ਗੁਆਚੇ ਪਲਾਂ ਦੀ ਪਰਵਾਜ਼ - ਮਨਜਿੰਦਰ ਸਿੰਘ ਸਰੌਦ

ਰਾਵੀ ਅੱਜ ਬੇਹੱਦ ਉਦਾਸ ਸੀ ਉਸ ਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਸੁਪਨੇ ਬਣ-ਬਣ ਕੇ ਕਿਰ ਰਹੇ ਸਨ 'ਤੇ ਅੱਖਾਂ ਦੇ ਕੋੲੇ ਕਿਸੇ ਡੂੰਘੀ ਖਾਈ ਅੰਦਰ ਅਲੋਪ ਹੋ ਚੁੱਕੀ ਰੂਹ ਦੀ ਹਾਲਤ ਬਿਆਨ ਕਰਦੇ ਸਨ । ਘੰਟਿਆਂ ਬੱਧੀ ਉਸ ਨੇ ਆਪਣਾ ਸਿਰ ਦੋਵਾਂ ਹੱਥਾਂ ਵਿੱਚ ਫੜ ਨੀਵੀਂ ਪਾ ਬੀਤੇ ਸਮੇਂ ਨੂੰ ਹੰਝੂਆਂ ਰਾਹੀਂ ਆਪਣੇ ਜਹਿਨ ਤੋਂ ਉਤਾਰਨ ਦਾ ਯਤਨ ਕੀਤਾ ਤਾਂ ਕਿ ਉਹ ਆਪਣੇ ਡਰਾਉਣੇ ਅਤੀਤ ਤੋਂ ਮੁਕਤੀ ਪਾ ਸਕੇ । ਉਸ ਨੂੰ ਆਪਣੇ ਬਾਪ ਦੇ ਆਖੇ ਬੋਲ ਬਾਰ-ਬਾਰ ਯਾਦ ਆਉਂਦੇ ਸਨ ਕਿ ਧੀਏ ਹੋ ਸਕਦੈ ਜੋ ਤੈਨੂੰ ਅੱਜ ਚੰਗਾ ਲੱਗ ਰਿਹੈ ਉਹ ਅਸਲ ਸੱਚ ਤੇ ਸਹੀ ਨਾ ਹੋਵੇ ਪਰ ਯਾਦ ਰੱਖੀ ਇੱਕ ਦਿਨ ਤੈਨੂੰ ਮੇਰੇ ਇਨ੍ਹਾਂ ਬੋਲਾਂ ਦੀ ਅਸਲ ਸਚਾਈ ਸਮਝ ਜ਼ਰੂਰ ਆਵੇਗੀ । ਰਾਵੀ ਕੋਸ ਰਹੀ ਸੀ ਉਸ ਭੈੜੇ ਸਮੇਂ ਨੂੰ ਕਿ ਕਿਝ ਉਸ ਨੇ ਆਪਣੇ ਪਿਓ ਦੀ ਆਵਾਜ਼ ਨੂੰ ਪੈਰ ਦੀ ਜੁੱਤੀ ਨਾਲ ਮਸਲ ਦਿੱਤਾ ਅਤੇ ਮਰਜ਼ੀ ਨਾਲ ਖੁੱਲ੍ਹੀਆਂ ਫ਼ਿਜ਼ਾਵਾਂ ਵਿੱਚ  ਆਜ਼ਾਦੀ ਮਾਨਣ ਦੇ ਨਾਂ ਤੇ ਆਪਣੀ ਪਸੰਦ ਦੇ ਮੁੰਡੇ ਸਤਿੰਦਰ ਨਾਲ ਵਿਆਹ ਕਰਵਾ ਲਿਆ । ਉਸ ਦਿਨ ਤੋਂ ਰਾਵੀ ਦੀ ਕਿਸਮਤ ਨੇ ਵੱਡੀ ਪਲਟੀ ਖਾਧੀ । ਸਤਿੰਦਰ ਚਾਂਦੀ ਦਾ ਚਮਚਾ ਮੂੰਹ ਵਿਚ ਲੈ ਕੇ ਪੈਦਾ ਹੋਏ ਇਨਸਾਨਾਂ ਵਿੱਚੋਂ ਸੀ ਉਸ ਨੂੰ ਇੱਕ  ਗ਼ਰੀਬ ਪਰਿਵਾਰ ਦੀਆਂ ਮਜਬੂਰੀਆਂ ਦਾ ਕੀ ਪਤਾ ।  