ਔਰਤਾਂ, ਕਿਰਤ ਤੇ ਜਬਰ - ਸਵਰਾਜਬੀਰ

ਮਹਾਰਿਸ਼ੀ ਵਾਲਮੀਕ ਰਚਿਤ ਰਮਾਇਣ ਦੇ ਅਯੁੱਧਿਆ ਕਾਂਡ ਵਿਚ ਜਦ ਬਣਵਾਸ ਮਿਲਣ ਤੋਂ ਬਾਅਦ ਭਗਵਾਨ ਰਾਮ, ਸੀਤਾ ਅਤੇ ਲਕਸ਼ਮਣ ਵਣਾਂ ਨੂੰ ਜਾਂਦੇ ਹਨ ਤਾਂ ਉਨ੍ਹਾਂ ਨੂੰ ਇਕ ਅਜਿਹੀ ਜਗ੍ਹਾ ਦੀ ਤਲਾਸ਼ ਹੈ ਜਿੱਥੇ ਉਹ ਆਪਣੇ ਬਣਵਾਸ ਦਾ ਸਮਾਂ ਚੰਗੀ ਤਰ੍ਹਾਂ ਗੁਜ਼ਾਰ ਸਕਣ, ਉਹ ਗੰਗਾ ਜਮਨਾ ਸੰਗਮ ਦੇ ਨਜ਼ਦੀਕ ਰਿਸ਼ੀ ਭਾਰਦਵਾਜ ਦੇ ਦਰਸ਼ਨਾਂ ਲਈ ਜਾਂਦੇ ਹਨ ਜਿਹੜਾ ਉਨ੍ਹਾਂ ਨੂੰ ਚਿਤਰਕੂਟ ਖੇਤਰ ਵਿਚ ਜਾ ਕੇ ਰਹਿਣ ਲਈ ਪ੍ਰੇਰਦਾ ਹੈ। ਉਹ ਦੱਸਦਾ ਹੈ ਕਿ ਉਸ ਖੇਤਰ ਵਿਚ 'ਮੰਦਾਕਨੀ ਨਦੀ, ਅਨੇਕ ਜਲ-ਸ੍ਰੋਤ, ਪਰਬਤ-ਚੋਟੀਆਂ, ਗੁਫ਼ਾਵਾਂ, ਝਰਨੇ' ਹਨ, ''ਉੱਥੋਂ ਦੀ ਭੋਇੰ ਕੋਮਲ ਤੇ ਦ੍ਰਿਸ਼ ਮਨਮੋਹਕ ਹਨ, ਉੱਥੇ ਦਾਵਾਨਲ (ਜੰਗਲ ਵਿਚ ਲੱਗਣ ਵਾਲੀ ਅੱਗ) ਦਾ ਕੋਈ ਭੈਅ ਨਹੀਂ।'' ਰਮਾਇਣ ਅਨੁਸਾਰ ਭਗਵਾਨ ਰਾਮ, ਸੀਤਾ ਅਤੇ ਲਕਸ਼ਮਣ ਚਿਤਰਕੂਟ ਪਰਬਤ ਦੇ ਇਲਾਕੇ ਵਿਚ 11 ਵਰ੍ਹਿਆਂ ਤੋਂ ਜ਼ਿਆਦਾ ਸਮੇਂ ਤਕ ਰਹੇ।
       ਚਿਤਰਕੂਟ ਦਾ ਇਲਾਕਾ ਬੁੰਦੇਲਖੰਡ ਖੇਤਰ ਵਿਚ ਸਥਿਤ ਹੈ ਅਤੇ ਉੱਤਰ ਪ੍ਰਦੇਸ਼ ਦੇ ਚਿਤਰਕੂਟ ਅਤੇ ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਵਿਚ ਫੈਲਿਆ ਹੋਇਆ ਹੈ। ਇਨ੍ਹਾਂ ਦਿਨਾਂ ਵਿਚ ਉੱਤਰ ਪ੍ਰਦੇਸ਼ ਦਾ ਚਿਤਰਕੂਟ ਜ਼ਿਲ੍ਹਾ ਖ਼ਬਰਾਂ ਵਿਚ ਹੈ। ਇਸ ਜ਼ਿਲ੍ਹੇ ਵਿਚ ਜਮਨਾ, ਮੰਦਾਕਨੀ, ਗੁੰਡਾ, ਬਾਗੈ, ਵਾਲਮੀਕੀ, ਬਰਦਾਹਾ ਆਦਿ ਨਦੀਆਂ ਵਹਿੰਦੀਆਂ ਹਨ, ਉੱਤਰੀ ਵਿੰਧਿਆਚਲ ਪਰਬਤ ਮਾਲਾ ਨਾਲ ਸਬੰਧਿਤ ਮੜਫਾ, ਵਾਲਮੀਕੀ ਪਹਾੜ ਅਤੇ ਚਿਤਰਕੂਟ ਪਰਬਤ ਮਾਲਾ ਅਤੇ ਹੋਰ ਪਹਾੜ ਹਨ। ਇਸ ਜ਼ਿਲ੍ਹੇ ਵਿਚ ਗਰੇਨਾਈਟ, ਸੈਂਡਸਟੋਨ, ਸਿਲੀਕਾ ਆਦਿ ਧਾਤਾਂ ਮਿਲਦੀਆਂ ਹਨ। ਇਸ ਜ਼ਿਲ੍ਹੇ ਦਾ ਖ਼ਬਰਾਂ ਦੇ ਕੇਂਦਰ ਵਿਚ ਹੋਣ ਦਾ ਮੌਜੂਦਾ ਕਾਰਨ ਇੱਥੋਂ ਦੀਆਂ ਨਦੀਆਂ ਵਿਚ ਹੋ ਰਿਹਾ ਗ਼ੈਰ-ਕਾਨੂੰਨੀ ਖਣਨ ਅਤੇ ਉਸ ਦੇ ਨਾਲ-ਨਾਲ ਉੱਥੇ ਕਬਾਇਲੀ/ਜਨਜਾਤੀ ਭਾਈਚਾਰੇ ਨਾਲ ਸਬੰਧਿਤ ਜਵਾਨ ਕੁੜੀਆਂ ਦਾ ਸਰੀਰਕ ਸ਼ੋਸ਼ਣ ਹੈ।
      ਕੁਝ ਦਿਨ ਪਹਿਲਾਂ 'ਇੰਡੀਆ ਟੂਡੇ ਟੀਵੀ' ਦੀ ਪੱਤਰਕਾਰ ਨੇ ਇਸ ਇਲਾਕੇ ਬਾਰੇ ਰਿਪੋਰਟ ਟੈਲੀਵਿਜ਼ਨ 'ਤੇ ਦਿਖਾਈ ਕਿ ਕਿਵੇਂ ਨੌਜਵਾਨ ਕੁੜੀਆਂ ਤੋਂ ਨਦੀਆਂ ਵਿਚ ਹੋ ਰਹੇ ਖਣਨ ਲਈ ਮਜ਼ਦੂਰੀ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਵੀ ਕੀਤਾ ਜਾਂਦਾ ਹੈ। ਉਹ ਦ੍ਰਿਸ਼ ਦਿਲ ਦਹਿਲਾਉਣ ਵਾਲੇ ਹਨ। ਇਕ ਕਬਾਇਲੀ ਭਾਈਚਾਰੇ (ਇਸ ਭਾਈਚਾਰੇ ਨੂੰ ਮੱਧ ਪ੍ਰਦੇਸ਼ ਵਿਚ ਜਨਜਾਤੀ ਮੰਨਿਆ ਜਾਂਦਾ ਹੈ ਅਤੇ ਉੱਤਰ ਪ੍ਰਦੇਸ਼ ਵਿਚ ਨਹੀਂ) ਨਾਲ ਸਬੰਧਿਤ ਕੁੜੀਆਂ ਤੋਂ ਕੰਮ ਕਰਵਾਉਣ ਵਾਲੇ ਠੇਕੇਦਾਰ ਉਨ੍ਹਾਂ ਤੋਂ ਮਜ਼ਦੂਰੀ ਕਰਵਾਉਣ ਲਈ ਤਾਂ ਹੀ ਸਹਿਮਤ ਹੁੰਦੇ ਹਨ ਜੇਕਰ ਉਹ ਸਰੀਰਕ ਸ਼ੋਸ਼ਣ ਲਈ ਤਿਆਰ ਹੋਣ। ਉਨ੍ਹਾਂ ਨੂੰ 150-200 ਰੁਪਏ ਤਕ ਦਿਹਾੜੀ ਮਿਲਦੀ ਹੈ ਅਤੇ ਨਾਲ ਹੀ ਸਰੀਰ ਦੀ ਭੇਟ ਵੀ ਚੜ੍ਹਾਉਣੀ ਪੈਂਦੀ ਹੈ। ਜੇ ਉਹ ਸਰੀਰਕ ਸ਼ੋਸ਼ਣ ਵਿਰੁੱਧ ਬੋਲਦੀਆਂ ਹਨ ਤਾਂ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਕੰਮ ਹੀ ਨਹੀਂ ਦਿੱਤਾ ਜਾਵੇਗਾ। ਇਕ ਦ੍ਰਿਸ਼ ਵਿਚ ਪੱਕੀ ਉਮਰ ਦੀ ਇਕ ਔਰਤ ਦੱਸਦੀ ਹੈ ਕਿ ਭਾਵੇਂ ਉਸ ਦੀ ਧੀ ਨੇ ਉਸ ਨੂੰ ਇਹ ਸਾਰੀ ਕਹਾਣੀ ਦੱਸੀ, ਪਰ ਉਸ ਨੇ ਆਪਣੀ ਧੀ ਨੂੰ ਇਹ ਸਭ ਕੁਝ ਸਹਿਣ ਕਰਨ ਲਈ ਕਿਹਾ ਕਿਉਂਕਿ ਕੰਮ ਨਾ ਮਿਲਣ (ਨਾਲ ਹੀ ઠ ਸਰੀਰਕ ਸ਼ੋਸ਼ਣ ਨਾ ਕਰਵਾਉਣ) 'ਤੇ ਪੈਸੇ ਨਾ ਮਿਲਣ ਕਾਰਨ ਉਹ ਭੁੱਖੇ ਮਰ ਜਾਣਗੇ ਅਤੇ ਘਰ ਦੇ ਬਿਮਾਰ ਜੀਆਂ ਦਾ ਇਲਾਜ ਨਹੀਂ ਹੋ ਸਕੇਗਾ। ਸਾਡੇ ਕੋਲ ਵੱਖਰੇ ਤੇ ਮੁਕਾਬਲੇ ਵਾਲੇ ਦ੍ਰਿਸ਼ ਹਨ : ਇਕ ਪਾਸੇ ਮਹਾਂ-ਕਵੀਆਂ ਦੁਆਰਾ ਇਲਾਕੇ ਦੀ ਮਹਿਮਾ ਹੈ, ਦੂਸਰੇ ਪਾਸੇ ਅੱਜ ਦੀ ਹਕੀਕਤ।
       ਟੈਲੀਵਿਜ਼ਨ 'ਤੇ ਅਜਿਹੇ ਹੌਲਨਾਕ ਦ੍ਰਿਸ਼ ਵੇਖ ਕੇ ਸਰਕਾਰੀ ਤੰਤਰ ਜਾਗਿਆ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਘਟਨਾ ਦੀ ਜਾਂਚ ਕਰਨ ਲਈ ਕਮੇਟੀ ਬਣਾਈ, ਪਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਨਾਲ ਹੀ ਇਹ ਬਿਆਨ ਦੇ ਦਿੱਤਾ ਕਿ ਕਿਸੇ ਮੁਟਿਆਰ ਦਾ ਸਰੀਰਕ ਸ਼ੋਸ਼ਣ ਨਹੀਂ ਹੋਇਆ। ਬੱਚਿਆਂ ਦੇ ਹੱਕਾਂ ਦੀ ਰਾਖੀ ਲਈ ਰਾਸ਼ਟਰੀ ਕਮਿਸ਼ਨ (National Commission for Protection of Child Rights) ਨੇ ਕਿਹਾ ਕਿ ਉਹ ਸੂਬਾਈ ਕਮਿਸ਼ਨ ਨੂੰ ਇਸ ਘਟਨਾ ਦੀ ਜਾਂਚ-ਪੜਤਾਲ ਕਰਨ ਲਈ ਕਹੇਗਾ। ਸੂਬਾਈ ਕਮਿਸ਼ਨ ਦੇ ਤਿੰਨ ਮੈਂਬਰ ਪੜਤਾਲ ਕਰਨ ਲਈ ਪਹੁੰਚੇ, ਪਰ ਨਾਲ ਪੁਲੀਸ ਵੀ ਗਈ। ਖ਼ਬਰਾਂ ਵਿਚ ਦੱਸਿਆ ਜਾ ਰਿਹਾ ਹੈ ਕਿ ਪੁਲੀਸ ਵਾਲਿਆਂ ਵਿਚ ਉਹ ਪੁਲੀਸ ਕਰਮਚਾਰੀ ਵੀ ਸ਼ਾਮਲ ਸੀ ਜਿਸ ਨੇ ਟੈਲੀਵਿਜ਼ਨ 'ਤੇ ਆਪਣੀ ਦੁਰਦਸ਼ਾ ਦੱਸਣ ਵਾਲੀਆਂ ਔਰਤਾਂ ਦੀ ਸ਼ਨਾਖ਼ਤ ਕੀਤੀ ਸੀ। ਸੂਬਾਈ ਕਮਿਸ਼ਨ ਨੇ ਕਿਹਾ ਕਿ ਸਬੰਧਿਤ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਧੀਆਂ ਨਾਲ ਕੋਈ ਜਬਰ ਨਹੀਂ ਹੋਇਆ, ਪਰ ਨਾਲ ਹੀ ਕਮਿਸ਼ਨ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਤਾੜਨਾ ਕੀਤੀ ਕਿ ਉਨ੍ਹਾਂ ਨੂੰ ਅਜਿਹੇ ਕੇਸਾਂ ਪ੍ਰਤੀ ਸੰਵੇਦਨਸ਼ੀਲਤਾ ਵਰਤਣੀ ਚਾਹੀਦੀ ਹੈ ਤਾਂ ਕਿ ਪੀੜਤਾਂ ਨੂੰ ਨਿਆਂ ਦਿਵਾਇਆ ਜਾ ਸਕੇ। ਕੇਹੀ ਸੰਵੇਦਨਸ਼ੀਲਤਾ? ਕੇਹਾਂ ਨਿਆਂ? ਜਦ ਸਰਕਾਰੀ ਅਧਿਕਾਰੀ ਕਹਿ ਰਹੇ ਹਨ ਕਿ ਕੋਈ ਪੀੜਤ ਹੀ ਨਹੀਂ ਤਾਂ ਨਿਆਂ ਕਿਸ ਗੱਲ ਦਾ? ਸਵਾਲ ਉੱਠਦਾ ਹੈ ਕਿ ਕੀ ਇਨ੍ਹਾਂ ਔਰਤਾਂ ਨੇ ਪਹਿਲਾਂ ਟੈਲੀਵਿਜ਼ਨ 'ਤੇ ਝੂਠ ਬੋਲਿਆ ਸੀ। ਸਪੱਸ਼ਟ ਹੈ ਕਿ ਗ਼ਰੀਬ ਪਰਿਵਾਰਾਂ ਤਕ ਪਹੁੰਚ ਕੇ ਉਨ੍ਹਾਂ ਨੂੰ ਜ਼ਬਾਨ ਬੰਦ ਰੱਖਣ ਲਈ ਕਿਹਾ ਜਾ ਚੁੱਕਾ ਹੈ। ਟੈਲੀਵਿਜ਼ਨ 'ਤੇ ਤਾਂ ਇਕ ਮਾਂ ਨੇ ਖ਼ੁਦ ਕਿਹਾ ਸੀ ਕਿ ਢਿੱਡ ਨੂੰ ਝੁਲਕਾ ਦੇਣ ਤੇ ਪਰਿਵਾਰ ਪਾਲਣ ਦੀ ਮਜਬੂਰੀ ਵਿਚ ਉਸ ਨੇ ਧੀ ਨੂੰ ਸਭ ਕੁਝ ਸਹਿਣ ਲਈ ਕਿਹਾ। ਉਨ੍ਹਾਂ ਬੋਲਾਂ ਵਿਚ ਹੀ ਭਵਿੱਖ ਵਿਚ ਵਾਪਰਨ ਵਾਲੀ ਹਰ ਕਹਾਣੀ ਛਿਪੀ ਹੋਈ ਸੀ। ਹੁਣ ਕਮਿਸ਼ਨ ਦੀਆਂ ਮੈਂਬਰਾਂ ਸਾਹਮਣੇ ਨਾ ਬੋਲਣਾ ਉਨ੍ਹਾਂ ਦੀ ਮਜਬੂਰੀ ਹੈ, ਇਸ ਦਾ ਮਤਲਬ ਇਹ ਹੈ ਕਿ ਤਾਕਤਵਰਾਂ ਨੇ ਉਨ੍ਹਾਂ ਨੂੰ ਡਰਾ ਦਿੱਤਾ ਹੈ। ਜਿਹੜੇ ਲੋਕ ਔਰਤ ਤੋਂ ਮਜ਼ਦੂਰੀ ਕਰਾਉਣ ਦੇ ਨਾਲ-ਨਾਲ ਉਸ ਦਾ ਸਰੀਰਕ ਸ਼ੋਸ਼ਣ ਕਰਦੇ ਹਨ, ਉਨ੍ਹਾਂ ਦੀ ਮਾਨਸਿਕਤਾ ਕਿੰਨੀ ਵਿਕਰਤ ਤੇ ਖੂੰਖਾਰ ਹੋ ਸਕਦੀ ਹੈ, ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ।
        ਤਾਕਤਵਰ ਸਿਰਫ਼ ਮਰਦਾਂ ਤੇ ਔਰਤਾਂ ਤੋਂ ਵਿੱਤ ਤੋਂ ਜ਼ਿਆਦਾ ਕੰਮ ਹੀ ਨਹੀਂ ਕਰਾਉਣੇ ਚਾਹੁੰਦੇ ਸਗੋਂ ਉਨ੍ਹਾਂ ਦੇ ਸਰੀਰਾਂ ਉੱਤੇ ਆਪਣੀ ਤਾਕਤ ਦੇ ਨਿਸ਼ਾਨ ਵੀ ਦਾਗਣੇ/ਉੱਕਰਨੇ ਚਾਹੁੰਦੇ ਹਨ। ਪੁਰਾਣੇ ਸਮਿਆਂ ਵਿਚ ਮਰਦ ਕੋੜਿਆਂ, ਲਾਠੀਆਂ ਆਦਿ ਨਾਲ ਕੁੱਟੇ ਜਾਂਦੇ ਸਨ, ਹੁਣ ਏਦਾਂ ਦਾ ਵਰਤਾਰਾ ਸੰਭਵ ਨਹੀਂ, ਪਰ ਸਾਡੀ ਮਰਦ-ਪ੍ਰਧਾਨ ਸਮਾਜਿਕ ਬਣਤਰ ਕਾਰਨ ਔਰਤਾਂ ਅਜੇ ਵੀ ਮਰਦਾਂ ਤੋਂ ਕਮਜ਼ੋਰ ਤੇ ਅਸੀਲ ਹਨ। ਤਾਕਤ ਦੀ ਕਹਾਣੀ ਔਰਤਾਂ ਦੇ ਸਰੀਰਾਂ 'ਤੇ ਅਜੇ ਵੀ ਲਿਖੀ ਜਾ ਰਹੀ ਹੈ, ਕੰਮ ਕਰਵਾਉਣ ਦੇ ਨਾਲ-ਨਾਲ ਸਰੀਰਕ ਸ਼ੋਸ਼ਣ ਦੇ ਰੂਪ ਵਿਚ, ਉਸ ਸ਼ੋਸ਼ਣ ਲਈ ਪਹਿਲਾਂ ਹੀ ਸੌਦਾ ਕਰ ਲਿਆ ਜਾਂਦਾ ਹੈ: ''ਮਜ਼ਦੂਰੀ ਕਰੋ, ਪੈਸੇ ਮਿਲਣਗੇ, ਪਰ ਨਾਲ-ਨਾਲ ਸਰੀਰ ਨੂੰ ਭੇਟ ਕਰਨਾ ਹੋਵੇਗਾ।'' ਤਾਕਤ ਅਤੇ ਸਰਮਾਏ ਦੀ ਖੇਡ ਵਿਚ ਔਰਤ ਦੇ ਸਰੀਰ ਦੀ ਬਾਜ਼ੀ ਹਮੇਸ਼ਾ ਲੱਗਦੀ ਰਹੀ ਹੈ, ਮਰਦ-ਪ੍ਰਧਾਨ ਸਮਾਜ ਇਸ ਤਰ੍ਹਾਂ ਹੀ ਬਣੇ ਅਤੇ ਕਾਇਮ ਰਹਿੰਦੇ ਹਨ।
       ਟੈਲੀਵਿਜ਼ਨ 'ਤੇ ਇਨ੍ਹਾਂ ਔਰਤਾਂ ਦੇ ਦ੍ਰਿਸ਼ ਵੇਖ ਕੇ ਮਹਾਸ਼ਵੇਤਾ ਦੇਵੀ ਦੇ ਨਾਵਲਾਂ ਤੇ ਕਹਾਣੀਆਂ ਦੀ ਯਾਦ ਆਉਂਦੀ ਹੈ ਜਿਨ੍ਹਾਂ ਵਿਚ ਕਬਾਇਲੀ ਮਰਦਾਂ ਅਤੇ ਔਰਤਾਂ 'ਤੇ ਹੁੰਦੇ ਸ਼ੋਸ਼ਣ ਦਾ ਮਾਰਮਿਕ ਵਰਣਨ ਹੈ। ਆਪਣੀ ਇਕ ਕਹਾਣੀ ਵਿਚ ਮਹਾਸ਼ਵੇਤਾ ਦੇਵੀ ਕਬਾਇਲੀ ਔਰਤ 'ਦੌਲਤੀ' ਦੀ ਕਹਾਣੀ ਦੱਸਦੀ ਹੈ ਜਿਸ ਨੂੰ ਸਾਰੀ ਉਮਰ ਜਬਰ, ਹਿੰਸਾ, ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ। ਕਹਾਣੀ 1975 ਵਿਚ ਖ਼ਤਮ ਹੁੰਦੀ ਹੈ ਜਦ ਐਮਰਜੈਂਸੀ ਦਾ ਐਲਾਨ ਹੁੰਦਾ ਹੈ ਅਤੇ ਸਥਾਨਕ ਆਗੂ 15 ਅਗਸਤ ਦਾ ਦਿਨ ਮਨਾਉਣ ਲਈ ਜ਼ਮੀਨ 'ਤੇ ਦੇਸ਼ ਦਾ ਬਹੁਤ ਵੱਡਾ ਨਕਸ਼ਾ ਬਣਾ ਰਿਹਾ ਹੈ। ਦੌਲਤੀ ਦੇ ਮੂੰਹ 'ਚੋਂ ਵਗਦਾ ਲਹੂ ਉਸ ਨਕਸ਼ੇ 'ਤੇ ਡਿੱਗਦਾ ਹੈ। ਦੌਲਤੀ ਮਰ ਜਾਂਦੀ ਹੈ। ਉਹ ਇਸ ਦੇਸ਼ ਦੀ ਧੀ ਸੀ। ਮਹਾਸ਼ਵੇਤਾ ਦੇਵੀ ਕਹਿਣਾ ਚਾਹੁੰਦੀ ਹੈ ਕਿ ਜੋ ਦੌਲਤੀ ਨਾਲ ਹੋਇਆ, ਅਸਲ ਵਿਚ ਉਹ ਸਾਰੇ ਦੇਸ਼ ਨਾਲ ਹੋ ਰਿਹਾ ਹੈ। ਗੈਬਰੀਅਲ ਕੋਲੂ (Gabrielle Collu) ਅਨੁਸਾਰ ਮਹਾਸ਼ਵੇਤਾ ਦੇਵੀ ਦਰਸਾ ਰਹੀ ਹੈ ਕਿ ਜਦ ਤਕ ਸਮਾਜ ਵਿਚ ਸਮਾਜਿਕ, ਆਰਥਿਕ ਅਤੇ ਲਿੰਗਕ ਅਸਮਾਨਤਾਵਾਂ ਹਨ, ਤਦ ਤਕ ਔਰਤ ਨੂੰ ਅਸਲੀ ਆਜ਼ਾਦੀ ਮਿਲਣੀ ਅਸੰਭਵ ਹੈ। ਇਸੇ ਤਰ੍ਹਾਂ ਜੋ ਚਿਤਰਕੂਟ ਵਿਚ ਹੋ ਰਿਹਾ ਹੈ, ਅਜਿਹੇ ਵਰਤਾਰੇ ਦੇਸ਼ ਵਿਚ ਕਈ ਥਾਵਾਂ 'ਤੇ ਵਾਪਰ ਰਹੇ ਹਨ। ਔਰਤਾਂ, ਦਲਿਤ, ਦਮਿਤ ਅਤੇ ਬੱਚੇ ਲਗਾਤਾਰ ਜਬਰ ਦਾ ਸ਼ਿਕਾਰ ਬਣਾਏ ਜਾ ਰਹੇ ਹਨ।
       ਆਜ਼ਾਦੀ ਅਤੇ ਨਿਆਂ ਕਦੇ ਵੀ ਸੰਪੂਰਨ ਨਹੀਂ ਹੋ ਸਕਦੇ। ਇਨ੍ਹਾਂ ਵਾਸਤੇ ਨਿਰੰਤਰ ਲੜਾਈ ਲੜਣੀ ਪੈਂਦੀ ਹੈ। ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ ਚਿਤਰਕੂਟ ਦੀ ਰਿਪੋਰਟ ਬਾਰੇ ਕੁਝ ਦਿਨ ਪੈਦਾ ਹੋਏ ਵਾਦ-ਵਿਵਾਦ ਬਾਅਦ ਸਾਰੇ ਚੁੱਪ ਕਿਉਂ ਹੋ ਗਏ ਹਨ। ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਕੁਝ ਖੱਬੇ-ਪੱਖੀ ਆਗੂਆਂ ਨੇ ਇਸ ਰਿਪੋਰਟ ਬਾਰੇ ਬਿਆਨ ਦਿੱਤੇ ਅਤੇ ਉੱਤਰ ਪ੍ਰਦੇਸ਼ ਦੀ ਸਰਕਾਰ ਨੂੰ ਭੰਡਿਆ, ਪਰ ਸਵਾਲ ਇਹ ਹੈ ਕਿ ਜ਼ਮੀਨੀ ਪੱਧਰ 'ਤੇ ਕੀ ਕੀਤਾ ਗਿਆ।
