ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਦਾ ਤੱਤੇ-ਘਾਅ ਕੀਤਾ ਗਿਆ ਲੇਖਾ-ਜੋਖਾ - ਜਤਿੰਦਰ ਪਨੂੰ

ਜਦੋਂ ਚੋਣਾਂ ਹੁੰਦੀਆਂ ਹਨ, ਇਹ ਭਾਵੇਂ ਸਾਡੇ ਪਿੰਡ ਨਾਲ ਸੰਬੰਧਤ ਪੰਚਾਇਤ ਦੀ ਚੋਣ ਹੋਵੇ ਜਾਂ ਸਾਡੇ ਵਾਰਡ ਦੇ ਕੌਂਸਲਰ ਅਤੇ ਦੇਸ਼ ਦੇ ਰਾਸ਼ਟਰਪਤੀ ਦੀ ਚੋਣ ਹੁੰਦੀ ਪਈ ਹੋਵੇ, ਸਾਡਾ ਸਭ ਦਾ ਧਿਆਨ ਓਧਰ ਲੱਗ ਜਾਣਾ ਸੁਭਾਵਕ ਹੁੰਦਾ ਹੈ। ਇੱਕ ਵਾਰੀ ਸਾਰੀਆਂ ਸਿਆਸੀ ਪਾਰਟੀਆਂ ਨੇ ਰਾਸ਼ਟਰਪਤੀ ਚੋਣ ਲਈ ਸਰਬ-ਸੰਮਤੀ ਕਰ ਲਈ ਸੀ। ਓਦੋਂ ਕਾਕਾ ਜੁਗਿੰਦਰ ਸਿੰਘ ਧਰਤੀ-ਪਕੜ ਨਾਂਅ ਵਾਲਾ ਬੰਦਾ ਪਿੰਡ ਦੇ ਸਰਪੰਚ ਤੋਂ ਰਾਸ਼ਟਰਪਤੀ ਤੱਕ ਦੀ ਕੋਈ ਚੋਣ ਕਦੇ ਖਾਲੀ ਨਹੀਂ ਸੀ ਜਾਣ ਦੇਂਦਾ। ਇਸ ਲਈ ਉਹ ਉਸ ਰਾਸ਼ਟਰਪਤੀ ਚੋਣ ਦੀ ਸਰਬ-ਸੰਮਤੀ ਤੋੜ ਕੇ ਮੈਦਾਨ ਵਿਚ ਜਾ ਡਟਿਆ ਸੀ। ਸਭ ਨੂੰ ਪਤਾ ਸੀ ਕਿ ਜਿੱਤਣਾ ਸਰਬ ਸਾਂਝੇ ਉਮੀਦਵਾਰ ਨੇ ਹੈ, ਫਿਰ ਵੀ ਚੋਣਾਂ ਦੇ ਦਿਨ ਭਾਰਤ ਦੇ ਲੋਕਾਂ ਦਾ ਧਿਆਨ ਇਸ ਗੱਲ ਵੱਲ ਲੱਗਾ ਰਿਹਾ ਸੀ ਕਿ ਕਾਕਾ ਜੁਗਿੰਦਰ ਸਿੰਘ ਧਰਤੀ-ਪਕੜ ਨੂੰ ਕਿੰਨੀਆਂ ਵੋਟਾਂ ਤੇ ਕਿਹੜੇ ਪਾਸੇ ਤੋਂ ਪੈਂਦੀਆਂ ਹਨ! ਇਸੇ ਚੋਣ-ਖਿੱਚ ਹੇਠ ਅਸੀਂ ਇਸ ਵਾਰ ਦੇ ਨਤੀਜੇ ਆਉਣ ਪਿੱਛੋਂ ਚੀਰ-ਪਾੜ ਹੁੰਦੀ ਸੁਣਦੇ ਰਹੇ ਸਾਂ। ਕਈ ਵਾਰ ਚੀਰ-ਪਾੜ ਵੀ ਨਤੀਜਿਆਂ ਤੋਂ ਵੱਧ ਦਿਲਚਸਪ ਬਣ ਜਾਂਦੀ ਹੈ ਤੇ ਇਸ ਵਾਰ ਇਕ ਮੌਕੇ ਭਾਜਪਾ ਦੇ ਇੱਕ ਲੀਡਰ ਦੀ 'ਹੂੰਝਾ ਮਾਰ ਲਿਆ' ਵਾਲੀ ਫੜ੍ਹ ਦੇ ਕਾਰਨ ਦਿਲਚਸਪੀ ਦਾ ਮਾਹੌਲ ਬਣ ਗਿਆ ਸੀ।
ਭਾਜਪਾ ਆਗੂ ਕਹਿੰਦਾ ਸੀ ਕਿ ਹੁਣ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਦਾ ਰੱਥ ਏਦਾਂ ਦੇ ਜ਼ੋਰ ਨਾਲ ਚੱਲ ਪਿਆ ਹੈ ਕਿ ਇਸ ਦੇ ਅੱਗੇ ਆਉਣ ਦੀ ਹਿੰਮਤ ਹੀ ਕੋਈ ਨਹੀਂ ਕਰ ਸਕਦਾ। ਗੱਲ ਉਹ ਮੁੜ-ਮੁੜ ਆਸਾਮ ਦੇ ਚੋਣ ਨਤੀਜੇ ਦੀ ਕਰਦਾ ਪਿਆ ਸੀ, ਜਿੱਥੇ ਬਿਨਾਂ ਸ਼ੱਕ ਉਸ ਦੀ ਪਾਰਟੀ ਨੇ ਆਪਣੇ ਭਾਈਵਾਲਾਂ ਨਾਲ ਮਿਲ ਕੇ ਭਰਵੀਂ ਜਿੱਤ ਜਿੱਤੀ ਸੀ। ਉਹ ਇਹ ਕਹਿਣ ਤੱਕ ਪਹੁੰਚ ਗਿਆ ਕਿ ਪਾਣੀ ਉੱਚੇ ਥਾਂ ਤੋਂ ਜਿਵੇਂ ਨੀਵੇਂ ਵੱਲ ਜਾਂਦਾ ਹੈ, ਇਵੇਂ ਹੀ ਅਰੁਣਾਚਲ ਪ੍ਰਦੇਸ਼ ਵਿੱਚ ਅਸੀਂ ਸਰਕਾਰ ਬਣਾ ਚੁੱਕੇ ਹਾਂ, ਆਸਾਮ ਵਿੱਚ ਹੁਣ ਬਣ ਗਈ ਹੈ ਤੇ ਇਸ ਦੇ ਬਾਅਦ ਬਾਕੀ ਭਾਰਤ ਦੇ ਨੀਵੇਂ ਪਾਸੇ ਵੱਲ ਰੇੜ੍ਹ ਰਿੜ੍ਹਦਾ ਜਾਵੇਗਾ। ਅੱਗੋਂ ਇੱਕ ਬਜ਼ੁਰਗ ਪੱਤਰਕਾਰ ਨੇ ਟੋਕ ਦਿੱਤਾ ਕਿ ਜਿਸ ਆਸਾਮ ਵਿੱਚ ਉਸ ਦੀ ਪਾਰਟੀ ਜਿੱਤੀ ਹੈ, ਉਸ ਦੀ ਆਬਾਦੀ ਸਿਰਫ ਤਿੰਨ ਕਰੋੜ ਬਾਰਾਂ ਲੱਖ ਹੈ ਤੇ ਜਿਹੜੇ ਬਾਕੀ ਦੇ ਰਾਜਾਂ ਵਿੱਚ ਭਾਜਪਾ ਦੇ ਪੱਲੇ ਬਹੁਤਾ ਕੁਝ ਨਹੀਂ ਲੱਭਦਾ, ਉਨ੍ਹਾਂ ਦੀ ਆਬਾਦੀ ਮਿਲਾ ਕੇ ਵੀਹ ਕਰੋੜ ਦੇ ਨੇੜੇ ਜਾਂਦੀ ਹੈ। ਤਿੰਨ ਕਰੋੜ ਦੀ ਜਿੱਤ ਦੀ ਗੱਲ ਕਰਦਿਆਂ ਵੀਹ ਕਰੋੜ ਦਾ ਚੇਤਾ ਰੱਖ ਕੇ ਬੋਲਿਆ ਕਰੋ ਤਾਂ ਠੀਕ ਰਹੇਗਾ। ਬਿਨਾਂ ਸ਼ੱਕ ਉਸ ਵੀਹ ਕਰੋੜ ਵਾਲੇ ਪਾਸੇ ਵੀ ਭਾਜਪਾ ਅੱਗੇ ਵਧੀ ਹੈ, ਬੰਗਾਲ ਵਿੱਚ ਉਸ ਦੀਆਂ ਤਿੰਨ ਸੀਟਾਂ ਆਈਆਂ ਤੇ ਕੇਰਲਾ ਵਿੱਚ ਪਹਿਲੀ ਵਾਰੀ ਵਿਧਾਨ ਸਭਾ ਦਾ ਦਰਵਾਜ਼ਾ ਟੱਪੀ ਹੈ, ਪਰ ਤਾਮਿਲ ਨਾਡੂ ਵਿੱਚ ਹੁਣ ਤਕ ਉਸ ਦਾ ਪ੍ਰਤੀਨਿਧ ਹਮੇਸ਼ਾ ਹੁੰਦਾ ਸੀ, ਸੱਤ ਕਰੋੜ ਤੋਂ ਵੱਧ ਵਸੋਂ ਵਾਲੇ ਉਸ ਰਾਜ ਵਿੱਚ ਇਸ ਵਾਰੀ ਉਸ ਦਾ ਕੋਈ ਮੈਂਬਰ ਨਹੀਂ ਰਿਹਾ।
ਜਦੋਂ ਇਹ ਨਤੀਜੇ ਆਏ ਤਾਂ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪਹਿਲਾ ਵੱਡਾ ਬਿਆਨ ਇਹ ਦਾਗਿਆ ਕਿ 'ਪਾਰਟੀ ਨੇ ਕਾਂਗਰਸ-ਮੁਕਤ ਭਾਰਤ ਬਣਾਉਣ ਵੱਲ ਇੱਕ ਕਦਮ ਹੋਰ ਵਧਾਉਣ ਦੇ ਨਾਲ ਅਗਲੀਆਂ ਪਾਰਲੀਮੈਂਟ ਚੋਣਾਂ ਲਈ ਵੀ ਹੁਣੇ ਤੋਂ ਚੱਕਾ ਬੰਨ੍ਹਣ ਦੀ ਕਾਮਯਾਬੀ ਹਾਸਲ ਕਰ ਲਈ ਹੈ'। ਆਮ ਪ੍ਰਭਾਵ ਵਿੱਚ 'ਜੋ ਜੀਤਾ, ਵੋਹ ਹੀ ਸਿਕੰਦਰ' ਵਾਲੀ ਗੱਲ ਕਹਿਣ ਨਾਲ ਟਾਲਿਆ ਜਾ ਸਕਦਾ ਹੈ, ਪਰ ਜਦੋਂ ਕੇਂਦਰ ਦਾ ਰਾਜ ਮਾਣਦੀ ਪਾਰਟੀ ਦਾ ਪ੍ਰਧਾਨ ਏਡੀ ਵੱਡੀ ਗੱਲ ਕਹਿ ਗਿਆ ਤਾਂ ਇਸ ਨੂੰ ਕਈ ਲੋਕਾਂ ਨੇ ਚਰਚਾ ਦਾ ਮੁੱਦਾ ਬਣਾਇਆ ਹੈ। ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਜਾਂ ਅਗਲੇ ਦਿਨਾਂ ਵਿੱਚ ਓਥੇ ਜਾਣ ਨੂੰ ਤਿਆਰ ਬੈਠੇ ਲੋਕਾਂ ਨੇ ਅਮਿਤ ਸ਼ਾਹ ਦੀ ਹਾਂ ਵਿੱਚ ਹਾਂ ਮਿਲਾਉਣ ਨੂੰ ਕੋਈ ਢਿੱਲ ਨਹੀਂ ਕੀਤੀ, ਪਰ ਹਕੀਕਤਾਂ ਕੁਝ ਹੋਰ ਕਹਿੰਦੀਆਂ ਹਨ, ਜਿਨ੍ਹਾਂ ਨਾਲ ਉਹ ਅੱਖ ਨਹੀਂ ਮਿਲਾ ਰਹੇ। ਅਸਲ ਵਿੱਚ ਮੋਦੀ ਤੇ ਸ਼ਾਹ ਨੇ ਭਾਰਤ ਨੂੰ 'ਕਾਂਗਰਸ ਮੁਕਤ' ਕਰਨ ਦੇ ਚੱਕਰ ਵਿੱਚ ਭਾਜਪਾ ਨੂੰ 'ਕਾਂਗਰਸ ਯੁਕਤ' ਕਰਨ ਦੀ ਇਹੋ ਜਿਹੀ ਮੁਹਿੰਮ ਚਲਾ ਰੱਖੀ ਹੈ, ਜਿਸ ਦਾ ਪਾਰਟੀ ਅੰਦਰੋਂ ਦੱਬੀ ਸੁਰ ਵਿੱਚ ਤਿੱਖਾ ਵਿਰੋਧ ਹੋ ਰਿਹਾ ਹੈ। ਕੇਂਦਰ ਸਰਕਾਰ ਵਿੱਚ ਇਸ ਵੇਲੇ ਘੱਟੋ-ਘੱਟ ਤਿੰਨ ਜਣੇ ਇਹੋ ਜਿਹੇ ਹਨ, ਜਿਹੜੇ ਪਹਿਲਾਂ ਕਾਂਗਰਸੀ ਹੁੰਦੇ ਸਨ। ਪਿਛਲੇ ਪਾਰਲੀਮੈਂਟ ਅਜਲਾਸ ਵਿੱਚ ਕੇਂਦਰ ਦੇ ਇੱਕ ਮੰਤਰੀ ਨੇ ਕਾਂਗਰਸ ਤੇ ਰਾਹੁਲ ਗਾਂਧੀ ਦੇ ਖਿਲਾਫ ਆਪਣਾ ਉਬਾਲਾ ਕੱਢਣ ਦਾ ਯਤਨ ਕੀਤਾ ਤਾਂ ਰਾਹੁਲ ਗਾਂਧੀ ਨੇ ਬਾਅਦ ਵਿੱਚ ਇਹ ਸੁਣਾ ਦਿੱਤਾ ਕਿ ਜਦੋਂ ਇਹ ਸਾਡੇ ਵਿੱਚ ਹੁੰਦਾ ਸੀ, ਭਾਜਪਾ ਦੇ ਖਿਲਾਫ ਵੀ ਏਦਾਂ ਹੀ ਬੋਲਦਾ ਹੁੰਦਾ ਸੀ, ਭਲਕ ਨੂੰ ਮੁੜ ਆਇਆ ਤਾਂ ਫਿਰ ਭਾਜਪਾ ਦੇ ਖਿਲਾਫ ਬੋਲੇਗਾ। ਉੱਤਰਾ ਖੰਡ ਰਾਜ ਦੀ ਸਰਕਾਰ ਕਾਂਗਰਸ ਤੋਂ ਖੋਹਣ ਦੇ ਚੱਕਰ ਵਿੱਚ ਸੁਪਰੀਮ ਕੋਰਟ ਤੋਂ ਝਾੜਾਂ ਖਾਣ ਪਿੱਛੋਂ ਓਥੋਂ ਸਾਬਕਾ ਮੁੱਖ ਮੰਤਰੀ ਅਤੇ ਖਾਨਦਾਨੀ ਕਾਂਗਰਸੀ ਵਿਜੇ ਬਹੁਗੁਣਾ ਨੂੰ ਵੀ ਹੁਣ ਭਾਜਪਾ ਨੇ ਆਪਣੇ ਵਿੱਚ ਸ਼ਾਮਲ ਕਰ ਲਿਆ ਹੈ। ਅਰੁਣਾਚਲ ਵਿੱਚ ਵੀ ਕੁਝ ਕਾਂਗਰਸੀਆਂ ਨੂੰ ਆਪਣੇ ਵਿੱਚ ਮਿਲਾਇਆ ਸੀ। ਅਗਲੇ ਦਿਨੀਂ ਕੁਝ ਹੋਰ ਲੋਕ ਓਥੇ ਜਾਣ ਵਾਲੇ ਹਨ।
ਇੱਕ ਮੌਕਾ ਉਹ ਹੁੰਦਾ ਸੀ, ਜਦੋਂ ਬਾਹਰੋਂ ਆਏ ਲੋਕਾਂ ਨੂੰ ਭਾਜਪਾ ਲੈ ਵੀ ਲੈਂਦੀ ਤਾਂ ਆਪਣੇ ਟਕਸਾਲੀ ਲੀਡਰਾਂ ਦਾ ਮਾਣ ਨਹੀਂ ਸੀ ਘਟਣ ਦੇਂਦੀ, ਦੂਸਰਿਆਂ ਦੇ ਥੱਲੇ ਨਹੀਂ ਸੀ ਲੱਗਣ ਦੇਂਦੀ। ਹੁਣ ਸਥਿਤੀ ਬਦਲ ਗਈ ਹੈ। ਭਾਜਪਾ ਨੇ ਆਸਾਮ ਵਿੱਚ ਇਸ ਵਾਰ ਚੋਣ ਜਿੱਤ ਕੇ ਜਿਹੜੇ ਸਰਬਾਨੰਦ ਸੋਨੋਵਾਲ ਨੂੰ ਮੁੱਖ ਮੰਤਰੀ ਲਈ ਮੂਹਰੇ ਕੀਤਾ ਹੈ, ਉਹ ਕਦੇ ਭਾਜਪਾ ਦਾ ਤਿੱਖਾ ਵਿਰੋਧੀ ਤੇ ਆਸਾਮ ਗਣ ਪ੍ਰੀਸ਼ਦ ਦਾ ਆਗੂ ਹੁੰਦਾ ਸੀ। ਮਨਮੋਹਨ ਸਿੰਘ ਦੀ ਪਹਿਲੀ ਸਰਕਾਰ ਬਣਨ ਵੇਲੇ ਉਹ ਪਾਰਲੀਮੈਂਟ ਮੈਂਬਰ ਹੁੰਦਾ ਸੀ ਤੇ ਭਾਜਪਾ ਦੇ ਸਭ ਤੋਂ ਸੀਨੀਅਰ ਆਗੂ ਕਾਮਾਖਿਆ ਤਾਸਾ ਨੂੰ ਸਾਢੇ ਅਠਾਰਾਂ ਹਜ਼ਾਰ ਵੋਟਾਂ ਨਾਲ ਹਰਾ ਚੁੱਕਾ ਸੀ, ਕਾਂਗਰਸ ਤੀਸਰੇ ਥਾਂ ਰਹੀ ਸੀ। ਅਗਲੀ ਚੋਣ ਵਿੱਚ ਭਾਜਪਾ ਅਤੇ ਆਸਾਮ ਗਣ ਪ੍ਰੀਸ਼ਦ ਦਾ ਸਮਝੌਤਾ ਹੋ ਗਿਆ ਤਾਂ ਕਾਮਾਖਿਆ ਤਾਸਾ ਨੂੰ ਨਾਲ ਦੀ ਜੌਰਹਟ ਸੀਟ ਵੱਲ ਤੋਰ ਦਿੱਤਾ, ਪਰ ਦੋਵੇਂ ਜਣੇ ਹਾਰ ਗਏ ਸਨ। ਪਿਛਲੀ ਵਾਰੀ ਜਦੋਂ ਨਰਿੰਦਰ ਮੋਦੀ ਦੀ ਦਿੱਲੀ ਉੱਤੇ ਅੱਖ ਟਿਕੀ ਹੋਈ ਸੀ, ਉਸ ਨੇ ਸਰਬਾਨੰਦ ਸੋਨੋਵਾਲ ਨੂੰ ਸੈਨਤ ਮਾਰ ਕੇ ਆਪਣੇ ਨਾਲ ਮਿਲਾਇਆ ਤੇ ਸਾਰੀ ਉਮਰ ਦੇ ਸੰਘੀ ਆਗੂ ਕਾਮਾਖਿਆ ਤਾਸਾ ਨੂੰ ਪਿੱਛੇ ਹਟਾ ਕੇ ਸੋਨੋਵਾਲ ਨੂੰ ਪਹਿਲਾਂ ਕੇਂਦਰ ਦਾ ਮੰਤਰੀ ਅਤੇ ਹੁਣ ਆਸਾਮ ਦਾ ਮੁੱਖ ਮੰਤਰੀ ਬਣਾ ਦਿੱਤਾ ਹੈ।
ਜਿੱਥੋਂ ਤੱਕ ਕਾਂਗਰਸੀ ਮੰਦਵਾੜੇ ਦਾ ਸਵਾਲ ਹੈ, ਉਸ ਨੂੰ ਡੋਬਣ ਲਈ ਸੋਨੀਆ ਗਾਂਧੀ ਤੇ ਰਾਹੁਲ ਦੀ ਫੈਮਿਲੀ ਟੀਮ ਹੀ ਕਾਫੀ ਹੈ। ਦੋਵਾਂ ਨੇ ਸਲਾਹਕਾਰਾਂ ਦੇ ਆਪੋ ਆਪਣੇ ਸੈੱਟ ਰੱਖੇ ਹੋਏ ਹਨ ਤੇ ਮਾਂ-ਪੁੱਤਰ ਨਾਲ ਜੁੜੇ ਹੋਏ ਇਨ੍ਹਾਂ ਸਲਾਹਕਾਰਾਂ ਦੀਆਂ ਟੀਮਾਂ ਨੇ ਆਪਸੀ ਭੇੜ ਵਿੱਚ ਪਾਰਟੀ ਅਤੇ ਪਰਵਾਰ ਦਾ ਕੁਝ ਨਹੀਂ ਛੱਡਿਆ। ਹਾਲੇ ਤੱਕ ਪਾਰਟੀ ਇਹ ਵੀ ਮੰਨਣ ਨੂੰ ਤਿਆਰ ਨਹੀਂ ਕਿ ਰਾਹੁਲ ਗਾਂਧੀ ਇਸ ਪਾਰਟੀ ਦੀ ਬੇੜੀ ਬੰਨੇ ਲਾਉਣ ਦੇ ਯੋਗ ਨਹੀਂ ਹੋ ਸਕਦਾ। ਪਾਰਟੀ ਕੋਲ ਪ੍ਰਿਅੰਕਾ ਗਾਂਧੀ ਹੈ, ਉਹ ਸਿਆਣੀ ਵੀ ਹੈ, ਪਰ ਇੱਕ ਤਾਂ ਉਹ ਆਪ ਰਾਜਨੀਤੀ ਵਿੱਚ ਆਉਣ ਲਈ ਤਿਆਰ ਨਹੀਂ ਤੇ ਦੂਸਰਾ ਆ ਵੀ ਗਈ ਤਾਂ ਜਿਵੇਂ ਆਸਿਫ ਅਲੀ ਜ਼ਰਦਾਰੀ ਨੇ ਬੇਨਜ਼ੀਰ ਭੁੱਟੋ ਨੂੰ ਪਾਕਿਸਤਾਨੀ ਲੋਕਾਂ ਦੀ ਨਜ਼ਰ ਵਿੱਚ ਬੁਰੀ ਤਰ੍ਹਾਂ ਡੇਗ ਦਿੱਤਾ ਸੀ, ਪ੍ਰਿਅੰਕਾ ਗਾਂਧੀ ਦਾ ਪਤੀ ਵੀ ਉਹੋ ਕੁਝ ਦੁਹਰਾਵੇਗਾ। ਬੇਨਜ਼ੀਰ ਦੇ ਪਤੀ ਆਸਿਫ ਅਲੀ ਜ਼ਰਦਾਰੀ ਦੀ ਪਾਕਿਸਤਾਨ ਵਿੱਚ 'ਮਿਸਟਰ ਟੈੱਨ ਪਰਸੈਂਟ' ਕਹਿ ਕੇ ਚਰਚਾ ਹੁੰਦੀ ਹੈ ਤੇ ਪ੍ਰਿਅੰਕਾ ਦੇ ਪਤੀ ਰਾਬਰਟ ਵਾਡਰਾ ਬਾਰੇ ਕੀ ਕਿਹਾ ਜਾਂਦਾ ਹੈ, ਇਹ ਦੱਸਣ ਦੀ ਲੋੜ ਨਹੀਂ ਰਹਿ ਜਾਂਦੀ।
ਹੁਣੇ-ਹੁਣੇ ਆਸਾਮ ਵਿੱਚ ਭਾਜਪਾ ਦੀ ਜਿੱਤ ਅਸਲ ਵਿੱਚ ਭਾਜਪਾ ਦੀ ਜਿੱਤ ਨਹੀਂ, ਕਾਂਗਰਸ ਦੇ ਤਿੰਨ ਵਾਰੀ ਦੇ ਮੁੱਖ ਮੰਤਰੀ ਗੋਗੋਈ ਦੀ ਹਾਰ ਹੈ, ਅਤੇ ਇਹ ਵੀ ਉਸ ਦੀ ਹਾਰ ਨਹੀਂ, ਦਿੱਲੀ ਵਿੱਚ ਕਾਂਗਰਸੀ ਮਾਂ-ਪੁੱਤਰ ਨਾਲ ਜੁੜੇ ਚਾਟੜਿਆਂ ਦੀਆਂ ਦੋ ਟੀਮਾਂ ਦੀ 'ਜਿੱਤ' ਹੈ, ਜਿਨ੍ਹਾਂ ਨੇ ਕਾਂਗਰਸੀ ਮੁੱਖ ਮੰਤਰੀ ਨੂੰ ਕੁਝ ਕਰਨ ਨਹੀਂ ਸੀ ਦਿੱਤਾ। ਆਸਾਮ ਵਿੱਚ ਭਾਜਪਾ ਦੀਆਂ ਵੋਟਾਂ 29.5 ਫੀਸਦੀ ਆਈਆਂ ਹਨ, ਉਸ ਦੀ ਸਾਥੀ ਆਸਾਮ ਗਣ ਪ੍ਰੀਸ਼ਦ ਦੀਆਂ 8.1 ਫੀਸਦੀ ਤੇ ਤੀਸਰੇ ਬੋਡੋਲੈਂਡ ਪੀਪਲਜ਼ ਫਰੰਟ ਦੀਆਂ 3.9 ਫੀਸਦੀ ਮਿਲਾ ਕੇ ਕੁੱਲ 41.5 ਬਣਦੀਆਂ ਹਨ। ਕਾਂਗਰਸ ਦੀਆਂ 31.0 ਫੀਸਦੀ ਹਨ ਤੇ ਜਿਵੇਂ ਮੁੱਖ ਮੰਤਰੀ ਗੋਗੋਈ ਦੀ ਰਾਏ ਸੀ, ਓਥੇ ਏ ਆਈ ਯੂ ਡੀ ਐੱਫ ਨਾਲ ਮਿਲ ਗਏ ਹੁੰਦੇ ਤਾਂ ਉਨ੍ਹਾਂ ਦੀਆਂ 13.0 ਫੀਸਦੀ ਜੋੜ ਕੇ ਦੋਵਾਂ ਪਾਰਟੀਆਂ ਦੀਆਂ 44 ਫੀਸਦੀ ਬਣਦੀਆਂ ਤੇ ਭਾਜਪਾ ਭੁੰਜੇ ਲੱਥੀ ਹੋਈ ਹੋਣੀ ਸੀ। ਗਾਂਧੀ ਮਾਂ-ਪੁੱਤਰ ਨਾਲ ਜੁੜੀਆਂ ਸਲਾਹਕਾਰਾਂ ਦੀਆਂ ਦੋ ਟੀਮਾਂ ਨੇ ਪਾਰਟੀ ਮਾਂਜ ਦਿੱਤੀ ਹੈ।
ਤੀਸਰੀ ਗੱਲ ਹੈ ਅਗਲੀਆਂ ਪਾਰਲੀਮੈਂਟ ਚੋਣਾਂ ਦਾ ਚੱਕਾ ਬੱਝਣ ਦੀ। ਪਿਛਲੀਆਂ ਲੋਕ ਸਭਾ ਚੋਣਾਂ ਜਦੋਂ ਜਿੱਤ ਲਈਆਂ ਤਾਂ ਭਾਜਪਾ ਨੂੰ ਹਰ ਥਾਂ ਆਪਣੇ ਝੰਡੇ ਝੁੱਲਦੇ ਨਜ਼ਰ ਆਏ ਸਨ, ਪਰ ਅੱਠ ਮਹੀਨੇ ਬਾਅਦ ਦਿੱਲੀ ਦੇ ਲੋਕਾਂ ਨੇ ਪਾਰਟੀ ਨੂੰ ਏਨੀ ਦੰਦਲ ਪਾਈ ਕਿ ਪ੍ਰਤੀਕਰਮ ਦੇਣਾ ਔਖਾ ਹੋ ਗਿਆ ਸੀ। ਬਿਹਾਰ ਵਿੱਚ ਪਾਰਲੀਮੈਂਟ ਦੀਆਂ ਚਾਲੀ ਵਿੱਚੋਂ ਬੱਤੀ ਸੀਟਾਂ ਜਿੱਤ ਕੇ ਭਾਜਪਾ ਨੇ ਅੱਸੀ ਫੀਸਦੀ ਕਾਮਯਾਬੀ ਹਾਸਲ ਕੀਤੀ ਸੀ, ਪਰ ਵਿਧਾਨ ਸਭਾ ਚੋਣਾਂ ਵਿੱਚ ਰੁਲ ਕੇ ਰਹਿ ਗਈ ਸੀ। ਅਗਲੇ ਦਿਨਾਂ ਵਿੱਚ ਕੀ ਹੋਣਾ ਹੈ, ਤਿੰਨ ਸਾਲ ਅਗੇਤੇ ਅੰਦਾਜ਼ੇ ਨਾਲ ਪਤਾ ਨਹੀਂ ਲੱਗ ਸਕਣਾ। ਸਿਰਫ ਸੌ ਦਿਨਾਂ ਵਿੱਚ 'ਅੱਛੇ ਦਿਨ' ਲਿਆਉਣ ਦੇ ਦਾਅਵੇ ਕਰਨ ਵਾਲੇ ਭਾਜਪਾ ਆਗੂਆਂ ਨੂੰ ਸਵਾ ਸੱਤ ਸੌ ਦਿਨ ਲੰਘ ਜਾਣ ਪਿੱਛੋਂ ਜਿਹੜੇ ਵਾਅਦਿਆਂ ਦਾ ਚੇਤਾ ਨਹੀਂ, ਉਹ ਲੋਕਾਂ ਨੂੰ ਅਜੇ ਤੱਕ ਚੇਤੇ ਹਨ। ਅਗਲੀ ਵਾਰੀ ਲੋਕਾਂ ਸਾਹਮਣੇ ਪਰੋਸਣ ਲਈ ਨਵੇਂ ਨਾਅਰੇ ਘੜ ਲੈਣਗੇ, ਪਰ ਲੋਕ ਪਹਿਲੇ ਵੀ ਪੁੱਛ ਸਕਦੇ ਹਨ। ਇਹ ਗੱਲ ਓਦੋਂ ਪਤਾ ਲੱਗੇਗੀ।
ਰਹੀ ਗੱਲ ਖੱਬੇ ਪੱਖ ਵਾਲਿਆਂ ਦੀ, ਇਸ ਬਾਰੇ ਅਜੇ ਕੁਝ ਹੋਰ ਪੁਣ-ਛਾਣ ਕਰਨ ਦੀ ਲੋੜ ਪਵੇਗੀ। ਜਿੱਦਾਂ ਦਾ ਹਾਲ ਪੱਛਮੀ ਬੰਗਾਲ ਵਿੱਚ ਹੋਇਆ ਹੈ, ਕਦੇ ਜੋਤੀ ਬਾਸੂ ਲਈ ਚਾਂਦੀ ਦੀ ਥਾਲੀ ਵਿੱਚ ਰੱਖੀ ਹੋਈ ਪ੍ਰਧਾਨ ਮੰਤਰੀ ਦੀ ਪੇਸ਼ਕਸ਼ ਨੂੰ ਠੁਕਰਾ ਦੇਣ ਤੇ ਕਦੇ ਐਟਮੀ ਸਮਝੌਤੇ ਤੋਂ ਨਾਰਾਜ਼ ਹੋ ਕੇ ਸਦਾ ਲਈ ਸੰਬੰਧ ਤੋੜ ਦੇਣ ਮਗਰੋਂ ਹੁਣ ਜਿਵੇਂ ਰਾਜਸੀ ਸਮਝੌਤਾ ਕੀਤਾ ਤੇ ਭੁਗਤਿਆ ਗਿਆ ਹੈ, ਇਸ ਦੀ ਵਿਆਖਿਆ ਸੌਖੀ ਨਹੀਂ ਕੀਤੀ ਜਾਣੀ। ਕੇਰਲਾ ਨੂੰ ਜਿੱਤਣ ਵਿੱਚ ਕਾਮਯਾਬ ਰਹੇ, ਪਰ ਜਿੱਤਣ ਵਾਸਤੇ ਅਗਵਾਈ ਕਰਨ ਵਾਲੇ ਅਛੂਤਾਨੰਦਨ ਨੂੰ ਪਾਸੇ ਧੱਕ ਕੇ ਵਿਵਾਦਤ ਆਗੂ ਨੂੰ ਅੱਗੇ ਕਰਨ ਦੀ ਖੇਡ ਕੱਲ੍ਹ ਨੂੰ ਕੀ ਸਿੱਟੇ ਕੱਢੇਗੀ, ਹਾਲ ਦੀ ਘੜੀ ਕਹਿਣਾ ਔਖਾ ਹੈ। ਖੱਬੇ ਪੱਖੀਆਂ ਦੇ ਸੋਚਣ ਲਈ ਅੱਜ ਦਾ ਪਹਿਲਾ ਮੁੱਦਾ ਅਛੂਤਾਨੰਦਨ ਤੇ ਪਿਨਾਰੀ ਵਿਜੇਅਨ ਦੀ ਰੱਸਾਕਸ਼ੀ ਨਹੀਂ, ਬਾਕੀਆਂ ਤੋਂ ਸੁਲੱਖਣੇ ਸਮਝੇ ਰਾਜ ਕੇਰਲਾ ਵਿੱਚ ਭਾਜਪਾ ਦੀ ਕਦਮ-ਦਰ-ਕਦਮ ਦੀ ਰਵਾਨੀ ਹੈ। ਸਾਲ 2006 ਦੀਆਂ ਅਸੈਂਬਲੀ ਚੋਣਾਂ ਦੇ ਸਮੇਂ ਭਾਜਪਾ ਦੀਆਂ 4.75 ਫੀਸਦੀ ਵੋਟਾਂ ਸਨ, ਫਿਰ ਸਾਲ 2011 ਵਿੱਚ ਇਹ 6.03 ਫੀਸਦੀ ਹੋ ਗਈਆਂ ਤੇ ਪਿਛਲੀ ਪਾਰਲੀਮੈਂਟ ਚੋਣ ਵੇਲੇ ਓਥੇ ਉਨ੍ਹਾਂ ਨੇ ਪਹਿਲੀ ਵਾਰੀ ਚਾਰ ਵਿਧਾਨ ਸਭਾ ਹਲਕਿਆਂ ਤੋਂ ਅਗੇਤ ਹਾਸਲ ਕੀਤੀ ਸੀ। ਹੁਣ ਸੀਟ ਭਾਵੇਂ ਇੱਕੋ ਜਿੱਤੀ ਹੈ, ਵੋਟਾਂ ਉਨ੍ਹਾਂ ਦੀਆਂ ਸਾਢੇ ਦਸ ਫੀਸਦੀ ਹੋ ਗਈਆਂ ਹਨ। ਅਗਲੀ ਵਾਰੀ ਕੇਰਲਾ ਵਿੱਚ ਕੋਈ ਪੱਛਮੀ ਬੰਗਾਲ ਵਾਲੀ ਮਮਤਾ ਬੈਨਰਜੀ ਜਾਂ ਆਸਾਮ ਵਾਲਾ ਸਰਬਾਨੰਦ ਸੋਨੋਵਾਲ ਲੱਭ ਕੇ ਧੋਬੀ-ਪਟਕਾ ਮਾਰਨ ਦੀ ਉਨ੍ਹਾਂ ਦੀ ਕੋਸ਼ਿਸ਼ ਹੋਣੀ ਹੈ। ਰੀਵਿਊ ਕਿਸੇ ਵੀ ਹੋਰ ਤੋਂ ਵੱਧ ਕਮਿਊਨਿਸਟ ਕਰ ਸਕਦੇ ਹਨ, ਪਰ ਇਹ ਕੰਮ ਹੁਣ ਬਹਿਸਾਂ ਤੱਕ ਨਹੀਂ ਰਹਿਣਾ ਚਾਹੀਦਾ, ਭਵਿੱਖ ਵਾਸਤੇ ਕੋਈ ਇਹੋ ਜਿਹਾ ਸਿੱਟਾ ਕੱਢਣ ਦਾ ਯਤਨ ਹੋਣਾ ਚਾਹੀਦਾ ਹੈ, ਜਿਹੜਾ ਖੱਬੇ ਪੱਖੀ ਲਹਿਰ ਦੇ ਨਾਲ ਚਿਰਾਂ ਤੋਂ ਜੁੜੀ ਹੋਈ 'ਚੁੱਪ ਬਹੁ-ਗਿਣਤੀ' ਚਾਹੁੰਦੀ ਹੈ।
ਇਹ ਸਾਰਾ ਲੇਖਾ-ਜੋਖਾ ਪੰਜਾਬੀ ਮੁਹਾਵਰੇ ਵਾਂਗ 'ਤੱਤੇ ਘਾਅ' ਕੀਤਾ ਗਿਆ ਹੈ, ਅਗਲੇ ਦਿਨਾਂ ਵਿੱਚ ਸਮੁੱਚੇ ਵੇਰਵੇ ਆਉਣ ਮਗਰੋਂ ਕਈ ਕੁਝ ਬਦਲ ਵੀ ਸਕਦਾ ਹੈ, ਜਿਸ ਨੂੰ ਉਡੀਕ ਲੈਣਾ ਚਾਹੀਦਾ ਹੈ।

22 May 2016