਇਕ ਮਤਾ ਪਾਸ ਕਰਕੇ ਬੱਚਿਆਂ 'ਤੇ ਹੋਣ ਵਾਲੀ ਹਿੰਸਾ ਦੇ ਪ੍ਰਭਾਵ ਦੀ ਦੇਖ-ਰੇਖ ਕਰਨ ਅਤੇ ਘਟਾਉਣ ਲਈ ਇਕ ਖ਼ਾਸ ਨੁਮਾਇੰਦੇ (ਸਪੈਸ਼ਲ ਰਿਪਰੈਜੈਂਟੇਟਿਵ) ਦੀ ਨਿਯੁਕਤੀ ਕੀਤੀ। ਡੈੱਨਮਾਰਕ ਦੀ ਸਾਬਕਾ ਪ੍ਰਧਾਨ ਮੰਤਰੀ ਅਤੇ 'ਸੇਵ ਦਿ ਚਿਲਡਰਨ' ਨਾਂ ਦੀ ਸੰਸਥਾ ਦੀ ਸਾਬਕਾ ਸੰਚਾਲਕ ਹੈਲੇ ਥੋਰਨਿੰਗ-ਸ਼ਮਿਤ (Helle Thorning-Schmidt) ਅਨੁਸਾਰ ਪਿਛਲੇ 10 ਸਾਲਾਂ ਵਿਚ ਵੱਡੇ ਪੱਧਰ 'ਤੇ ਹੁੰਦੀ ਹਿੰਸਾ ਵਿਚ ਮਰਨ ਅਤੇ ਅਪਾਹਜ ਹੋਣ ਵਾਲੇ ਬੱਚਿਆਂ ਦੀ ਸੰਖਿਆ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ, ਇਸੇ ਤਰ੍ਹਾਂ ਬੱਚਿਆਂ ਨੂੰ ਭੋਜਨ, ਪਾਣੀ ਅਤੇ ਦਵਾਈਆਂ ਪਹੁੰਚਾਉਣ ਵਿਚ ਪਾਈਆਂ ਜਾਂਦੀਆਂ ਰੋਕਾਂ 15 ਗੁਣਾ ਵਧੀਆਂ ਹਨ।
       ਮਾਨਸਿਕ ਰੋਗਾਂ ਦਾ ਅਧਿਐਨ ਕਰਨ ਵਾਲੀ ਉੱਘੀ ਮਾਹਿਰ ਜੇਐੱਸ ਬਾਰਬਰਾ ਅਨੁਸਾਰ ਜਿਹੜੇ ਬੱਚਿਆਂ ਨੂੰ ਆਪਣੇ ਬਚਪਨ ਵਿਚ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹ ਬਾਅਦ ਵਿਚ ਮਾਨਸਿਕ ਦਬਾਓ, ਦਵੰਧ, ਚਿੰਤਾ, ਉਦਾਸੀ, ਸਵੈ-ਭਰਮ ਅਤੇ ਹੋਰ ਕਈ ਤਰ੍ਹਾਂ ਦੇ ਦਿਮਾਗ਼ੀ ਖ਼ਲਲਾਂ ਦਾ ਸ਼ਿਕਾਰ ਹੋ ਜਾਂਦੇ ਹਨ। ਬਾਰਬਰਾ ਅਨੁਸਾਰ ਅਜਿਹੇ ਬੱਚਿਆਂ ਨੂੰ ਇਸ ਦੁਨੀਆ ਵਿਚ ਆਪਣੇ ਹੋਣ ਅਤੇ ਜੀਣ-ਥੀਣ ਦੇ ਅਰਥ ਤਲਾਸ਼ਣ ਵਿਚ ਵੱਡੀਆਂ ਮੁਸ਼ਕਲਾਂ ਆਉਂਦੀਆਂ ਹਨ, ਉਨ੍ਹਾਂ ਦਾ ਨੈਤਿਕ ਤਾਣਾ-ਬਾਣਾ ਬਿਖਰ ਜਾਂਦਾ ਹੈ ਅਤੇ ਹਿੰਸਾ ਉਨ੍ਹਾਂ ਦੀ ਮਾਨਸਿਕਤਾ ਦਾ ਅਨਿੱਖੜਵਾਂ ਅੰਗ ਬਣ ਜਾਂਦੀ ਹੈ। ਕਈ ਬੱਚੇ ਆਪਣੇ ਜਿਊਣ ਦੇ ਨੈਤਿਕ ਆਧਾਰ ਹੀ ਬਦਲ ਲੈਂਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਹੋਂਦ ਬਚਾਉਣ ਲਈ ਝੂਠ ਬੋਲਣ, ਚੋਰੀ ਕਰਨ ਸਮੇਤ ਕਈ ਤਰ੍ਹਾਂ ਦੇ ਅਪਰਾਧ ਕਰਨੇ ਪੈਂਦੇ ਹਨ।
       ਇਸ ਬੱਚੇ ਬਾਰੇ ਲਿਖਦਿਆਂ ਸਭ ਨੂੰ ਕੁਝ ਨਾ ਕੁਝ ਪੀੜ ਤਾਂ ਮਹਿਸੂਸ ਹੋਈ ਹੀ ਹੋਵੇਗੀ, ਸਭ ਨੂੰ ਬੱਚੇ ਦੀ ਮਾਸੂਮੀਅਤ ਦਾ ਖ਼ਿਆਲ ਆਇਆ ਹੋਵੇਗਾ ਤੇ ਸਾਰੇ ਇਹ ਵੀ ਜਾਣਦੇ ਹਨ ਕਿ ਜਦ ਬੱਚਿਆਂ ਦੀ ਮਾਸੂਮੀਅਤ ਦਾ ਕਤਲ ਹੁੰਦਾ ਹੈ ਤਾਂ ਸਰਕਾਰਾਂ ਦੇ ਨਾਲ ਨਾਲ ਸਮਾਜ ਵੀ ਇਸ ਜ਼ਿੰਮੇਵਾਰੀ ਤੋਂ ਮੁਨਕਰ ਨਹੀਂ ਹੋ ਸਕਦਾ। ਮਾਸੂਮੀਅਤ ਦੇ ਇਸ ਸਮੂਹਿਕ ਕਤਲ ਵਿਚ ਅਸੀਂ ਸਾਰੇ ਸ਼ਾਮਲ ਹਾਂ ਤੇ ਅਜਿਹੇ ਵਰਤਾਰਿਆਂ ਵਿਰੁੱਧ ਚੇਤਨ ਹੋਣ ਤੋਂ ਬਿਨਾਂ ਇਨ੍ਹਾਂ ਵਿਰੁੱਧ ਲੜਾਈ ਨਹੀਂ ਲੜੀ ਜਾ ਸਕਦੀ। ਸਮਾਜ ਨੂੰ ਸਮੂਹਿਕ ਪੱਧਰ 'ਤੇ ਜਾਗਰੂਕ ਕਰਨ ਲਈ ਜਮਹੂਰੀ ਜਥੇਬੰਦੀਆਂ, ਸਿਆਸੀ ਪਾਰਟੀਆਂ, ਦਾਨਿਸ਼ਵਰਾਂ, ਸਮਾਜਿਕ ਕਾਰਕੁਨਾਂ, ਅਧਿਆਪਕਾਂ, ਸਾਹਿਤਕਾਰਾਂ, ਵੱਖ ਵੱਖ ਖੇਤਰਾਂ ਦੇ ਵਿਦਵਾਨਾਂ ਤੇ ਆਗੂਆਂ ਨੂੰ ਲੋਕ-ਪੱਖੀ ਭੂਮਿਕਾ ਨਿਭਾਉਣੀ ਪੈਣੀ ਹੈ। ਅਜਿਹੀ ਲੜਾਈ ਵਾਸਤੇ ਲਾਮਬੰਦੀ ਕਰਨੀ ਸਾਡੇ ਵੇਲਿਆਂ ਦਾ ਸਭ ਤੋਂ ਵੱਡਾ ਸਵਾਲ ਹੈ।