ਸਾਵੀਂ ਜ਼ਿੰਦਗੀ ਲਈ ਜੰਗਲ ਬਚਾਉਣੇ ਜ਼ਰੂਰੀ - ਵਿਜੈ ਬੰਬੇਲੀ

ਚਲੋ ਮੱਤੇਵਾੜਾ ਬਹਾਨੇ ਹੀ ਸਹੀ, ਪੰਜਾਬ ਵਿਚ ਜੰਗਲਾਂ ਬਾਰੇ ਗੱਲ ਤਾਂ ਤੁਰੀ। ਜੰਗਲ ਸਾਡੀ ਸਾਹਰਗ ਹੀ ਨਹੀਂ ਇਹ ਮਿੱਟੀ, ਮੀਂਹ ਅਤੇ ਸਾਵੇਂ ਵਾਤਾਵਰਨ ਦੇ ਪੂਰਕ ਹਨ। ਪੌਦ ਅਤੇ ਜੀਵ ਵੰਨ-ਸਵੰਨਤਾ ਜਿਹੜੀ ਸਾਵੀਂ ਜ਼ਿੰਦਗੀ ਲਈ ਬੇਹੱਦ ਜ਼ਰੂਰੀ ਹੈ ਤਾਂ ਜੰਗਲਾਂ ਬਿਨਾਂ ਚਿਤਵੀ ਹੀ ਨਹੀਂ ਜਾ ਸਕਦੀ। ਭਾਰਤ ਦੇ ਆਹਲਾ ਜੰਗਲਾਤ ਅਫਸਰ ਨਰਾਇਣ ਬਚਖੇਤੀ ਨੇ ਅੱਧੀ ਸਦੀ ਪਹਿਲਾਂ ਹੀ ਚਿਤਾਵਨੀ ਦੇ ਦਿਤੀ ਸੀ, ''ਮਨੁੱਖੀ ਵਿਕਾਸ ਵਿਚ ਸਿਆਣਿਆਂ ਨੇ ਤਿੰਨ ਪੜਾਅ ਮੰਨੇ ਹਨ। ਜੰਗਲ ਪ੍ਰਧਾਨ ਸੱਭਿਅਤਾਵਾਂ ਦਾ ਦੌਰ, ਜੰਗਲ ਉੱਪਰ ਕਾਬੂ ਪਾ ਰਹੀਆਂ ਸੱਭਿਆਤਾਵਾਂ ਦਾ ਦੌਰ ਅਤੇ ਉਹ ਸੱਭਿਆਤਾਵਾਂ ਜਿਹੜੀਆਂ ਜੰਗਲਾਂ ਉੱਤੇ ਪੂਰੇ ਤਰ੍ਹਾਂ ਹਾਵੀ ਹੋ ਚੁੱਕੀਆਂ ਹਨ। ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡਾ ਦੇਸ਼ ਤੀਜੇ ਪੜਾਅ ਵਿਚੋਂ ਲੰਘ ਰਿਹਾ ਹੈ। ਮਾਰੇ ਜਾਵਾਗੇਂ ਅਸੀਂ।"
     ਵਾਤਾਵਰਨ ਅਤੇ ਕੁਦਰਤੀ ਸੋਮੇ ਮਾਹਿਰਾਂ ਅਨੁਸਾਰ ਸਾਵੀਂ ਪੱਧਰੀ ਜ਼ਿੰਦਗੀ ਲਈ ਕਰੀਬ 33% ਭੂਮੀ ਜੰਗਲਾਂ ਹੇਠ ਹੋਣੀ ਚਾਹੀਦੀ ਹੈ। ਕੇਂਦਰੀ ਵਣ ਲਗਾਓ ਕਮਿਸ਼ਨ, ਨੈਸ਼ਨਲ ਰੀਮੋਟ ਸੈਂਸਿੰਗ ਏਜੰਸੀ ਅਤੇ ਭਾਰਤ ਸਰਕਾਰ ਦੇ ਵਣ ਸਰਵੇਖਣ ਮੁਤਾਬਿਕ ਇਹ ਅੱਧਾ (16.7%) ਹੈ ਪਰ ਕੁਝ ਗੈਰ-ਸਰਕਾਰੀ ਸੰਸਥਾਵਾਂ ਇਸ ਅੰਕੜੇ ਨੂੰ ਵੀ ਚੁਣੌਤੀ ਦਿੰਦੀਆਂ ਹਨ।
       ਇਸ ਪ੍ਰਸੰਗ ਵਿਚ ਪੰਜਾਬ ਦੀ ਹਾਲਤ ਤਰਸਯੋਗ ਹੈ। ਜਿੱਥੇ 'ਜੰਗਲ' ਦੀ ਪ੍ਰੀਭਾਸ਼ਾ ਅਨੁਸਾਰ ਤਾਂ ਕਰੀਬ ਕਰੀਬ ਜੰਗਲ ਰਹੇ ਹੀ ਨਹੀਂ। ਪੰਜਾਬ ਦੇ ਕੁੱਲ 50,362 ਵਰਗ ਕਿਲੋਮੀਟਰ ਖੇਤਰਫਲ ਵਿਚੋਂ ਸਿਰਫ਼ 2868 ਵਰਗ ਕਿਲੋਮੀਟਰ ਰਕਬਾ ਹੀ ਮਹਿਜ਼ ਨਾਂ ਦੇ ਜੰਗਲਾਂ ਹੇਠ ਹੈ। ਇਹ ਜੰਗਲੀ ਖੇਤਰ ਵੀ ਝਾੜੀ-ਨੁਮਾ (ਉਹ ਵੀ ਗੈਰ-ਲਾਭਦਾਇਕ) ਹੈ। ਅਜਿਹਾ ਕਿਉਂ? ਇਸ ਦਾ ਉੱਤਰ ਭਾਵੇਂ ਜੰਗਲਾਤ ਵਿਭਾਗ/ਸਰਕਾਰ ਕੋਲ ਹੈ ਪਰ ਉੱਤਰ ਦੇਣ ਤੋਂ ਪਹਿਲਾਂ ਤਿੱਖੇ ਮੁਲੰਕਣ ਦੀ ਲੋੜ ਹੈ। ਪੰਜਾਬ ਦੇ ਕੁੱਲ ਖੇਤਰ ਦਾ ਸਿਰਫ 5.7% ਹਿੱਸਾ ਹੀ ਜੰਗਲਾਂ ਹੇਠ ਹੈ ਜਿਹੜਾ ਜ਼ਰੂਰੀ 33% ਦਾ ਛੇਵਾਂ ਹਿੱਸਾ ਬਣਦਾ ਹੈ।
       ਜੰਗਲਾਂ ਦੇ ਪ੍ਰਸੰਗ ਵਿਚ ਭਾਵੇਂ ਸਮੁੱਚੇ ਭਾਰਤ ਦੀ ਹਾਲਤ ਵੀ ਤਸੱਲੀਬਖ਼ਸ਼ ਨਹੀਂ ਕਹੀ ਜਾ ਸਕਦੀ ਪਰ ਪੰਜਾਬ ਦੀ ਹਾਲਤ ਤਾਂ ਬੇਹੱਦ ਤਰਸਯੋਗ ਹੈ। ਬਹੁਤੇ ਸੰਘਣੇ ਜੰਗਲਾਂ ਵਿਚ ਅਜਿਹੇ ਵਣ ਆਉਂਦੇ ਹਨ ਜਿੱਥੇ ਬਿਰਖਾਂ ਦਾ ਸੰਘਣਾਪਨ 70% ਤੋਂ ਵੱਧ ਹੈ। ਇਸ ਤੋਂ ਬਾਅਦ ਦਰਮਿਆਨੇ ਸੰਘਣੇ ਜੰਗਲ ਆਉਂਦੇ ਹਨ ਜਿਨ੍ਹਾਂ ਵਿਚ ਬਿਰਖਾਂ ਦਾ ਸੰਘਣਾਪਨ 40 ਤੋਂ 70% ਹੁੰਦਾ ਹੈ। ਖੁੱਲ੍ਹੇ ਜੰਗਲਾਂ ਦਾ ਸੰਘਣਾਪਨ 10-40% ਹੁੰਦਾ ਹੈ। ਝਾੜੀਆਂ ਵਿਚ ਅਜਿਹੇ ਵਣ ਖੇਤਰ ਆਉਂਦੇ ਹਨ ਜਿੱਥੇ ਰੁੱਖਾਂ ਦੀ ਪੈਦਾਵਾਰ ਬਹੁਤ ਕਮਜ਼ੋਰ ਹੁੰਦੀ ਹੈ ਅਤੇ ਸੰਘਣਾਪਨ ਸਿਰਫ 10 ਫ਼ੀਸਦੀ ਤੱਕ ਹੀ ਹੁੰਦਾ ਹੈ। ਜੰਗਲ ਦਾ ਅਰਥ ਘਾਹ ਤਂਂ ਲੈ ਕੇ ਵਿਸ਼ਾਲ ਬਿਰਖ ਸਮੇਤ ਬਹੁ-ਪਰਤੀ ਜੀਵ-ਜੰਤੂ ਹੁੰਦਾ ਹੈ।
