ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

5 July 2020

ਚੀਨ ਦੇ ਹਮਲਾਵਰ ਰੁਖ਼ ਦੇ ਬਾਵਜੂਦ ਭਾਰਤ ਪਿੱਛੇ ਨਹੀਂ ਹਟੇਗਾ- ਨਿੱਕੀ ਹੇਲੀ
ਚੜ੍ਹ ਜਾ ਬੱਚਾ ਸੂਲੀ, ਰਾਮ ਭਲੀ ਕਰੇਗਾ।

ਰੂਸ ਵਿਚ ਪੂਤਿਨ 2036 ਤੱਕ ਰਾਸ਼ਟਰਪਤੀ ਬਣਿਆਂ ਰਹੇਗਾ- ਇਕ ਖ਼ਬਰ
ਲੋਕਾਂ ਦਾ ਦੁੱਧ ਵਿਕਦਾ, ਤੇਰਾ ਵਿਕਦਾ ਗੁਜਰੀਏ ਪਾਣੀ।

ਪ੍ਰਧਾਨ ਮੰਤਰੀ ਦਾ ਲੱਦਾਖ ਦੌਰਾ ਚੀਨ ਨੂੰ ਸਪੱਸ਼ਟ ਸੁਨੇਹਾ- ਕੂਟਨੀਤਕ ਮਾਹਿਰ
ਸ਼ੀ ਸਾਹਿਬ ਜੀ ਝੂਲਾ ਤਿਆਰ ਹੈ, ਕਦੋਂ ਆ ਰਹੇ ਹੋ ਜੀ?

ਢੀਂਡਸਾ ਪਿਉ ਪੁੱਤਰ 7 ਜੁਲਾਈ ਦੀ ਲੁਧਿਆਣਾ ਮੀਟਿੰਗ ਤੋਂ ਬਾਅਦ ਖੋਲ੍ਹਣਗੇ ਆਪਣੇ ਸਿਆਸੀ ਪੱਤੇ-ਇਕ ਖ਼ਬਰ
ਦਾਰੂ ਪੀ ਕੇ ਮਿੱਤਰਾਂ ਨੇ, ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ।

ਖੇਤੀ ਆਰਡੀਨੈਂਸਾਂ ਦੇ ਮੁੱਦੇ ‘ਤੇ ਬਾਦਲ ਜੋੜਾ ਢਕਵੰਜ ਨਾ ਕਰੇ- ਕੈਪਟਨ
ਅੰਨ੍ਹਿਆਂ ਦੀ ਮੰਡੀ ਦਾ, ਛੱਡ ਦਿਓ ਸਾਕ ਕੁਸੰਗਾ।

ਸ਼ੌਕ ਨਾਲ਼ ਬਣਾਈਆਂ ਕੋਠੀਆਂ ਤੇ ਜ਼ਮੀਨਾਂ ਵੇਚਣ ਲਈ ਪੰਜਾਬੀ ਹੋਏ ਮਜਬੂਰ- ਇਕ ਖ਼ਬਰ
ਤੇਰੀ ਦੁਨੀਆਂ ਸੇ ਦੂਰ, ਚੱਲੇ ਹੋ ਕੇ ਮਜਬੂਰ।

ਨਿਊਯਾਰਕ ‘ਚ ਭਾਰਤੀ,ਤਿੱਬਤੀ ਅਤੇ ਤਾਇਵਾਨ ਭਾਈਚਾਰੇ ਵਲੋਂ ਚੀਨ ਖਿਲਾਫ਼ ਪ੍ਰਦਰਸ਼ਨ-ਇਕ ਖ਼ਬਰ
ਕੀੜੇ ਪੈਣਗੇ ਮਰੇਂਗੀ ਸੱਪ ਲੜ ਕੇ, ਨੀਂ ਮਿੱਤਰਾਂ ਨੂੰ ਦਗ਼ਾ ਦੇਣੀਏਂ।

ਭਾਰਤ ਚੀਨ ਸਰਹੱਦੀ ਵਿਵਾਦ ‘ਚ ਜਾਪਾਨ ਨੇ ਦਿਤੀ ਭਾਰਤ ਨੂੰ ਹਮਾਇਤ-ਇਕ ਖ਼ਬਰ
ਆ ਵੇ ਨਾਜਰਾ ਜਾਹ ਵੇ ਨਾਜਰਾ, ਬੋਤਾ ਬੰਨ੍ਹ ਦਰਵਾਜ਼ੇ।

