ਕਾਂਗਰਸ ਪਾਰਟੀ ਦੀ ਸਿਆਸੀ ਲੰਕਾ ਘਰ ਦੇ ਭੇਤੀ ਢਾਹ ਰਹੇ ਹਨ - ਉਜਾਗਰ ਸਿੰਘ

ਕਾਂਗਰਸ ਪਾਰਟੀ ਦੀ ਸਿਆਸੀ ਲੰਕਾ ਘਰ ਦੇ ਭੇਤੀ ਹੀ ਢਾਹੁਣ ਵਿਚ ਲੱਗੇ ਹੋਏ ਹਨ। ਕਾਂਗਰਸ ਪਾਰਟੀ ਆਪਣੀਆਂ ਕੀਤੀਆਂ ਗ਼ਲਤੀਆਂ ਦਾ ਖਮਿਆਜ਼ਾ ਆਪ ਭੁਗਤ ਰਹੀ ਹੈ। ਵਿਧਾਨਕਾਰਾਂ ਨੂੰ ਦੂਜੀਆਂ ਪਾਰਟੀਆਂ ਵਿਚੋਂ ਬਗਾਬਤ ਕਰਵਾਕੇ ਆਪਣੀ ਪਾਰਟੀ ਵਿਚ  ਸ਼ਾਮਲ ਕਰਨ ਦੀ ਪਹਿਲ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਹੀ ਕੀਤੀ ਸੀ। 1967 ਵਿਚ ਜਦੋਂ ਹਰਿਆਣਾ ਅਜੇ ਬਣਿਆਂ ਹੀ ਸੀ ਤਾਂ ਹਰਿਅਣਾ ਵਿਧਾਨ ਸਭਾ ਦੇ ਪਟੌਦੀ ਵਿਧਾਨ ਸਭਾ ਹਲਕੇ ਤੋਂ ਆਇਆ ਰਾਮ ਆਜ਼ਾਦ ਉਮੀਦਵਾਰ ਜਿੱਤਿਆ ਸੀ। ਕਾਂਗਰਸ ਪਾਰਟੀ ਨੇ ਉਸਨੂੰ ਸਵੇਰੇ ਆਪਣੀ ਪਾਰਟੀ ਵਿਚ ਸ਼ਾਮਲ ਕਰ ਲਿਆ ਪ੍ਰੰਤੂ ਉਸੇ ਸ਼ਾਮ ਨੂੰ ਉਹ ਯੂਨਾਇੀਟਡ ਫਰੰਟ ਵਿਚ ਸ਼ਾਮਲ ਹੋ ਗਿਆ। ਅਗਲੇ ਦਿਨ ਗਿਆ ਰਾਮ ਕਾਂਗਰਸ ਪਾਰਟੀ ਵਿਚ ਫਿਰ ਆ ਗਿਆ। ਉਸ ਸਮੇਂ ਹਰਿਆਣਾ ਦੇ ਕਾਂਗਰਸ ਪਾਰਟੀ ਦੇ ਨੇਤਾ ਰਾਓ ਵਰਿੰਦਰ ਸਿੰਘ ਜਿਸਨੇ ਉਸਨੂੰ ਕਾਂਗਰਸ ਵਿਚ ਲਿਆਉਣ ਦਾ ਪ੍ਰਬੰਧ ਕੀਤਾ ਸੀ ਨੇ ਪ੍ਰੈਸ ਨੂੰ ਕਿਹਾ ਸੀ ਕਿ ਹੁਣ ਉਹ ਗਿਆ ਰਾਮ ਨਹੀਂ ਹੁਣ ਉਹ ਆਇਆ ਰਾਮ ਹੈ ਕਿਉਂਕਿ ਉਹ ਵਾਪਸ ਆ ਗਿਆ ਹੈ। ਉਸ ਤੋਂ ਬਾਅਦ ਹੀ ਆਇਆ ਰਾਮ ਤੇ ਗਿਆ ਰਾਮ ਦਾ ਚੁਟਕਲਾ ਬਣਿਆਂ ਸੀ। ਮੱਧ ਪ੍ਰਦੇਸ ਵਿਚ ਜਿਓਤੀਰਾਦਿਤਿਆ ਸਿੰਧੀਆ ਦੇ ਧੜੇ ਨੂੰ ਭਾਰਤੀ ਜਨਤਾ ਪਾਰਟੀ ਨੇ ਬਗਾਬਤ ਕਰਵਾਕੇ ਆਪਣੇ ਵਿਚ ਸ਼ਾਮਲ ਕਰ ਲਿਆ ਸੀ।  