      ਪੰਜਾਬ ਅਜਿਹੇ ਝਾੜੀ-ਬਿਰਖਾਂ ਵਾਲੇ ਸੋਮਿਆਂ (10 ਫ਼ੀਸਦੀ ਸੰਘਣਾਪਨ) ਨੂੰ ਹੀ ਜੰਗਲ ਮੰਨੀ ਬੈਠਾ ਹੈ। ਉਂਜ ਪੰਜਾਬ ਵਣ ਵਰਗ ਅਨੁਸਾਰ 4336 ਹੈਕਟੇਅਰ ਰਿਜ਼ਰਵ ਫੌਰੈਸਟ ਅਧੀਨ, 41680 ਹੈਕਟੇਅਰ ਪਰੋਟੈਕਟਿਡ, 73612 ਹੈਕਟੇਅਰ ਸਟਰਿਪ ਅਤੇ 18222 ਹੈਕਟੇਅਰ ਅਨਕਲਾਸ ਫੌਰੈਸਟ ਰਕਬਾ 'ਦਰਸਾਇਆ' ਗਿਆ ਹੈ ਅਤੇ ਪੰਜਾਬ ਲੈਂਡ ਪ੍ਰੀਜਰਵੇਸ਼ਨ ਐਕਟ 1900 ਅਤੇ ਸੈਕਸ਼ਨ 38 ਇੰਡੀਅਨ ਫੌਰੈਸਟ ਐਕਟ 1927 ਆਦਿ 1,67,320 ਹੈਕਟੇਅਰ ਰਕਬਾ ਸਰਕਾਰੀ ਕਾਗਜ਼ਾਂ ਵਿਚ 'ਘਿਰਿਆ' ਹੋਇਆ ਹੈ।
       ਭਾਰਤ ਦੀ ਵਣ ਸਥਿਤੀ ਰਿਪੋਰਟ (2005) ਅਨੁਸਾਰ ਦੇਸ਼ ਵਿਚ 67.71% ਕਰੋੜ ਹੈਕਟੇਅਰ ਵਣ-ਖੇਤਰ ਹੈ ਜਿਹੜਾ ਦੇਸ਼ ਦੇ ਕੁੱਲ ਭੂਗੋਲਿਕ ਖੇਤਰ ਦਾ 20.60% ਹੈ। ਰਿਪੋਰਟ ਮੁਤਾਬਕ ਇਸ ਵਿਚ 5.46 ਕਰੋੜ ਹੈਕਟੇਅਰ (1.66%) ਖੇਤਰ ਵਿਚ ਸੰਘਣੇ ਜੰਗਲ, 33.26 ਕਰੋੜ ਹੈਕਟਰ ਖੇਤਰ (10.12%) ਵਿਚ ਦਰਮਿਆਨੇ ਸੰਘਣੇ ਜੰਗਲ ਅਤੇ ਬਾਕੀ 28.99 ਕਰੋੜ ਹੈਕਟੇਅਰ (8.82%) ਵਿਚ ਹੋਰ ਵਣ ਸ਼ਾਮਿਲ ਹਨ ਜਿਨ੍ਹਾਂ ਵਿਚ 0.44 ਕਰੋੜ ਹੈਕਟੇਅਰ ਮਨੁੱਖ ਦੁਆਰਾ ਉਗਾਏ ਜੰਗਲ ਵੀ ਸ਼ਾਮਿਲ ਹਨ ਪਰ ਪੰਜਾਬ ਕਿਧਰੇ ਨਹੀਂ ਰੜਕਦਾ।