ਸਵੇਰ ਤੋਂ ਸ਼ਾਮ ਤੱਕ ਗੱਡੀਆਂ ਵਿੱਚ ਸਫਰ , ਏਅਰ ਕੰਡੀਸ਼ਨ ਕਮਰਿਆਂ ਵਿੱਚ ਬੈਠ ਜਿੰਦਗੀ ਦੇ ਹਸੀਨ ਪਲਾਂ ਨੂੰ ਮਾਨਣਾ ਹੀ ਉਸ ਦੀ ਅਸਲ ਜ਼ਿੰਦਗੀ ਸੀ । ਪਿਓ ਨੇ ਮੇਵਿਆਂ ਨਾਲ ਪਾਲੇ ਪੁੱਤ ਨੂੰ ਕਦੇ ਤੱਤੀ ਵਾਅ ਦੇ ਬੁੱਲੇ ਦਾ ਸਾਹਮਣਾ ਨਹੀਂ ਸੀ ਕਰਨ ਦਿੱਤਾ ਮਾੜੇ ਕੰਮਾਂ ਤੋਂ ਵਰਜਣਾਂ ਤਾਂ ਦੂਰ ਦੀ ਗੱਲ ਪੁੱਛਣਾ ਵੀ ਮੁਨਾਸਬ ਨਾ ਸਮਝਣਾ  । ਸਤਿੰਦਰ ਦੀਆਂ ਆਦਤਾਂ ਨਿੱਤ ਦਿਨ ਕਰੂਪ ਚਿਹਰਾ ਅਖਤਿਆਰ  ਕਰਦੀਆਂ ਗਈਆਂ ਸ਼ਰਾਬ ਤੇ ਸ਼ਬਾਬ ਤੋਂ ਲੈ ਕੇ ਕੋਈ ਅਜਿਹਾ ਨਸ਼ਾ ਨਹੀਂ ਸੀ ਜਿਸ ਨੂੰ ਉਸ ਨੇ ਕੀਤਾ ਨਾ ਹੋਵੇ । ਰਾਵੀ ਨੇ ਸ਼ੁਰੂ ਸ਼ੁਰੂ ਵਿੱਚ ਟੋਕਣ ਦੀ ਕੋਸ਼ਿਸ਼ ਕੀਤੀ ਪਰ ਸਭ ਬੇਅਰਥ । ਰਾਵੀ ਦੇ ਵਿਆਹ ਹੋਏ ਨੂੰ ਤਿੰਨ ਕੁ ਸਾਲ ਦਾ ਸਮਾਂ ਬੀਤ ਚੁੱਕਿਆ ਸੀ ਪਰ ਉਸ ਦੀ ਕੁੱਖ ਅਜੇ ਤੱਕ ਹਰੀ ਨਹੀਂ ਸੀ  ਹੋਈ । ਇੱਕ ਦਿਨ ਰਾਤ ਨੂੰ ਸਤਿੰਦਰ ਜਦ ਸ਼ਰਾਬ ਨਾਲ ਧੁੱਤ ਹੋ ਕੇ ਘਰ ਪਰਤਿਆ ਤਾਂ ਰਾਵੀ ਦੇ ਮੂੰਹੋਂ ਸਹਿਜ ਸੁਭਾ ਨਿਕਲ ਗਿਆ ਕਿ ਸਤਿੰਦਰ ਆਖਰ ਇਹ ਕਦੋਂ ਤੱਕ ਚੱਲੇਗਾ ਇੰਨਾ ਕਹਿਣ ਦੀ ਦੇਰ ਸੀ ਕਿ ਤਾੜ ਕਰਦਾ ਥੱਪੜ ਉਸ ਦੇ ਮੁੂੱਹ ਤੇ ਹਥੌੜੇ ਵਾਂਗ ਵੱਜਿਆ ਫਿਰ ਦੂਜਾ ਤੀਜਾ ਤੇ ਚੌਥਾ ਉਹ ਸਾਰੀ ਰਾਤ ਸੌਂ ਨਾ ਸਕੀ , ਹਉੰਕੇ ਤੇ ਸਿਸ਼ਕੀਆਂ ਭਰਦੀ ਨੇ ਰਾਤ ਗੁਜ਼ਾਰ ਦਿੱਤੀ ਉਹ ਪਹਿਲੀ ਵਾਰ ਇਨ੍ਹਾਂ ਰੋਈ ਸੀ । ਉਸ ਨੇ ਤਾਂ ਸਦਾ ਨੱਚਣ ਕੁੱਦਣ ਅਤੇ ਹੱਸਣ ਖੇਡਣ ਵਾਲੀ ਜ਼ਿੰਦਗੀ ਨੂੰ ਰੱਜ ਕੇ ਮਾਣਿਆ ਸੀ ਮਾਪੇ ਗ਼ਰੀਬ ਜ਼ਰੂਰ ਸਨ ਪਰ ਉਨ੍ਹਾਂ ਨੇ ਇਕਲੌਤੀ ਧੀ ਨੂੰ ਕਦੇ ਵੀ ਨਿਰਾਸ਼ ਨਹੀਂ ਸੀ ਹੋਣ ਦਿੱਤਾ ਪੂਰੇ ਤੇਈ ਵਰ੍ਹੇ ਰਾਵੀ ਦੇ ਮਾਂ ਪਿਓ ਨੇ ਉਸ ਨੂੰ ਇੱਕ ਪੁੱਤਰ ਦੀ ਤਰ੍ਹਾਂ ਪਾਲਿਆ ਅਤੇ ਰਾਵੀ ਨੇ ਵੀ ਉਨ੍ਹਾਂ ਦੀ ਪੈੜ ਦੇ ਵਿੱਚ ਪੈੜ ਧਰਦਿਆਂ ਖੁਸ਼ੀ ਨਾਲ ਰੱਜ ਕੇ ਸੱਧਰਾਂ ਨੂੰ ਮਾਣਿਆ । ਪਤਾ ਹੀ ਨਹੀਂ ਲੱਗਿਆ ਉਸ ਨੇ ਕਦ ਬੀ.ਏ. ਐਮ.ਏ. ਕਰ ਇੱਕ ਪ੍ਰਾਈਵੇਟ ਕਾਲਜ ਵਿੱਚ ਟੀਚਰ ਲਈ ਅਪਲਾਈ ਕਰ ਦਿੱਤਾ ਦਿਨਾਂ ਵਿੱਚ ਹੀ ਉਸ ਦੀ ਚੋਣ ਹੋ ਗਈ ਤੇ ਫਿਰ ਇੱਕ ਦਿਨ ਉੱਥੇ ਹੀ ਉਸੇ ਕਾਲਜ ਦੇ ਮਾਲਕ ਦੇ ਮੁੰਡੇ ਨਾਲ ਉਸ ਨੇ ਆਪਣੀ ਗਰਿਸਥੀ ਜ਼ਿੰਦਗੀ ਦਾ  ਸਫਰ ਸ਼ੁਰੂ ਕਰਨ ਦਾ ਵੱਡਾ ਫੈਸਲਾ ਮਾਪਿਆਂ ਦੀ ਆਸ ਦੇ ਉਲਟ ਕਰ ਲਿਆ । ਸ਼ੁਰੂ ਵਿੱਚ ਕਾਫ਼ੀ ਕੁਝ ਠੀਕ ਰਿਹਾ ਪਰ ਹੌਲੀ ਹੌਲੀ ਸਮੇਂ ਨੇ ਆਪਣੇ ਪੰਖ ਖਿਲਾਰਨੇ ਸ਼ੁਰੂ ਕਰ ਦਿੱਤੇ ਤੇ ਅੱਜ ਸਤਿੰਦਰ ਇਕ ਵੱਡੇ ਅੈਬੀ ਦੇ ਰੂਪ ਵਿੱਚ ਰਾਵੀ ਲਈ ਆਉਣ ਵਾਲਾ ਮਾੜਾ ਭਵਿੱਖ ਬਣ ਕੇ ਸਾਹਮਣੇ ਖੜ੍ਹਾ ਸੀ ਸਤਿੰਦਰ ਦੇ ਮਾਂ ਪਿਓ ਤਾਂ ਜਿਵੇਂ ਉਨ੍ਹਾਂ ਤੋਂ ਪਾਸਾ ਵੱਟ ਕੇ ਆਪਣੀ ਜ਼ਿੰਦਗੀ ਦੀ ਗੱਡੀ ਨੂੰ ਰੇੜ੍ਹ ਰਹੇ ਸਨ । ਰੋਜ਼ ਦੀ ਟੋਕਾ ਟਾਕੀ ਤੇ ਨੋਕ ਝੋਕ ਤੋਂ ਸਥਿਤੀ ਪਨਪਦੀ ਪਨਪਦੀ ਤਲਾਕ ਤੱਕ ਜਾ ਪਹੁੰਚੀ ਉਦੋਂ ਤੱਕ ਰਾਵੀ ਦਾ ਪਿਓ ਧੀ ਦੇ ਵਿਰਾਗ ਵਿੱਚ ਇਸ ਸੰਸਾਰ ਤੋਂ ਜਾ ਚੁੱਕਿਆ ਸੀ । ਹੁਣ ਜਿਵੇ ਰਾਵੀ ਨੇ ਗਮਾਂ ਨਾਲ ਡੂੰਘੀ ਸਾਂਝ ਪਾ ਲਈ ਹੋਵੇ ਸਾਰਾ-ਸਾਰਾ ਦਿਨ ਮਾਂ ਦੀ ਬੁੱਕਲ ਵਿਚ ਸਿਰ ਰੱਖ ਕੇ ਪਿਓ ਨੂੰ ਯਾਦ ਕਰੀ ਜਾਣਾ ਰਾਵੀ ਦੀ ਆਦਤ ਬਣ ਚੁੱਕਿਆ ਸੀ । ਸਮਾਂ ਆਪਣੀ ਚਾਲੇ ਚੱਲਦਾ ਰਿਹਾ ਇਹ ਕਿਸੇ ਦੇ ਰੋਕਿਆਂ ਨਹੀਂ ਰੁਕਦਾ ਫਿਰ ਇੱਕ ਦਿਨ ਐਸਾ ਵੀ ਆਇਆ ਜਦੋਂ ਉਸ ਨੂੰ ਸਤਿੰਦਰ ਦੀ ਮੌਤ ਦੀ ਖਬਰ ਮਿਲੀ ਤੇ ਉਸ ਦੀ ਅੱਖ ਵਿੱਚੋਂ ਹਿੰਝ ਤੱਕ ਨਾ ਡਿੱਗੀ ਜਿਵੇਂ ਉਹ ਪੱਥਰ ਹੋ ਗਈ ਹੋਵੇ ਸ਼ਾਇਦ ਉਸ ਨੂੰ ਪਤਾ ਸੀ ਕਿ ਇਹ ਹੋ ਕੇ ਰਹਿਣਾ ਹੈ । ਅਕਸਰ ਆਖਿਆ ਜਾਂਦੈ ਕਿ ਲੰਬੇ ਹਨੇਰੇ ਤੋਂ ਬਾਅਦ ਚਾਨਣ ਆਪਣੇ ਪੈਰ ਜ਼ਰੂਰ ਪਸਾਰਦਾ ਹੈ । ਰਾਵੀ ਦੀ ਦੂਰ ਦੀ ਮਾਸੀ ਦਾ ਪਰਿਵਾਰ ਕਾਫੀ ਚਿਰ ਤੋਂ ਵਿਦੇਸ਼ ਵਿਚ ਰਹਿੰਦਾ ਸੀ ਉਹ ਦੇਰ ਬਾਅਦ ਮਿਲਣ ਆਏ ਤਾਂ ਉਨ੍ਹਾਂ ਤੋਂ ਘਰ ਦੀ ਹਾਲਤ ਵੇਖੀ ਨਾ ਗਈ ਉਨ੍ਹਾਂ ਨੇ ਲੰਬੀ ਜੱਦੋ ਜਹਿਦ ਤੋਂ ਬਾਅਦ  ਰਾਵੀ ਨੂੰ ਆਪਣੇ ਨਾਲ ਵਿਦੇਸ਼ ਜਾਣ ਲਈ ਮਨਾ ਲਿਆ ਤੇ ਉਸ ਦੀ ਮਾਂ ਨੂੰ ਸ਼ਹਿਰ ਰਹਿੰਦੇ ਅਪਣੇ ਬਾਕੀ ਪਰਿਵਾਰ ਕੋਲ ਛੱਡ ਦਿੱਤਾ । ਪੜ੍ਹਨ ਵਿੱਚ ਤੇਜ਼ ਰਾਵੀ ਥੋੜ੍ਹੇ ਸਮੇਂ ਦੇ ਸੰਘਰਸ਼ ਤੋਂ ਬਾਅਦ ਵਿਦੇਸ਼ੀ ਧਰਤੀ ਤੇ ਜਾ ਪਹੁੰਚੀ । ਮਾਂ ਤੋਂ ਦੂਰ ਜਾਣ ਦਾ ਹੇਰਵਾ ਉਸ ਦੇ ਦਿਲ ਦੀ ਸਰਦਲ ਨੂੰ ਜ਼ਰੂਰ ਮੱਲੀ ਬੈਠਾ ਸੀ । ਅੱਜ ਹੋਰ ਤੇ ਕੱਲ ਹੋਰ ਰਾਵੀ ਨੇ ਹਰ ਕੰਮ ਨੂੰ ਰੂਹ ਨਾਲ ਕੀਤਾ ਚੰਗੇ ਪੈਸੇ ਮਿਲ ਜਾਂਦੇ ਸਨ ਤੇ ਮਨ ਉਚਾਟ ਨਾ ਹੁੰਦਾ । ਲੱਗਦਾ ਸੀ ਰਾਵੀ ਦੀ ਜ਼ਿੰਦਗੀ ਵਿੱਚ ਖੁਸ਼ੀ ਨੇ ਦੁਬਾਰਾ ਆ ਦਸਤਕ ਦਿੱਤੀ ਸੀ । ਰਿਸ਼ਤੇਦਾਰਾਂ ਨੇ ਛੇਤੀ ਹੀ ਪੇਪਰ ਤੇ ਪੈਸਾ ਭਰ ਕੇ ਉਸ ਨੂੰ ਇੱਥੇ ਹੀ ਸੈੱਟ ਕਰਨ ਦਾ ਮਨ ਬਣਾ ਲਿਆ । ਵਰ੍ਹੇ ਦਿਨਾਂ ਵਾਂਗ ਲੰਘੇ ਸਨ ਸੂਰਜ ਚੜ੍ਹ ਕੇ ਛਿਪਦਾ ਰਿਹਾ ਰਾਵੀ ਕਿੰਨਾ-ਕਿੰਨਾ ਚਿਰ ਮਾਂ ਨਾਲ ਫੋਨ ਤੇ ਦੁੱਖ ਸੁੱਖ ਸਾਂਝਾ ਕਰਦੀ ਰਹਿੰਦੀ ਮਾਂ ਵੀ ਖੁਸ਼ ਸੀ ਕਿ ਚਲੋ ਉਸ ਦੀ ਧੀ ਦੇ ਚਿਹਰੇ ਤੇ ਚਿਰਾਂ ਬਾਅਦ ਮੁਸਕਾਨ ਦੀ ਕਿਰਨ ਨੇ ਫੇਰਾ ਪਾਇਆ ਹੈ । ਹੁਣ ਇੱਕ ਵਾਰ ਫਿਰ ਰਾਵੀ ਦੇ ਹੱਥ ਪੀਲੇ ਕਰਨ ਦੀ ਗੱਲ ਚੱਲੀ ਉਸ ਦੇ ਜੀਵਨ ਵਿੱਚ ਇਹ ਦੂਜਾ ਮੌਕਾ ਸੀ ਉਹ ਬੜਾ ਸੋਚ ਸਮਝ ਕੇ ਪੈਰ ਪੁੱਟ ਰਹੀ ਸੀ ।ਇਨ੍ਹਾਂ ਗੱਲਾਂ ਬਾਤਾਂ ਦੇ ਚੱਲਦਿਆਂ ਹੀ ਉਸ ਨੇ ਦੋ ਮਹੀਨੇ ਲਈ ਵਤਨੀਂ ਫੇਰਾ ਪਾਉਣ ਦੀ ਸੋਚੀ  ਵਤਨ ਦਾ ਨਾਮ ਸਾਹਮਣੇ ਆਉਂਦਿਆਂ ਹੀ ਉਸਨੂੰ ਝਰਨਾਹਟ ਮਹਿਸੂਸ ਹੋਣ ਲੱਗਦੀ ਜਿਵੇਂ ਹੁਣ ਫਿਰ ਉਹ ਕਿਸੇ ਪਿੰਜਰੇ ਵਿੱਚ ਕੈਦ ਹੋਣ ਜਾ ਰਹੀ ਹੋਵੇ । ਜੱਕਾਂ ਤੱਕਾਂ ਕਰਦਿਆਂ ਪਤਾ ਹੀ ਨਾ ਲੱਗਿਆ ਕਦੋਂ ਉਸ ਨੇ ਪੈਰ ਆਪਣੀ ਧਰਤੀ ਤੇ ਆ ਪਾੲੇ। ਰਿਸ਼ਤੇਦਾਰਾਂ ਨੂੰ ਪਹਿਲਾਂ ਤੋਂ ਆਖ ਦਿੱਤਾ ਸੀ ਉਸ ਦੇ ਰਿਸ਼ਤੇ ਦੀ ਗੱਲ ਚੱਲੀ ਤਾਂ ਇੱਕ ਦੂਰ ਦੇ ਸਨੇਹੀ ਨੇ ਰਾਵੀ ਲੲੀ ਮੁੰਡੇ ਦੀ ਦੱਸ ਪਾਈ ਭਾਵੇਂ ਉਸ ਲਈ ਅਜੇ ਵੀ ਵਿਦੇਸ਼ ਵਿੱਚ ਹੋਣ ਕਾਰਨ ਮੁੰਡੇ ਵਾਲੇ ਲੱਖਾਂ ਰੁਪਏ ਚੁੱਕੀ ਫਿਰਦੇ ਸਨ । ਰਾਵੀ ਜਿਵੇਂ ਹੁਣ ਇਸ ਕਹਾਣੀ ਨੂੰ ਸਮਝੀ ਬੈਠੀ ਸੀ ਕਿ ਇਹ ਸਿਰਫ਼ ਬਾਹਰਲੀ ਦੁਨੀਆਂ ਦੇ ਮੁਰੀਦ ਨੇ । ਦਿਨਾਂ ਵਿੱਚ ਹੀ ਉਸ ਦੀ ਜ਼ਿੰਦਗੀ ਦੇ ਹਮਸਫ਼ਰ ਦੀ ਚੋਣ ਹੋ ਗਈ ਜੋ ਇੱਕ ਸਰਦੇ ਪੁਰਦੇ ਘਰ ਦਾ ਸਾਊ ਮੁੰਡਾ ਸੀ । ਦੋ ਮਹੀਨੇ ਹਵਾ ਦੇ ਝੌਕੇ ਵਾਂਗ ਬੀਤ ਗਏ ਰਾਵੀ ਦੀ ਵਿਆਹੁਤਾ ਜ਼ਿੰਦਗੀ ਨੇ ਅੰਗੜਾਈ ਭਰੀ ਪਿਛਲੇ ਗਮਾਂ ਨੂੰ ਭੁੱਲਣ ਦਾ ਯਤਨ ਕੀਤਾ ਨਵੀਆਂ ਖੁਸ਼ੀਆਂ ਉਸ ਦੇ ਵਿਹੜੇ ਦਾ ਸ਼ਿੰਗਾਰ ਬਣ-ਬਣ ਕੇ ਵਾਵਰੋਲਿਅਾਂ ਸੰਗ ਉੱਡਦੀਆਂ ਰਹੀਆਂ । ਸਾਲ ਕੁ ਭਰ ਮਗਰੋਂ ਉਸ ਨੇ ਆਪਣੇ ਨਾਲ ਉਮਰ ਭਰ ਦਾ ਸਾਥ ਨਿਭਾਉਣ ਦਾ ਵਾਅਦਾ ਕਰਨ ਵਾਲੇ ਰਾਜਬੀਰ ਨੂੰ ਪੇਪਰ ਭਰ ਪੱਕੇ ਤੌਰ ਤੇ ਆਪਣੇ ਕੋਲ ਬੁਲਾ ਲਿਆ । ਰਾਵੀ ਦਾ ਮਾਂ ਨਾਲ ਰਾਬਤਾ ਲਗਾਤਾਰ ਬਣਿਆ ਰਹਿੰਦਾ ਸੀ । ਜਿਵੇਂ ਕੁਦਰਤ ਨੂੰ ਕੁਝ ਹੋਰ ਹੀ ਮਨਜੂਰ ਸੀ ਰਾਜਬੀਰ ਨੇ ਛੇ ਮਹੀਨਿਆਂ ਬਾਅਦ ਹੀ ਸਾਊਪੁਣੇ ਦਾ ਮੁਖੌਟਾ ਲਾਹ ਕੇ ਆਪਣੀ ਅਸਲੀ ਔਕਾਤ ਦੇ ਦਰਸ਼ਨ ਕਰਵਾਉਣੇ ਸ਼ੁਰੂ ਕਰ ਦਿਤੇ ਉਸ ਨੇ ਗੱਲਾਂ ਗੱਲਾਂ ਵਿੱਚ ਆਪਣੇ ਮਗਰਲੇ ਪਰਿਵਾਰ ਦੀ ਕਬੀਲਦਾਰੀ ਦੇ ਕਿੱਸਿਆਂ ਨੂੰ ਰਾਵੀ ਦੇ ਕੰਨਾਂ ਤੱਕ ਪੁੱਜਦਾ ਕਰ ਇੱਕ ਦਿਨ ਉਸ ਦੇ ਅੱਗੇ ਪੱਚੀ ਲੱਖ ਦੀ ਮੰਗ ਰੱਖ ਦਿੱਤੀ ਕਿ ਮੇਰੇ ਮਾਪਿਆਂ ਨੇ ਮੇਰੀ ਭੈਣ ਦਾ ਵਿਆਹ ਕਰਨੇੈ ਰਾਵੀ ਨੇ ਬਥੇਰੇ ਵਾਸਤੇ ਪਾਏ ਕਿ ਉਸ ਨੇ ਪਹਿਲਾਂ ਹੀ ਉਨ੍ਹਾਂ ਦੇ ਵਿਆਹ ਤੇ ਆਏ ਸਾਰੇ ਖਰਚੇ ਨੂੰ ਚੁੱਕਿਆ ਹੈ ਹੁਣ ਏਡੀ ਵੱਡੀ ਰਕਮ ਦਾ ਪ੍ਰਬੰਧ ਕਿੱਥੋਂ ਕਰਾਂ । ਮਹੀਨਾ ਭਰ ਉਨ੍ਹਾਂ ਵਿੱਚ ਤਕਰਾਰ ਹੁੰਦਾ ਰਿਹਾ ਇਨ੍ਹਾਂ ਦਿਨਾਂ ਵਿੱਚ ਕਈ ਵਾਰ ਰਾਜਬੀਰ ਨੇ ਰਾਵੀ ਨੂੰ ਕੁੱਟਮਾਰ ਕਰਦਿਆਂ ਬਹੁਤ ਕੁੱਝ ਅਜਿਹਾ ਵੀ ਬੋਲ ਦਿੱਤਾ ਜੋ ਉਸ ਦੇ ਬਰਦਾਸ਼ਤ ਤੋਂ ਬਾਹਰ ਸੀ । ਇਧਰ ਰਾਵੀ ਦੀ ਮਾਂ ਇਹ ਸਭ ਕੁਝ ਤੋਂ ਬੇਖ਼ਬਰ ਕਿਸੇ ਅਨੋਖੀ ਖੁਸ਼ੀ ਦੀ ਉਡੀਕ ਵਿੱਚ ਫੁੱਲੀ ਨਹੀਂ ਸੀ ਸਮਾਉਂਦੀ । ਇੱਕ ਦਿਨ ਸੂਰਜ ਦੇ ਛਿਪਾਅ ਨਾਲ ਰਾਜਬੀਰ ਇੱਕਦਮ ਘਰ ਪਰਤਿਆ ਰਾਵੀ ਵੀ ਅਜੇ ਕੁਝ ਸਮਾਂ ਪਹਿਲਾਂ ਹੀ ਕੰਮ ਤੋਂ ਆਈ ਸੀ ਉਸ ਨੇ ਆਉਂਦਿਆਂ ਹੀ ਇੱਕ ਕਾਗਜ਼ ਦਾ ਟੁਕੜਾ ਰਾਵੀ ਦੇ ਹੱਥ ਤੇ ਧਰ ਦਿੱਤਾ ਇਹ ਟੁਕੜਾ ਮਹਿਜ਼ ਇਕ ਕਾਗਜ਼ ਨਹੀਂ ਸੀ ਜਿਵੇਂ ਉਹ ਕੋਈ ਮਘਦਾ ਕੋਲਾ ਸੀ ਕੋਈ ਤਿੱਖੀ ਛੁਰੀ ਸੀ ਜੋ ਰਾਵੀ ਦੇ ਸੀਨੇ ਦੇ ਆਰ ਪਾਰ ਹੋ ਗਈ ਸੀ ਪਲ ਦੀ ਪਲ ਰਾਵੀ ਨੂੰ ਇੰਝ ਲੱਗਿਆ ਕਿ ਉਸ ਨੂੰ ਜਿਵੇ ਰਾਜਵੀਰ ਨੇ ਗਮਾਂ ਦੇ ਭਰੇ ਸਮੁੰਦਰ ਵਿੱਚ ਧੱਕ ਦਿੱਤਾ ਹੋਵੇ ਤੇ ਗਮ ਉਸ ਦੀ ਜਾਨ ਨੂੰ ਕੀੜਿਆਂ ਦੀ ਤਰ੍ਹਾਂ ਨੋਚ ਰਹੇ ਹੋਣ ਉਹ ਤਿਲਮਿਲਾ ਉੱਠੀ ਸੀ ਜਦ ਰਾਜਵੀਰ ਨੇ ਉਸ ਨੂੰ ਨਾਲ ਦੀ ਨਾਲ ਇਹ ਫ਼ੁਰਮਾਨ ਸੁਣਾ ਦਿੱਤਾ ਕਿ ਜਾਂ ਤਾਂ ਪੱਚੀ ਲੱਖ ਦਾ ਪ੍ਰਬੰਧ ਕਰ ਲੈ ਜਾਂ ਇਨ੍ਹਾਂ ਤਲਾਕ ਦੇ ਪੇਪਰਾਂ ਤੇ ਦਸਤਖਤ ਕਰਦੇ ਮੈਨੂੰ ਪਿੰਡੋਂ ਮਾਂ ਦਾ ਸੁਨੇਹਾ ਆਇਅੈ ਕਿ ਲਾਗ ਦੇ ਪਿੰਡੋਂ ਕਿਸੇ ਕੁੜੀ ਨੇ ਵਿਆਹ ਕਰਵਾ ਕੇ ਇੱਧਰ ਆਉਣੈ ਤੇ ਉਹ ਤੀਹ ਲੱਖ ਦਿੰਦੇ ਨੇ । ਰਾਵੀ ਲਈ ਸਮਾਂ ਜਿਵੇਂ ਰੁਕ ਗਿਆ ਸੀ ਕੁਝ ਮਹੀਨਿਆਂ ਦੀ ਖੁਸ਼ੀ ਉਸ ਤੇ ਕੜਕਦੀ ਬਿਜਲੀ ਬਣ ਕੇ ਡਿੱਗੀ ਸੀ ਰੱਬ ਨੂੰ ਕੋਸਦਿਆਂ ਉਸ ਨੇ ਅੱਖਾਂ ਵਿਚਲਾ ਨੀਰ ਨਦੀ ਦੇ ਪਾਣੀ ਵਾਂਗ ਵਹਾਇਆ । ਪਲ ਦੀ ਪਲ ਉਸਨੂੰ ਲੱਗਿਆ ਸ਼ਾਇਦ ਉਸ ਨੇ ਆਪਣੀ ਮਾਂ ਦੀ ਕੁੱਖ ਵਿਚੋਂ ਜਨਮ ਲੈ ਕੇ ਗੁਨਾਹ ਕੀਤਾ ਹੈ ਹੁਣ ਉਸ ਨੂੰ ਇਸ ਦੁਨੀਆ ਤੇ ਰਹਿਣ ਦਾ ਕੋਈ ਹੱਕ ਨਹੀਂ ਇਹ ਦੁਨੀਆਂ ਉਸ ਦੀ ਨਾ ਬਣ ਸਕੀ ਉਹ ਹੁਣ ਬੋਝ ਸੀ ਇਸ ਧਰਤੀ ਤੇ । ਕਿੰਝ ਉਸ ਨੇ ਰਾਜਵੀਰ ਲਈ ਪਰਮਾਤਮਾ ਅੱਗੇ ਅਰਜੋਈ ਕਰ ਕੀ ਕੁਝ ਨਹੀਂ ਸੀ ਮੰਗਿਆ ਉਹ ਤਾਂ ਉਸ ਦੇ ਰਹਿਮੋ ਕਰਮ ਤੇ ਹੀ ਇੱਥੇ ਪਹੁੰਚੇਆ ਸੀ ਪਰ ਹੁਣ ਆਖਰ ਹੋ ਚੁੱਕੀ ਸੀ । ਰਾਵੀ ਨੇ ਸੋਚਿਆ ਕੇਸ ਕਰਦਿਆਂ ਜਾਂ ਪੁਲਿਸ ਨੂੰ ਬੁਲਾਵਾਂ , ਪਰ ਇਹ ਸਭ ਕੁਝ ਲਈ ਉਹ ਅੰਦਰੋਂ ਬੇਹੱਦ ਕਮਜ਼ੋਰ ਤੇ ਟੁੱਟ ਚੁੱਕੀ ਸੀ ਉਸ ਦਾ ਹੌਸਲਾ ਨਾ ਪਿਆ । ਰਾਵੀ ਦੇ ਮਨ ਵਿੱਚ ਧੁਰ ਅੰਦਰ ਤੱਕ ਰਾਜਵੀਰ ਲਈ ਅੈਸੀ ਨਫ਼ਰਤ ਪੈਦਾ ਹੋਈ ਕਿ ਅੱਧੀ ਰਾਤ ਬੀਤਣ ਨੂੰ ਚੱਲੀ ਸੀ ਪਰ ਉਸ ਦੇ ਮਨ ਵਿੱਚ ਚੱਲ ਰਿਹਾ ਯੁੱਧ ਖ਼ਤਮ ਨਹੀਂ ਸੀ ਹੋ ਰਿਹਾ । ਅੰਤ ਉਸ ਨੇ ਹੌਸਲਾਂ ਕਰ ਮੇਜ਼ ਤੇ ਪਏ ਤਲਾਕ ਦੇ ਪੇਪਰਾਂ ਵੱਲ ਹੱਥ ਵਧਾਏ ਉਸ ਦੇ ਸੀਨੇ ਅੰਦਰੋਂ ਇੱਕ ਚੀਸ ਉੱਠੀ ਤੇ ਗੁੱਸੇ ਦੇ ਜਵਾਰ ਭਾਟੇ ਨੇ ਦਸਤਕਾਂ ਰਾਹੀਂ ਆਪਣੇ ਮਨ ਦੇ ਵਲਵਲਿਆਂ ਨੂੰ ਉਜਾਗਰ ਕੀਤਾ ਕਿ ਹੁਣ ਮੈਂ ਤੇਰੀ ਬਣ ਕੇ ਲੈਣਾ ਵੀ ਕੀ ਹੈ , ਜਾਹ ਵੇ ਚੰਦਰਿਆ , ਤੈਨੂੰ ਕਿਸੇ ਜਨਮ ਢੋਈ ਨਾ ਮਿਲੇ ਕਹਿੰਦਿਆਂ ਸਾਰ ਉਸ ਦੀਆਂ ਅੱਖਾਂ ਵਿੱਚੋਂ ਗੁੱਸੇ ਅਤੇ ਰੋਸ ਦੇ ਅੱਥਰੂ ਤ੍ਰਿਪ ਤ੍ਰਿਪ ਵਗਣ ਲੱਗੇ , ਇੰਨਾ ਆਖ ਉਸ ਨੇ ਗਲ ਪਾਈ ਚੁੰਨੀ ਨੂੰ ਸਿਰ ਤੇ ਲੈਂਦਿਆਂ ਇਕੱਲੇ ਹੀ ਆਪਣੇ ਵਰਗੀਆਂ ਹੋਰ ਦੁਖੀ ਲੜਕੀਆਂ ਅਤੇ ਦੀਨ ਦੁਖੀਆਂ ਦੀ ਸੇਵਾ ਲਈ ਸਿਦਕ ਅਤੇ ਸਿਰੜ ਨਾਲ ਜ਼ਿੰਦਗੀ ਜਿਊਣ ਦਾ ਰਸਤਾ ਚੁਣ ਲਿਆ ਉਸਨੂੰ ਲੱਗਿਆ ਜਿਵੇਂ ਹੁਣ ਉਸ ਦੀ ਜ਼ਿੰਦਗੀ ਦੇ ਗੁਆਚੇ ਪਲ ਅਤੇ ਬਾਪੂ ਦੀਆਂ ਕਹੀਆਂ ਗੱਲਾਂ ਦੀ ਪਰਵਾਜ਼ ਇੰਨੀ ਲੰਬੀ ਹੋ ਗਈ ਹੋਵੇ ਕਿ ਉਨ੍ਹਾਂ ਦੀ ਉਡੀਕ ਕਰਨੀ ਮੁਸ਼ਕਿਲ ਸੀ ।

ਮਨਜਿੰਦਰ ਸਿੰਘ ਸਰੌਦ
( ਮਾਲੇਰਕੋਟਲਾ )
94634 63136