ਜਦੋਂ ਸਿੰਧੀਆ ਦੀ ਭਾਰਤੀ ਜਨਤਾ ਪਾਰਟੀ ਨਾਲ ਜਾਣ ਦੀ ਕਨਸੋਅ ਮਿਲੀ ਸੀ ਤਾਂ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਬਹੁਤੀ ਸੰਜੀਦਗੀ ਨਾਲ ਨਹੀਂ ਲਿਆ ਸੀ ਸਗੋਂ ਉਸਦੇ ਵਿਧਾਨਕਾਰਾਂ ਨੂੰ ਹੀ ਸਿੰਧੀਆ ਨਾਲੋਂ ਤੋੜਨ ਦੇ ਚਕਰ ਵਿਚ ਲੱਗੇ ਰਹੇ ਸਨ ਪ੍ਰੰਤੂ ਸਚਿਨ ਪਾਇਲਟ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਰਬ ਭਾਰਤੀ ਕਾਂਗਰਸ ਪਾਰਟੀ ਦੀ ਨੀਂਦ ਤੁਰੰਤ ਖੁਲ੍ਹ ਗਈ । ਚਲੋ ਕਾਰਵਾਈ ਤਾਂ ਕੀਤੀ, ਦੇਰ ਆਏ ਦਰੁਸਤ ਆਏ, ਸਚਿਨ ਪਾਇਲਟ ਨੂੰ ਆਪਣੇ ਸਹੀ ਸਥਾਨ ਤੇ ਪਹੁੰਚਾ ਦਿੱਤਾ ਹੈ। ਸ਼ਾਰਟ ਕੱਟ ਮਾਰਕੇ ਸਿਆਸਤ ਦੀ ਸਿਖਰਲੀ ਪੌੜੀ ਤੇ ਪਹੁੰਚਣ ਦੀ ਲਾਲਸਾ ਨੂੰ ਨੱਥ ਤਾਂ ਪਵੇਗੀ। ਨੇਤਾਵਾਂ ਦੇ ਬੱਚਿਆਂ ਨੂੰ ਆਪਣੇ ਮਾਪਿਆਂ ਦੀ ਥਾਂ ਅਹੁਦੇ ਮਿਲ ਜਾਂਦੇ ਹਨ, ਫਿਰ ਉਨ੍ਹਾਂ ਦੀ ਲਾਲਸਾ ਹੋਰ ਮ੍ਰਿਗ ਤ੍ਰਿਸਨਾ ਵਾਂਗੂੰ ਵੱਧਦੀ ਜਾਂਦੀ ਹੈ। ਫਿਰ ਉਹ ਘਰ ਦੇ ਭੇਤੀ ਹੀ ਲੰਕਾ ਢਾਹੁਣ ਲੱਗ ਜਾਂਦੇ ਹਨ। ਹੁਣ ਕਾਂਗਰਸ ਵਿਚ ਪਰਿਵਾਰਵਾਦ ਵੀ ਘਟਣ ਦੀ ਸੰਭਾਵਨਾ ਪੈਦਾ ਹੋ ਗਈ ਹੈ। ਜਿਨ੍ਹਾਂ ਨੂੰ ਰਾਹੁਲ ਗਾਂਧੀ ਨੇ ਥਾਪੀ ਦਿੱਤੀ ਉਹੀ ਉਸਦੇ ਚਹੇਤੇ ਹੀ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਵਿਚ ਤੇਲ ਦੇਣ ਲੱਗੇ ਹਨ। ਕਾਂਗਰਸ ਪਾਰਟੀ ਰਾਹੁਲ ਗਾਂਧੀ ਦੀਆਂ ਨੌਜਵਾਨਾ ਨੂੰ ਅੱਗੇ ਲਿਆਉਣ ਦੀ ਆੜ ਵਿਚ ਕੀਤੀਆਂ ਗ਼ਲਤੀਆਂ ਦੇ ਨਤੀਜੇ ਭੁਗਤ ਰਹੀ ਹੈ ਕਿਉਂਕਿ ਰਾਹੁਲ ਗਾਂਧੀ ਨੇ ਸੀਨੀਅਰ ਲੀਡਰਸ਼ਿਪ ਨੂੰ ਅਣਡਿਠ ਕਰਕੇ ਨੌਜਵਾਨਾ ਨੂੰ ਅੱਗੇ ਲਿਆਉਣ ਦੀ ਕੋਸਿਸ਼ ਕੀਤੀ ਸੀ। ਕਿਸੇ ਵੀ ਪਾਰਟੀ ਲਈ ਨਵੀਂ ਲੀਡਰਸ਼ਿਪ ਪੈਦਾ ਕਰਨੀ ਕੋਈ ਮਾੜੀ ਗੱਲ ਨਹੀਂ ਸਗੋਂ ਇਹ ਤਾਂ ਚੰਗਾ ਫੈਸਲਾ ਹੁੰਦਾ ਹੈ ਤਾਂ ਜੋ ਪਾਰਟੀ ਵਿਚ ਲਗਾਤਾਰਤਾ ਬਣੀ ਰਹੇ। ਬਜ਼ੁਰਗ ਨੇਤਾ ਰਿਟਾਇਰ ਹੁੰਦੇ ਰਹਿਣ ਅਤੇ ਦੂਜੀ ਪੱਧਰ ਦੀ ਨੌਜਵਾਨ ਲੀਡਰਸ਼ਿਪ ਪਾਰਟੀ ਦੀ ਵਾਗ ਡੋਰ ਸੰਭਾਲਦੀ ਰਹੇ। ਨੌਜਵਾਨ ਸੀਨੀਅਰ ਲੀਡਰਾਂ ਤੋਂ ਸਿਆਸਤ ਦੀ ਗੁੜ੍ਹਤੀ ਲੈਂਦੈ ਰਹਿਣ ਕਿਉਂਕਿ ਭਵਿਖ ਤਾਂ ਉਨ੍ਹਾਂ ਨੇ ਹੀ ਸਾਂਭਣਾ ਹੁੰਦਾ ਹੈ। ਪ੍ਰੰਤੂ ਰਾਹੁਲ ਗਾਂਧੀ ਦੀ ਸ਼ਹਿ ਤੇ ਨੌਜਵਾਨਾ ਨੇ ਸੀਨੀਅਰ ਲੀਡਰਾਂ ਤੋਂ ਸਿੱਖਿਆ ਤਾਂ ਕੀ ਲੈਣੀ ਸੀ ਸਗੋਂ ਉਹ ਤਾਂ ਉਨ੍ਹਾਂ ਨੂੰ ਟਿੱਚ ਸਮਝਣਦੇ ਸਨ। ਸੀਨੀਅਰ ਲੀਡਰਸ਼ਿਪ ਰਾਹੁਲ ਗਾਂਧੀ ਨੂੰ ਕੁਝ ਕਹਿ ਤਾਂ ਨਹੀਂ ਸਕਦੀ ਸੀ ਪ੍ਰੰਤੂ ਉਹ ਨਿਰਾਸ਼ ਹੋ ਕੇ ਚੁਪ ਕਰ ਗਏ ਸਨ।
                 ਸੀਨੀਅਰ ਨੇਤਾਵਾਂ ਦੀ ਬੇਰੁਖੀ ਦਾ ਇਵਜਾਨਾ ਕਾਂਗਰਸ ਪਾਰਟੀ ਨੇ ਲੋਕ ਸਭਾ ਦੀਆਂ ਚੋਣਾਂ ਵਿਚ ਭੁਗਤਿਆ ਹੈ। ਇਸ ਤੋਂ ਪਹਿਲਾਂ ਸਿੰਧੀਆ ਨੇ ਸ਼ਾਰਟ ਕੱਟ ਰਾਹੀਂ ਕਾਂਗਰਸ ਪਾਰਟੀ ਵਿਚ ਸੀਨੀਅਰ ਲੀਡਰਾਂ ਨੂੰ ਪਛਾੜਕੇ ਆਪ ਅੱਗੇ ਆਕੇ ਉਨ੍ਹਾਂ ਨੂੰ ਠੁਠ ਵਿਖਾਉਣੇ ਸ਼ੁਰੂ ਕਰ ਦਿੱਤੇ ਸਨ। ਸੀਨੀਅਰ ਲੀਡਰਸ਼ਿਪ ਬਥੇਰੇ ਹੱਥ ਪੈਰ ਮਾਰਦੀ ਰਹੀ ਪ੍ਰੰਤੂ ਰਾਹੁਲ ਗਾਂਧੀ ਨੇ ਉਨ੍ਹਾਂ ਦੀ ਇਕ ਨਾ ਸੁਣੀ। ਯੂਥ ਕਾਂਗਰਸ ਦੀਆਂ ਵਿਦੇਸ਼ੀ ਤਰਜ ਤੇ ਚੋਣਾ ਕਰਵਾਕੇ ਸੀਨੀਅਰ ਅਤੇ ਜੂਨੀਅਰ ਲੀਡਰਸ਼ਿਪ ਵਿਚ ਬਖੇੜਾ ਖੜ੍ਹਾ ਕਰਵਾ ਦਿੱਤਾ, ਜਿਸਦਾ ਪਾਰਟੀ ਨੂੰ ਹੋ ਰਿਹਾ ਨੁਕਸਾਨ ਹੁਣ ਪਾਰਟੀ ਵਿਰੁਧ ਬਗਾਬਤ ਰਾਹੀਂ ਸਾਹਮਣੇ ਆ ਰਿਹਾ ਹੈ। ਜਦੋਂ ਰਾਹੁਲ ਗਾਂਧੀ ਯੂਥ ਕਾਂਗਰਸ ਦੀਆਂ ਚੋਣਾ ਕਰਵਾਉਣ ਲੱਗਿਆ ਸੀ ਤਾਂ ਉਸ ਸਮੇਂ ਬਹੁਤ ਸਾਰੇ ਸੀਨੀਅਰ ਨੇਤਾਵਾਂ ਜਿਨ੍ਹਾਂ ਵਿਚ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਸੀ ਨੇ ਉਸਨੂੰ ਇਹ ਚੋਣਾ ਨਾ ਕਰਵਾਉਣ ਦੀ ਸਲਾਹ ਦਿੱਤੀ ਸੀ ਕਿਉਂਕਿ ਕਾਂਗਰਸ ਵਿਚ ਧੜੇਬੰਦੀ ਹੋਰ ਵਧੇਗੀ। ਹੁਣ ਜਦੋਂ ਸਿੰਧੀਆ ਰਾਹੁਲ ਗਾਂਧੀ ਨੂੰ ਹੀ ਬੇਦਾਵਾ ਦੇ ਗਿਆ ਤਾਂ ਸਚਿਨ ਪਾਇਲਟ ਦਾ ਹੌਸਲਾ ਬਗਾਬਤ ਕਰਨ ਲਈ ਅਸਮਾਨ ਛੂਹ ਰਿਹਾ ਸੀ। ਉਸਨੂੰ ਸਪਨੇ ਵਿਚ ਵੀ ਰਾਜਸਥਾਨ ਦੇ ਮੁੱਖ ਮੰਤਰੀ ਦੀ ਕੁਰਸੀ ਨਜ਼ਰ ਆਉਣ ਲੱਗ ਪਈ ਸੀ। ਉਹ ਤਾਂ ਅਸ਼ੋਕ ਗਹਿਲੋਟ ਜੋ ਕਾਂਗਰਸ ਪਾਰਟੀ ਦਾ ਸੀਨੀਅਰ ਬਜ਼ੁਰਗ ਨੇਤਾ ਤੇ ਰਾਸਜਥਾਨ ਦਾ ਮੁੱਖ ਮੰਤਰੀ ਹੈ, ਉਸਦੀਆਂ ਅੰਦਰਖਾਤੇ ਲੱਤਾਂ ਖਿਚ ਰਿਹਾ ਸੀ। ਜਿਸ ਕਰਕੇ ਸਰਕਾਰ ਦੀ ਕਾਰਗੁਜ਼ਾਰੀ ਅਤੇ ਭਰੋਸੇਯੋਗਤਾ ਢਿਲੀ ਪੈ ਗਈ ਸੀ। ਮੁੱਖ ਮੰਤਰੀ ਵੀ ਰਾਹੁਲ ਗਾਂਧੀ ਤੋਂ ਝਿਪਕਦਾ ਬੇਬਸ ਸੀ। ਕਾਂਗਰਸ ਪਾਰਟੀ ਨੇ ਸਚਿਨ ਪਾਇਲਟ ਅਤੇ ਉਸਦੇ ਦੋ ਸਾਥੀ ਮੰਤਰੀਆਂ ਨੂੰ ਅਹੁਦਿਆਂ ਤੋਂ ਬਰਖ਼ਾਸਤ ਕਰ ਦਿੱਤਾ ਹੈ। ਸਚਿਨ ਪਾਇਲਟ ਨੂੰ ਰਾਜਸਥਾਨ ਪ੍ਰਦੇਸ ਕਾਂਗਰਸ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਹੈ। ਸਪੀਕਰ ਨੇ 19 ਹੋਰ ਵਿਧਾਨਕਾਰਾਂ ਨੂੰ ਸ਼ੋ ਕਾਜ਼ ਨੋਟਿਸ ਦੇ ਦਿੱਤੇ ਹਨ। ਇਹ ਕਾਰਵਾਈ ਸਿੰਧੀਆ ਦੀ ਬਗਾਬਤ ਕਰਕੇ ਮਧ ਪ੍ਰਦੇਸ ਦੀ ਸਰਕਾਰ ਟੁੱਟਣ ਦੇ ਨਤੀਜੇ ਕਰਕੇ ਕੀਤੀ ਹੈ ਤਾਂ ਜੋ ਰਾਜਸਥਾਨ ਸਰਕਾਰ ਦਾ ਵੀ ਭੋਗ ਨਾ ਪੈ ਜਾਵੇ। । ਦੁੱਧ ਦਾ ਫੂਕਿਆ ਲੱਸੀ ਨੂੰ ਵੀ ਫੂਕਾਂ ਮਾਰਕੇ ਠੰਡੀ ਕਰਨ ਵਿਚ ਜੁੱਟ ਗਿਆ ਹੈ। ਇਸ ਤੋਂ ਪਹਿਲਾਂ ਤਾਂ ਕਾਂਗਰਸ ਪਾਰਟੀ ਅਜਿਹੇ ਮੌਕਿਆਂ ਤੇ ਸੁਲਾਹ ਸਫਾਈ ਦੇ ਫਾਰਮੂਲੇ ਬਣਾਉਣ ਵਿਚ ਜੁਟ ਜਾਂਦੀ ਸੀ। ਇਸ ਤਰ੍ਹਾਂ ਜਿਵੇਂ ਸਚਿਨ ਪਾਇਲਟ ਵਿਰੁਧ ਕਾਰਵਾਈ ਕੀਤੀ ਹੈ, ਕਦੀਂ ਵੀ ਇਤਨੀ ਛੇਤੀ ਕੋਈ ਫੈਸਲਾ ਹੀ ਨਹੀਂ ਕੀਤਾ। ਇਸ ਤੋਂ ਪਹਿਲਾਂ ਤਾਂ ਕਾਂਗਰਸ ਪਾਰਟੀ ਸਰਕਾਰੀ ਦਫਤਰਾਂ ਦੀ ਤਰ੍ਹਾਂ ਫਾਈਲਾਂ ਬਣਾਕੇ ਤਜ਼ਵੀਜਾਂ ਬਣਾਉਂਦੀ ਰਹਿੰਦੀ ਸੀ।
          ਜਿਵੇਂ ਕਾਂਗਰਸ ਪਾਰਟੀ ਨੂੰ ਖੋਰਾ ਲੱਗ ਰਿਹਾ ਹੈ ਉਸ ਤੋਂ ਸਾਫ ਜ਼ਾਹਰ ਹੈ ਕਿ ਭਾਰਤ ਦੀ ਸਭ ਤੋਂ ਪੁਰਾਣੀ ਪਾਰਟੀ ਖ਼ਤਮ ਹੋਣ ਦੇ ਕਿਨਾਰੇ ਖੜ੍ਹੀ ਹੈ। ਕਾਂਗਰਸ ਪਾਰਟੀ ਤਾਂ ਹੀ ਬਚ ਸਕਦੀ ਹੈ ਜੇਕਰ ਅਨੁਸ਼ਾਸਨ ਭੰਗ ਕਰਨ ਵਾਲੇ, ਭਰਿਸ਼ਟ ਅਤੇ ਫੌਜਦਾਰੀ ਕੇਸਾਂ ਵਿਚ ਸ਼ਾਮਲ ਨੇਤਾਵਾਂ ਨੂੰ ਵੀ ਬਾਹਰ ਦਾ ਰਸਤਾ ਵਿਖਾਕੇ ਪਾਰਟੀ ਵਿਚ ਅਨੁਸ਼ਾਸਨ ਬਣਾਈ ਰੱਖੇ ਪ੍ਰੰਤੂ ਇਸਦੇ ਨਾਲ ਹੀ ਪਾਰਟੀ ਨੂੰ ਅੰਦਰੂਨੀ ਪਰਜਾਤੰਤਰ ਵੀ ਬਹਾਲ ਕਰਨਾ ਪਵੇਗਾ ਤਾਂ ਹੀ ਨੇਤਾਵਾਂ ਅਤੇ ਵਰਕਰਾਂ ਵਿਚ ਪਾਰਟੀ ਦੀ ਭਰੋਸੇਯੋਗਤਾ ਪੈਦਾ ਹੋਵੇਗੀ। ਚੋਣਾਂ ਮੌਕੇ ਦੂਜੀਆਂ ਪਾਰਟੀਆਂ ਵਿਚੋਂ ਸਿਆਸਤਦਾਨ ਆਉਂਦੇ ਹਨ, ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਨਾ ਕੀਤਾ ਜਾਵੇ ਕਿਉਂਕਿ ਉਨ੍ਹਾਂ ਦਾ ਕੋਈ ਅਸੂਲ ਨਹੀਂ ਹੁੰਦਾ। ਇਸਤੋਂ ਇਲਾਵਾ ਜਿਹੜੇ ਚੋਣਾ ਵਿਚ ਪਾਰਟੀ ਦੇ ਉਮੀਦਵਾਰਾਂ ਦੀ ਮੁਖਾਲਫਤ ਕਰਨ ਜਾਂ ਬਾਗੀ ਹੋ ਕੇ ਚੋਣ ਲੜਨ, ਉਨ੍ਹਾਂ ਨੂੰ ਮੁੜ ਪਾਰਟੀ ਵਿਚ ਸ਼ਾਮਲ ਨਾ ਕੀਤਾ ਜਾਵੇ।  ਫਿਰ ਕਾਂਗਰਸ ਮੁੜ ਜੀਵਤ ਹੋ ਸਕਦੀ ਹੈ ਵਰਨਾ ਤਾਂ ਪਾਰਟੀ ਦਾ ਭੋਗ ਪੈਣ ਵਾਲਾ ਹੈ। ਜੇਕਰ ਕਾਂਗਰਸ ਪਾਰਟੀ ਨੇ ਸਿਆਸੀ ਤਾਕਤ ਪ੍ਰਾਪਤ ਕਰਨ ਲਈ ਬਗਾਬਤ ਕਰਨ ਵਾਲਿਆਂ ਨੂੰ ਠੱਲ ਨਾ ਪਾਈ ਤਾਂ ਪਾਰਟੀ ਪਤਨ ਵਲ ਹੋਰ ਵਧੇਗੀ।  