       ਦੇਸ਼ ਵਿਚਲੇ ਨਿਰੋਲ ਵਣ ਵਾਲੇ ਖੇਤਰਾਂ ਵਿਚ ਮੱਧ ਪ੍ਰਦੇਸ਼ ਦਾ ਪਹਿਲਾ ਸਥਾਨ ਹੈ ਜਿੱਥੇ ਦੇਸ਼ ਦੇ ਕੁੱਲ ਵਣ ਵਾਲੇ ਇਲਾਕੇ ਦੇ 11.22% ਖੇਤਰ ਵਿਚ ਵਣ ਹੈ। ਅਰੁਣਾਚਲ ਪ੍ਰਦੇਸ਼ ਵਿਚ 10.01%, ਛੱਤੀਸਗੜ੍ਹ ਵਿਚ 8.25%, ਉੜੀਸਾ ਵਿਚ 7.15% ਅਤੇ ਮਹਾਰਾਸ਼ਟਰ ਵਿਚ 7.1% ਖੇਤਰ ਨਿਰੋਲ ਜੰਗਲ ਵਾਲਾ ਹੈ। ਦੇਸ਼ ਦੇ ਕੁਝ ਵਣ ਵਾਲੇ ਖੇਤਰ ਦਾ 25.11% ਵਣ-ਖੇਤਰ ਪੂਰਬ-ਉੱਤਰ ਦੇ 7 ਰਾਜਾਂ ਵਿਚ ਹੈ ਜਿੱਥੇ ਸਾਰੇ 188 ਜਨਜਾਤੀ/ਆਦਿਵਾਸੀ ਜ਼ਿਲ੍ਹਿਆਂ ਵਿਚ ਦੇਸ਼ ਦੇ ਕੁਝ ਜੰਗਲੀ ਖੇਤਰ ਦਾ 60.11% ਵਣ ਹੈ। ਸਾਹਿਲੀ (ਤੱਟੀ) ਖੇਤਰ ਦੇ ਵਣਾਂ ਤਹਿਤ ਦੇਸ਼ ਦਾ ਕੁਲ 0.44 ਕਰੋੜ ਹੈਕਟੇਅਰ ਰਕਬਾ ਆਉਂਦਾ ਹੈ। ਇਸ ਵਿਚ ਪੱਛਮੀ ਬੰਗਾਲ ਦੇ ਸੁੰਦਰ ਵਣ ਵਿਚ 47%, ਗੁਜਰਾਤ ਵਿਚ 21% ਅਤੇ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਵਿਚ 14% ਹੈ। ਪੰਜਾਬ ਕਿੱਥੇ ਕੁ ਖੜ੍ਹਾ ਹੈ, ਨਾ ਹੀ ਪੁੱਛੋ!
      1966 'ਚ ਰਾਜਾਂ ਦੇ ਪੁਨਰਗਠਨ ਸਦਕਾ ਪੰਜਾਬ ਕੋਲੋਂ ਬਹੁਤ ਸਾਰੇ ਜੰਗਲ ਖੁੱਸ ਗਏ। ਦੇਸ਼ ਦੀ ਵਣਨੀਤੀ (1984) ਅਨੁਸਾਰ ਦੇਸ਼ ਦੇ ਕੁਲ ਰਕਬੇ ਦਾ ਤੀਜਾ ਹਿੱਸਾ ਜੰਗਲਾਂ ਹੇਠਾਂ ਹੋਣਾ ਚਾਹੀਦਾ ਹੈ ਜਦਕਿ ਪੰਜਾਬ ਵਿਚ ਇਹ ਸਿਰਫ 20ਵਾਂ ਹੈ। ਜੀਅ ਪ੍ਰਤੀ ਆਧਾਰ ਤੇ ਭਾਰਤ ਵਿਚ 0.15 ਹੈਕਟਰ ਜੰਗਲ ਹਨ ਜਦੋਂ ਕਿ ਪੰਜਾਬ ਵਿਚ ਇਹ ਹਿੰਦਸਾ ਸਿਰਫ 0.01 ਹੈਕਟਰ ਹੈ। ਬਿਨਾਂ ਸ਼ੱਕ, ਅਸੀਂ ਖੇਤੀਬਾੜੀ ਵਿਚ ਬੜੀ 'ਤਰੱਕੀ' ਕੀਤੀ ਹੈ। ਪੰਜਾਬ ਸਮੁੱਚੇ ਖੇਤਰਫਲ ਦਾ 1.54 ਫ਼ੀਸਦੀ ਹੈ, ਫਿਰ ਵੀ ਇਸ ਨੇ ਦੇਸ਼ ਨੂੰ ਕਰੀਬ 60 ਫ਼ੀਸਦੀ ਅਨਾਜ ਦੇ ਕੇ ਸ਼ਕਤੀਸ਼ਾਲੀ ਖੇਤੀ ਜੁਗਾੜ ਦਾ ਸਬੂਤ ਦਿੱਤਾ ਹੈ ਪਰ ਇਸ ਵਿਕਾਸ ਨੇ ਸਾਡੇ ਸਮੁੱਚੇ ਵਾਤਾਵਰਨ ਵਿਚ ਉਲਾਰ ਹਾਲਤ ਪੈਦਾ ਕਰ ਦਿੱਤੀ ਹੈ। ਨਿੱਤ ਨਵੀਆਂ ਸਮੱਸਿਆਵਾਂ ਸਾਡੀ ਖੇਤੀ ਨੂੰ ਘੇਰ ਰਹੀਆਂ ਹਨ। ਦੂਸ਼ਿਤ ਵਾਤਾਵਰਨ, ਭੋਂ ਜਰਖੇਜ਼ਤਾ ਵਿਚ ਕਮੀ, ਅਸਾਵੇਂ ਮੀਂਹ, ਜਲ ਸੰਕਟ, ਭੋਂ-ਖੋਰ, ਕੱਲਰ, ਸੇਮ, ਹੜ੍ਹ ਆਦਿ ਆਫ਼ਤਾਂ ਨੇ ਸਾਡੇ ਕੁਦਰਤੀ (ਈਕੋਲੋਜੀਕਲ) ਸਮਤੋਲ ਨੂੰ ਵਿਗਾੜਨਾ ਸ਼ੁਰੂ ਕਰ ਦਿੱਤਾ ਹੈ।
      ਇਸ ਸੰਕਟ ਸਾਰੇ ਦਾ ਕਾਰਨ ਪੰਜਾਬ ਵਿਚ ਤੇਜ਼ੀ ਨਾਲ ਘਟਦੇ ਦਰੱਖਤ ਵੀ ਹਨ। ਸੰਨ 1985-86 ਵਿਚ 2,82,296 ਹੈਕਟੇਅਰ ਭੂਮੀ ਜੰਗਲਾਂ ਹੇਠ ਸੀ ਪਰ 1988-89 ਵਿਚ ਇਹੀ ਘਟ ਕੇ 2,64,237 ਹੈਕਟੇਅਰ ਰਹਿ ਗਈ। ਪੰਜਾਬ ਦੇ ਪ੍ਰਸੰਗ ਵਿਚ ਜੰਗਲਾਤ ਨੀਤੀ ਦਰੁਸਤ ਕਰਨ ਦੀ ਲੋੜ ਹੈ। ਸਿਰਫ਼ ਜੰਗਲ ਉਗਾਉਣ ਨਾਲ ਨਹੀਂ ਸਰਨਾ, ਜੰਗਲਾਂ ਦੀ ਮੂਲ ਮਾਂ, ਭੂਮੀ ਤੇ ਜਲ ਸੰਭਾਲ ਵੱਲ ਵੀ ਤਵੱਜੋ ਦੇਣੀ ਪਵੇਗੀ, ਕਿਉਂਕਿ ਪਹਿਲਾਂ ਮਿੱਟੀ ਅਤੇ ਪਾਣੀ ਹੈ, ਫਿਰ ਹੀ ਬਨਸਪਤੀ ਤੇ ਫਿਰ ਜੀਵਕਾ। ਪੰਜਾਬ ਦੀ ਵਿਸ਼ੇਸ਼ ਭੂਗੋਲਿਕ ਹਾਲਤ ਅਤੇ ਖੇਤੀਬਾੜੀ ਪ੍ਰਮੁੱਖਤਾ ਕਾਰਨ ਬੇਸ਼ਕ ਇੱਥੇ ਉਸ ਰੂਪ ਵਿਚ ਜੰਗਲ ਨਹੀਂ ਚਿਤਵੇ ਜਾ ਸਕਦੇ, ਜਿਵੇਂ ਹੋਣੇ ਚਾਹੀਦੇ ਹਨ ਪਰ ਇਸ ਦਾ ਅਰਥ ਇਹ ਵੀ ਨਹੀਂ ਕਿ ਮਹਿਜ਼ ਇਸੇ ਦੀ ਆੜ ਹੇਠ ਕੁਦਰਤੀ ਸਮਤੋਲ ਅਤੇ ਮਨੁੱਖ ਪ੍ਰਤੀ ਜ਼ਿੰਮੇਵਾਰੀ ਤੋਂ ਭੱਜਿਆ ਜਾਵੇ। ਪੰਜਾਬ ਵਿਚ ਸਿਰਫ ਜੰਗਲਾਤ ਵਿਭਾਗ ਉਪਰ ਹੀ ਨਿਰਭਰ ਹੋ ਕੇ ਨਹੀਂ ਸਰਨਾ ਸਗੋਂ ਭਰਾਤਰੀ ਮਹਿਕਮੇ ਬਾਗਬਾਨੀ, ਖੇਤੀਬਾੜੀ, ਵਿਸ਼ੇਸ਼ ਕਰ ਕੇ ਭੂਮੀ ਤੇ ਜਲ ਸੰਭਾਲ ਨੂੰ ਨਾਲ ਲੈ ਕੇ ਲੋਕਾਂ ਦੀ ਸ਼ਮੂਲੀਅਤ ਅਤੇ ਭਰੋਸਾ ਜਿੱਤ ਕੇ ਤੁਰਨਾ ਪਵੇਗਾ, ਤਦ ਹੀ ਢੁਕਵੇਂ ਸਿੱਟੇ ਕੱਢੇ ਜਾ ਸਕਦੇ ਹਨ।
      ਪਹਾੜੀ ਖੇਤਰਾਂ ਵਿਚ ਵਣਾਂ ਦਾ ਹੋਣਾ ਵਾਤਾਵਰਨਕ ਸੰਤੁਲਨ (ਈਕੋਲੋਜੀਕਲ ਬੈਂਲਸ) ਅਤੇ ਵਾਤਾਵਰਨਕ ਸਥਿਰਤਾ ਦੀ ਦ੍ਰਿਸ਼ਟੀ ਤੋਂ ਜ਼ਰੂਰੀ ਤਾਂ ਹੈ ਹੀ, ਇਸ ਨਾਲ ਭੂਮੀ ਦਾ ਕਟਾਅ ਅਤੇ ਜ਼ਮੀਨ ਦੀ ਗੁਣਵੱਤਾ ਵਿਚ ਗਿਰਾਵਟ ਨੂੰ ਰੋਕਣ ਵਿਚ ਵੀ ਮਦਦ ਮਿਲਦੀ ਹੈ। ਜਲ ਸੋਮੇ ਅਤੇ ਜਲ ਤਲ ਨੂੰ ਵੀ ਸਥਿਰਤਾ ਮਿਲਦੀ ਹੈ। ਜਨੌਰਾਂ, ਮੀਂਹ ਅਤੇ ਵਿਸ਼ਵ- ਤਾਪਮਾਨ ਦੇ ਪ੍ਰਸੰਗ ਵਿਚ ਇਹ ਜ਼ਿਆਦਾ ਲਾਹੇਵੰਦ ਹੈ। ਪੰਜਾਬ ਜਿਸ ਦਾ ਮੈਦਾਨੀ ਇਲਾਕਾ ਸੰਘਣੀ ਖੇਤੀ ਹੇਠ ਹੈ, ਦੇ ਮੱਦੇਨਜ਼ਰ ਪਹਾੜੀ ਖਿੱਤੇ ਪ੍ਰਤੀ ਧਿਆਨ ਇਕਾਗਰ ਕਰਨਾ ਹੋਰ ਵੀ ਜ਼ਰੂਰੀ ਹੈ। ਕੌਮੀ ਵਣ ਨੀਤੀ ਵਿਚ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ ਦੇਸ਼ ਦੇ ਪਹਾੜੀ ਖੇਤਰਾਂ ਵਿਚ ਦੋ ਤਿਹਾਈ ਭੂਗੋਲਿਕ ਖੇਤਰ ਜੰਗਲਾਂ ਹੇਠ ਹੋਣ। ਪੰਜਾਬ ਦੇ ਪਹਾੜੀ ਖਿੱਤਿਆਂ ਦੀ ਭੈੜੀ ਹਾਲਤ ਨੂੰ ਛੱਡ ਕੇ ਦੇਸ਼ ਦੇ ਬਾਕੀ ਪਹਾੜੀ ਅਤੇ ਜੰਗਲੀ ਖੇਤਰਾਂ ਵਿਚ ਹਾਲਤ ਕੁਝ ਤਸੱਲੀਬਖ਼ਸ਼ ਹੈ। ਦਰਅਸਲ ਪਹਾੜਾਂ ਰਾਹੀਂ ਅਸੀਂ ਕੁਲ ਰਕਬੇ ਵਿਚ ਤੀਜਾ ਹਿੱਸਾ ਜੰਗਲ ਜ਼ਰੂਰ ਹੋਣ ਦਾ ਨਿਸ਼ਾਨਾ ਪੂਰਾ ਕਰ ਸਕਦੇ ਹਾਂ।
       ਲੋਅਰ ਸ਼ਿਵਾਲਕ ਅਤੇ ਕੰਢੀ ਖੇਤਰ ਵਿਚ ਉੱਥੋ ਦੇ ਬਾਸ਼ਿਦਿੰਆਂ ਅਤੇ ਕੁਦਰਤੀ ਸੋਮਿਆਂ ਨਾਲ ਸੰਬੰਧਤ ਭਰਾਤਰੀ ਮਹਿਕਮਿਆਂ ਨੂੰ ਨਾਲ ਲੈ ਕੇ ਨਾ ਚੱਲਣ ਦੀ ਜੰਗਲਾਤ ਵਿਭਾਗ ਦੀ ਅਚੇਤ-ਸੁਚੇਤ ਨੀਤੀ ਕਾਰਨ ਵੀ ਅਜਿਹੀ ਦੁਰਦਸ਼ਾ ਹੋਈ ਹੈ। ਜੰਗਲਾਤ ਨਿਯਮਾਂ ਨੂੰ 'ਥਾਣੇਦਾਰੀ ਤਰਜ਼' ਨਾਲ ਨਹੀਂ ਸਗੋਂ ਉਸ ਦੀ ਮੂਲ ਭਾਵਨਾ ਅਨੁਸਾਰ ਲਾਗੂ ਕਰਨ ਦੀ ਲੋੜ ਹੈ। ਭੂਮੀ ਤੇ ਜਲ ਸੰਭਾਲ ਵਰਗੇ ਕੁਦਰਤੀ ਸਰੋਤਾਂ ਨਾਲ ਜੁੜੇ ਹੋਏ ਮਹਿਕਮਿਆਂ ਦੇ ਕਾਰਜ ਪਹਾੜੀ ਖਿੱਤਿਆਂ ਵਿਚ ਮੁੱਖ ਰੋਲ ਅਦਾ ਕਰ ਸਕਦੇ ਹਨ। ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਸ਼ਿਵਾਲਕ ਖੇਤਰ ਨੂੰ ਮੜ ਸੁਰਜੀਤ ਕਰਨਾ ਪੈਣਾ ਹੈ। ਜਲ ਸੰਕਟ ਅਤੇ ਸਾਵੇਂ ਵਾਤਾਵਰਨ ਦਾ ਸਸਤਾ ਤੇ ਢੁੱਕਵਾਂ ਹੱਲ ਵੀ ਇਹੀ ਹੈ। ਸਿਰ ਜੋੜ ਕੇ ਬੈਠਣ ਅਤੇ ਭਾਈਵਾਲ ਕੋਸ਼ਿਸ਼ਾਂ ਨਾਲ ਹੀ ਹੱਲ ਸੰਭਵ ਹੈ। ਪਹਾੜਾਂ ਵੱਲ ਧਿਆਨ ਦਿਓ ਪਰ ਮੈਦਾਨੀ ਜੰਗਲ ਬਿਲਕੁਲ ਨਾ ਉਜਾੜੋ, ਇਸੇ ਵਿਚ ਹੀ ਸਾਡਾ ਸਭ ਦਾ ਭਲਾ ਹੈ।

ਸੰਪਰਕ : 94634 39075