ਅਗਲੀਆਂ ਚੋਣਾਂ ਨੂੰ ਪ੍ਰਭਾਵਤ ਕਰ ਸਕਦਾ ਹੈ ਅਕਾਲੀ ਆਗੂਆਂ ਦੇ ਵਿਰੁੱਧ ਧਾਰਮਿਕ ਦੋਸ਼ਾਂ ਦਾ ਮੁੱਦਾ - ਜਤਿੰਦਰ ਪਨੂੰ

ਸਾਰੀ ਦੁਨੀਆ ਦਾ ਸਾਹ ਸੁਕਾਉਣ ਵਾਲੀ ਕੋਰੋਨਾ ਵਾਇਰਸ ਦੀ ਮਹਾਮਾਰੀ ਭਾਰਤ ਵਿੱਚ ਬੇਕਾਬੂ ਹੋਈ ਜਾ ਰਹੀ ਹੈ ਅਤੇ ਭਾਰਤ ਸਰਕਾਰ ਮੰਨੇ ਜਾਂ ਨਾ, ਇਹ ਕੁਝ ਥਾਂਵਾਂ ਉੱਤੇ ਕਮਿਊਨਿਟੀ ਸਪਰੈੱਡ ਦਾ ਪ੍ਰਭਾਵ ਵੀ ਦੇਣ ਲੱਗੀ ਹੈ। ਪਿਛਲੀ ਸੋਲਾਂ ਜੁਲਾਈ ਦੇ ਦਿਨ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ ਦਸ ਲੱਖ ਤੋਂ ਟੱਪ ਗਈ ਅਤੇ ਮੌਤਾਂ ਦੀ ਗਿਣਤੀ ਵੀ ਓਸੇ ਸੋਲਾਂ ਜੁਲਾਈ ਦੇ ਦਿਨ ਪੰਝੀ ਹਜ਼ਾਰ ਨੂੰ ਟੱਪ ਗਈ ਸੀ। ਉਸ ਤੋਂ ਇੱਕ ਹਫਤਾ ਪਹਿਲਾਂ ਰੋਜ਼ ਨਵੇਂ ਮਿਲ ਰਹੇ ਕੇਸ ਪੰਝੀ ਹਜ਼ਾਰ ਤੋਂ ਕੁਝ ਵੱਧ ਹੁੰਦੇ ਸਨ ਅਤੇ ਸੋਲਾਂ ਜੁਲਾਈ ਦੇ ਅੱਗੇ-ਪਿੱਛੇ ਨਵੇਂ ਕੇਸਾਂ ਦੀ ਰੋਜ਼ਾਨਾ ਗਿਣਤੀ ਵੀ ਪੈਂਤੀ ਹਜ਼ਾਰ ਹੋਣ ਦੀ ਨੌਬਤ ਆ ਗਈ। ਸਾਡਾ ਪੰਜਾਬ ਬਾਕੀ ਰਾਜਾਂ ਨਾਲੋਂ ਕਾਫੀ ਬਚਿਆ ਰਿਹਾ ਹੈ, ਪਰ ਇਸ ਦਾ ਅਰਥ ਇਹ ਨਹੀਂ ਕਿ ਏਥੇ ਬਿਮਾਰੀ ਵਧਦੀ ਨਹੀਂ। ਏਥੇ ਕੇਸ ਵੀ ਲਗਾਤਾਰ ਵਧਦੇ ਜਾਂਦੇ ਹਨ ਤੇ ਮੌਤਾਂ ਵਧਣੀਆਂ ਵੀ ਲਗਾਤਾਰ ਜਾਰੀ ਹਨ, ਜਿਸ ਕਰ ਕੇ ਕੁੱਲ ਕੇਸਾਂ ਦੀ ਗਿਣਤੀ ਦਸ ਹਜ਼ਾਰ ਦੇ ਅਤੇ ਮੌਤਾਂ ਦੀ ਗਿਣਤੀ ਢਾਈ ਸੌ ਨੇੜੇ ਪੁੱਜ ਜਾਣ ਪਿੱਛੋਂ ਵੀ ਰੁਕਦੀ ਨਹੀਂ ਪਈ। ਪੰਜਾਬ ਸਰਕਾਰ ਕਾਫੀ ਸਖਤੀ ਕਰ ਰਹੀ ਹੈ, ਪਰ ਲੋਕਾਂ ਦਾ ਅਜੇ ਵੀ ਇਹੋ ਸੁਭਾਅ ਹੈ ਕਿ ਪੁਲਸ ਵਾਲਾ ਮੁਲਾਜ਼ਮ ਸਾਹਮਣੇ ਵੇਖ ਕੇ ਮਾਸਕ ਪਾ ਲੈਂਦੇ ਹਨ ਅਤੇ ਨਾਕਾ ਲੰਘਦੇ ਸਾਰ ਬਹੁਤੇ ਲੋਕ ਜਾਂ ਹੇਠਾਂ ਖਿਸਕਾ ਲੈਂਦੇ ਹਨ ਜਾਂ ਫਿਰ ਲਾਹ ਕੇ ਬੈਗ-ਟੋਕਰੀ ਆਦਿ ਵਿੱਚ ਰੱਖ ਲੈਂਦੇ ਹਨ। ਉਹ ਮਾਸਕ ਨੂੰ ਕਿਸੇ ਢੌਂਗੀ ਫਕੀਰ ਦਾ ਦਿੱਤਾ ਤਵੀਤ ਹੀ ਸਮਝਦੇ ਹਨ, ਜਿਹੜਾ ਪਹਿਨਣ ਦੀ ਲੋੜ ਨਹੀਂ, ਕੋਲ ਪਿਆ ਵੀ ਸਾਨੂੰ ਸਭ ਬਲਾਵਾਂ ਤੋਂ ਬਚਾਈ ਰੱਖੇਗਾ।
ਜਦੋਂ ਇੱਕ ਪਾਸੇ ਇਸ ਮਹਾਮਾਰੀ ਦਾ ਕਹਿਰ ਵਧਦਾ ਜਾ ਰਿਹਾ ਹੈ, ਓਦੋਂ ਨਾਲ ਦੀ ਨਾਲ ਰਾਜਨੀਤਕ ਖੇਡਾਂ ਪੁਰਾਣੇ ਰੰਗ ਵਿੱਚ ਆਉਣ ਦਾ ਮਾਹੌਲ ਇਸ ਤਰ੍ਹਾਂ ਬਣਦਾ ਜਾਂਦਾ ਹੈ ਕਿ ਉਨ੍ਹਾਂ ਸਾਹਮਣੇ ਇਸ ਮਹਾਮਾਰੀ ਦੀ ਹੋਂਦ ਨਿਗੂਣੀ ਜਿਹੀ ਜਾਪਦੀ ਹੈ। ਜਨਵਰੀ ਵਿੱਚ ਜਦੋਂ ਇਸ ਰੋਗ ਦੀ ਲਾਗ ਦੁਨੀਆ ਦੇ ਦੇਸ਼ਾਂ ਵਿੱਚ ਫੈਲਦੀ ਸਾਫ ਦਿੱਸਣ ਲੱਗੀ ਤੇ ਅਮਰੀਕਾ ਵਿੱਚ ਅੱਧ ਫਰਵਰੀ ਵਿੱਚ ਕੋਰੋਨਾ ਵਾਇਰਸ ਪੁੱਜ ਵੀ ਚੁੱਕਾ ਸੀ, ਓਦੋਂ ਰਾਸ਼ਟਰਪਤੀ ਟਰੰਪ ਆਪਣਾ ਦੇਸ਼ ਸੰਭਾਲਣ ਲਈ ਅਗਵਾਈ ਕਰਨ ਦੀ ਥਾਂ ਭਾਰਤ ਦੇ ਦੌਰੇ ਲਈ ਨਿਕਲ ਪਿਆ ਸੀ, ਤਾਂ ਕਿ ਅਗਲੀ ਚੋਣ ਮੌਕੇ ਭਾਰਤੀ ਪ੍ਰਵਾਸੀਆਂ ਦੀਆਂ ਵੋਟਾਂ ਲਈ ਚੱਕਾ ਬੰਨ੍ਹ ਸਕੇ। ਉਸ ਦਾ ਦੌਰਾ ਸ਼ੁਰੂ ਹੋਣ ਤੱਕ ਭਾਰਤ ਵਿੱਚ ਕੋਰੋਨਾ ਵਾਇਰਸ ਦੀ ਆਮਦ ਨੂੰ ਵੀ ਦਸ ਦਿਨ ਤੋਂ ਵੱਧ ਹੋ ਚੁੱਕੇ ਸਨ, ਪਰ ਦੇਸ਼ ਦਾ ਪ੍ਰਧਾਨ ਮੰਤਰੀ ਇਸ ਦੇ ਟਾਕਰੇ ਦੇ ਪ੍ਰਬੰਧ ਵੇਖਣਾ ਭੁੱਲ ਕੇ ਅਮਰੀਕੀ ਰਾਸ਼ਟਰਪਤੀ ਦੇ ਨਾਲ-ਨਾਲ ਘੁੰਮਦਾ ਫਿਰਦਾ ਸੀ। ਉਸ ਨੇ ਤਾਂ ਮੱਧ ਪ੍ਰਦੇਸ਼ ਦੀ ਸਰਕਾਰ ਉਲਟਾਉਣ ਤੇ ਆਪਣੀ ਪਾਰਟੀ ਦੀ ਸਰਕਾਰ ਬਣਾਉਣ ਦੀ ਲੋੜ ਖਾਤਰ ਪਾਰਲੀਮੈਂਟ ਵੀ ਮਾਰਚ ਦੇ ਤੀਸਰੇ ਹਫਤੇ ਤੱਕ ਚੱਲਦੀ ਰੱਖੀ ਸੀ ਅਤੇ ਓਦੋਂ ਹੀ ਉਠਾਈ ਸੀ, ਜਦੋਂ ਰਾਜਸੀ ਹਿੱਤ ਪੂਰਾ ਹੋ ਗਿਆ ਸੀ। ਓਦੋਂ ਤੱਕ ਕੋਰੋਨਾ ਵਾਇਰਸ ਦੀ ਸਥਿਤੀ ਏਨੀ ਗੰਭੀਰ ਹੋ ਗਈ ਕਿ ਮੱਧ ਪ੍ਰਦੇਸ਼ ਵਿੱਚ ਭਾਜਪਾ ਮੁੱਖ ਮੰਤਰੀ ਦੇ ਸਹੁੰ ਚੁੱਕਣ ਤੋਂ ਇੱਕ ਦਿਨ ਪਹਿਲਾਂ ਜਨਤਾ ਕਰਫਿਊ ਲਾ ਕੇ ਸਾਰੇ ਦੇਸ਼ ਦੇ ਲੋਕਾਂ ਨੂੰ ਘਰਾਂ ਵਿੱਚ ਬੰਦ ਹੋਣ ਦੀ ਅਪੀਲ ਕਰਨੀ ਪੈ ਗਈ ਸੀ। ਰਾਜਸੀ ਹਿੱਤਾਂ ਲਈ ਕੀਤੀ ਗਈ ਓਦੋਂ ਦੀ ਦੇਰੀ ਨਾਲ ਜਿਹੜਾ ਬਹੁਤ ਵੱਡਾ ਨੁਕਸਾਨ ਹੋ ਗਿਆ ਸੀ, ਉਸ ਤੋਂ ਸਿੱਟੇ ਕੱਢਣ ਦੀ ਲੋੜ ਸੀ, ਪਰ ਇਹ ਸਿੱਟੇ ਕੱਢੇ ਨਹੀਂ ਗਏ ਅਤੇ ਇਹੋ ਕਾਰਨ ਹੈ ਕਿ ਮਹਾਮਾਰੀ ਨੂੰ ਡੱਕਾ ਲਾਉਣ ਦੀ ਥਾਂ ਰਾਜਸਥਾਨ ਦੀ ਸਰਕਾਰ ਡੇਗਣ ਦੇ ਹੀਲੇ ਸ਼ੁਰੂ ਕਰ ਦਿੱਤੇ ਗਏ ਹਨ।
ਸਾਡੇ ਪੰਜਾਬ ਵਿੱਚ ਵੀ ਜੁਲਾਈ ਦੇ ਚੜ੍ਹਨ ਤੋਂ ਬਾਅਦ ਪਹਿਲੇ ਦੋ ਹਫਤਿਆਂ ਵਿੱਚ ਹੀ ਰਾਜਨੀਤੀ ਚੋਖਾ ਪੈਂਡਾ ਤੈਅ ਕਰ ਗਈ ਹੈ। ਇਹ ਪੈਂਡਾ ਬਹੁਤ ਕਾਹਲੀ ਵਿੱਚ ਤੈਅ ਕੀਤਾ ਗਿਆ ਹੈ। ਸੁਖਦੇਵ ਸਿੰਘ ਢੀਂਡਸੇ ਦਾ ਵੱਖਰਾ ਅਕਾਲੀ ਦਲ ਬਣਾਉਣਾ ਇਸ ਦਾ ਇੱਕ ਪੜਾਅ ਸੀ, ਪਰ ਇਸ ਨਾਲੋਂ ਵੱਡਾ ਪੜਾਅ ਉਹ ਆਇਆ, ਜਦੋਂ ਅਕਾਲੀ-ਭਾਜਪਾ ਸਰਕਾਰ ਦੇ ਦੌਰਾਨ ਗੁਰਦੁਆਰਾ ਰਾਮਸਰ ਸਾਹਿਬ ਅੰਮ੍ਰਿਤਸਰ ਵਿਖੇ ਅੱਗ ਲੱਗਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਦੋ ਸੌ ਸਤਾਹਠ ਬੀੜਾਂ ਦੇ ਸੜ ਜਾਣ ਅਤੇ ਉਨ੍ਹਾਂ ਦਾ ਕੋਈ ਰਿਕਾਰਡ ਰੱਖੇ ਬਗੈਰ ਮਾਮਲਾ ਠੱਪ ਦੇਣ ਦੀ ਗੱਲ ਬਾਹਰ ਆਈ ਸੀ। ਇਨ੍ਹਾਂ ਦਾ ਚਾਰਜ ਜਿਹੜੇ ਸੁਪਰਵਾਈਜ਼ਰ ਕੋਲ ਹੁੰਦਾ ਸੀ, ਉਹ ਜਦੋਂ ਰਿਟਾਇਰ ਹੋਣ ਲੱਗਾ ਅਤੇ ਨਵੇਂ ਸੁਪਰਵਾਈਜ਼ਰ ਨੇ ਰਿਕਾਰਡ ਦੇ ਮੁਤਾਬਕ ਸਾਰੀਆਂ ਬੀੜਾਂ ਦੀ ਮੰਗ ਕੀਤੀ ਤਾਂ ਰਿਟਾਇਰ ਹੋਣ ਵਾਲੇ ਨੇ ਉਸ ਅਗਨੀ ਕਾਂਡ ਦੀ ਕਹਾਣੀ ਖੋਲ੍ਹ ਦਿੱਤੀ ਸੀ। ਰਿਟਾਇਰਮੈਂਟ ਦੇ ਲਾਭ ਰੋਕਣ ਦੇ ਦਾਬੇ ਨਾਲ ਜਦੋਂ ਉਸ ਕੋਲੋਂ ਨੁਕਸਾਨ ਦੀ ਪੂਰਤੀ ਦੇ ਪੈਸੇ ਜਮ੍ਹਾਂ ਕਰਵਾਏ ਗਏ ਤਾਂ ਉਸ ਨੇ ਓਦੋਂ ਦਾ ਮਾਮਲਾ ਮੀਡੀਏ ਵਿੱਚ ਲੈ ਆਂਦਾ ਤੇ ਇਹ ਗੱਲ ਵੀ ਕਹਿ ਦਿੱਤੀ ਕਿ ਸੁਖਬੀਰ ਸਿੰਘ ਬਾਦਲ ਦੇ ਕਹਿਣ ਉੱਤੇ ਇਸ ਦਾ ਕੋਈ ਰਿਕਾਰਡ ਨਹੀਂ ਸੀ ਰੱਖਿਆ ਗਿਆ, ਤਾਂ ਕਿ ਛੇ ਮਹੀਨੇ ਪਿੱਛੋਂ ਆ ਰਹੀਆਂ ਵਿਧਾਨ ਸਭਾ ਚੋਣਾਂ ਉੱਤੇ ਇਸ ਮੁੱਦੇ ਦਾ ਕੋਈ ਉਲਟਾ ਪ੍ਰਛਾਵਾਂ ਨਾ ਪੈ ਜਾਵੇ। ਮੁੱਦਾ ਏਨਾ ਭਖ ਗਿਆ ਕਿ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਨੂੰ ਇਸ ਦੀ ਜਾਂਚ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਿਣਾ ਪਿਆ, ਪਰ ਜਦੋਂ ਲੋਕਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਆਗੂਆਂ ਬਾਰੇ ਬੇਭਰੋਸਗੀ ਦਾ ਮਾਹੌਲ ਦਿੱਸ ਪਿਆ ਤਾਂ ਸ਼੍ਰੋਮਣੀ ਕਮੇਟੀ ਨੇ ਫਿਰ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਇਸ ਦੀ ਜਾਂਚ ਕਿਸੇ ਯੋਗ ਸਿੱਖ ਸ਼ਖਸੀਅਤ ਨੂੰ ਖੁਦ ਹੀ ਸੌਂਪਣ ਲਈ ਕਹਿਣ ਦਾ ਮਤਾ ਪਾਸ ਕਰ ਦਿੱਤਾ।
ਅਜੇ ਇਹ ਮੁੱਦਾ ਕਿਸੇ ਪਾਸੇ ਨਹੀਂ ਸੀ ਲੱਗਾ ਕਿ ਡੇਰਾ ਸੱਚਾ ਸੌਦਾ ਨਾਲ ਜੁੜੀ ਇੱਕ ਬੀਬੀ ਨੇ ਇੱਕ ਟੀ ਵੀ ਚੈਨਲ ਦੀ ਸਿੱਧੀ ਬਹਿਸ ਵਿੱਚ ਇਕ ਹੋਰ ਭੇਦ ਖੋਲ੍ਹ ਦਿੱਤਾ। ਉਸ ਨੇ ਕਿਹਾ ਕਿ ਤੇਰਾਂ ਸਾਲ ਪਹਿਲਾਂ ਡੇਰਾ ਸਿਰਸਾ ਦੇ ਮੁਖੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਪ੍ਰਚਾਰ ਦੀ ਰੀਤ ਚਲਾਉਣ ਦੀ ਨਕਲ ਕਰਨ ਵਾਂਗ ਸਾਂਗ ਰਚਦੇ ਵਕਤ ਜਿਹੜੇ ਕੱਪੜੇ ਉਸ ਵਕਤ ਪਹਿਨੇ ਸਨ, ਉਹ ਪੁਸ਼ਾਕ ਜਿਸ ਨੇ ਭੇਜੀ ਸੀ, ਉਸ ਦਾ ਸਭ ਨੂੰ ਪਤਾ ਹੈ। ਵਾਰ-ਵਾਰ ਪੁੱਛਣ ਉੱਤੇ ਉਸ ਨੇ ਇੱਕ ਰਿਟਾਇਰਡ ਅਫਸਰ ਦੇ ਹਵਾਲੇ ਨਾਲ ਸੁਖਬੀਰ ਸਿੰਘ ਬਾਦਲ ਦਾ ਨਾਂਅ ਲੈ ਦਿੱਤਾ। ਲੋਕਾਂ ਨੂੰ ਅਜੇ ਤੱਕ ਇਹ ਗੱਲ ਯਾਦ ਹੈ ਕਿ ਡੇਰਾ ਮੁਖੀ ਦੇ ਉਸ ਨਾਟਕੀ ਸਮਾਗਮ ਦੇ ਕਾਰਨ ਸੰਸਾਰ ਭਰ ਵਿਚ ਸਿੱਖ ਗੁੱਸੇ ਨਾਲ ਭੜਕ ਪਏ ਸਨ ਅਤੇ ਓਦੋਂ ਪੰਜਾਬ ਦੀ ਸਰਕਾਰ, ਜਿਸ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ, ਨੇ ਪਹਿਲਾਂ ਮਾਹੌਲ ਭੜਕਣ ਦਿੱਤਾ ਤੇ ਫਿਰ ਕਰਫਿਊ ਲਾ ਕੇ ਹੌਲੀ-ਹੌਲੀ ਮਾਹੌਲ ਕਾਬੂ ਕਰ ਕੇ ਡੇਰਾ ਮੁਖੀ ਉੱਤੇ ਕੇਸ ਦਰਜ ਕਰ ਦਿੱਤਾ ਸੀ। ਅਗਲੀਆਂ ਅਸੈਂਬਲੀ ਚੋਣਾਂ ਤੋਂ ਇੱਕ ਦਿਨ ਪਹਿਲਾਂ ਇੱਕ ਥਾਣੇਦਾਰ ਤੋਂ ਉਹ ਕੇਸ ਵਾਪਸ ਲੈਣ ਦਾ ਐਫੀਡੇਵਿਟ ਅਦਾਲਤ ਵਿੱਚ ਪੇਸ਼ ਕਰਾਇਆ ਅਤੇ ਸਾਧ ਨੇ ਵੀ ਅਤੇ ਅਕਾਲੀ ਦਲ ਦੀ ਅਗਵਾਈ ਕਰਦੇ ਪਿਓ-ਪੁੱਤ ਨੇ ਵੀ ਇਸ ਦਾ ਓਹਲਾ ਰੱਖ ਕੇ ਡੇਰੇ ਦੀਆਂ ਵੋਟਾਂ ਲੈਣ ਦਾ ਕੰਮ ਸਿਰੇ ਚਾੜ੍ਹ ਲਿਆ ਸੀ। ਇਹ ਗੱਲ ਅੱਜ ਤੱਕ ਦੱਬੀ ਰਹੀ ਕਿ ਓਦੋਂ ਉਸ ਡੇਰਾ ਮੁਖੀ ਨੇ ਉਹ ਪੁਸ਼ਾਕ ਕਿਸ ਤੋਂ ਲਈ ਤੇ ਕਿਉਂ ਪਾਈ ਸੀ, ਪਰ ਡੇਰੇ ਨਾਲ ਜੁੜੀ ਬੀਬੀ ਵੱਲੋਂ ਕੀਤੇ ਇਸ ਖੁਲਾਸੇ ਨਾਲ ਉਹ ਮੁੱਦਾ ਫਿਰ ਏਨਾ ਕੁ ਭਖ ਗਿਆ ਹੈ ਕਿ ਅੱਜ ਦੀ ਤਰੀਕ ਵਿੱਚ ਹਰ ਪਾਸੇ ਉਸ ਘਟਨਾ ਨਾਲ ਜੋੜ ਕੇ ਸੁਖਬੀਰ ਸਿੰਘ ਬਾਦਲ ਬਾਰੇ ਚਰਚਾ ਹੋਈ ਜਾ ਰਹੀ ਹੈ। ਕਈ ਲੋਕਾਂ ਨੇ ਸੁਖਬੀਰ ਸਿੰਘ ਨੂੰ ਸਿੱਖ ਪੰਥ ਵਿੱਚੋਂ ਛੇਕ ਦੇਣ ਦੀ ਮੰਗ ਵੀ ਕਰ ਦਿੱਤੀ ਹੈ।
ਸਾਰਾ ਮਾਮਲਾ ਚਿੱਟੇ ਦਿਨ ਵਾਂਗ ਸਾਫ ਹੋਣ ਕਰ ਕੇ ਅਸੀਂ ਨਹੀਂ ਜਾਣਦੇ ਕਿ ਗੁਰਦੁਆਰਾ ਰਾਮਸਰ ਸਾਹਿਬ ਵਾਲੀ ਜਾਂਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੇ ਅੱਗੇ ਕਿਸੇ ਨੂੰ ਕਿਉਂ ਸੌਂਪੀ ਹੈ ਅਤੇ ਇਸ ਦੀ ਰਿਪੋਰਟ ਕਿੱਦਾਂ ਦੀ ਆਵੇਗੀ, ਪਰ ਏਨੀ ਗੱਲ ਸਾਫ ਹੈ ਕਿ ਤਖਤ ਸਾਹਿਬਾਨ ਦੇ ਜਥੇਦਾਰ ਸਖਤੀ ਕਰਨ ਦੇ ਰੌਂਅ ਵਿੱਚ ਨਹੀਂ ਹਨ। ਡੇਰਾ ਸਿਰਸਾ ਦੇ ਮੁਖੀ ਨੂੰ ਪੁਸ਼ਾਕ ਦੇਣ ਦੇ ਸਵਾਲ ਉੱਤੇ ਜਿਸ ਤਰ੍ਹਾਂ ਸਿੰਘ ਸਾਹਿਬਾਨ ਨੇ ਚੁੱਪ ਜਿਹੀ ਵੱਟ ਲਈ ਹੈ, ਇੱਕ ਜਥੇਦਾਰ ਨੇ ਦੱਬੀ ਜ਼ਬਾਨ ਵਿੱਚ ਥੋੜ੍ਹਾ ਜਿਹਾ ਕੁਝ ਕਿਹਾ ਵੀ ਤਾਂ ਇਸ ਤਰ੍ਹਾਂ ਕਿ ਸੁਖਬੀਰ ਸਿੰਘ ਬਾਦਲ ਨੂੰ ਨਿਕਲਣ ਦਾ ਰਾਹ ਮਿਲਦਾ ਹੋਵੇ, ਉਸ ਤੋਂ ਇਹ ਦਿਖਾਈ ਦੇਂਦਾ ਹੈ ਕਿ ਧਾਰਮਿਕਤਾ ਉੱਤੇ ਰਾਜਸੀ ਧਿਰ ਦਾ ਦਬਦਬਾ ਬਹੁਤ ਭਾਰੂ ਹੈ। ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਜਦੋਂ ਡੇਢ ਕੁ ਸਾਲ ਦੇ ਕਰੀਬ ਸਮਾਂ ਰਹਿੰਦਾ ਹੈ, ਉਸ ਵਕਤ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਲੋਕਾਂ ਵਿੱਚ ਏਨੀ ਬੁਰੀ ਤਰ੍ਹਾਂ ਭੰਡੇ ਜਾਣਾ ਅਕਾਲੀ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਵੀ ਬੁਰੀ ਤਰ੍ਹਾਂ ਸਤਾਉਂਦਾ ਹੈ, ਪਰ ਉਹ ਅਜੇ ਤੱਕ ਮਜਬੂਰੀਆਂ ਦੇ ਬੱਧੇ ਹੋਏ ਕੁਝ ਨਹੀਂ ਬੋਲਦੇ। ਬੇਸ਼ੱਕ ਉਹ ਕੁਝ ਬੋਲ ਨਹੀਂ ਰਹੇ, ਪਰ ਇਸ ਦਾ ਇਹ ਵੀ ਅਰਥ ਨਹੀਂ ਕਿ ਉਹ ਆਪਣੀ ਪਾਰਟੀ ਦੇ ਪ੍ਰਧਾਨ ਦੇ ਪੱਖ ਵਿੱਚ ਖੜੇ ਹਨ। ਉਹ ਪਾਰਟੀ ਪ੍ਰਧਾਨ ਦੇ ਪੱਖ ਵਿੱਚ ਖੜੇ ਹੁੰਦੇ ਤਾਂ ਉਨ੍ਹਾਂ ਨੇ ਇਸ ਮਾਮਲੇ ਵਿੱਚ ਉਸ ਦਾ ਪੱਖ ਪੂਰਨ ਲਈ ਬਿਆਨਾਂ ਦੀ ਝੜੀ ਲਾ ਦੇਣੀ ਸੀ, ਪਰ ਇਹ ਖੁਲਾਸੇ ਹੋਣ ਤੋਂ ਚਾਰ ਦਿਨ ਬਾਅਦ ਤੱਕ ਵੀ ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ ਤੇ ਗੋਬਿੰਦ ਸਿੰਘ ਲੌਂਗੋਵਾਲ ਤੋਂ ਬਿਨਾਂ ਕੋਈ ਅਕਾਲੀ ਆਗੂ ਇਸ ਬਾਰੇ ਚੁੱਪ ਨਹੀਂ ਤੋੜ ਸਕਿਆ। ਉਨ੍ਹਾਂ ਦੀ ਇਸ ਚੁੱਪ ਦੇ ਵੀ ਕੁਝ ਅਰਥ ਹਨ। ਲੱਗਦਾ ਹੈ ਕਿ ਅਗਲੀ ਵਾਰੀ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਹ ਮੁੱਦਾ ਬਹੁਤ ਸਾਰੇ ਹੋਰ ਮੁੱਦਿਆਂ ਤੋਂ ਵੱਧ ਭਾਰੂ ਹੋ ਸਕਦਾ ਹੈ।