ਇਸ ਫੈਸਲੇ ਨਾਲ ਦੇਸ ਦੇ ਬਾਕੀ ਰਾਜਾਂ ਦੇ ਕਾਂਗਰਸੀਆਂ ਨੂੰ ਵੀ ਕੰਨ ਹੋ ਜਾਣਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਅਜਿਹੀਆਂ ਆਪਹੁਦਰੀਆਂ ਕਰਨ ਤੋਂ ਬਾਜ ਨਹੀਂ ਆਉਣਾ।
     ਜੇਕਰ ਕਾਂਗਰਸ ਪਾਰਟੀ ਦੇ ਨੇਤਾਵਾਂ ਦੀ ਬਗਾਬਤ ਦੇ ਇਤਿਹਾਸ ਵਲ ਨਜ਼ਰ ਮਾਰੀ ਜਾਵੇ ਤਾਂ ਸਭ ਤੋਂ ਪਹਿਲਾਂ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਹੁੰਦਿਆਂ ਆਪਣੀ ਪਾਰਟੀ ਦੇ ਰਾਸਟਰਪਤੀ ਦੇ ਉਮੀਦਵਾਰ ਨੀਲਮ ਸੰਜੀਵਾ ਰੈਡੀ ਦੇ ਵਿਰੁਧ ਵੀ ਵੀ ਗਿਰੀ ਨੂੰ ਆਜ਼ਾਦ ਉਮੀਦਵਾਰ ਖੜ੍ਹਾ ਕਰਕੇ ਜਿਤਾਇਆ ਸੀ। ਕਾਂਗਰਸ ਪਾਰਟੀ ਦੇ ਉਸ ਸਮੇਂ ਪ੍ਰਧਾਨ ਕੇ ਕਾਮਰਾਜ ਸਨ ਜਿਨ੍ਹਾਂ ਨੇ 12 ਨਵੰਬਰ 1969 ਨੂੰ ਇੰਦਰਾ ਗਾਂਧੀ ਨੂੰ ਪ੍ਰਧਾਨ ਮੰਤਰੀ ਹੁੰਦਿਆਂ ਪਾਰਟੀ ਵਿਚ ਬਰਖਾਸਤ ਕਰ ਦਿੱਤਾ ਸੀ। ਉਦੋਂ ਇੰਦਰਾ ਗਾਂਧੀ ਨੇ ਆਪਣੀ ਪਾਰਟੀ ਦਾ ਨਾਮ ਸਰਬ ਭਾਰਤੀ ਕਾਂਗਰਸ  (ਆਰ) ਰੱਖਿਆ ਸੀ। ਕੇ ਕਾਮਰਾਜ ਅਤੇ ਮੋਰਾਰਜੀ ਡਿਸਾਈ ਨੇ ਆਪਣੀ ਪਾਰਟੀ ਦਾ ਨਾਮ ਸਰਬ ਭਾਰਤੀ ਕਾਂਗਰਸ (ਓ) ਰੱਖਿਆ ਸੀ। ਬਾਅਦ ਵਿਚ ਕਾਂਗਰਸ (ਓ) ਖ਼ਤਮ ਹੋ ਗਈ ਅਤੇ ਕਾਂਗਰਸ (ਆਰ) ਸਰਬ ਭਾਰਤੀ ਕਾਂਗਰਸ ਬਣ ਗਈ। ਕਹਿਣ ਤੋਂ