      ਕਿਸੇ ਦੁਖਦਾਈ ਘਟਨਾ ਬਾਰੇ ਬਿਆਨ ਦੇਣੇ ਅਤੇ ਸੋਸ਼ਲ ਮੀਡੀਆ ਪਲੈਟਫਾਰਮਾਂ 'ਤੇ ਉਸ ਦਾ ਵਿਰੋਧ ਕਰਨਾ ਉਸ ਵਰਤਾਰੇ ਦੇ ਵਿਰੋਧ ਵਿਚ ਚੁੱਕੇ ਗਏ ਪਹਿਲੇ ਕਦਮ ਹੁੰਦੇ ਹਨ। ਅਸਲੀ ਕੰਮ ਜ਼ਮੀਨੀ ਪੱਧਰ 'ਤੇ ਪੀੜਤ ਲੋਕਾਂ ਤਕ ਪਹੁੰਚ ਕਰਕੇ ਉਨ੍ਹਾਂ ਨੂੰ ਜਥੇਬੰਦ ਕਰਨ ਅਤੇ ਉਨ੍ਹਾਂ ਦੇ ਹੱਕ ਵਿਚ ਲੋਕ-ਲਹਿਰ ਖੜ੍ਹੀ ਕਰਨ ਦਾ ਹੁੰਦਾ ਹੈ। ਸਾਡੇ ਦੇਸ਼ ਵਿਚ ਸੋਸ਼ਲ ਮੀਡੀਆ ਦੀ ਪੱਧਰ 'ਤੇ ਤਾਂ ਕਈ ਥਾਵਾਂ 'ਤੇ ਅਨਿਆਂ ਦਾ ਵਿਰੋਧ ਹੁੰਦਾ ਦਿਖਾਈ ਦਿੰਦਾ ਹੈ, ਪਰ ਜ਼ਮੀਨੀ ਪੱਧਰ 'ਤੇ ਉਸ ਦਾ ਅਕਸ ਤੇ ਝਲਕ ਨਜ਼ਰ ਨਹੀਂ ਆਉਂਦੇ। ਇਹ ਖਲਾਅ ਭਿਆਨਕ ਹੈ। ਸਿਆਸੀ ਪਾਰਟੀਆਂ ਅਤੇ ਜਮਹੂਰੀ, ਸਮਾਜਿਕ ਅਤੇ ਜਨਤਕ ਜਥੇਬੰਦੀਆਂ ਨੂੰ ਇਸ ਸਬੰਧ ਵਿਚ ਚੇਤਨ ਹੋਣ ਦੀ ਜ਼ਰੂਰਤ ਹੈ। ਉਨ੍ਹਾਂ ਦਾ ਏਕਾ ਤੇ ਏਕੇ ਵਿਚੋਂ ਉਗਮਣ ਵਾਲਾ ਸੰਘਰਸ਼ ਹੀ ਇਸ ਖਿਲਾਅ ਨੂੰ ਭਰ ਸਕਦੇ ਹਨ। ਦੁਨੀਆ ਭਰ ਵਿਚ ਹਾਕਮ ਜਮਾਤਾਂ ਕੋਵਿਡ-19 ਦੇ ਓਹਲੇ ਵਿਚ ਜਮਹੂਰੀ ਅੰਦੋਲਨਾਂ ਅਤੇ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਜਮਹੂਰੀ ਸ਼ਕਤੀਆਂ ਨੂੰ ਜ਼ਮੀਨੀ ਪੱਧਰ 'ਤੇ ਸੰਘਰਸ਼ਾਂ 'ਚੋਂ ਗ਼ੈਰਹਾਜ਼ਰ ਰਹਿ ਕੇ ਹਾਕਮ ਜਮਾਤਾਂ ਦੀ ਸਹਾਇਤਾ ਨਹੀਂ ਕਰਨੀ ਚਾਹੀਦੀ। ਸਾਰੇ ਵੇਲੇ ਸੰਘਰਸ਼ ਦੇ ਵੇਲੇ ਹੁੰਦੇ ਹਨ ਭਾਵੇਂ ਉਨ੍ਹਾਂ ਵਿਚ ਮਹਾਮਾਰੀਆਂ ਹੋਣ ਜਾਂ ਨਾ ਹੋਣ। ਜ਼ਮੀਨੀ ਸੰਘਰਸ਼ 'ਚੋਂ ਗ਼ੈਰਹਾਜ਼ਰੀ ਇਕ ਭਿਆਨਕ ਮਹਾਮਾਰੀ ਬਣ ਸਕਦੀ ਹੈ।