ਖ਼ਤਰਨਾਕ ਅਪਰਾਧੀ ਨੇ ਡੀ.ਐਸ.ਪੀ. ਸਮੇਤ 8 ਪੁਲਿਸ ਕਰਮੀ ਗੋਲੀਆਂ ਨਾਲ਼ ਕੀਤੇ ਹਲਾਕ- ਇਕ ਖ਼ਬਰ
ਕਮਾਲ ਐ ਬਈ ਅੱਠ ਪੁਲਸੀਆਂ ਨੂੰ ਮਾਰਨ ਵਾਲੇ ਬ੍ਰਾਹਮਣ ਨੂੰ ਭਾਰਤੀ ਮੀਡੀਆ ਨੇ ਆਤੰਕਵਾਦੀ ਨਹੀਂ ਕਿਹਾ।
 
ਖੇਤੀ ਆਰਡੀਨੈਂਸਾਂ ‘ਤੇ ਕੇਂਦਰ ਨਾਲ ਲੜਾਈ ਲਈ ਤਿਆਰ ਹਾਂ- ਕੈਪਟਨ
ਬੰਤੋ ਨਾਰ ਬਦਲੇ, ਜੱਗੇ ਜੱਟ ਦੀ ਗੰਡਾਸੀ ਖੜਕੇ।

ਮੋਦੀ ਅਤੇ ਪੂਤਿਨ ਵਲੋਂ ਦੁਵੱਲੇ ਸਬੰਧਾਂ ਨੂੰ ਮਜਬੂਤ ਕਰਨ ਦਾ ਅਹਿਦ- ਇਕ ਖ਼ਬਰ
ਚੰਨ ਚੜ੍ਹਿਆ ਟਹਿਕਦੇ ਤਾਰੇ, ਇੱਕੋ ਮੰਜੇ ਹੋ ਚਲੀਏ।

ਕੇਸਗੜ੍ਹ ਸਾਹਿਬ ਦੇ ਲੰਗਰ ‘ਚ ਲਾਕਡਾਊਨ ਦੌਰਾਨ ਲੱਖਾਂ ਰੁਪਏ ਦਾ ਘਪਲਾ-ਇਕ ਖ਼ਬਰ
ਚੋਰ ਚੌਧਰੀ ਯਾਰ ਨਾਪਾਕ ਦਾਮਨ, ਭੂਤ ਮੰਡਲੀ ਇਕ ਦੂੰ ਚਾਰ ਹੋਈ।

ਭਾਜਪਾ ਦੇ ਰੁਖ਼ ਨੂੰ ਵੇਖਦਿਆਂ ਬਾਦਲ ਦਲ ਬੀ.ਐਸ.ਪੀ. ਨਾਲ਼ ਗੋਟੀਆਂ ਫਿੱਟ ਕਰਨ ਲੱਗਾ- ਇਕ ਖ਼ਬਰ
ਮਰਦੀ ਨੇ ਅੱਕ ਚੱਬਿਆ, ਨੀਂ ਮੈਂ ਹਾਰ ਕੇ ਜੇਠ ਨਾਲ਼ ਲਾਈਆਂ।

ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪਾਂ ਦੇ ਗੁੰਮ ਹੋਣ ਬਾਰੇ ਲੌਂਗੋਵਾਲ ਵਲੋਂ ਛੇ ਮੈਂਬਰੀ ਕਮੇਟੀ ਦਾ ਗਠਨ-ਇਕ ਖ਼ਬਰ
ਕਮੇਟੀ ਇਕ ਹੋਰ ਬਣਾਵਾਂਗੇ, ਮਿੱਟੀ ਗੋਂਗਲੂਆਂ ਤੋਂ ਝਾੜਾਂਗੇ।

ਅਮਰੀਕਾ ਨੇ ਭਾਰਤ ਵਲੋਂ ਚੀਨੀ ਐਪਸ ‘ਤੇ ਲਗਾਈ ਪਾਬੰਦੀ ਦੀ ਕੀਤੀ ਹਮਾਇਤ- ਇਕ ਖ਼ਬਰ
ਜਿਹੜੀਆਂ ਲੈਣ ਉਡਾਰੀਆਂ ਨਾਲ਼ ਬਾਜ਼ਾਂ, ਉਹ ਬੁਲਬੁਲਾਂ ਠੀਕ ਮਰੀਂਦੀਆਂ ਨੇ।