ਭਾਵ ਕਾਂਗਰਸ ਵਿਚ ਬਗਾਬਤ ਦੀ ਪਰੰਪਰਾ ਇੰਦਰਾ ਗਾਂਧੀ ਨੇ ਪਾਈ ਸੀ। ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਹਰਿਆਣਾ ਵਿਚ ਆਪਣੀ ਪਾਰਟੀ ਦੀ ਸਰਕਾਰ ਬਣਾਉਣ ਲਈ ਜਨਤਾ ਪਾਰਟੀ ਦੇ ਮੁੱਖ ਮੰਤਰੀ ਚੌਧਰੀ ਭਜਨ ਲਾਲ ਅਤੇ ਉਸਦੇ ਸਾਥੀ ਵਿਧਾਨਕਾਰਾਂ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਕਰਕੇ ਦਲ ਬਦਲੀ ਨੂੰ ਸ਼ਹਿ ਦਿੱਤੀ ਸੀ। ਚੌਧਰੀ ਭਜਨ ਲਾਲ 1980 ਜਨਤਾ ਪਾਰਟੀ ਦਾ ਹਰਿਆਣਾ ਦਾ ਮੁੱਖ ਮੰਤਰੀ ਸੀ ਕਾਂਗਰਸ ਪਾਰਟੀ ਨੇ ਚੌਧਰੀ ਭਜਨ ਲਾਲ ਅਤੇ ਜਨਤਾ ਪਾਰਟੀ ਦੇ ਸਾਰੇ ਮੈਂਬਰਾਂ ਤੋਂ ਬਗਾਬਤ ਕਰਵਾਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਕਰ ਲਿਆ ਸੀ। ਹੁਣ ਉਸਦਾ ਨਤੀਜਾ ਭਾਰਤੀ ਜਨਤਾ ਪਾਰਟੀ ਦੇ ਹੱਥੋਂ ਭੁਗਤ ਰਹੀ ਹੈ। ਨੌਜਵਾਨ ਆਪਣੀ ਪਾਰਟੀ ਦੇ ਪਦ ਚਿੰਨਾ ਤੇ ਚਲਕੇ ਹੀ ਪਾਰਟੀ ਨੂੰ ਖੋਰਾ ਲਾ ਰਹੇ ਹਨ। ਉਸ ਤੋਂ ਬਾਅਦ ਪਾਰਟੀਆਂ ਬਦਲਕੇ ਸਰਕਾਰਾਂ ਬਣਾਉਣ ਦਾ ਸਿਲਸਿਲਾ ਚਲਦਾ ਰਿਹਾ ਜਿਸ ਨੂੰ ਰੋਕਣ ਲਈ ਰਾਜੀਵ ਗਾਂਧੀ ਨੇ 1985 ਵਿਚ ਦਲ ਬਦਲੀ ਦੇ ਵਿਰੁਧ ਕਾਨੂੰਨ ਬਣਾਇਆ ਸੀ ਪ੍ਰੰਤੂ ਕਾਂਗਰਸ ਦੀ ਸ਼ੁਰੂ ਕੀਤੀ ਇਹ ਪਰੰਪਰਾ ਫਿਰ ਵੀ ਅਜੇ ਤੱਕ ਜ਼ਾਰੀ ਹੈ। ਭਾਰਤੀ ਜਨਤਾ ਪਾਰਟੀ ਤਾਂ ਕਾਂਗਰਸ ਪਾਰਟੀ ਦੀਆਂ ਪਾਈਆਂ ਲੀਹਾਂ ਤੈ ਹੀ ਚਲ ਰਹੀ ਹੈ।

 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com